ਜਸਵਿੰਦਰ ਭੱਲਾ ਨੂੰ ਇਸ ਸੰਸਾਰ ਤੋਂ ਗਿਆਂ ਕਈ ਮਹੀਨੇ ਬੀਤ ਜਾਣ ’ਤੇ ਵੀ ਇੰਝ ਲੱਗ ਰਿਹਾ ਕਿ ਉਹ ਕਿਤੇ ਨਹੀਂ ਗਿਆ, ਇੱਥੇ ਹੀ ਕਿਤੇ ਸਾਡੇ ਵਿਚ ਹੈ। ਕਈ ਸਾਲ ਬੀਤ ਜਾਣ ’ਤੇ ਵੀ ਇੰਝ ਹੀ ਲੱਗੇਗਾ ਕਿਉਂਕਿ ਉਹ ਜਾਣ ਵਾਲੀ ਰੂਹ ਹੀ ਨਹੀਂ, ਸਾਡੇ ਵਿਚ ਹੀ ਵਿਚਰੇਗਾ ਆਪਣੇ ਹਾਸਿਆਂ, ਛਣਕਦੀਆਂ ਗੱਲਾਂ, ਮੁਹਬੱਤੀ ਗਲਵੱਕੜੀਆਂ ਨਾਲ। ਸੱਭਿਆਚਾਰਕ ਮੇਲਿਆਂ, ਟੈਲੀਵਿਜ਼ਨ ਅਤੇ ਫਿਲਮੀ ਖੇਤਰ ਦੇ ਸ਼ਾਹ-ਅਸਵਾਰ ਕਲਾਕਾਰ ਜਸਵਿੰਦਰ ਭੱਲਾ ਦਾ ਨਾਂ ਲੈਂਦਿਆਂ ਉਸ ਦੇ ਚਹੇਤੇ ਖਿੜ ਉੱਠਦੇ ਹਨ।

ਜਸਵਿੰਦਰ ਭੱਲਾ ਨੂੰ ਇਸ ਸੰਸਾਰ ਤੋਂ ਗਿਆਂ ਕਈ ਮਹੀਨੇ ਬੀਤ ਜਾਣ ’ਤੇ ਵੀ ਇੰਝ ਲੱਗ ਰਿਹਾ ਕਿ ਉਹ ਕਿਤੇ ਨਹੀਂ ਗਿਆ, ਇੱਥੇ ਹੀ ਕਿਤੇ ਸਾਡੇ ਵਿਚ ਹੈ। ਕਈ ਸਾਲ ਬੀਤ ਜਾਣ ’ਤੇ ਵੀ ਇੰਝ ਹੀ ਲੱਗੇਗਾ ਕਿਉਂਕਿ ਉਹ ਜਾਣ ਵਾਲੀ ਰੂਹ ਹੀ ਨਹੀਂ, ਸਾਡੇ ਵਿਚ ਹੀ ਵਿਚਰੇਗਾ ਆਪਣੇ ਹਾਸਿਆਂ, ਛਣਕਦੀਆਂ ਗੱਲਾਂ, ਮੁਹਬੱਤੀ ਗਲਵੱਕੜੀਆਂ ਨਾਲ। ਸੱਭਿਆਚਾਰਕ ਮੇਲਿਆਂ, ਟੈਲੀਵਿਜ਼ਨ ਅਤੇ ਫਿਲਮੀ ਖੇਤਰ ਦੇ ਸ਼ਾਹ-ਅਸਵਾਰ ਕਲਾਕਾਰ ਜਸਵਿੰਦਰ ਭੱਲਾ ਦਾ ਨਾਂ ਲੈਂਦਿਆਂ ਉਸ ਦੇ ਚਹੇਤੇ ਖਿੜ ਉੱਠਦੇ ਹਨ। ਉਸ ਨੇ ਲੋਕ ਮਨਾਂ ਵਿਚ ਸਥਾਨ ਹੀ ਇਸ ਤਰ੍ਹਾਂ ਦਾ ਕਾਇਮ ਕੀਤਾ ਹੋਇਆ ਕਿ ਪੰਜਾਬੀਆਂ ਦੀ ਕਿਸੇ ਵੀ ਮਹਿਫ਼ਲ ਵਿੱਚੋਂ ਮਨਫ਼ੀ ਨਹੀਂ ਹੋ ਸਕਦਾ, ਕਦੇ ਵੀ ਨਹੀਂ।
ਸੋਸ਼ਲ ਮੀਡੀਆ ਦੀ ਤਾਕਤ ਨੇ ਹੋਂਦ ਨੂੰ ਕੀਤਾ ਪਕੇਰਾ
ਸੋਸ਼ਲ ਮੀਡੀਆ ਦੀ ਤਾਕਤ ਨੇ ਜਸਵਿੰਦਰ ਭੱਲਾ ਦੀ ਹੋਂਦ ਨੂੰ ਹੋਰ ਪਕੇਰਾ ਤੇ ਕਾਇਮ ਕਰ ਦਿੱਤਾ ਹੈ। ਉਸ ਦੀਆਂ ਫਿਲਮਾਂ, ਉਸ ਦੀਆਂ ਰੀਲਾਂ, ਉਸ ਦੀਆਂ ਫੋਟੋਆਂ, ਸੈਲਫੀਆਂ ਚਾਰ ਚੇਫ਼ੇਰੇ ਘੁੰਮ ਰਹੀਆਂ ਹਨ। ਉਸ ਦੇ ਪ੍ਰਸ਼ੰਸਕ ਉਸ ਨੂੰ ਗ਼ੈਰ-ਹਾਜ਼ਰ ਨਹੀਂ ਦੇਖਣਾ ਚਾਹੁੰਦੇ। ਚਹੇਤਿਆਂ ਦਾ ਪਿਆਰ ਉਸ ਨੂੰ ਉਨ੍ਹਾਂ ਦੇ ਦਿਲਾਂ ਵਿਚ ਕਾਇਮ ਰੱਖੇਗਾ ਅਤੇ ਨਵੀਂ ਤਕਨਾਲੋਜੀ ਨਾਲ ਉਹ ਹਮੇਸ਼ਾ ਹਾਜ਼ਰ ਰਹੇਗਾ। ਆਉਣ ਵਾਲੀਆਂ ਫਿਲਮਾਂ ’ਚ ਵੀ ਉਹ ਮਸ਼ੀਨੀ ਬੁੱਧੀਮਾਨਤਾ ਰਾਹੀਂ ਆਪਣੇ ਕਲਾਕਾਰ ਸਾਥੀਆਂ ਦੇ ਅੰਗ-ਸੰਗ ਰਹੇਗਾ, ਆਪਣੀਆਂ ਟਕੋਰਾਂ ਨਾਲ ਖਹਿਬਾਜ਼ੀਆਂ ਕਰੇਗਾ।
ਕਿਸੇ ਨੂੰ ਨਹੀਂ ਭੁੱਲ ਸਕਦਾ ਹੱਸਦਾ ਚਿਹਰਾ
ਜਸਵਿੰਦਰ ਭੱਲਾ ਦਾ ਹੱਸਦਾ ਚਿਹਰਾ ਕਿਸੇ ਨੂੰ ਭੁੱਲ ਹੀ ਨਹੀਂ ਸਕਦਾ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵਿਚ ਜਦੋਂ ਮੈਂ ਐੱਮਐੱਸਸੀ ਵਿਚ ਦਾਖ਼ਲਾ ਲਿਆ ਤਾਂ ਪਹਿਲੇ ਸਮੈਸਟਰ ਸਾਨੂੰ ਡਾ. ਜਸਵਿੰਦਰ ਭੱਲਾ ਨੇ ਇਕ ਕੋਰਸ ਪੜ੍ਹਾਇਆ। ਉਦੋਂ ਉਹ ਟੈਲੀਵਿਜ਼ਨ ਪ੍ਰੋਗਰਾਮ ਕਰਦੇ ਹੁੰਦੇ ਸੀ, ‘ਜੱਟਾ ਜਾਗ ਬਈ ਹੁਣ ਜਾਗੋ ਆਈ ਆ’ ਉਨ੍ਹਾਂ ਦੀ ਮਕਬੂਲ ਆਈਟਮ ਸੀ, ਜਿਹੜੀ ਪਿੰਡਾਂ ਦੇ ਲੋਕਾਂ ਦੇ ਮੂੰਹ ਉਤੇ ਚੜ੍ਹੀ ਹੋਈ ਸੀ। ਸਾਨੂੰ ਚਾਅ ਸੀ ਕਿ ਅਸੀਂ ਇਕ ਕਲਾਕਾਰ ਕੋਲੋਂ ਪੜ੍ਹ ਰਹੇ ਹਾਂ। ਬਾਕੀ ਵਿਦਿਆਰਥੀਆਂ ਨਾਲੋਂ ਮੈਂ ਵਧੇਰੇ ਖ਼ੁਸ਼ ਸੀ ਕਿਉਂਕਿ ਮੈਂ ਖ਼ੁਦ ਸਟੇਜ ਨਾਲ ਜੁੜਿਆ ਹੋਇਆ ਸੀ ਪਰ ਪਹਿਲੇ ਦਿਨੋਂ ਹੀ ਡਾ. ਭੱਲਾ ਨੇ ਕੋਈ ਅਜਿਹਾ ਪ੍ਰਭਾਵ ਨਾ ਪੈਣ ਦਿੱਤਾ, ਜਿਸ ਨਾਲ ਸਾਨੂੰ ਲੱਗੇ ਕਿ ਅਸੀਂ ਕਿਸੇ ਕਾਮੇਡੀ ਕਲਾਕਾਰ ਨਾਲ ਵਿਚਰ ਰਹੇ ਹਾਂ। ਉਨ੍ਹਾਂ ਆਪਣੇ ਸੰਵਾਦ ਤੇ ਰਵੱਈਏ ਵਿਚ ਅਧਿਆਪਕ ਦੀ ਭੂਮਿਕਾ ਨੂੰ ਕਾਇਮ ਰੱਖਿਆ, ਕਦੇ ਵੀ ਕਿਸੇ ਵਾਰਤਾਲਾਪ ਨੂੰ ਆਸੇ-ਪਾਸੇ ਲਿਜਾ ਕੇ ਖਿਲਰਨ ਦਾ ਮੌਕਾ ਨਹੀਂ ਦਿੱਤਾ। ਨਤੀਜਾ ਇਹ ਨਿਕਲਿਆ ਕਿ ਪੂਰਾ ਸਮੈਸਟਰ ਅਸੀਂ ਬਾਕੀ ਕਲਾਸਾਂ ਵਾਂਗ ਇਕਾਗਰਤਾ ਨਾਲ ਹੀ ਪੜ੍ਹਦੇ ਰਹੇ। ਆਰਟਿਸਟ ਹੋਣ ਕਰਕੇ ਉਨ੍ਹਾਂ ਦੀ ਕਲਾਸ ’ਚ ਮਾਹੌਲ ਸੁਖਾਵਾਂ ਜ਼ਰੂਰ ਹੁੰਦਾ ਸੀ।
