ਲੋਕ ਦਿਲਾਂ ’ਤੇ ਰਾਜ ਕਰਨ ਵਾਲੀ ਜਗਮੋਹਨ ਕੌਰ ਉਰਫ਼ ਮਾਈ ਮੋਹਣੋ ਅਗੇਤਾ ਹੀ ਸਾਡੇ ਕੋਲੋ ਸਦਾ ਲਈ 6 ਦਸੰਬਰ, 1997 ਨੂੰ 49 ਸਾਲ ਦੀ ਉਮਰ ਵਿਚ ਵਿਛੜ ਗਈ। ਭਾਵੇਂ ਬੀਬਾ ਜਗਮੋਹਨ ਕੌਰ ਅੱਜ ਸਾਡੇ ਵਿਚਕਾਰ ਤਾਂ ਨਹੀਂ ਹੈ ਪਰ ਉਸ ਦੇ ਪੰਜਾਬੀ ਮਾਂ ਬੋਲੀ ਦੀ ਝੋਲੀ ਪਾਏ ਆਪਣੀ ਰਸੀਲੀ ਆਵਾਜ਼ ’ਚ ਸੈਂਕੜੇ ਗੀਤ ਸਦਾ ਲੋਕਾਂ ਦੇ ਕੰਨਾਂ ਵਿਚ ਗੂੰਜਦੇ ਰਹਿਣਗੇ

ਜਿਥੇ ਲੋਕ ਗਾਇਕੀ ਦੇ ਵਿਹੜੇ ਪੈਰ ਧਰ ਕੇ ਅਨੇਕਾਂ ਕਲਾਕਾਰਾਂ ਨੇ ਪ੍ਰਸਿੱਧੀ ਖੱਟੀ, ਉੱਥੇ ਗਾਇਕਾਵਾਂ ਵੀ ਪਿੱਛੇ ਨਹੀਂ ਰਹੀਆਂ। ਬਹੁਤ ਸਾਰੀਆਂ ਗਾਇਕਾਵਾਂ ਨੇ ਪੰਜਾਬੀ ਗਾਇਕੀ ਦੇ ਮੈਦਾਨ ’ਚ ਧੁੰਮਾਂ ਪਾਈਆਂ। ਉਪਰਲੀ ਕਤਾਰ ਵਿਚ ਕਈ ਗਾਇਕਾਵਾਂ ਦੇ ਨਾਮ ਆਉਂਦੇ ਹਨ ਜਿਵੇਂ:- ਨਰਿੰਦਰ ਬੀਬਾ, ਨੂਰਜਹਾਂ, ਪ੍ਰਕਾਸ਼ ਕੌਰ, ਗੁਰਮੀਤ ਬਾਵਾ, ਸੁਰਿੰਦਰ ਕੌਰ, ਰਣਜੀਤ ਕੌਰ, ਪ੍ਰੀਤੀ ਸਾਗਰ, ਦਿਲਰਾਜ ਕੌਰ ਆਦਿ। ਜਿਸ ਵਿਚ ਜਗਮੋਹਨ ਕੌਰ ਦੇ ਨਾਮ ਦਾ ਚਮਕਾਰਾ ਵੀ ਪੈਂਦਾ ਹੈ।
ਜਨਮ
ਜਗਮੋਹਨ ਕੌਰ ਉਰਫ਼ ਮਾਈ ਮੋਹਣੋ ਦਾ ਜਨਮ 15 ਅਕਤੂਬਰ, 1948 ਈ: ਨੂੰ ਮਾਤਾ ਪ੍ਰਕਾਸ਼ ਅਤੇ ਪਿਤਾ ਗੁਰਬਚਨ ਸਿੰਘ ਦੇ ਘਰ, ਪਿੰਡ ਬੂਰ ਮਾਜਰਾ (ਰੋਪੜ) ਵਿਖੇ ਹੋਇਆ। ਦਸਵੀਂ ਜਮਾਤ ਪਾਸ ਕਰਨ ਮਗਰੋਂ ਆਰੀਆ ਹਾਈ ਸਕੂਲ, ਖਰੜ ਤੋਂ ਜੇਬੀਟੀ. ਕੀਤੀ ਤੇ ਮਨੀਮਾਜਰੇ ਦੇ ਪ੍ਰਾਇਮਰੀ ਸਕੂਲ ਵਿਚ ਅਧਿਆਪਕਾ ਲੱਗੀ। ਗਿਆਰਵੀਂ ਵਿਚ ਪੜ੍ਹਦੀ ਜਗਮੋਹਨ ਕੌਰ ਨੇ ਪਹਿਲੀ ਵਾਰ ਟੈਗੋਰ ਥੀਏਟਰ, ਚੰਡੀਗੜ੍ਹ ਵਿਖੇ ਗਾਇਆ। ਸਰੋਤਿਆਂ ਨੇ ਹੋਰ ਗੀਤ ਸੁਣਨ ਦੀ ਮੰਗ ਕਰ ਦਿੱਤੀ ਤਾਂ ਦੋ ਹੋਰ ਗੀਤ ਗਾਏ ਅਤੇ ਚੰਗੀ ਵਾਹ-ਵਾਹ ਖੱਟੀ, ਉਸ ਦਿਨ ਤੋਂ ਬਾਅਦ ਇਸ ਪਿਆਰੀ ਕਲਾਕਾਰ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ।
ਗਾਇਕੀ ਦੀ ਗੁੜ੍ਹਤੀ
ਜਗਮੋਹਨ ਕੌਰ ਨੂੰ ਗਾਇਕੀ ਦੀ ਗੁੜ੍ਹਤੀ ਆਪਣੇ ਪਰਿਵਾਰ ਵਿੱਚੋਂ ਹੀ ਮਿਲੀ ਕਿਉਂਕਿ ਉਨ੍ਹਾਂ ਦੇ ਪਿਤਾ ਗੁਰਬਚਨ ਸਿੰਘ ਤਹਿਸੀਲਦਾਰ ਦੀ ਪੋਸਟ ’ਤੇ ਸੀ। ਉਹ ਚੰਗੇ ਉਰਦੂ ਦੇ ਪੰਜਾਬੀ ਦੇ ਕਵੀ ਸਨ। ਉਨ੍ਹਾਂ ਨੇ ਆਪਣੀ ਧੀ ਜਗਮੋਹਨ ਕੌਰ ਨੂੰ ਵੀ ਗਾਇਕੀ ਵੱਲ ਪ੍ਰੇਰਿਆ। ਜਗਮੋਹਨ ਕੌਰ ਦਾ ਗਾਇਕੀ ਦਾ ਝੰਡਾ 30 ਸਾਲ ਬੁਲੰਦ ਰਿਹਾ। ਤਿੱਖੇ ਨੈਣ-ਨਕਸ਼, ਗੋਰੇ ਰੰਗ ਨਾਲ ਗਾਇਕਾ ਜਿੰਨੀ ਸੋਹਣੀ ਜਾਪਦੀ ਸੀ, ਉਸ ਤੋਂ ਵੀ ਸੋਹਣੀ ਉਸ ਦੀ ਆਵਾਜ਼ ਵਿੱਚੋਂ ਨਿਕਲੇ ਉਸ ਦੇ ਗੀਤਾਂ ਦੀ ਸੁਗੰਧ ਫੈਲ ਕੇ ਉਸ ਦੇ ਨਾਮ ਨੂੰ ਚਾਰ-ਚੰਨ ਲਾਉਂਦੀ ਸੀ। ਚੱਲਦੀਆਂ ਰਸਮਾਂ ਮੁਤਾਬਿਕ ਜਗਮੋਹਨ ਨੇ ਐਸ. ਮਹਿੰਦਰ ਨੂੰ ਆਪਣਾ ਉਸਤਾਦ ਧਾਰਿਆ। ਚਰਨਜੀਤ ਆਹੂਜਾ, ਕੇਸਰ ਸਿੰਘ ਨਰੂਲਾ ਅਤੇ ਜੈ ਦੇਵ ਦੇ ਸੰਗੀਤ ਨਿਰਦੇਸ਼ਨ ਹੇਠ ਤਕਰੀਬਨ 500 ਗੀਤ ਰਿਕਾਰਡ ਕਰਵਾਏ ਸਨ।
