ਇਸ ਗੀਤ ਦੇ ਸ਼ਾਇਰ ਅਹਿਮਦ ਰਾਹੀ ਹਨ। ਫਿਲਮ ‘ਦੁਨੀਆ ਪੈਸੇ ਦੀ’ ਦਾ ਸਦਾ ਬਹਾਰ ਗੀਤ ‘ਚੱਲ ਚਲੀਏ ਦੁਨੀਆ ਦੀ ਉਸ ਨੁੱਕਰੇ ਜਿਥੇ ਬੰਦਾ ਨਾ ਬੰਦੇ ਦੀ ਜਾਤ ਹੋਵੇ’ (ਨੂਰ ਜਹਾਂ ਤੇ ਮਹਿੰਦੀ ਹਸਨ) ’ਚ ਫਿਰਦੌਸ ਨੇ ਰੀਝਾਂ ਨਾਲ ਅਦਾਕਾਰੀ ਕੀਤੀ, ਵੇਖ ਮਨ ਖਿੜ ਜਾਂਦਾ। ਲਹਿੰਦੇ ਪੰਜਾਬ ਦੀ ਹੁਸੀਨ ਅਦਾਕਾਰਾ ਫਿਰਦੌਸ ਦੀ ਅਦਾਕਾਰੀ ਪਾਕਿ ਫਿਲਮ ਜਗਤ ਦੀ ਇਤਿਹਾਸਕ ਯਾਦ ਹੈ

ਫਿਰਦੌਸ ਬੇਗਮ ਲਹਿੰਦੇ ਪੰਜਾਬ ਦੀ ਫਿਲਮੀ ਅਦਾਕਾਰਾ ਸੀ। ਉਸਦਾ ਜਨਮ 4 ਅਗਸਤ, 1947 ਨੂੰ ਲਾਹੌਰ ਵਿਚ ਹੋਇਆ। ਫਿਰਦੌਸ ਬੇਗਮ ਦਾ ਪਹਿਲਾ ਨਾਮ ਪਰਵੀਨ ਬੇਗਮ ਸੀ। ਪਾਕਿਸਤਨ ਵਿਚ 1970 ਵਿਚ ਬਣੀ ਪੰਜਾਬੀ ਫਿਲਮ ‘ਹੀਰ ਰਾਂਝਾ’ ਵਿਚ ਫਿਰਦੌਸ ਦੀ ਅਦਾਕਾਰੀ ਦਾ ਲੋਹਾ ਸਾਂਝੇ ਪੰਜਾਬ ਦੀਆਂ ਹੱਦਾਂ ਤੋਂ ਪਾਰ ਦੁਨੀਆ ਭਰ ਵਿਚ ਫੈਲਿਆ। ਫਿਲਮ ‘ਮਲੰਗੀ’ (1965) ਵਿਚ ਉਸ ਨੇ ਲੀਡ ਰੋਲ ਕੀਤਾ। ਫਿਰਦੌਸ ਨੇ 197 ਫਿਲਮਾਂ ਵਿਚ ਅਦਾਕਾਰੀ ਕੀਤੀ, ਜਿਨ੍ਹਾਂ ਵਿਚ 130 ਪੰਜਾਬੀ ਫਿਲਮਾਂ ਹਨ ਜੋ ਸਮੇਂ-ਸਮੇਂ ’ਤੇ ਰਿਲੀਜ਼ ਹੋਈਆਂ। ਫਿਰਦੌਸ ਦੀ ਅਦਾਕਾਰੀ ਨੂੰ ਵੇਖਣ ਲਈ ਸਿਨੇਮਾ ਘਰਾਂ ਵਿਚ ਲੋਕ ਉੱਛਲ-ਉੱਛ਼ਲ ਪੈਂਦੇ। ਫਿਰਦੌਸ ਦੀਆਂ ਅਦਾਕਾਰੀ ਵਾਲੀਆਂ ਫਿਲਮਾਂ ਸਦੀਵੀ ਛਾਪ ਛੱਡ ਗਈਆਂ।
