ਗੁਰਤੇਜ ਨੇ ਜਿੱਥੇ ਹੁਣ ਤੱਕ ਦਰਜਨਾਂ ਕੈਸਿਟਾਂ ਲਈ ਸੰਗੀਤ ਦਿੱਤਾ ਉੱਥੇ ਉਹ ਇਕ ਸੁਰੀਲਾ ਗਾਇਕ ਵੀ ਹੈ ਪਰ ਲੰਮੇ ਸਮੇਂ ਤੋਂ ਸੰਗੀਤ ਨਾਲ ਜੁੜੇ ਗੁਰਤੇਜ ਕਾਬਲ ਨੂੰ ਸ਼ੋਹਰਤ ਦੀਆਂ ਸਿਖ਼ਰਾਂ ਛੂਹਣਾ ਨਸੀਬ ਨਾ ਹੋਇਆ। ਆਪਣੇ ਬੀਤੇ ਨੂੰ ਚੇਤੇ ਕਰ ਗੁਰਤੇਜ ਕਾਬਲ ਅੱਜ ਉਦਾਸ ਹੈ।

ਬਠਿੰਡੇ ਦੇ ਗਾਇਕਾਂ ਲਈ ਉਸਤਾਦ ਗੁਰਤੇਜ ਕਾਬਲ ਕੋਈ ਨਵਾਂ ਨਾਂ ਨਹੀਂ ਹੈ। ਅਨੇਕਾਂ ਗਾਇਕਾਂ ਨੇ ਗੁਰਤੇਜ ਕਾਬਲ ਦੀ ਸੰਗੀਤ ਅਕੈਡਮੀ ਤੋਂ ਸੁਰਾਂ ਦਾ ਗਿਆਨ ਲੈ ਕੇ ਦੁਨੀਆ ਭਰ ’ਚ ਮਕਬੂਲੀਅਤ ਹਾਸਤ ਕੀਤੀ। ਜਸਵਿੰਦਰ ਬਰਾੜ, ਜਸਪਾਲ ਜੱਸੀ, ਪ੍ਰੀਤ ਬਰਾੜ ਸਮੇਤ ਹੋਰ ਦਰਜਨਾਂ ਕਲਾਕਾਰ ਉਸਦੇ ਸ਼ਾਗਿਰਦ ਰਹੇ ਹਨ ਜੋ ਅੱਜ ਸ਼ੋਹਰਤ ਦੇ ਅੰਬਰਾਂ ’ਤੇ ਹਨ ਪਰ ਅਫ਼ਸੋਸ ਕਿ ਇਨ੍ਹਾਂ ਦੇ ਉਸਤਾਦ ਗੁਰੂ ਅੱਜ ਦੋ ਡੰਗ ਦੀ ਰੋਟੀ ਲਈ ਵੀ ਫ਼ਿਕਰਮੰਦ ਹੈ।
ਨੱਬੇ ਦੇ ਦਹਾਕੇ ਦਾ ਉਹ ਸੰਗੀਤਕ ਦੌਰ ਜਦ ਲੁਧਿਆਣੇ ਤੋਂ ਬਾਅਦ ਮਾਲਵੇ ਦੇ ਟਿੱਬਿਆ ਦੀ ਹਿੱਕ ’ਤੇ ਵਸੇ ਸ਼ਹਿਰ ਬਠਿੰਡਾ ਨੂੰ ‘ਗਾਉਣ ਵਾਲਿਆਂ ਦਾ ਗੜ੍ਹ’ ਮੰਨਿਆ ਜਾਣ ਲੱਗਾ। ਤਵਿਆਂ ਦੇ ਯੁੱਗ ਮਗਰੋਂ ਕੈਸਿਟ ਕਲਚਰ ਦੀ ਆਮਦ ਨਾਲ ਇਸ ਇਲਾਕੇ ’ਚ ਮੇਜਰ ਰਾਜਸਥਾਨੀ, ਅੰਮ੍ਰਿਤਾ ਵਿਰਕ, ਬਲਕਾਰ ਸਿੱਧੂ, ਮਾਹੀਨੰਗਲ, ਧਰਮਪ੍ਰੀਤ, ਜਸਪਾਲ ਜੱਸੀ, ਜਸਵਿੰਦਰ ਬਰਾੜ ਵਰਗੇ ਨਵੇਂ ਗਾਇਕ ਉੱਭਰ ਕੇ ਸਾਹਮਣੇ ਆਏ। ਅਜਿਹੇ ਦੌਰ ਵਿਚ ‘ਚੰਦਸਰ ਬਸਤੀ’ ’ਚ ਰਹਿੰਦੇ ਗੁਰਤੇਜ ਕਾਬਲ ਦੀਆਂ ਵੀ ਪੰਜੇ ਉਂਗਲਾਂ ਘਿਓ ਵਿਚ ਸਨ। ਉਸਦੀ ਸੰਗੀਤ ਅਕੈਡਮੀ ’ਚ ਨਵੇਂ ਪੁਰਾਣੇ ਫ਼ਨਕਾਰਾਂ ਦਾ ਤਾਂਤਾ ਲੱਗਿਆ ਰਹਿੰਦਾ ਸੀ।