ਕੇ. ਦੀਪ ਨਾਲ ਵਿਆਹ
ਗਾਇਕੀ ਨੇ ਹੀ ਜਗਮੋਹਨ ਕੌਰ ਦਾ ਕੇ. ਦੀਪ ਨਾਲ ਮੇਲ ਕਰਵਾਇਆ। ਇਕ ਸਟੇਜ ’ਤੇ ਗਾਉਂਦੇ ਛੇਤੀ ਹੀ ਸ਼ਾਦੀ ਬੰਧਨਾਂ ’ਚ ਬੱਝ ਗਏ। ਉਨ੍ਹਾਂ ਦੇ ਘਰ ਰੂਪ ਕੰਵਲ ਪੁੱਤਰ ਅਤੇ ਗੁਰਪ੍ਰੀਤ ਕੌਰ ਧੀ ਨੇ ਜਨਮ ਲਿਆ।
ਮਾਈ ਮੋਹਣੋ
ਕੇ. ਦੀਪ ਤੇ ਜਗਮੋਹਨ ਕੌਰ ਦਾ ਪਹਿਲਾ ਗੀਤ ‘ਮੇਰੀ ਗੱਲ ਸੁਣੋ ਸਰਦਾਰ ਜੀ’ ਇਹ ਸਾਲ 1970 ਵਿਚ ‘ਹਿਜ਼ ਮਾਸਟਰਜ਼ ਵਾਇਸ ਕੰਪਨੀ’ ਨੇ ਰਿਕਾਰਡ ਕੀਤਾ ਸੀ। ਕੇ. ਦੀਪ ਨੇ ਜਗਮੋਹਨ ਕੌਰ ਨੂੰ ਆਪਣੀ ਗਾਇਕੀ ਵਿਹੜੇ ‘ਮਾਈ ਮੋਹਣੋ’ ਦਾ ਨਾਮ ਦਿੱਤਾ ਸੀ। ਇਹ ਗਾਇਕ ਜੋੜੀ ਆਪਸ ਵਿਚ ਡਾਇਲਾਗ ਕੱਸ ਕੇ ਸਰੋਤਿਆਂ ਦੇ ਢਿੱਡੀਂ ਪੀੜਾਂ ਪਵਾ ਦਿੰਦੀ ਸੀ। ਜਗਮੋਹਨ ਕੌਰ ਨੇ ਜ਼ਿਆਦਾ ਤਰਜੀਹ ਲੋਕ-ਗੀਤ, ਦੋਗਾਣੇ, ਹਾਸਰਸ ਨੂੰ ਦਿੱਤੀ। ਇਕ ਬੋਲੀ ਜਗਮੋਹਨ ਕੌਰ ਤੇ ਕੇ. ਦੀਪ ਦੀ ਇਸ ਤਰ੍ਹਾਂ ਸੀ, ਜਿਸ ਵਿਚ ਉਹ ਡਾਇਲਾਗ ਇਸ ਤਰ੍ਹਾਂ ਕੱਸ ਰਹੇ ਹਨ। ਜਗਮੋਹਨ ਕੌਰ (ਮਾਈ ਮੋਹਣੋ) ਦੇ ਰੂਪ ’ਚ ਅਤੇ ਕੇ. ਦੀਪ (ਪੋਸਤੀ) ਦੇ ਰੂਪ ਵਿਚ ਉਹ ਇਹ ਗੀਤ ਇਸ ਤਰ੍ਹਾਂ ਪੇਸ਼ ਕਰਦੇ ਸਨ। ਅਮਲੀ ਆਪਣੀ ਪਤਨੀ ਨੂੰ
ਕੀ ਕਹਿੰਦਾ ਹੈ-
‘ਛੱਡ ਕਣਕ ਬੀਜ ਤੇ ਡੋਡੇ ਨਾਲੇ ਐਸ਼ ਕਰਨਗੇ ਰੋਡੇ
ਨਾਲੇ ਵੇਚਾਂਗੇ, ਨਾਲੇ ਪੀਵਾਂਗੇ’
ਅੱਗਿਓਂ ਉਸ ਦੀ ਪਤਨੀ ਜਵਾਬ ਮੋੜਦੀ ਹੈ-
‘ਛੱਡ ਕਣਕ ਬੀਜ ਲਈ ਤੂੰ ਡੋਡੇ, ਜਦੋਂ ਪਏ ਪੁਲਿਸ ਦੇ ਗੋਡੇ
ਫੇਰ ਹਾਲ ਪੁਛੂੰਗੀ ਤੇਰਾ ਵੇ, ਪੁੱਤ ਮੇਰਿਆ ਬਣਾਉਣ ਬਟੇਰਾ ਵੇ’
ਕਈ ਗੀਤ ਗਾਏ
ਜਗਮੋਹਨ ਕੌਰ ਦੇ ਗੀਤਾਂ ਦੀ ਲੜੀ ਵੀ ਕਾਫ਼ੀ ਲੰਬੀ ਹੈ, ਉਨ੍ਹਾਂ ਵਿੱਚੋਂ ਕੁਝ ਪ੍ਰਸਿੱਧ ਗੀਤ: ‘ਮੇਰਾ ਬੜਾ ਕਰਾਰਾ ਪੂਦਨਾ’, ‘ਨੱਚਾਂ ਮੈਂ ਲੁਧਿਆਣੇ ਮੇਰੀ ਧਮਕ ਜਲੰਧਰ ਪੈਂਦੀ’, ‘ਮੇਲੇ ਆਈਆਂ ਦੋ ਜੱਟੀਆਂ, ‘ਘੜਾ ਵਜਦਾ ਘੜੋਲੀ ਵੱਜਦੀ’, ‘ਕੈਦਾਂ ਉਮਰਾਂ ਦੀਆਂ’, ‘ਕੰਤ ਜਿਨ੍ਹਾਂ ਦੇ ਪ੍ਰਦੇਸੀ’, ‘ਮੈਂ ਕਿਹਾ ਬਾਪੂ ਵੇ ਅੱਡ ਹੁੰਨੀ ਆਂ’, ‘ਨੀ ਮੈਂ ਕਮਲੀ ਯਾਰ ਦੀ’, ‘ਸ਼ਾਹਾਂ ਦਾ ਕਰਜ਼ ਬੁਰਾ’, ‘ਘੁੰਡ ਵਿਚ ਨਹੀਂ ਲੁਕਦੇ ਸੱਜਣਾਂ ਨੈਣ ਕੁਆਰੇ’, ‘ਰੱਤੀ ਤੇਰੀ ਓ ਢੋਲ ਮੇਰਿਆ ਲੂੰਗੀ’, ‘ਸਾਰੀ ਰਾਤ ਕੱਤਿਆ ਕਰੂੰ, ਕੱਤਿਆ ਕਰੰੂਗੀ ਤੇਰੀ ਰੂੰ, ‘ਵਿਹੜੇ ਵਿਚ ਬੂਟਾਂ ਬਾਥੂ ਦਾ’, ‘ਮੇਰੀ ਕੀਹਨੇ ਖਿੱਚ ਲਈ ਪਤੰਗ ਵਾਲੀ ਡੋਰ’, ‘ਕਦੇ ਮੁੜ ਵਤਨਾਂ ਵੱਲ ਆਵੀਂ’, ‘ਤੁਸਾਂ ਨੂੰ ਮਾਣ ਵਤਨਾਂ ਦਾ’। ਜਗਮੋਹਨ ਕੌਰ ਨੇ ਹਰਦੇਵ ਦਿਲਗੀਰ, ਸਾਜਨ ਰਾਏ ਕੋਟੀ, ਸ਼ਮਸ਼ੇਰ ਸੰਧੂ ਦੇ ਗੀਤ ਵਧੇਰੇ ਗਾਏ ਤੇ ਹੋਰ ਗੀਤਕਾਰਾਂ ਦੇ ਗੀਤ ਵੀ ਗਾਏ, ਇਸ ਦੇ ਨਾਲ ਗਾਇਕਾ ਨੇ ਫਿਲਮੀ ਜਗਤ ਵਿਚ ਵੀ ਪੈਰ ਧਰਿਆ, ਪੰਜਾਬੀ ਫਿਲਮ ‘ਦਾਜ’ ਵਿਚ ਸਹਿ-ਨਾਇਕਾ ਦੀ ਭੂਮਿਕਾ ਅਦਾ ਕੀਤੀ ਅਤੇ ਬਹੁਤ ਸਾਰੇ ਦੋਗਾਣੇ ਵੀ ਗਾਏ ਹਨ। ਮਿਰਜ਼ਾ ਬੜੇ ਅੰਦਾਜ਼ ਨਾਲ ਗਾਉਂਦੀ ਸੀ, ਜੁਗਨੀ ਨੂੰ ਇਕ ਵੱਖਰੇ ਤੌਰ ’ਤੇ ਪੇਸ਼ ਕਰਨ ਦਾ ਉਸ ਦਾ ਹੁਨਰ ਕਮਾਲ ਦਾ ਸੀ। ਸ਼ਿਵ ਦੇ ਗੀਤ, ਸੁਲਤਾਨ ਬਾਹੂ ਦਾ ਕਲਾਮ ਅਤੇ ਬੁੱਲ੍ਹੇ ਸ਼ਾਹ ਤੇ ਸ਼ਾਹ ਹੁਸੈਨ ਦੀਆਂ ਕਾਫ਼ੀਆਂ ਗਾਉਂਦੀ ਸਰੋਤਿਆਂ ਨੂੰ ਸੁਸਰੀ ਵਾਂਗ ਸੁਆ ਦਿੰਦੀ ਸੀ।
ਧਾਰਮਿਕ ਗੀਤ
ਜਗਮੋਹਨ ਕੌਰ ਨੇ ਧਾਰਮਿਕ ਗੀਤ ਗਾ ਕੇ ਵੀ ਵਾਹ-ਵਾਹ ਖੱਟੀ। ‘ਚੰਨ ’ਚੋਂ ਚੰਨ, ਗੁਜਰੀ ਦਾ ਚੰਨ’ ਉਸ ਦਾ ਗਾਇਆ ਇਹ ਧਾਰਮਿਕ ਗੀਤ ਬੱਚੇ-ਬੱਚੇ ਦੀ ਜ਼ੁਬਾਨ ’ਤੇ ਚੜ੍ਹ ਗਿਆ।
ਲੋਕਾਂ ਦਾ ਪਿਆਰ ਵੀ ਰੱਜਵਾਂ ਮਿਲਿਆ
ਪੰਜਾਬ ਦੀ ਇਸ ਪਿਆਰੀ ਗਾਇਕਾ ਦੇ ਵੱਡੇ-ਛੋਟੇ, ਸੈਂਕੜੇ ਇਨਾਮ, ਮਾਣ-ਸਨਮਾਨ ਝੋਲੀ ਪਏ, ਲੋਕਾਂ ਦਾ ਪਿਆਰ ਵੀ ਰੱਜਵਾਂ ਮਿਲਿਆ। ਕਈ ਗੀਤ ਤਾਂ ਜਗਮੋਹਨ ਕੌਰ ਤੇ ਕੇ. ਦੀਪ ਦੇ ਸਰੋਤਿਆਂ ਦੇ ਜ਼ੁਬਾਨੀ ਕੰਠ ਕੀਤੇ ਹੋਏ ਹਨ ਜਿਵੇਂ:- ‘ਨਿੰਮ ਦੇ ਥੱਲੇ ਨੀ ਜਵਾਈ ਤੇਰੇ ਬਾਪ ਦਾ’, ‘ ਪੈਸਾ ਹੈ ਨਹੀਂ ਪੱਲੇ ਵੇ ਗੁਟਾਰ ਵਾਂਗੂ ਝਾਕਦਾ’ ਆਦਿ।