‘ਮਲੰਗੀ’ ਫਿਲਮ ਦੇ ਐਕਟਰ ਅਕਮਲ ਖ਼ਾਨ ਨਾਲ ਵਿਆਹ ਕਰਵਾਇਆ
ਫਿਰਦੌਸ ਬੇਗਮ ਨੇ ਪੰਜਾਬੀ ਤੋਂ ਇਲਾਵਾ 20 ਉਰਦੂ ਫਿਲਮਾਂ ਅਤੇ ਤਿੰਨ ਪਸ਼ਤੋਂ ਫਿਲਮਾਂ ਵਿਚ ਅਦਾਕਾਰੀ ਕੀਤੀ। ਅਦਾਕਾਰਾ ਫਿਰਦੌਸ ਨੇ ‘ਮਲੰਗੀ’ ਫਿਲਮ ਦੇ ਐਕਟਰ ਅਕਮਲ ਖ਼ਾਨ ਨਾਲ ਵਿਆਹ ਕਰਵਾਇਆ ਪਰ ਅਕਮਲ ਦਾ ਦਿਹਾਂਤ 1967 ’ਚ ਹੋ ਗਿਆ। ਬਾਅਦ ਵਿਚ 1970 ਦੀ ਬਣੀ ਫਿਲਮ ‘ਹੀਰ ਰਾਂਝਾ’ ਦੇ ਐਕਟਰ ਈਜ਼ਾਜ਼ ਦੁਰਾਨੀ ਨਾਲ ਦੂਸਰਾ ਵਿਆਹ ਕਰਵਾਇਆ। ਉਸ ਸਮੇਂ ਉਸ ਦਾ ਹੁਸਨ ਸਿਖ਼ਰ ’ਤੇ ਸੀ। ਉਸ ਦੇ ਘਰ ਦੋ ਪੁੱਤਰ ਅਤੇ ਇਕ ਧੀ ਹੋਏ। ਫਿਲਮਾਂ ਵਿਚ ਵਧੀਆ ਅਦਾਕਾਰੀ ਲਈ ਉਸ ਨੂੰ 1969,1970, 1971 ਅਤੇ 1973 ’ਚ ਚਾਰ ਫਿਲਮੀ ਐਵਾਰਡ ਮਿਲੇ। 16 ਦਸੰਬਰ 2020 ਨੂੰ ਫਿਰਦੌਸ 73 ਸਾਲ ਦੀ ਉਮਰ ਵਿਚ ਬਰੇਨ ਹੈਮਰੇਜ਼ ਨਾਲ ਲਾਹੌਰ ਵਿਚ ਜ਼ਿੰਦਗੀ ਦੀ ਬਾਜ਼ੀ ਹਾਰ ਗਈ।
ਪੰਜਾਬੀ ਫਿਲਮਾਂ ਵਿਚ ਯਾਦਗਾਰੀ ਰੋਲ ਕੀਤੇ
ਫਿਰਦੌਸ ਬੇਗਮ ਨੇ ਹੋਰ ਵੀ ਪੰਜਾਬੀ ਫਿਲਮਾਂ ਵਿਚ ਯਾਦਗਾਰੀ ਰੋਲ ਕੀਤੇ। ਮਲਕਾ–ਏ–ਤਰੁੰਨਮ ਨੂਰ ਜਹਾਂ ਦੀ ਮਿੱਠੀ ਆਵਾਜ਼ ਵਿਚ ਗਾਏ ਫਿਲਮੀ ਗੀਤਾਂ ਨਾਲ ਫਿਰਦੌਸ ਦੀ ਅਦਾਕਾਰੀ ਨੇ ਦਰਸ਼ਕਾਂ ਦੇ ਮਨ ਮੋਹ ਲਏ। ਇਨ੍ਹਾਂ ਵਿਚੋਂ ਕਈ ਯਾਦਗਾਰੀ ਗੀਤ ਸਦਾ ਬਹਾਰ ਹਨ। ਫਿਲਮ ‘ਹੀਰ ਰਾਂਝਾ’ ਵਿਚ ਗੀਤ ‘ਸੁਣ ਵੰਝਲੀ ਦੀ ਮਿੱਠੜੀ ਤਾਣ ਵੇ ਮੈਂ ਹੋ ਹੋ ਗਈ ਕੁਰਬਾਨ, ਵੰਝਲੀ ਵਾਲੜਿਆ ਤੂੰ ਤਾਂ ਮੋਹ ਲਈ ਉਹ ਮੁਟਿਆਰ ਕਦੇ ਨ੍ਹੀਂ ਮੰਨੀ ਜਿੰਨੇ ਹਾਰ। ਤੈਨੂੰ ਘਰ ਬੈਠੀ ਨੂੰ ਪਿਆਰ ਵੇ ਵੰਝਲੀ ਵਾਲੜਿਆ’ (ਆਵਾਜ਼ ਮੁਨੀਰ ਹੁਸੈਨ ਅਤੇ ਨੂਰ ਜਹਾਂ),‘ਸਾਨੂੰ ਨਹਿਰ ਵਾਲੇ ਪੁਲ ’ਤੇ ਬੁਲਾ ਕੇ ਖੌਰੇ ਮਾਹੀ ਕਿਥੇ ਰਹਿ ਗਿਆ’ (ਫਿਲਮ ‘ਦੁੱਖ ਸੱਜਣਾਂ ਦੇ’) ਫਿਲਮ ‘ਦੁੱਲਾ ਹੈਦਰੀ’ ’ਚ ‘ਬਾਜ਼ੀ ਜਿੱਤ ਲਈ’,ਗੀਤ ਬਖ਼ਸ਼ੀ ਵਜ਼ੀਰ ਦੀ ਮੌਸਿਕੀ ’ਚ ਨੂਰ ਜਹਾਂ ਦੀ ਆਵਾਜ਼ ਵਿਚ ਪਿਆਰਾ ਗੀਤ ‘ਮੇਰੇ ਸੱਜਰੇ ਫੁੱਲਾਂ ਦੇ ਗਜਰੇ ਕੰਡਿਆਂ ਦੇ ਵੱਸ ਪੈ ਗਏ’ (ਫਿਲਮ ‘ਪੰਜ ਦਰਿਆ’)–ਫਿਲਮ ‘ਸ਼ੇਰਾਂ ਦੀ ਜੋੜੀ’ ਦਾ ਗੀਤ ਜੀਏ ਚਿਸ਼ਤੀ ਦੀ ਮੌਸਿਕੀ (ਤਰਜ਼) ‘ਤੇਰੇ ਹੱਥ ਕੀ ਬੇਦਰਦੇ ਆਇਆ ਨੀ ਫੁੱਲਾਂ ਜਿਹਾ ਦਿਲ ਤੋੜ ਕੇ’ ਵਿਚ ਫਿਰਦੋਸ਼ ਦੀ ਅਦਾਕਾਰੀ ਵੇਖਣ ਵਾਲੀ ਹੈ। ਲਹਿੰਦੇ ਪੰਜਾਬ ਦੀਆ ਪੰਜਾਬੀ ਫਿਲਮਾਂ ‘ਮਿਰਜ਼ਾ ਜੱਟ’, ‘ਜੈਂਟਲਮੈਂਨ’, ‘ਮਲੰਗੀ’ 1964) ਦਾ ਗੀਤ ‘ਮਾਹੀ ਵੇ ਸਾਨੂੰ ਭੁੱਲ ਨਾ ਜਾਵੀਂ’ ਸੁਣ ਕੇ ਰੂਹ ਖ਼ੁਸ਼ ਹੋ ਜਾਂਦੀ ਹੈ। ਉਦਾਸੀ ਵਾਲੇ ਗੀਤਾਂ ਵਿਚ ਫਿਰਦੌਸ ਨੇ ਰੂਹ ਨਾਲ ਕੰਮ ਕੀਤਾ। ਫਿਲਮ ‘ਇਸ਼ਕ ਨਾ ਪੁੱਛੇ ਜਾਤ’ ਦਾ ਗੀਤ ‘ਵੱਗਦੀ ਨਦੀ ਦਾ ਪਾਣੀ ਮੁੜ ਕੇ ਨਹੀਂ ਆਉਂਦਾ ਜਾ ਕੇ ਜਿਵੇਂ ਜਵਾਨੀ’ ਵਿਚ ਫਿਰਦੌਸ ਦਾ ਕਿਸ਼ਤੀ ਚਲਾਉਣ ਦੀ ਅਦਾਕਾਰੀ ਦਾ ਕੁਦਰਤੀ ਰੰਗ ਹੈ।
‘ਪਗੜੀ ਸੰਭਾਲ ਜੱਟਾ’
ਫਿਲਮ ‘ਪਗੜੀ ਸੰਭਾਲ ਜੱਟਾ’ ਨਿੱਕੇ ਹੁੰਦਿਆਂ ਦਾ ਪਿਆਰ, ਇਕ ਸੋਨਾ ਇਕ ਮਿੱਟੀ ਮੁਰਾਦ ਬਲੋਚ (ਗੀਤ ‘ਮੁਟਿਆਰੋ ਨੀ ਮੇਰੇ ਹਾਣ ਦੀਓ’) ਫਿਲਮ ‘ਨਾਜੋ’ ਦਾ ਗੀਤ-‘ਸੋਹਣਾ ਮੇਰਾ ਢੋਲਾ ਹੋ ਡਾਹਡਾ ਬੇਈਮਾਨ ਏ’ ਦਾ ਸੁਹਜ ਕਮਾਲ ਦਾ ਹੈ। ਇਸ ਗੀਤ ਦੇ ਸ਼ਾਇਰ ਅਹਿਮਦ ਰਾਹੀ ਹਨ। ਫਿਲਮ ‘ਦੁਨੀਆ ਪੈਸੇ ਦੀ’ ਦਾ ਸਦਾ ਬਹਾਰ ਗੀਤ ‘ਚੱਲ ਚਲੀਏ ਦੁਨੀਆ ਦੀ ਉਸ ਨੁੱਕਰੇ ਜਿਥੇ ਬੰਦਾ ਨਾ ਬੰਦੇ ਦੀ ਜਾਤ ਹੋਵੇ’ (ਨੂਰ ਜਹਾਂ ਤੇ ਮਹਿੰਦੀ ਹਸਨ) ’ਚ ਫਿਰਦੌਸ ਨੇ ਰੀਝਾਂ ਨਾਲ ਅਦਾਕਾਰੀ ਕੀਤੀ, ਵੇਖ ਮਨ ਖਿੜ ਜਾਂਦਾ। ਲਹਿੰਦੇ ਪੰਜਾਬ ਦੀ ਹੁਸੀਨ ਅਦਾਕਾਰਾ ਫਿਰਦੌਸ ਦੀ ਅਦਾਕਾਰੀ ਪਾਕਿ ਫਿਲਮ ਜਗਤ ਦੀ ਇਤਿਹਾਸਕ ਯਾਦ ਹੈ ਜੋ ਪੰਜਾਬੀ ਸੰਗੀਤ ਪ੍ਰੇਮੀਆਂ ਦੇ ਦਿਲਾਂ ਦੀ ਧੜਕਣ ਬਣ ਗਈ ਹੈ। ਉਨ੍ਹਾਂ ਵੱਲੋਂ ਪੰਜਾਬੀ ਿਫਲਮਾਂ ਵਿਚ ਅਜਿਹੀਆਂ ਭੂਿਮਕਾਵਾਂ ਿਨਭਾਈਆਂ ਜਿਨ੍ਹਾਂ ਨੇ ਪੰਜਾਬੀ ਮਨਾਂ ਉਤੇ ਸਦੀਵੀ ਛਾਪ ਛੱਡ ਦਿੱਤੀ। •
-ਗੁਰਮੀਤ ਸਿੰਘ ਫਾਜ਼ਿਲਕਾ
98148-56160