ਨਵੀਂ ਦਿੱਲੀ, ਜੇਐੱਨਐੱਨ : ਪਾਕਿਸਤਾਨੀ ਸੀਰੀਅਲਾਂ ਨੂੰ ਪਸੰਦ ਕਰਨ ਵਾਲੇ ਲੋਕ ਪੂਰੀ ਦੁਨੀਆ ’ਚ ਹਨ ਪਰ ਉਨ੍ਹਾਂ ਦੀਆਂ ਫਿਲਮਾਂ ਦੀ ਗੱਲ ਘੱਟ ਹੀ ਹੁੰਦੀ ਹੈ। ਹੁਣ ਇਕ ਫਿਲਮ ਅਜਿਹੀ ਹੈ, ਜਿਸ ਨੇ ਪਾਕਿਸਤਾਨ ਦੇ ਨਾਲ-ਨਾਲ ਵਰਲਡ ਵਾਈਡ ਬਾਕਸ ਆਫਿਸ ਨੂੰ ਵੀ ਹਿਲਾ ਕੇ ਰੱਖ ਦਿੱਤਾ ਹੈ। ਹਾਲ ਹੀ ’ਚ ਰਿਲੀਜ਼ ਹੋਈ ਸੁਪਰਸਟਾਰ ਫਵਾਦ ਖ਼ਾਨ ਦੀ ਫਿਲਮ ‘ਦਿ ਲੀਜ਼ੈਂਡ ਆਫ ਮੌਲਾ ਜੱਟ’ ਕਮਾਈ ਦੇ ਮਾਮਲੇ ’ਚ ਝੰਡੇ ਗੱਡ ਰਹੀ ਹੈ। ਇਹ ਫਿਲਮ ਪਾਕਿਸਤਾਨ ਦੇ ਇਤਿਹਾਸ ਦੀ ਹੁਣ ਤਕ ਦੀ ਸਭ ਤੋਂ ਮਹਿੰਗੀ ਫਿਲਮ ਹੈ।
ਪਾਕਿਸਤਾਨੀ ਫਿਲਮ ਨੇ ਕਮਾਲ ਕਰ ਦਿੱਤਾ
‘ਦਿ ਲੀਜ਼ੈਂਡ ਆਫ ਮੌਲਾ ਜੱਟ’ ਲਗਭਗ 100 ਕਰੋੜ ਰੁਪਏ (ਪਾਕਿਸਤਾਨੀ ਕਰੰਸੀ ਦੇ ਅਨੁਸਾਰ) ਦੇ ਬਜਟ ਨਾਲ ਬਣੀ ਹੈ ਅਤੇ ਦੁਨੀਆ ਭਰ ’ਚ ਇਸ ਨੇ 200 ਕਰੋੜ ਰੁਪਏ (ਪਾਕਿਸਤਾਨੀ ਕਰੰਸੀ ਦੇ ਹਿਸਾਬ ਨਾਲ) ਕਮਾਏ ਹਨ। ਫਿਲਮ ਨੂੰ ਰਿਲੀਜ਼ ਹੋਇਆਂ ਦੋ ਮਹੀਨੇ ਬੀਤ ਚੁੱਕੇ ਹਨ, ਫਿਰ ਵੀ ਇਹ ਬਾਕਸ ਆਫਿਸ ’ਤੇ ਧਮਾਕੇਦਾਰ ਪ੍ਰਦਰਸ਼ਨ ਕਰ ਰਹੀ ਹੈ। 200 ਕਰੋੜ ਦੇ ਕਲੱਬ ’ਚ ਐਂਟਰੀ ਲੈਣ ਦੀ ਪੁਸ਼ਟੀ ਫਿਲਮ ਦੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ’ਤੇ ਸ਼ੇਅਰ ਕੀਤੀ ਗਈ ਹੈ। ਇਸ ਦੇ ਨਾਲ ਹੀ ‘ਦਿ ਲੀਜ਼ੈਂਡ ਆਫ ਮੌਲਾ ਜੱਟ’ ਨੂੰ ਪਾਕਿਸਤਾਨੀ ਸਿਨੇਮਾ ਲਈ ਮੀਲ ਪੱਥਰ ਦੱਸਿਆ ਜਾ ਰਿਹਾ ਹੈ।
ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਬਣੀ ਮੌਲਾ ਜੱਟ
ਇਸ ਫਿਲਮ ’ਚ ਫਵਾਦ ਖ਼ਾਨ ਦੇ ਨਾਲ ਮਾਹਿਰਾ ਖ਼ਾਨ ਵੀ ਨਜ਼ਰ ਆ ਰਹੀ ਹੈ। ਬਿਲਾਲ ਲਾਸ਼ਰੀ ਦੁਆਰਾ ਨਿਰਦੇਸ਼ਤ ਦਿ ਲੀਜ਼ੈਂਡ ਆਫ ਮੌਲਾ ਜੱਟ ਦੁਨੀਆ ਭਰ ਵਿੱਚ ਸਭ ਤੋਂ ਵੱਧ ਕਮਾਈ ਕਰਨ ਵਾਲੀ ਪੰਜਾਬੀ ਫਿਲਮ ਬਣ ਗਈ ਹੈ। ਜੇ ਇਸ ਫਿਲਮ ਦੀ ਕਮਾਈ ਨੂੰ ਭਾਰਤੀ ਰੁਪਏ ’ਚ ਦੇਖਿਆ ਜਾਵੇ ਤਾਂ ਫਿਲਮ ਨੇ ਕਰੀਬ 73 ਕਰੋੜ ਦੇ ਆਸ਼-ਪਾਸ ਦੀ ਕਮਾਈ ਕੀਤੀ ਹੈ। ਇਸ ਨਾਲ ਹੀ ਇਹ ਸਭ ਤੋਂ ਸਫਲ ਪਾਕਿਸਤਾਨੀ ਅਤੇ ਪੰਜਾਬੀ ਫਿਲਮ ਬਣ ਗਈ ਹੈ।
ਦੁਨੀਆ ਭਰ ’ਚ ਹੋਈ 200 ਕਰੋੜ ਪਾਰ
ਫਿਲਮ ਦੀ ਕਹਾਣੀ ਦੀ ਗੱਲ ਕਰੀਏ ਤਾਂ ਇਹ ਪੰਜਾਬੀ ਭਾਸ਼ਾ ਦੀ ਐਕਸ਼ਨ ਡਰਾਮਾ ਫਿਲਮ ਹੈ। ਪਾਕਿਸਤਾਨੀ ਸਟਾਰ ਫਵਾਦ ਅਤੇ ਮਾਹਿਰਾ ਤੋਂ ਇਲਾਵਾ ਹੁਮੈਮਾ ਮਲਿਕ, ਬਾਬਰ ਅਲੀ, ਸਾਈਮਾ ਬਲੋਚ, ਗੌਹਰ ਰਸ਼ੀਦ, ਫਾਰਿਸ ਸ਼ਫੀ, ਅਲੀ ਅਜਮਤ, ਰਾਹੀਲਾ ਆਗਾ, ਸ਼ਫਕਤ ਚੀਮਾ, ਨਈਅਰ ਏਜਾਜ ਅਤੇ ਰੇਸ਼ਮ ਵਰਗੇ ਦਿੱਗਜ ਕਲਾਕਾਰ ਮੁੱਖ ਭੂਮਿਕਾਵਾਂ ਵਿਚ ਹਨ।
Posted By: Harjinder Sodhi