ਵਿਦਿਆਰਥੀਆਂ ਦੇ ਮਨੋਬਲ ਨੂੰ ਉਤਸ਼ਾਹਤ ਕਰਨਾ
ਪਸਾਰ ਸਿੱਖਿਆ ਦਾ ਜਿਹੜਾ ਕੋਰਸ ਉਹ ਸਾਨੂੰ ਪੜ੍ਹਾਉਂਦੇ ਸਨ, ਉਹ ਪੰਜਾਬ ਦੇ ਪੇਂਡੂ ਵਿਕਾਸ ਬਾਰੇ ਸੀ। ਪਹਿਲਾਂ ਖੇਤੀਬਾੜੀ ਵਿਭਾਗ ਵਿਚ ਇੰਸਪੈਕਟਰ ਰਹੇ ਹੋਣ ਕਰਕੇ ਪੰਜਾਬ ਦੇ ਪਿੰਡਾਂ ਅਤੇ ਕਿਸਾਨੀ ਬਾਰੇ ਉਹ ਜਾਣਦੇ ਸਨ, ਜਿਸ ਕਰਕੇ ਉਹ ਕੋਰਸ ਕੰਟੈਂਟ ਨੂੰ ਹੋਰ ਅਸਰਦਾਰ ਬਣਾ ਕੇ ਸਮਝਾਉਣ ਦੇ ਸਮਰੱਥ ਸਨ। ਇਕ ਅਧਿਆਪਕ ਕੋਲ ਆਪਣੇ ਵਿਸ਼ੇ ਦੀ ਮੁਹਾਰਤ, ਸਵੈ-ਵਿਸ਼ਵਾਸ ਅਤੇ ਸੰਚਾਰ ਸਮਰੱਥਾ ਹੋਣੀ ਚਾਹੀਦੀ ਹੈ, ਜੋ ਉਨ੍ਹਾਂ ਕੋਲ ਸੀ। ਆਪਣੀ ਗੱਲ ਨੂੰ ਵਿਦਿਆਰਥੀਆਂ ਦੀ ਸਮਝ ਮੁਤਾਬਕ ਕਰਨ, ਖ਼ੁਸ਼ਕ ਗੱਲਾਂ ਨੂੰ ਦਿਲਚਸਪ ਬਣਾ ਕੇ ਸਮਝਾਉਣ, ਕਲਾਸ ਦੇ ਮਾਹੌਲ ਨੂੰ ਸੁਖਾਵਾਂ ਬਣਾ ਕੇ ਰੱਖਣ, ਆਪਣੀ ਕਿਸੇ ਵੀ ਪਰੇਸ਼ਾਨੀ ਨੂੰ ਵਿਦਿਆਰਥੀਆਂ ਤੋਂ ਦੂਰ ਰੱਖਣ, ਗੁੰਝਲਦਾਰ ਗੱਲਾਂ ਨੂੰ ਸਿੱਧੇ ਸਾਦੇ ਢੰਗ ਨਾਲ ਕਰਨ ਅਤੇ ਵਿਦਿਆਰਥੀਆਂ ਦੇ ਮਨੋਬਲ ਨੂੰ ਉਤਸ਼ਾਹਤ ਕਰਨ ਵਾਲੇ ਗੁਣ ਮੈਂ ਜਸਵਿੰਦਰ ਭੱਲਾ ਵਿਚ ਵੇਖੇ, ਜੋ ਇਕ ਅਧਿਆਪਕ ਲਈ ਜ਼ਰੂਰੀ ਹੁੰਦੇ ਹਨ।
ਇਸ ਕੋਰਸ ਦੇ ਪ੍ਰੈਕਟੀਕਲ ਕਰਨ ਲਈ ਅਸੀਂ ਉਨ੍ਹਾਂ ਨਾਲ ਪਿੰਡਾਂ ਵਿੱਚ ਜਾਂਦੇ। ਅਕਸਰ ਲੋਕ ਉਨ੍ਹਾਂ ਨੂੰ ਪਛਾਣ ਲੈਂਦੇ ਸਨ ਪਰ ਉਹ ਹੱਸਦੇ-ਹਸਾਉਂਦੇ ਵੀ ਆਪਣੇ ਅਧਿਆਪਕੀ ਕਿਰਦਾਰ ਨੂੰ ਡੋਲਣ ਨਾ ਦਿੰਦੇ। ਲੋਕਾਂ ਵਿਚ ਕਿਵੇਂ ਜਾਣਾ, ਕੀ ਤੇ ਕਿਵੇਂ ਗੱਲਬਾਤ ਕਰਨੀ, ਕਿਵੇਂ ਵਿਚਰਨਾ ਇਹ ਗੱਲਾਂ ਉਹ ਸਾਨੂੰ ਯੂਨੀਵਰਸਿਟੀ ਤੋਂ ਸਮਝਾ ਕੇ ਹੀ ਤੁਰਦੇ ਤਾਂ ਜੋ ਪਿੰਡ ਵਿਚ ਜਾ ਕੇ ਕੋਈ ਸ਼ਬਦ ਜਾਂ ਨੁਕਤਾ ਅਜਿਹਾ ਨਾ ਕਿਹਾ ਜਾਵੇ, ਜਿਹੜਾ ਕਿਸੇ ਦੀ ਸ਼ਾਨ ਨੂੰ ਠੇਸ ਪਹੁੰਚਾਵੇ। ਕਿਸੇ ਧਰਮ, ਜਾਤ, ਵਿਅਕਤੀ ਵਿਸ਼ੇਸ਼ ਦੀਆਂ ਭਾਵਨਾਵਾਂ ਦੇ ਖਿਲਾਫ਼ ਨਾ ਹੋਵੇ, ਕਿਸੇ ਦੇ ਦੁੱਖ ਨੂੰ ਹੋਰ ਉਜਾਗਰ ਨਾ ਕਰਦਾ ਹੋਵੇ।
ਮੈਨੂੰ ਯਾਦ ਹੈ ਕਿ ਸ਼ੁੱਕਰਵਾਰ ਨੂੰ ਪ੍ਰੈਕਟੀਕਲ ਦੀ ਸਾਡੀ ਪਹਿਲੀ ਕਲਾਸ ਸੀ। ਉਨ੍ਹਾਂ ਵੀਰਵਾਰ ਨੂੰ ਸਾਨੂੰ ਕਿਹਾ, 'ਲਓ ਬਈ, ਕੱਲ੍ਹ ਨੂੰ ਪ੍ਰੈਕਟੀਕਲ ਲਈ ਆਪਾਂ ਸਿੱਧਵਾਂ, ਮਢਿਆਣੀ, ਭਰੋਵਾਲ ਤੇ ਵਿਰਕੀਂ ਜਾਵਾਂਗੇ। ਸਧਾਰਨ ਕੱਪੜੇ ਪਾ ਕੇ ਆਇਓ, ਜੇ ਟੌਹਰ ਜੀ ਕੱਢ ਕੇ ਆ’ਗੇ, ਪਿੰਡਾਂ ਵਾਲਿਆਂ ਨੇ ਗੱਲ ਨੀ ਕਰਨੀ, ਉੱਤੋਂ ਟਿੱਚਰਾਂ ਕਰਨਗੇ। ਪ੍ਰੈਕਟੀਕਲ ਲਈ ਤੁਰਨ ਲੱਗਿਆਂ ਆਖਣ ਲੱਗੇ, 'ਲੋਕਾਂ ਸਾਹਮਣੇ ਆਪਸ ਵਿਚ ਘੁਸਰ ਮੁਸਰ ਨੀਂ ਕਰਨੀ, ਬੇਇੱਜ਼ਤੀ ਸਮਝਦੇ ਆ ਲੋਕ ਇਸ ਗੱਲ ਨੂੰ। ਗੱਲ ਠੇਠ ਪੰਜਾਬੀ ’ਚ ਕਰਿਓ। ਜਿੰਨੀ ਕੁ ਅੰਗਰੇਜ਼ੀ ਆਉਂਦੀ, ਆਪਣੇ ਕੋਲ ਸੰਭਾਲ ਲਿਓ ਪੇਪਰਾਂ ’ਚ ਕੰਮ ਆ’ਜੂਗੀ। ਪਿੰਡ ਜਾ ਕੇ ਬੱਸ 'ਚੋਂ ਉਤਰਨ ਤੋਂ ਪਹਿਲਾਂ ਸਾਨੂੰ ਸਮਝਾਉਣ ਲੱਗੇ, 'ਲਓ ਬਈ ਫੇਰ ਸੁਣ ਲਓ, ਲੋਕਾਂ ਨੂੰ ਇਹੀ ਲੱਗੇ ਕਿ ਇਹ ਸਾਡੇ ਈ ਜੁਆਕ ਆ, ਕੋਈ ਚੱਕਵੀਂ ਗੱਲ ਨਾ ਕਰਿਓ, ਜੇ ਕਿਸੇ ਘਰ ਵਿਚ ਜਾਣਾ ਪਿਆ ਤਾਂ ਅੱਖ ਦੀ ਸ਼ਰਮ ਵਾਲੀ ਗੱਲ ਮਨ ’ਚ ਵਸਾ ਕੇ ਵਿਚਰਿਓ।’ ਫੇਰ ਉਨ੍ਹਾਂ ਹੱਸਦੇ-ਹੱਸਦੇ ਮਿੱਠਾ ਜਿਹਾ ਡਰਾਵਾ ਵੀ ਦਿੱਤਾ, 'ਪਿੰਡਾਂ ਆਲੇ ਸੇਵਾ ਵੀ ਅਪਣੱਤ ਨਾਲ ਕਰਦੇ ਆ ਪਰ ਜੇ ਪੁੱਠੀ-ਸਿੱਧੀ ਚੱਕਵੀਂ ਗੱਲ ਕਰ ਬੈਠੇ, ਤਾਂ ਵੱਖੀਆਂ ਵੀ ’ਦੇੜ ਦਿੰਦੇ ਆ। ਹੋਰ ਨਾ ਹੋਵੇ ਪਿੰਡ 'ਚੋਂ ਵੀ ਛਿੱਤਰ ਖਾਲੋਂ ਤੇ ਮੈਥੋਂ ਵੀ ਐੱਫ ਗਰੇਡ ਲੈਲੋ।'
ਅਸੀਂ ਪਿੰਡ ਵਿਚ ਪਹੁੰਚੇ ਤਾਂ ਮੋਹਤਬਰ ਬੰਦਿਆਂ ਨੂੰ ਮਿਲਾਉਣ ਲੱਗਿਆਂ ਉਨ੍ਹਾਂ ਕਿਹਾ, 'ਇਹ ਪੂਰੇ ਸਾਊ ਮੁੰਡੇ-ਕੁੜੀਆਂ ਆ ਜੀ ਯੂਨੀਵਰਸਿਟੀ ਦੇ, ਇਹ ਵੀ ਤੁਹਾਡੇ ਵਰਗੇ ਘਰਾਂ ’ਚੋਂ ਹੀ ਪੜ੍ਹਨ ਆਏ ਆ।’ ਮੇਰੇ ਵੱਲ ਹੱਥ ਕਰ ਕੇ ਆਖਣ ਲੱਗੇ, 'ਇਹ ਬਿਲਾਸਪੁਰੋਂ ਆਂ।' ਮੇਰੇ ਨਾਲ ਖੜ੍ਹੇ ਰਣਜੀਤ ਦੇ ਮੋਢੇ ’ਤੇ ਹੱਥ ਧਰ ਕੇ ਕਹਿੰਦੇ, 'ਆ ਤਾਂ ਤੁਹਾਡਾ ਗੁਆਂਢੀ ਆ ਭਨੋਹੜਾਂ ਤੋਂ।’ 'ਆਹ ਸੁੰਦਰ ਲਾਲ ਆ ਅਬੋਹਰੋਂ, ਮੁੰਡਾ ਤਾਂ ਬਾਣੀਆਂ ਦਾ ਪਰ ਅਬੋਹਰ ਦੇ ਬਾਣੀਏ ਜੱਟਾਂ ਅਰਗੇ ਈ ਹੁੰਦੇ ਆ।' ਫੇਰ ਪਰਮਜੀਤ ਵੱਲ ਦੇਖ ਕੇ ਕਹਿੰਦੇ, 'ਇਹ ਮੁਕਤਿਆਂ ਦੀ ਧਰਤੀ ਤੋਂ ਆ ਮੁਕਤਸਰੋਂ।' ਬਸ ਇੰਨੇ ਵਿਚ ਹੀ ਮਾਹੌਲ ਸੁਖਾਵਾਂ ਹੋ ਗਿਆ। ਜਦੋਂ ਮਢਿਆਣੀ ਤੋਂ ਸਿੱਧਵਾਂ ਨੂੰ ਜਾਣ ਲੱਗੇ ਤਾਂ ਬੱਸ ਵਿਚ ਉਹ ਸਭ ਨੂੰ ਮੁਖ਼ਾਤਿਬ ਹੋਏ, 'ਵੈਰੀ ਗੁੱਡ, ਬਹੁਤ ਵਧੀਆ ਰਿਹਾ। ਗੱਲ ਪਤਾ ਕੀ ਆ ਲੋਕ ਉਹਦੀ ਗੱਲ ਸੁਣਦੇ ਆ, ਜੋ ਉਨ੍ਹਾਂ ਦੀ ਸੁਣਦਾ, ਇਸ ਕਰਕੇ ਲੋਕਾਂ ਦੀ ਗੱਲ ਪਹਿਲਾਂ ਸੁਣੋ। ਦੂਜਾ ਇਕ ਹੋਰ ਗੱਲ ਕਿ ਇਨ੍ਹਾਂ ਪਿੰਡਾਂ ਦੇ ਜੁਆਕ ਵੀ ਕਾਲਜਾਂ ਯੂਨੀਵਰਸਿਟੀਆਂ ਵਿਚ ਪੜ੍ਹਦੇ ਆ ਤੁਹਾਡੇ ਆਂਗੂ। ਤੁਹਾਡੇ ਵਧੀਆ ਤੌਰ-ਤਰੀਕਿਆਂ ਤੇ ਸੀਰੀਅਸਨੈੱਸ ਨੂੰ ਦੇਖ ਕੇ ਇਨ੍ਹਾਂ ਨੂੰ ਆਪਣੇ ਜੁਆਕਾਂ ਬਾਰੇ ਵੀ ਤਸੱਲੀ ਹੋਊ, ਇਹ ਸਾਈਕੋਲੋਜੀਕਲ ਇਫੈਕਟ ਹੁੰਦਾ।’ ਹਰ ਪ੍ਰੈਕਟੀਕਲ ’ਚ ਅਸੀਂ ਇਨ੍ਹਾਂ ਗੱਲਾਂ ਦਾ ਖ਼ਿਆਲ ਰੱਖਦੇ।
ਇਕੱਤੀ ਸਾਲ ਯੂਨੀਵਰਸਿਟੀ ’ਚ ਪੜ੍ਹਾਇਆ
ਜਸਵਿੰਦਰ ਭੱਲਾ ਨੇ ਇਕੱਤੀ ਸਾਲ ਯੂਨੀਵਰਸਿਟੀ ਵਿਚ ਪੜ੍ਹਾਇਆ। ਪਸਾਰ ਸਿਖਿਆ ਵਿਭਾਗ ਦੇ ਮੁਖੀ ਰਹੇ, ਸੱਭਿਆਚਾਰਕ ਸਰਗਰਮੀਆਂ ਦੇ ਇੰਚਾਰਜ ਰਹੇ। ਸੇਵਾ-ਮੁਕਤੀ ਉਪਰੰਤ ਵੀ ਉਹ ਯੂਨੀਵਰਸਿਟੀ ਦੇ ਬਰਾਂਡ ਅੰਬੈਸਡਰ ਬਣੇ ਰਹੇ ਕਿਉਂਕਿ ਪਸਾਰ ਮਾਹਰ ਹੋਣ ਕਰਕੇ ਲੋਕਾਂ ਨਾਲ ਉਨ੍ਹਾਂ ਦਾ ਬਹੁਤ ਹੀ ਸੁਖਾਵਾਂ ਅਤੇ ਵਿਸ਼ਵਾਸ ਵਾਲਾ ਰਿਸ਼ਤਾ ਬਣ ਚੁੱਕਿਆ ਸੀ। ਕਿਸਾਨ ਭਾਈਚਾਰੇ ਨਾਲ ਰਾਬਤਾ ਮਜ਼ਬੂਤ ਸੀ।
1988 ’ਚ ਪਹਿਲੀ ਕੈਸਿਟ ਹੋਈ ਰਿਲੀਜ਼