ਕਲਾ ਦੀ ਗੁੜ੍ਹਤੀ
ਰਾਮਪੁਰੇ ਸ਼ਹਿਰ ਨੇੜਲੇ ਪਿੰਡ ਪੀਰਕੋਟ ’ਚ ਜਨਮੇ ‘ਮੁਸ਼ਕੀ ਰੰਗੇ’ ਗੁਰਤੇਜ ਕਾਬਲ ਨੂੰ ਕਲਾ ਦੀ ਗੁੜ੍ਹਤੀ ਪਰਿਵਾਰ ’ਚੋਂ ਚਾਚਾ ਦਰਸ਼ਨ ਸਿੰਘ ਤੋਂ ਹੀ ਮਿਲੀ। ਉਹ ਰਾਮਲੀਲ੍ਹਾ ਦੀਆਂ ਸਟੇਜਾਂ ’ਤੇ ਰਾਮ ਦਾ ਰੋਲ ਕਰਿਆ ਕਰਦਾ ਸੀ। ਗੁਰਤੇਜ ਨੂੰ ਗਾਉਣ ਦਾ ਸ਼ੌਂਕ ਸੀ ਜੋ ਉਸ ਨੂੰ ਉਸਤਾਦ ਬਲਵਿੰਦਰ ਗਿੱਲ ਕੋਲ ਬਠਿੰਡੇ ਲੈ ਆਇਆ ਅਤੇ ਚੰਦਸਰ ਬਸਤੀ ਦੇ ਇਕ ਨਿੱਕੇ ਜਿਹੇ ਕਮਰੇ ਵਿਚ ਆਪਣੇ ਸੁਪਨਿਆਂ ਦੀ ਦੁਨੀਆ ਵਸਾ ਲਈ। ਦਿਨੇ ਉਹ ਆਪਣੇ ਹਾਣੀ ਕਲਾਕਾਰਾਂ ਨਾਲ ਰਲ ਕੇ ਰਿਆਜ਼ ਕਰਦਾ ਤੇ ਰਾਤ ਨੂੰ ਜਗਰਾਤਿਆਂ ’ਚ ਗਾ ਕੇ ਰੋਟੀ ਦਾ ਹੀਲਾ ਕਰਦਾ। ਹਰਮੋਨੀਅਨ ’ਤੇ ਗੁਰਤੇਜ ਨੂੰ ਚੰਗੀ ਮੁਹਾਰਤ ਸੀ। ਹੌਲੀ ਹੌਲੀ ਉਹ ਆਪਣੇ ਸਾਥੀ ਕਲਾਕਾਰਾਂ ’ਚ ਤਰਜ਼ਾਂ ਘੜ੍ਣ ਕਰਕੇ ਮਸ਼ਹੂਰ ਹੋ ਗਿਆ। ਐਨਾ ਮਸ਼ਹੂਰ ਕਿ ਉਹ ਨਵੀਆਂ ਜੋੜੀਆਂ ਨੂੰ ਰਿਆਜ਼ ਕਰਵਾਉਣ ਲੱਗਿਆ। ਉਸਦੀ ਨਿੱਕੀ ਜਿਹੀ ਬੈਠਕ ਵਿਚ ਦਿਨ-ਰਾਤ ਕਲਾਕਾਰਾਂ ਦਾ ਮੇਲਾ ਲੱਗਿਆ ਰਹਿੰਦਾ। ਵਾਜੇ ਦੀਆਂ ਸੁਰਾਂ ’ਚ ਢੋਲੀ ਦੀ ਥਾਪ ਨਾਲ ਹਰ ਵੇਲੇ ਸੰਗੀਤਕ ਮਾਹੌਲ ਬਣਿਆ ਰਹਿੰਦਾ।
ਆਖ਼ਿਰ ਹਾਲਾਤ ਇਹ ਬਣ ਗਏ ਕਿ ਗਾਇਕ ਬਣਨ ਆਇਆ ਗੁਰਤੇਜ ਕਾਬਲ, ਸੰਗੀਤਕਾਰ ਬਣ ਕੇ ਰਹਿ ਗਿਆ। ਸੰਗੀਤ ਉਸਦੀ ਪੂਜਾ ਸੀ, ਅਰਾਧਨਾ ਸੀ। ਉਹ ਆਪਣੇ ਸ਼ਾਗਿਰਦ ਕਲਾਕਾਰਾਂ ਨਾਲ ਅਖਾੜਿਆਂ ’ਤੇ ਜਾ ਕੇ ਗਾਇਕੀ ਦਾ ਸ਼ੌਕ ਵੀ ਪੂਰਾ ਕਰਦਾ। ਉਸ ਦੀਆਂ ਅਨੇਕਾਂ ਕੈਸਟਾਂ ਵੀ ਮਾਰਕੀਟ ਵਿਚ ਆਈਆਂ। ਉਸਨੇ ਕੁਲਦੀਪ ਮਾਣਕ, ਪਰਮਿੰਦਰ ਸੰਧੂ ਦੀ ਸਾਂਝੀ ਕੈਸਿਟ ‘ਪਿਆਰ ਦੀ ਦੁਨੀਆ’ ਵਿਚ ਵੀ ਗਾਇਆ। ਇਸ ਤੋਂ ਇਲਾਵਾ ‘ਮੁੰਦੀ ਵੱਟੇ ਦਿਲ’, ‘ਤੇਰੀ ਯਾਦ ਦੇ ਜਗਣ ਚਿਰਾਗ’ ‘ ਝਾਂਜਰ ਦੀ ਛਣਕਾਰ’ ‘ਆਈ ਵਿਸਾਖੀ’ ਕੈਸਿਟਾਂ ਰਾਹੀਂ ਚੰਗੀ ਗਾਇਕੀ ਪੇਸ਼ ਕੀਤੀ ਪਰ ਇਹ ਗੀਤ ‘ਆਏ-ਗਏ’ ਹੋ ਗਏ ਕਿਉਂਕਿ ਉਸਦੀ ਐਨੀ ‘ਪਹੁੰਚ’ ਨਹੀਂ ਸੀ ਕਿ ਮਹਿੰਗੇ ਵੀਡਿਓ ਬਣਾ ਕੇ ਚੈਨਲਾਂ ’ਤੇ ਚਲਾ ਸਕਦਾ।
ਸੰਗੀਤ ਅਕੈਡਮੀ ਦਾ ਸੰਚਾਲਕ
ਆਖ਼ਿਰ ਗੁਰਤੇਜ ਕਾਬਲ ਇਕ ਗਾਇਕ ਦੀ ਬਜਾਏ ਸੰਗੀਤ ਅਕੈਡਮੀ ਦਾ ਸੰਚਾਲਕ ਬਣ ਕੇ ਰਹਿ ਗਿਆ। ਉਸ ਨੂੰ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਅਨੇਕਾਂ ਗਾਇਕਾਂ ਦਾ ‘ਉਸਤਾਦ-ਗੁਰੂ’ ਹੋਣ ਦਾ ਮਾਣ ਹੈ। ਜਸਵਿੰਦਰ ਬਰਾੜ ਨੇ ਆਪਣੇ ਸੰਘਰਸ਼ ਦੌਰ ਦਾ ਲੰਮਾ ਸਮਾਂ ਗੁਰਤੇਜ ਕਾਬਲ ਨਾਲ ਗੁਜ਼ਾਰਿਆ। ਜਿਥੇ ਗੁਰਤੇਜ ਕਾਬਲ ਨੇ ਉਸਦੀਆਂ ਮੁੱਢਲੀਆਂ ਕੈਸਿਟਾਂ ‘ਕੀਮਤੀ ਚੀਜ਼ ਗ਼ਰੀਬਾਂ ਦੀ’ ਅਤੇ ‘ ਮੈਂ ਤੇਰੀ ਜੰਝ ਘੇਰੂੰਗੀ’ ਦਾ ਸੰਗੀਤ ਤਿਆਰ ਕਰਵਾਇਆ ‘ਉੱਥੇ ਬਤੌਰ ਗਾਇਕ ਉਸ ਨਾਲ ਦੋ ਡਿਊਟ ਕੈਸਿਟਾਂ ‘ਘੁੰਡ ਕੱਢ ਕੇ ਲੜੀ’ ਅਤੇ ‘ਦਿਲ ਦੇ ਵਰਕੇ’ ਵੀ ਰਿਕਾਰਡ ਕਰਵਾਈਆਂ। ਗੁਰਤੇਜ ਕਾਬਲ ਨੇ ਦੱਸਿਆ ਕਿ ਜਸਵਿੰਦਰ ਬਰਾੜ ਨੇ ਉਸ ਕੋਲ ਕਈ ਸਾਲ ਸੰਗੀਤਕ ਸੇਵਾਵਾਂ ਲਈਆਂ। ਮਾਝੇ ਦੀਏ ਮੋਮਬੱਤੀਏ..’ ਗੀਤ ਨਾਲ ਪ੍ਰਸਿੱਧੀ ਪਾਉਣ ਵਾਲੀ ਜਸਪਾਲ ਜੱਸੀ, ਝੀਲਾਂ ਕੋਲ ਬਠਿੰਡੇ ਕੋਠੀ’ ਗੀਤ ਵਾਲਾ ਪ੍ਰੀਤ ਬਰਾੜ, ਘੋੜੀਆਂ ਕਬੂਤਰ ਵਾਲਾ ‘ਧੀਰਾ ਬਰਾੜ’, ਕਿਰਨਦੀਪ ਭੁੱਲਰ, ਸਪਨਾ ਬਰਾੜ, ਅਮਰਜੀਤ ਨਗੀਨਾ-ਕਿਰਨ ਜੋਤੀ, ਰਾਜਾ ਬੁੱਟਰ, ਅਮਰਜੀਤ ਅੰਬਾ,ਸੁੱਖ ਗਿੱਲ, ਲਖਵੀਰ ਮਾਨ ਆਦਿ ਵੀ ਉਸਦੇ ਸ਼ਾਗਿਰਦਾਂ ’ਚੋਂ ਹਨ। ਜਦ ਕੈਸਿਟ ਕਲਚਰ ਪੂਰੇ ਜੋਬਨ ’ਤੇ ਸੀ ਤਾਂ ਗੁਰਤੇਜ ਕਾਬਲ ਦੇ ‘ਘਿਓ ਦੇ ਤੜਕੇ’ ਲੱਗਣ ਲੱਗੇ। ਚੰਗੇ ਬੰਦਿਆਂ ਨਾਲ ਬੈਠਣੀ-ਉਠਣੀ ਸੀ ਪਰ ਉਸ ਨੇ ਪੈਸੇ ਨਾਲੋਂ ਵੱਧ ਅਹਿਮੀਅਤ ਯਾਰੀ ਦੋਸਤੀ ਨੂੰ ਦਿੱਤੀ ਅਤੇ ਆਪਣੇ ਆਉਣ ਵਾਲੇ ਕੱਲ੍ਹ ਬਾਰੇ ਨਾ ਸੋਚਿਆ।
ਵਿੱਥਿਆ ਸੁਣ ਕੇ ਆਉਂਦਾ ਤਰਸ
ਅੱਜ ਗੁਰਤੇਜ ਕਾਬਲ ਦੀ ਵਿੱਥਿਆ ਸੁਣ ਕੇ ਤਰਸ ਆਉਂਦਾ ਹੈ। ਅੱਜ ਉਸਦੇ ਕੁਝ ਨਾਮੀ ਸ਼ਾਗਿਰਦ ਉਸਦੀ ਹਾਲਤ ਜਾਣਦੇ ਹੋਏ ਵੀ ਪਾਸਾ ਵੱਟ ਕੇ ਲੰਘ ਜਾਂਦੇ ਹਨ। ਉਸ ਦਾ ਗਿਲਾ ਹੈ ਕਿ ਕੁਝ ਵਿਦੇਸ਼ਾਂ ’ਚ ਬੈਠੇ ਮੇਰੇ ਸ਼ਾਗਿਰਦਾਂ ਤੇ ਪ੍ਰਸ਼ੰਸਕਾਂ ਨੇ ਮੇਰੀ ਮਦਦ ਜ਼ਰੂਰ ਕੀਤੀ ਜਦਕਿ ਮੇਰੇ ਸ਼ਹਿਰ ’ਚ ਹੀ ਰਹਿੰਦੇ ਮੇਰੇ ਪੁਰਾਣੇ ਸ਼ਾਗਿਰਦਾਂ ਨੇ ਆ ਕੇ ਮੇਰੀ ਬਾਤ ਵੀ ਨਾ ਪੁੱਛੀ। ਗੁਰਤੇਜ ਕਾਬਲ ਨੇ ਦੱਸਿਆ ਕਿ ਸੰਗੀਤ ਨਾਲ ਹੀ ਉਸਦੀ ਦੋ ਵਕਤ ਦੀ ਰੋਟੀ ਚੱਲਦੀ ਸੀ। ਸੰਗੀਤ ਅਕੈਡਮੀ ’ਚ ਸਿੱਖਣ ਵਾਲਾ ਹੁਣ ਕੋਈ ਟਾਂਵਾਂ-ਟਾਂਵਾਂ ਹੀ ਆਉਂਦਾ ਹੈ। ਜਿਸ ਨਾਲ ਉਸ ਦਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਚੱਲਦਾ ਹੈ।
ਜਦੋਂ ਕੈਸਿਟ ਕਲਚਰ ਦਾ ਸੂਰਤ ਅਸਤ ਹੋ ਗਿਆ...
ਸਮਾਂ ਕਦੇ ਇਕੋ ਜਿਹਾ ਨਹੀਂ ਰਹਿੰਦਾ। ਜਿਨ੍ਹਾਂ ਨੇ ਸਮੇਂ ਦੀ ਚਾਲ ਨੂੰ ਸਮਝਿਆ ਉਹ ਬਠਿੰਡਾ ਛੱਡ ਦੂਰ ਦੁਰਾਡੇ, ਦੇਸ਼ਾਂ-ਵਿਦੇਸ਼ਾਂ ਵਿਚ ਸੈੱਟ ਹੋ ਗਏ ਪਰ ਗੁਰਤੇਜ ਕਾਬਲ ਵਰਗੇ ਭੋਲੇ ਪੰਛੀ ਆਪਣੇ ਆਲ੍ਹਣੇ ’ਚੋਂ ਬਾਹਰ ਨਾ ਆ ਸਕੇ। ਵਕਤ ਨੇ ਕਰਵਟ ਲਈ ਤਾਂ ਬਠਿੰਡਾ ਗਾਇਕੀ ਦਾ ਸੂਰਜ ਅਸਤ ਹੋਣ ਲੱਗਿਆ। ਕਹਿੰਦੇ ਕਹਾਉਂਦੇ ਗਾਇਕ ਹੱਥ-ਮਲਦੇ ਰਹਿ ਗਏ। ਹੌਲੀ-ਹੌਲੀ ਕੈਸਿਟ ਕਲਚਰ ਗਾਇਕੀ ਦਾ ਭੋਗ ਹੀ ਪੈ ਗਿਆ। ਅਜਿਹੇ ਦੌਰ ਵਿਚ ਗੁਰਤੇਜ ਕਾਬਲ ਵਰਗਾ ਉਸਤਾਦ ਬੰਦਾ ਕਿਸੇ ਪਾਸੇ ਜੋਗਾ ਨਾ ਰਿਹਾ।
ਗੁਰਤੇਜ ਨੇ ਜਿੱਥੇ ਹੁਣ ਤੱਕ ਦਰਜਨਾਂ ਕੈਸਿਟਾਂ ਲਈ ਸੰਗੀਤ ਦਿੱਤਾ ਉੱਥੇ ਉਹ ਇਕ ਸੁਰੀਲਾ ਗਾਇਕ ਵੀ ਹੈ ਪਰ ਲੰਮੇ ਸਮੇਂ ਤੋਂ ਸੰਗੀਤ ਨਾਲ ਜੁੜੇ ਗੁਰਤੇਜ ਕਾਬਲ ਨੂੰ ਸ਼ੋਹਰਤ ਦੀਆਂ ਸਿਖ਼ਰਾਂ ਛੂਹਣਾ ਨਸੀਬ ਨਾ ਹੋਇਆ। ਆਪਣੇ ਬੀਤੇ ਨੂੰ ਚੇਤੇ ਕਰ ਗੁਰਤੇਜ ਕਾਬਲ ਅੱਜ ਉਦਾਸ ਹੈ। ਸੰਗੀਤ ਪਰਿਵਾਰ ਵੱਲੋਂ ਵਿਸਾਰਿਆ ਗੁਰਤੇਜ ਕਾਬਲ ਅੱਜ ਬੇਟੀ ਤੇ ਪਤਨੀ ਨਾਲ ਬਠਿੰਡਾ ਵਿਖੇ ਦਿਨ ਕਟੀਆਂ ਕਰ ਰਿਹਾ ਹੈ। •
-ਸੁਰਜੀਤ ਜੱਸਲ
98146-07737