ਹਾਕਮ ਸੂਫ਼ੀ ਫੱਕਰ ਸੁਭਾਅ ਦੇ ਆਦਮੀ ਸਨ। ਇਹ ਆਪਣੀ ਤਨਖਾਹ ਲੋੜਵੰਦਾਂ ਨੂੰ ਦੇ ਦਿੰਦੇ ਸਨ। ਆਖ਼ਰੀ ਵਕਤ ਗਿੱਦੜਬਾਹਾ ਦੀ ਸ਼ਮਸ਼ਾਨ ਭੂਮੀ ’ਚ ਫ਼ਲਾਂ ਤੇ ਫੁੱਲਾਂ ਦੇ ਬੂਟੇ ਲਗਾ ਕੇ ਹੀ ਗੁਜ਼ਾਰਦੇ ਰਹੇ।
ਗਿੱਦੜਬਾਹਾ ਉਹ ਸ਼ਹਿਰ ਜਿਥੇ ਮਹਾਨ ਪੰਜਾਬੀ ਗਾਇਕ ਅਦਾਕਾਰ ਗੁਰਦਾਸ ਮਾਨ, ਗਾਇਕ ਅਸ਼ੋਕ ਮਸਤੀ, ਚਰਚਿਤ ਕਾਮੇਡੀਅਨ ਮੇਹਰ ਮਿੱਤਲ, ਮੌਜੂਦਾ ਗਾਇਕਾ ਬੀਬੀ ਦੀਪਕ ਢਿਲੋਂ, ਸੁਖਦੀਪ ਕੌਰ ਫਿਲਮੀ ਕਲਾਕਾਰ ਨਰੇਸ਼ ਕਥੂਰੀਆ ਦਾ ਜਨਮ ਹੋਇਆ ਪਰ ਗਿੱਦੜਬਾਹਾ ਦੇ ਹੀ ਜੰਮਪਲ ਸੂਫ਼ੀ ਗਾਇਕ ਹਾਕਮ ਸੂਫ਼ੀ ਕਿਸੇ ਪਛਾਣ ਦੇ ਮੁਥਾਜ਼ ਨਹੀਂ। ਸੂਫ਼ੀ ਗੀਤ ਗਾਉਣ ਵਾਲੇ ਘੱਟ ਗਾਇਕ ਹੋਏ ਹਨ। ਇਨ੍ਹਾਂ ਵਿੱਚੋਂ ਇਕ ਨਾਂ ਹੈ ਹਾਕਮ ਸੂਫ਼ੀ ਦਾ। ਇਨ੍ਹਾਂ ਨੇ ਸਾਰੀ ਉਮਰ ਸੂਫ਼ੀ ਰੰਗ ’ਚ ਰੰਗੇ ਹੀ ਸੂਫ਼ੀ ਗੀਤ ਗਾਏ। ਇਨ੍ਹਾਂ ਦਾ ਜਨਮ 3 ਮਾਰਚ 1952 ਨੂੰ ਗਿੱਦੜਬਾਹਾ ਮੌਜੂਦਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ’ਚ ਹੋਇਆ। ਇਨ੍ਹਾਂ ਦੇ ਮਾਤਾ ਸ਼੍ਰੀਮਤੀ ਗੁਰਦਿਆਲ ਕੌਰ ਅਤੇ ਪਿਤਾ ਕਰਤਾਰ ਸਿੰਘ ਸਨ।
ਦਸਵੀਂ ਜਮਾਤ ਸਰਕਾਰੀ ਹਾਈ ਸਕੂਲ ਗਿੱਦੜਬਾਹਾ ਤੋ ਕੀਤੀ