ਉਨ੍ਹਾਂ ਦਾ ਜਨਮ ਦੋਰਾਹੇ ਨੇੜਲੇ ਪਿੰਡ ਕੱਦੋਂ ਵਿੱਚ 4 ਮਈ 1960 ਨੂੰ ਮਾਸਟਰ ਬਹਾਦਰ ਸਿੰਘ ਭੱਲਾ ਦੇ ਘਰ ਹੋਇਆ। ਸਕੂਲੀ ਪੜ੍ਹਾਈ ਤੋਂ ਬਾਅਦ ਉਹ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਚ ਬੀਐੱਸਸੀ ਖੇਤੀਬਾੜੀ ਕਰਨ ਲੱਗੇ, ਜਿਥੇ ਡਾਕਟਰ ਕੈਸ਼ੋ ਰਾਮ ਸ਼ਰਮਾ ਨੇ ਯੂਨੀਵਰਸਿਟੀ ਦੇ ਸੱਭਿਆਚਾਰਕ ਪ੍ਰੋਗਰਾਮ ਲਈ ਜਸਵਿੰਦਰ ਭੱਲਾ ਦੀ ਚੋਣ ਇਕ ਗਾਇਕ ਵਿਦਿਆਰਥੀ ਵਜੋਂ ਕੀਤੀ। ਇਸੇ ਪ੍ਰੋਗਰਾਮ ਦੌਰਾਨ ਭੱਲਾ ਸਾਹਿਬ ਦੀ ਮੁਲਾਕਾਤ ਬਾਲ ਮੁਕੰਦ ਸ਼ਰਮਾ ਨਾਲ ਹੋਈ। ਫਿਰ ਦੋਵਾਂ ਨੇ ਰਲ ਕੇ ਕਾਮੇਡੀ ਖ਼ਬਰਾਂ ਪੜ੍ਹੀਆਂ ਤਾਂ ਬਹਿ’ਜਾ-ਬਹਿ’ਜਾ ਹੋ ਗਈ। ਇਸ ਪ੍ਰੋਗਰਾਮ ਦਾ ਨਾਂ ਸੀ ਛਣਕਾਟਾ। ਫਿਰ ਇਸ ਜੋੜੀ ਨੇ ਐਸੀ ਧਮਾਲ ਪਾਈ ਕਿ ਇਹ ਛਣਕਾਟੇ ਵਾਲੀ ਜੋੜੀ ਬਣ ਗਈ। ਵਿਦਿਆਰਥੀ ਜੀਵਨ ਤੋਂ ਬਾਅਦ ਵੀ ਇਸ ਜੋੜੀ ਦੀ ਚੜ੍ਹਤ ਕਾਇਮ ਰਹੀ। ਜਗਦੇਵ ਸਿੰਘ ਜੱਸੋਵਾਲ ਅਤੇ ਗੁਰਭਜਨ ਗਿੱਲ ਦੀ ਅਗਵਾਈ ਵਿਚ ਉਨ੍ਹਾਂ ਨੇ ਪਹਿਲੀ ਕਮਰਸ਼ੀਅਲ ਕੈਸਿਟ 1988 ਵਿਚ ‘ਛਣਕਾਟਾ’ ਰਿਲੀਜ਼ ਕੀਤੀ ਤਾਂ ਹੱਥੋ ਹੱਥੀਂ ਚੁੱਕੀ ਗਈ। ਫਿਰ ਇਹ ਛਣਕਾਟਾ ਲਗਾਤਾਰ 2009 ਤਕ ਪੈਂਦਾ ਰਿਹਾ, ਕਈ ਵਾਰ ਤਾਂ ਛੇ ਮਹੀਨਿਆਂ ਬਾਅਦ ਹੀ ਪੈ ਜਾਂਦਾ।
ਪੰਜਾਬੀ ਫਿਲਮਾਂ ’ਚ ਖੇਡੀ ਲੰਮੀ ਪਾਰੀ
ਜਸਵਿੰਦਰ ਭੱਲਾ ਕੋਲ ਪੇਂਡੂ ਮੁਹਾਵਰਾ ਹੋਣ ਕਰਕੇ ਉਨ੍ਹਾਂ ਦੇ ਮੂੰਹੋਂ ਗੱਲ ਜੱਚਦੀ ਸੀ। ਇਕ ਉਨ੍ਹਾਂ ਨੂੰ ਪੰਜਾਬੀ ਲੋਕਧਾਰਾ ਦਾ ਗਿਆਨ ਬਹੁਤ ਸੀ, ਜਿਸ ਕਰਕੇ ਉਨ੍ਹਾਂ ਦੀਆਂ ਪੇਸ਼ਕਾਰੀਆਂ ਆਮ ਲੋਕਾਂ ’ਚ ਪ੍ਰਚੱਲਿਤ ਹੋਈਆਂ। ਬਾਲ ਮੁਕੰਦ ਸ਼ਰਮਾ ਨਾਲ ਸਮੀਕਰਨਾਂ ਮਿਲਦੀਆਂ ਹੋਣ ਕਰਕੇ ਇਸ ਜੋੜੀ ਨੇ ਆਪਣੇ ਵਿਅੰਗਮਈ ਅੰਦਾਜ਼ ਦਾ ਸਿੱਕਾ ਲਗਾਤਾਰ ਜਮਾਈ ਰੱਖਿਆ। ਪੰਜਾਬੀ ਫਿਲਮਾਂ ਵਿਚ ਜਸਵਿੰਦਰ ਭੱਲਾ ਨੇ ਲੰਮੀ ਪਾਰੀ ਖੇਡੀ। ਦੁੱਲਾ ਭੱਟੀ, ਮਾਹੌਲ ਖ਼ਾਰਾਬ ਹੈ ਤੋਂ ਲੈ ਕੇ ਕੈਰੀ ਆਨ ਜੱਟਾ ਤੱਕ ਪੈਂਹਟ ਫਿਲਮਾਂ ਵਿਚ ਉਨ੍ਹਾਂ ਧਮਾਕੇਦਾਰ ਅਦਾਕਾਰੀ ਕੀਤੀ ਹੈ। ਸਧਾਰਨ ਅਦਾਕਾਰੀ ਹੀ ਨਹੀਂ ਸਗੋਂ ਲੋਕ ਮਨਾਂ ’ਤੇ ਸ਼ਾਪ ਛੱਡਣ ਵਾਲੀ ਅਦਾਕਾਰੀ। ਉਨ੍ਹਾਂ ਦੇ ਬੋਲੇ ਸੰਵਾਦ ਅਖਾਣਾਂ ਵਾਂਗ ਲੋਕਾਂ ਨੂੰ ਜ਼ੁਬਾਨੀ ਯਾਦ ਹੋਏ, ਜਿਵੇਂ ਜੜ’ਤੇ ਕੋਕੇ, ਗੰਦੀ ਔਲਾਦ-ਨਾ ਮਜ਼ਾ ਨਾ ਸੁਆਦ, ਹਵੇਲੀ ਤੇ ਸਹੇਲੀ ਛੇਤੀ ਨੀਂ ਬਣਦੀ, ਜੇ ਚੰਡੀਗੜ੍ਹ ਢਹਿਜੂ-ਪਿੰਡ ਜਿੱਡਾ ਤਾਂ ਰਹਿਜੂ ਪਰ ਜੇ ਪਿੰਡ ਢਹਿਜੂ ਪਿੱਛੇ ਕੀ ਰਹਿਜੂ, ਜਵਾਈ ਨੰਗ ਤੇ ਜੁੱਤੀ ਤੰਗ-ਸਾਰੀ ਉਮਰ ਤੰਗ ਕਰਦੇ ਆ, ਮਾੜੀ ਸੋਚ ਤੇ ਪੈਰ ਦੀ ਮੋਚ ਬੰਦੇ ਨੂੰ ਅੱਗੇ ਨੀਂ ਵਧਣ ਦਿੰਦੀ, ਐਡਵੋਕੇਟ ਢਿੱਲੋਂ ਨੇ ਕਾਲਾ ਕੋਟ ਐਵੇਂ ਨੀਂ ਪਾਇਆ, ਜ਼ਮੀਨ ਬੰਜਰ ਤੇ ਔਲਾਦ ਕੰਜਰ ਰੱਬ ਕਿਸੇ ਨੂੰ ਨਾ ਦੇਵੇ। ਅਸਲ ਵਿਚ ਸਧਾਰਨ ਗੱਲਾਂ ਨੂੰ ਕਹਿਣ ਦਾ ਅੰਦਾਜ਼ ਜਸਵਿੰਦਰ ਭੱਲਾ ਕੋਲ ਕਮਾਲ ਦਾ ਸੀ ਕਿ ਦਰਸ਼ਕਾਂ ਦੇ ਮਨਾਂ ’ਤੇ ਠੱਪੇ ਵਾਂਗ ਲੱਗ ਜਾਂਦੀ ਸੀ। ਇਕ ਹਾਸਰਸ ਕਲਾਕਾਰ ਦੇ ਤੌਰ ’ਤੇ ਜਸਵਿੰਦਰ ਭੱਲਾ ਦੀ ਮਕਬੂਲੀਅਤ ਉਨ੍ਹਾਂ ਸਮਿਆਂ ’ਚ ਬਣੀ, ਜਦੋਂ ਸੋਸ਼ਲ ਮੀਡੀਆ ਦਾ ਬੋਲਬਾਲਾ ਵੀ ਨਹੀਂ ਸੀ, ਸਿਰਫ਼ ਦੂਰਦਰਸ਼ਨ, ਰੇਡੀਓ ਹੀ ਮਾਧਿਅਮ ਹੁੰਦੇ ਸੀ। ਉਨ੍ਹਾਂ ਸਮਿਆਂ ਵਿਚ ਸਥਾਪਤੀ ਮਿਲਣ ਦਾ ਮਤਲਬ ਸੀ ਕਲਾਕਾਰ ਹੋਣਾ। ਭੱਲਾ ਸਾਹਿਬ ਦੀ ਸਿਫ਼ਤ ਸੀ ਕਿ ਉਹ ਜਦੋਂ ਵੀ ਕੋਈ ਕਲਾਤਮਕ ਪੇਸ਼ਕਾਰੀ ਲਈ ਤਿਆਰੀ ਕਰਦੇ ਤਾਂ ਪਹਿਲਾਂ ਉਹ ਲਿਖਦੇ, ਵਾਰ-ਵਾਰ ਪੜ੍ਹਦੇ, ਦੋਸਤਾਂ ਤੋਂ ਸਲਾਹ ਲੈਂਦੇ, ’ਕੱਲੇ-’ਕੱਲੇ ਨੁਕਤੇ 'ਤੇ ਵਿਚਾਰ ਕਰਦੇ ਤਾਂ ਜੋ ਅਸਰਦਾਰ ਸੁਨੇਹਾ ਬਣ ਸਕੇ। ਉਨ੍ਹਾਂ ਨੇ ਕਲਾ ਨੂੰ ਸਮਾਜ ਸੁਧਾਰ ਲਈ ਵਰਤਿਆ, ਲੋਕਾਂ ਦੇ ਦੁੱਖ-ਸੁੱਖ ਨੂੰ ਸਮਝਿਆ, ਭਾਵਨਾਵਾਂ ਦਾ ਖ਼ਿਆਲ ਰੱਖਿਆ। ਉਹ ਭ੍ਰਿਸ਼ਟਾਚਾਰ, ਬੇਰੁਜ਼ਗਾਰੀ, ਭਰੂਣ-ਹੱਤਿਆ, ਪ੍ਰਦੂਸ਼ਣ ਵਰਗੀਆਂ ਅਲਾਮਤਾਂ ’ਤੇ ਵਿਅੰਗ ਰਾਹੀਂ ਸੁਨੇਹਾ ਦਿੰਦੇ। ਵਿਅੰਗ ਅਤੇ ਜ਼ਿੰਦਾਦਿਲੀ ਐਸੀ ਸੀ ਜਸਵਿੰਦਰ ਭੱਲਾ ਕੋਲ ਕਿ ਜਿੱਥੇ ਬੈਠਦਾ, ਮਹਿਫ਼ਲ ਲੱਗ ਜਾਂਦੀ। ਮੈਂ ਉਨ੍ਹਾਂ ਨੂੰ ਜ਼ਿੰਦਗੀ ਵਿਚ ਕਦੇ ਉਦਾਸ ਨਹੀਂ ਦੇਖਿਆ ਕਿਉਂਕਿ ਉਹ ਆਪਣੀਆਂ ਦੁੱਖ-ਤਕਲੀਫਫ਼ੀ ਨੂੰ ਲੁਕੋ ਕੇ ਰੱਖਣ ਦੇ ਮਾਹਿਰ ਸਨ।
ਨਾਂ ’ਤੇ ਰੱਖਿਆ ਜਾਵੇਗਾ ਚੌਕ ਦਾ ਨੀਂਹ ਪੱਥਰ
ਸਰਦਾਰ ਬਹਾਦਰ ਸਿੰਘ ਅਤੇ ਸਰਦਾਰਨੀ ਸਤਵੰਤ ਕੌਰ ਲਈ ਲਾਡਲਾ ਪੁੱਤਰ ਸੀ, ਸਰਦਾਰਨੀ ਪਰਮਦੀਪ ਕੌਰ ਲਈ ਦੁੱਖਾਂ-ਸੁੱਖਾਂ ਦਾ ਜੀਵਨ ਸਾਥੀ ਸੀ, ਪੁਖਰਾਜ ਅਤੇ ਅਰਸ਼ਪ੍ਰੀਤ ਲਈ ਸੁਹਿਰਦ ਬਾਪ ਸੀ, ਅੰਤਰਰਾਸ਼ਟਰੀ ਨਕਸ਼ੇ ’ਤੇ ਉਹ ਵੱਡਾ ਫਨਕਾਰ ਸੀ, ਕਲਾਕਾਰ ਸਾਥੀਆਂ ਲਈ ਚੰਗਾ ਸਹਿਯੋਗੀ ਸੀ, ਯੂਨੀਵਰਸਿਟੀ ਲਈ ਉਹ ਪ੍ਰਸਿੱਧ ਸਿੱਖਿਆ ਸ਼ਾਸਤਰੀ ਸੀ, ਆਮ ਲੋਕਾਂ ਲਈ ਹਰਮਨ ਪਿਆਰਾ ਕਲਾਕਾਰ ਸੀ, ਫਿਲਮੀ ਦੁਨੀਆ ਵਿਚ ਉਹ ਸਫਲ ਅਦਾਕਾਰ ਸੀ, ਕਿਸੇ ਲਈ ਚੰਗਾ ਭਰਾ, ਚੰਗਾ ਦੋਸਤ, ਵਿਦਿਆਰਥੀਆਂ ਲਈ ਚੰਗਾ ਅਧਿਆਪਕ ਸੀ। ਦੁਨੀਆ ਭਰ ਦੇ ਮਾਣ-ਸਨਮਾਨ ਉਨ੍ਹਾਂ ਨੂੰ ਮਿਲੇ ਪਰ ਜੋ ਪਿਆਰ ਉਨ੍ਹਾਂ ਨੂੰ ਆਪਣੇ ਚਹੇਤੇ ਆਮ ਲੋਕਾਂ ਤੋਂ ਮਿਲਿਆ, ਉਹ ਅਣਮੁੱਲੀ ਮਹੁਬੱਤ ਆ, ਸਭ ਸਨਮਾਨਾਂ ਤੋਂ ਉੱਪਰ।
ਉਨ੍ਹਾਂ ਦੇ ਪਰਿਵਾਰ ਅਤੇ ਮਿੱਤਰ ਦਾਇਰੇ ਵੱਲੋਂ ‘ਡਾ. ਜਸਵਿੰਦਰ ਸਿੰਘ ਭੱਲਾ ਫਾਊਂਡੇਸ਼ਨ’ ਦੀ ਸਥਾਪਨਾ ਨਾਲ ਉਨ੍ਹਾਂ ਦੇ ਜਨਮ ਦਿਨ ਨੂੰ ਸਮਰਪਿਤ ਮੋਹਾਲੀ ’ਚ ਵੱਡਾ ਸਮਾਗਮ ਰਚਾਇਆ ਜਾ ਰਿਹਾ ਹੈ। ਇਸ ਮੌਕੇ ਉਨ੍ਹਾਂ ਦੇ ਨਾਂ ’ਤੇ ਇਕ ਚੌਕ ਦਾ ਨੀਂਹ ਪੱਥਰ ਰੱਖਿਆ ਜਾਵੇਗਾ। ਜਸਵਿੰਦਰ ਭੱਲਾ ਦੀ ਭੱਲ ਪੰਜਾਬੀ ਸੰਸਾਰ ’ਚ ਹਮੇਸ਼ਾ ਬਣੀ ਰਹੇਗੀ।
ਨਿਰਮਲ ਜੌੜਾ