“ ਮਿਰਜ਼ੇ ਦੇ ਵਾਂਗੂੰ ਨੀਂ ਸੌਣਾ ਮੈਂ ਜੰਡ ਥੱਲੇ, ਜੱਗੇ ਜੱਟ ਵਾਂਗ ਨ੍ਹੀਂ ਕਰਾਉਣੀ ਬੱਲੇ ਬੱਲੇ’ ਇਹ ਗੀਤ ਐਨਾ ਮਕਬੂਲ ਹੋਇਆ ਕਿ ਦਲਵਿੰਦਰ ਦਿਆਲਪੁਰੀ ਦੀ ਗਾਇਕੀ ਦੀ ਹਰ ਪਾਸੇ ਚਰਚਾ ਹੋਣ ਲੱਗ ਪਈ ਸੀ।

ਕੁਝ ਵਿਰਲੇ ਤੇ ਸੁਰੀਲੇ ਗਾਇਕ ਹੀ ਹਨ ਜੋ ਆਪਣੀ ਗਾਇਕੀ ਦੇ ਲੰਮੇਰੇ ਸਫ਼ਰ ਤੋਂ ਬਾਅਦ ਵੀ ਸਰੋਤਿਆਂ ’ਚ ਗਾਇਕੀ ਦੀ ਧਾਂਕ ਬਰਕ਼ਰਾਰ ਰੱਖੀ ਹੈ। ਇਸ ਫ਼ਨਕਾਰ ਗਾਇਕ ਦਾ ਨਾਂ ਹੈ ਦਲਵਿੰਦਰ ਦਿਆਲਪੁਰੀ ਜਿਸਦਾ ਦਾ ਜਨਮ ਜ਼ਿਲ੍ਹਾ ਜਲੰਧਰ ਦੇ ਕਸਬਾ ਕਰਤਾਰਪੁਰ ਲਾਗੇ ਪੈਂਦੇ ਪਿੰਡ ਦਿਆਲਪੁਰ ਵਿਖੇ ਪਿਤਾ ਰਿਟਾਇਰਡ ਸੂਬੇਦਾਰ ਕਰਨੈਲ ਸਿੰਘ ਦੇ ਘਰ ਮਾਤਾ ਸ੍ਰੀਮਤੀ ਸੁਰਿੰਦਰ ਕੌਰ ਦੀ ਕੁੱਖੋਂ ਹੋਇਆ। ਉਸ ਨੇ ਆਪਣੇ ਪਿੰਡ ਦੇ ਗੁਰਦੁਆਰਾ ਸਾਹਿਬ ਵਿਚ ਕਿਸੇ ਧਾਰਮਿਕ ਪ੍ਰੋਗਰਾਮ ’ਚ ਪਹਿਲੀ ਵਾਰ ਕੁਝ ਗਾ ਕੇ ਸ਼ੁਰੂਆਤ ਕੀਤੀ ਸੀ ।
ਪਹਿਲੀ ਵਾਰ ਪਿੰਡ ਘੁਮਾਣ ਵਿਖੇ ਗਾਇਆ
ਉਸ ਦਾ ਕਹਿਣਾ ਹੈ ਕਿ ਉਸ ਨੇ ਪਹਿਲੀ ਵਾਰ ਗਿਆਰਵੀਂ ਦੀ ਪੜ੍ਹਾਈ ਦੌਰਾਨ ਭਗਤ ਨਾਮਦੇਵ ਜੀ ਦੇ ਪਵਿੱਤਰ ਅਸਥਾਨ ਪਿੰਡ ਘੁਮਾਣ ਜ਼ਿਲ੍ਹਾ ਗੁਰਦਾਸਪੁਰ ਵਿਖੇ ਗਾਇਆ ਸੀ ਜਿਥੇ ਉਸ ਨੂੰ ਇਨਾਮ ਵਜੋਂ 1400 ਰੁਪਏ ਮਿਲੇ ਤੇ ਜਦੋਂ ਉਸ ਨੇ ਪਹਿਲੀ ਵਾਰ ਆਕਾਸ਼ਵਾਣੀ ਜਲ਼ੰਧਰ ਵਿਖੇੇ ਗਾਇਆ ਤਾਂ ਉਸ ਨੂੰ ਪੈਂਤੀ ਰੁਪਏ ਦਾ ਚੈੱਕ ਮਿਲਿਆ ਸੀ। ਇਹ ਉਸ ਵਕ਼ਤ ਦੀ ਗੱਲ਼ ਹੈ ਜਦੋਂ ਘਰੋਂ ਖ਼ਰਚਣ ਲਈ ਪੰਜੀਆਂ ਦੱਸੀਆਂ ਹੀ ਮਿਲਦੀਆਂ ਹੁੰਦੀਆਂ ਸਨ। ਇਹ ਗਾਇਕ ਕਲੀਆਂ ਦੇ ਬਾਦਸ਼ਾਹ ਸਵ: ਕੁਲਦੀਪ ਮਾਣਕ ਦਾ ਸ਼ਗਿਰਦ ਰਿਹਾ। ਦਿਆਲਪੁਰੀ ਨੇ ਭਾਵੁਕ ਹੁੰਦਿਆਂ ਮਾਣਕ ਸਾਹਿਬ ਦੀ ਗਾਇਕੀ ਨੂੰ ਯਾਦ ਕਰਦਿਆਂ ਕੁਝ ਬੋਲ ਇਸ ਤਰ੍ਹਾਂ ਸਾਂਝੇ ਕੀਤੇ :
“ਇੱਛਰਾਂ ਧਾਹਾਂ ਮਾਰਦੀ ਨਾਲ਼ੇ ਦੇਵੇ ਦੁਹਾਈਆਂ, ਮੇਰੇ ਪੂਰਨ ਪੁੱਤ ਦੇ ਹੱਥਕੜੀਆਂ ਲਾਈਆਂ।’’
“ਚਿੱਠੀਆਂ ਸਾਹਿਬਾਂ ਜੱਟੀ ਨੇ ਲਿਖ ਮਿਰਜ਼ੇ ਵੱਲ ਪਾਈਆਂ,
“ਮੇਰੀ ਰੰਗਲੀ ਚਰਖ਼ੀ ਵਿਚ ਤੰਦ ਤਰੇੜੇ, ਵੇ ਕਿਤੇ ਮਾਰ ਰਾਂਝਣਾ ਤੂੰ ਰੰਗਪੁਰ ਗੇੜੇ।
ਮਿਹਨਤ ਨਹੀਂ ਛੱਡਣੀ ਚਾਹੀਦੀ
ਦਿਆਲਪੁਰੀ ਗੋਲਡਨ ਸਟਾਰ ਗਾਇਕ ਮਲਕੀਤ ਸਿੰਘ ਨਾਲ਼ ਪੰਜ- ਛੇ ਸਾਲ ਬਤੌਰ ਕੋਰਸ ਗਾਇਕ ਵੀ ਰਿਹਾ ਹੈ। ਉਹ ਆਖਦਾ ਹੈ ਕਿ ਖ਼ੇਤਰ ਕੋਈ ਵੀ ਹੋਵੇ ਬੰਦੇ ਨੂੰ ਆਪਣੀ ਮਿਹਨਤ ਨਹੀਂ ਛੱਡਣੀ ਚਾਹੀਦੀ। ਕਾਮਯਾਬੀ ਦੇਰ ਸਵੇਰ ਜ਼ਰੂਰ ਮਿਲ਼ਦੀ ਹੈ। ਬਸ ਉਸ ਨੂੰ ਪਾਉਣ ਲਈ ਸਬਰ ਸੰਤੋਖ ਰੱਖਣਾ ਜ਼ਰੂਰੀ ਹੈ। ਬਾਕੀ ਵਾਹਿਗੁਰੂ ’ਤੇ ਛੱਡ ਦੇਣਾ ਚਾਹੀਦਾ ਹੈ ਜੋ ਸਭ ਦਾ ਭਲਾ ਕਰਦਾ ਹੈ। ਇਸ ਗਾਇਕ ਦੇ ਹਿੱਸੇ ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਆਈਆਂ ਜੋ ਸ਼ਾਇਦ ਹਾਲੇ ਤੱਕ ਵੀ ਕਿਸੇ ਗਾਇਕ ਦੇ ਨਾਂ ਆਈਆਂ ਹੋਣ ਕਿਉਂਕਿ ਇਹ ਪਹਿਲਾ ਸੁਰੀਲਾ ਗਾਇਕ ਹੈ ਜਿਸ ਦੇ ਗੀਤਾਂ ਨੂੰ ਚੜ੍ਹਦੇ ਤੋਂ ਇਲਾਵਾ, ਲਹਿੰਦੇ ਪੰਜਾਬ ਅਤੇ ਵਿਦੇਸ਼ਾਂ ’ਚ ਬੈਠੇ ਪੰਜਾਬੀਆਂ ਨੇ ਵੀ ਮਣਾਂ ਮੂੰਹੀਂ ਪਿਆਰ ਬਖ਼ਸ਼ਿਆ ਹੈ। ਸਭ ਤੋਂ ਜ਼ਿਆਦਾ ਗਾਇਕ ਦਿਆਲਪੁਰੀ ਦੀ ਗਾਇਕੀ ਨੂੰ ਉਸ ਸਮੇਂ ਵਧੇਰੇ ਮਕਬੂਲੀਅਤ ਮਿਲੀ ਜਦੋਂ ਇਨ੍ਹਾਂ ਦੁਆਰਾ ਕਈ ਸਾਲ ਪਹਿਲਾਂ ਮਿਸ ਪੂਜਾ ਨਾਲ਼ ਗਾਇਆ ਗੀਤ ਲੋਕ ਚਰਚਾ ਦਾ ਵਿਸ਼ਾ ਬਣ ਕੇ ਸਦੀਵੀ ਹੋ ਗਿਆ ਜਿਸ ਦੇ ਬੋਲ ਸਨ:
“ ਮਿਰਜ਼ੇ ਦੇ ਵਾਂਗੂੰ ਨੀਂ ਸੌਣਾ ਮੈਂ ਜੰਡ ਥੱਲੇ, ਜੱਗੇ ਜੱਟ ਵਾਂਗ ਨ੍ਹੀਂ ਕਰਾਉਣੀ ਬੱਲੇ ਬੱਲੇ’
ਇਹ ਗੀਤ ਐਨਾ ਮਕਬੂਲ ਹੋਇਆ ਕਿ ਦਲਵਿੰਦਰ ਦਿਆਲਪੁਰੀ ਦੀ ਗਾਇਕੀ ਦੀ ਹਰ ਪਾਸੇ ਚਰਚਾ ਹੋਣ ਲੱਗ ਪਈ ਸੀ। ਦਿਆਲਪੁਰੀ ਜ਼ਿਲ੍ਹਾ ਲੋਕ ਸੰਪਰਕ ਵਿਭਾਗ ਕਪੂਰਥਲਾ ’ਚੋਂ ਵਲੰਟੀਅਰ ਰਿਟਾਇਰਮੈਂਟ ਅਧਾਰ ’ਤੇ 27 ਸਾਲਾਂ ਦੀ ਸਰਕਾਰੀ ਨੌਕਰੀ ਤੋ ਕੁਝ ਸਮਾਂ ਪਹਿਲਾਂ ਹੀ ਸੇਵਾ-ਮੁਕਤ ਹੋਏ ਹਨ। ਅੱਜਕੱਲ੍ਹ ਆਪਣੇ ਪਰਿਵਾਰ ਵਿਚ ਪਤਨੀ ਜਸਵਿੰਦਰ ਕੌਰ,ਬੇਟੇ ਹਰਸਿਮਰਨਜੀਤ ਸਿੰਘ, ਹਰਮਨਜੋਤ ਸਿੰਘ ਅਤੇ ਬੇਟੀ ਅਕਾਸ਼ਦੀਪ ਕੌਰ ਨਾਲ਼ ਜੀਵਨ ਬਤੀਤ ਕਰ ਰਹੇ ਹਨ।•
-ਜੌਹਰੀ ਮਿੱਤਲ
98762-20422