ਹਾਕਮ ਸੂਫ਼ੀ ਦੇ ਚਾਰ ਭੈਣਾਂ ਤੇ ਤਿੰਨ ਭਰਾ ਹਨ। ਹਾਕਮ ਸੂਫ਼ੀ ਨੇ ਦਸਵੀਂ ਜਮਾਤ ਸਰਕਾਰੀ ਹਾਈ ਸਕੂਲ ਗਿੱਦੜਬਾਹਾ ਤੇ ਬੀਏ. ਭਾਗ ਪਹਿਲਾ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਗਿੱਦੜਬਾਹਾ ਤੋਂ ਕੀਤੀ ਅਤੇ ਆਰਟ ਐਂਡ ਕਰਾਫਟ ਦਾ ਕੋਰਸ ਨਾਭੇ ਤੋਂ ਕੀਤਾ। ਹਾਕਮ ਸੂਫ਼ੀ ਦੀ ਪਹਿਲੀ ਨਿਯੁਕਤੀ ਸਰਕਾਰੀ ਹਾਈ ਸਕੂਲ ਜੰਗੀਆਣਾ ਬਠਿੰਡੇ ਜ਼ਿਲ੍ਹੇ ’ਚ ਡਰਾਇੰਗ ਮਾਸਟਰ ਦੇ ਤੌਰ ’ਤੇ ਹੋਈ। ਆਪ ਜੀ ਦੇ ਉਸਤਾਦ ਫ਼ਕੀਰ ਮੁਹੰਮਦ ਫ਼ਕੀਰ ਸਨ। ਕੁਝ ਸਮਾਂ ਆਤਮ ਪ੍ਰਕਾਸ਼ ਤੇ ਚਰਨਜੀਤ ਆਹੂਜਾ ਤੋਂ ਵੀ ਸਿੱਖਿਆ ਲਈ। ਦਾ ਪਹਿਲਾ ਗੀਤ, ‘ਅੱਲਾ ਹੂੰ ਦਾ ਆਵਾਜ਼ਾ ਆਵੇ, ਕੁੱਲੀ ਨੀ ਫ਼ਕੀਰ ਦੀ ਵਿੱਚੋਂ’ ਦੂਰਦਰਸ਼ਨ ’ਤੇ ਪਹਿਲੀ ਵਾਰ 1974 ’ਚ ਸੁਰਮਈ ਸ਼ਾਮ ਪ੍ਰੋਗਰਾਮ ’ਚ ਪ੍ਰਸਾਰਿਤ ਹੋਇਆ। ਹਾਕਮ ਸੂਫ਼ੀ ਨਵੇਂ ਸਾਲ ਦੇ ਪ੍ਰੋਗਰਾਮ ’ਚ ਦੂਰਦਰਸ਼ਨ ਵਿਚ ਸ਼ਿਵ ਕੁਮਾਰ ਬਟਾਲਵੀ ਦੇ ਦੋ ਗੀਤ ਗਾਉਣ ਵਾਲਾ ਪਹਿਲਾਂ ਗਾਇਕ ਬਣਿਆ। ਹਾਕਮ ਸੂਫ਼ੀ ਦੀ ਪਹਿਲੀ ਕੈਸਿਟ ਐਚਐਮਵੀ ਦੀ 1984 ’ਚ ‘ਮੇਲਾ ਯਾਰਾਂ ਦਾ’ ਦੀ ਆਈ।
‘ਪਾਣੀ ਵਿਚ ਮਾਰਾਂ ਡੀਕਾਂ’
ਹਾਕਮ ਸੂਫ਼ੀ ਨੇ ਪੰਜਾਬੀ ਫਿਲਮ ‘ਯਾਰੀ ਜੱਟ ਦੀ’ ’ਚ ,‘ਪਾਣੀ ਵਿਚ ਮਾਰਾਂ ਡੀਕਾਂ’ ਜੋ ਹਾਕਮ ਸੂਫ਼ੀ ’ਤੇ ਹੀ ਫਿਲਮਾਇਆ ਗਿਆ , ਗਾਇਆ ਸੀ। ਹਾਕਮ ਸੂਫ਼ੀ ਦੇ ਚਰਚਿਤ ਗੀਤਾਂ ਵਿਚ ‘ਪਾਣੀ ਵਿਚ ਮਾਰਾਂ ਦੀ ਡੀਕਾਂ ‘, ‘ਕੋਲ ਬਹਿ ਕੇ ਸੁਣ ਸੱਜਣਾ’, ‘ਕੋਕਾ’, ‘ਛੱਲਾ’, ‘ਮੇਰੇ ਚਰਖੇ ਦੀ ਟੁੱਟ ਗਈ ਮਾਹਲ’, ‘ਮਹਿੰਦੀ’, ‘ਕਿਤੇ ਬੋਲ ਮਹਿਰਮਾ ਵੇ’, ‘ਕਿੱਥੇ ਲਾਏ ਨੇ ਸੱਜਣਾ ਡੇਰੇ’, ‘ਮੇਲਾ ਯਾਰਾਂ ਦਾ’, ‘ਚਿੱਠੀਆਂ’, ‘ਸੁਪਨਾ’ ,‘ਇਸ਼ਕ ਦੇ ਬਿਨਾਂ ਦਿਲ ਧੜ ਕੇ’, ‘ਦੂਰ ਦਿਸੇ ਮਾਵਾਂ ਦਾ ਪੁੱਤ’ ,‘ਦਿਲ ਵੱਟੇ ਦਿਲ’ ਆਦਿ ਚਰਚਿਤ ਗੀਤ ਹਨ, ਜੋ ਹੁਣ ਵੀ ਸੂਫ਼ੀ ਗਾਇਕੀ ਨੂੰ ਪਿਆਰ ਕਰਨ ਵਾਲੇ ਸੁਣਦੇ ਹਨ। ਆਪ ਦੁੱਬਈ, ਮਸਕਟ, ਮਲੇਸ਼ੀਆ ਤੇ ਉਮਾਨ ’ਚ ਵੀ ਗਏ । ਹਾਕਮ ਜਿਸ ਨੂੰ ਚਾਹੁੰਦੇ ਸਨ, ਉਸ ਨਾਲ ਵਿਆਹ ਨਹੀਂ ਹੋ ਸਕਿਆ, ਫਿਰ ਇਨ੍ਹਾਂ ਨੇ ਵਿਆਹ ਨਹੀਂ ਕਰਵਾਇਆ। 34 ਸਾਲ ਜੰਗੀਆਣਾ ’ਚ 31 ਮਾਰਚ 2010 ਨੂੰ ਆਪ ਡਰਾਇੰਗ ਟੀਚਰ ਦੇ ਅਹੁਦੇ ਤੋਂ ਸੇਵਾ-ਮੁਕਤ ਹੋ ਗਏ।
ਫੱਕਰ ਸੁਭਾਅ ਦਾ ਆਦਮੀ
ਹਾਕਮ ਸੂਫ਼ੀ ਫੱਕਰ ਸੁਭਾਅ ਦੇ ਆਦਮੀ ਸਨ। ਇਹ ਆਪਣੀ ਤਨਖਾਹ ਲੋੜਵੰਦਾਂ ਨੂੰ ਦੇ ਦਿੰਦੇ ਸਨ। ਆਖ਼ਰੀ ਵਕਤ ਗਿੱਦੜਬਾਹਾ ਦੀ ਸ਼ਮਸ਼ਾਨ ਭੂਮੀ ’ਚ ਫ਼ਲਾਂ ਤੇ ਫੁੱਲਾਂ ਦੇ ਬੂਟੇ ਲਗਾ ਕੇ ਹੀ ਗੁਜ਼ਾਰਦੇ ਰਹੇ। ਆਪ ਦੀ ਯਾਦ ’ਚ ਹਰ ਸਾਲ ਗਿੱਦੜਬਾਹਾ ’ਚ ਮੇਲਾ ਲੱਗਦਾ ਹੈ। ਉਨ੍ਹਾਂ ਦੇ ਪਰਿਵਾਰ ਦੀ ਹਾਲਤ ਬਹੁਤ ਮੰਦੀ ਹੈ । ਦੁਨੀਆ ਤੋਂ ਆਪ 4 ਸਤੰਬਰ, 2012 ਨੂੰ ਰੁਖ਼ਸਤ ਹੋ ਗਏ। ਹਾਕਮ ਸੂਫ਼ੀ ਦਾ ਨਾਂ ਪੰਜਾਬੀ ਤੇ ਸੂਫ਼ੀ ਗਾਇਕੀ ਦੇ ਸੰਸਾਰ ’ਚ ਹਮੇਸ਼ਾ ਲਈ ਅਮਰ ਰਹੇਗਾ । •
-ਡਾ ਨਰਿੰਦਰ ਭੱਪਰ ਝਬੇਲਵਾਲੀ
62841-45349