ਸਰੋਤਿਆਂ ਦਾ ਖੂ਼ਬ ਮਨੋਰੰਜਨ ਕੀਤਾ
ਜਗਮੋਹਨ ਕੌਰ (ਮਾਈ ਮੋਹਣੋ) ਅਤੇ ਕੇ.ਦੀਪ (ਪੋਸਤੀ) ਦੇ ਹਾਸਿਆਂ ਭਰਪੂਰ ਚੁਟਕਲਿਆਂ ਤੇ ਗੱਲਾਬਾਤਾਂ ਦਾ ਵੱਖਰਾ ਅੰਦਾਜ਼ ਸੀ। ਉਹ ਸਰੋਤਿਆਂ ਦਾ ਖੂ਼ਬ ਮਨਰੰਜਨ ਕਰਦੇ ਸਨ। ਇਨ੍ਹਾਂ ਨੇ ‘ਪੋਸਤੀ ਲੰਡਨ ’ਚ’, ‘ਪੋਸਤੀ ਕੈਨੇਡਾ ਵਿਚ’, ‘ਪੋਸਤੀ ਇੰਗਲੈਂਡ ਵਿਚ’ ਅਤੇ ‘ਨਵੇਂ ਪੁਆੜੇ ਪੈ ਗਏ’ ਰਿਕਾਰਡ ਕੀਤੇ। ਸਾਲ 1974 ’ਚ ਉਨ੍ਹਾਂ ਨੇ ਜਰਮਨ, ਇੰਗਲ਼ੈਂਡ, ਅਮਰੀਕਾ, ਕੈਨੇਡਾ, ਡੈਨਮਾਰਕ, ਨਾਰਵੇ ਆਦਿ ਦੇਸ਼ਾਂ ਦੀ ਯਾਤਰਾ ਕੀਤੀ। ਉਸ ਸਮੇਂ ਬੀਬੀਸੀ. ਲੰਡਨ ਵੱਲੋਂ ਉਨ੍ਹਾਂ ਦੀ ਰਿਕਾਰਡਿੰਗ ਕੀਤੀ ਜੋ ਪੰਜਾਬੀ ਗਾਇਕਾਂ ਦੀ ਪਹਿਲੀ ਵੀਡਿਓ ਸੀ।
ਸੰਸਾਰ ਨੂੰ ਅਲਵਿਦਾ
ਲੋਕ ਦਿਲਾਂ ’ਤੇ ਰਾਜ ਕਰਨ ਵਾਲੀ ਜਗਮੋਹਨ ਕੌਰ ਉਰਫ਼ ਮਾਈ ਮੋਹਣੋ ਅਗੇਤਾ ਹੀ ਸਾਡੇ ਕੋਲੋ ਸਦਾ ਲਈ 6 ਦਸੰਬਰ, 1997 ਨੂੰ 49 ਸਾਲ ਦੀ ਉਮਰ ਵਿਚ ਵਿਛੜ ਗਈ। ਭਾਵੇਂ ਬੀਬਾ ਜਗਮੋਹਨ ਕੌਰ ਅੱਜ ਸਾਡੇ ਵਿਚਕਾਰ ਤਾਂ ਨਹੀਂ ਹੈ ਪਰ ਉਸ ਦੇ ਪੰਜਾਬੀ ਮਾਂ ਬੋਲੀ ਦੀ ਝੋਲੀ ਪਾਏ ਆਪਣੀ ਰਸੀਲੀ ਆਵਾਜ਼ ’ਚ ਸੈਂਕੜੇ ਗੀਤ ਸਦਾ ਲੋਕਾਂ ਦੇ ਕੰਨਾਂ ਵਿਚ ਗੂੰਜਦੇ ਰਹਿਣਗੇ ਤੇ ਉਸ ਦੀਆਂ ਯਾਦਾਂ ਨੂੰ ਸਦਾ ਤਰੋ-ਤਾਜ਼ਾ ਰੱਖਣ ਵਿਚ ਸਹਾਈ ਹੋਣਗੇ। •
-ਦਰਸ਼ਨ ਸਿੰਘ ਪ੍ਰੀਤੀਮਾਨ
97792-97682