ਜ਼ਿਆਦਾਤਰ ਲੋਕ ਜਾਣਦੇ ਹਨ ਕਿ ਵਿਨੋਦ ਮਹਿਰਾ ਨੇ ਤਿੰਨ ਵਿਆਹ ਕੀਤੇ ਸਨ ਪਰ ਅਸਲ 'ਚ ਵਿਨੋਦ ਨੇ ਤਿੰਨ ਨਹੀਂ ਸਗੋਂ ਚਾਰ ਵਿਆਹ ਕੀਤੇ ਸਨ। ਦਰਅਸਲ ਵਿਨੋਦ ਮਹਿਰਾ ਦਾ ਪਹਿਲਾ ਵਿਆਹ ਮੀਨਾ ਬਰੋਕਾ ਨਾਲ ਹੋਇਆ ਸੀ, ਜੋ ਉਨ੍ਹਾਂ ਨੇ ਆਪਣੀ ਮਾਂ ਦੇ ਕਹਿਣ 'ਤੇ ਕੀਤਾ ਸੀ। ਵਿਨੋਦ ਜਦੋਂ ਫਿਲਮਾਂ 'ਚ ਆਏ ਤਾਂ ਉਨ੍ਹਾਂ ਦਾ ਦਿਲ ਬਿੰਦੀਆ ਗੋਸਵਾਮੀ 'ਤੇ ਆ ਗਿਆ ਤੇ ਉਨ੍ਹਾਂ ਨੇ 1980 'ਚ ਬਿੰਦੀਆ ਨਾਲ ਵਿਆਹ ਕਰ ਲਿਆ। ਹਾਲਾਂਕਿ ਬਿੰਦੀਆ ਨਾਲ ਉਨ੍ਹਾਂ ਦਾ ਵਿਆਹ ਸਿਰਫ ਚਾਰ ਸਾਲ ਹੀ ਚੱਲਿਆ।

ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ : Vinod Mehra Death Anniversary: 'ਬਾਬੂਮੋਸ਼ਾਯ, ਜ਼ਿੰਦਗੀ ਲੰਬੀ ਨਹੀਂ ਬੜੀ ਹੋਣੀ ਚਾਹੀਏ...', ਇਹ ਡਾਇਲਾਗ ਭਾਵੇਂ ਰਾਜੇਸ਼ ਖੰਨਾ ਦਾ ਹੈ, ਪਰ ਇਹ ਹਿੰਦੀ ਸਿਨੇਮਾ ਨਾਲ ਜੁੜੇ ਇਕ ਅਦਾਕਾਰ 'ਤੇ ਬਿਲਕੁਲ ਫਿੱਟ ਬੈਠਦਾ ਹੈ। ਇਹ ਅਦਾਕਾਰ ਹਨ ਵਿਨੋਦ ਮਹਿਰਾ। ਵਿਨੋਦ ਨੇ ਭਾਵੇਂ ਛੋਟੀ ਉਮਰ 'ਚ ਹੀ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਪਰ ਉਨ੍ਹਾਂ ਨੇ ਆਪਣੇ ਕਰੀਅਰ 'ਚ ਕਾਫੀ ਨਾਂ ਕਮਾਇਆ। 45 ਸਾਲ ਦੀ ਉਮਰ ਤਕ ਵਿਨੋਦ ਨੇ 100 ਤੋਂ ਵੱਧ ਫਿਲਮਾਂ ਵਿੱਚ ਕੰਮ ਕੀਤਾ ਸੀ।
ਵਿਨੋਦ ਮਹਿਰਾ ਦੀ ਨਿੱਜੀ ਅਤੇ ਪੇਸ਼ੇਵਰ ਜ਼ਿੰਦਗੀ ਦੀਆਂ ਕਹਾਣੀਆਂ ਫਿਲਮੀ ਗਲਿਆਰਿਆਂ 'ਚ ਹਮੇਸ਼ਾ ਚਰਚਾ ਦਾ ਵਿਸ਼ਾ ਰਹੀਆਂ ਹਨ। ਚਾਰ-ਚਾਰ ਵਿਆਹਾਂ ਤੋਂ ਲੈ ਕੇ ਮੁੱਖ ਲੀਡ ਤੋਂ ਦੂਜੀ ਲੀਡ ਬਣਨ ਤਕ ਵਿਨੋਦ ਮਹਿਰਾ ਦੀ ਕਹਾਣੀ ਬਹੁਤ ਦਿਲਚਸਪ ਰਹੀ ਹੈ। ਆਓ, ਅਸੀਂ ਤੁਹਾਨੂੰ ਵਿਨੋਦ ਮਹਿਰਾ ਨਾਲ ਜੁੜੀਆਂ ਦਿਲਚਸਪ ਗੱਲਾਂ ਬਾਰੇ ਦੱਸਦੇ ਹਾਂ।
ਚਾਈਲਡ ਆਰਟਿਸਟ ਵਜੋਂ ਕਰੀਅਰ ਦੀ ਸ਼ੁਰੂਆਤ
13 ਫਰਵਰੀ 1945 ਨੂੰ ਅੰਮ੍ਰਿਤਸਰ 'ਚ ਜਨਮੇ ਵਿਨੋਦ ਮਹਿਰਾ ਨੇ ਬਚਪਨ 'ਚ ਹੀ ਐਕਟਿੰਗ ਸ਼ੁਰੂ ਕਰ ਦਿੱਤੀ ਸੀ। ਉਨ੍ਹਾਂ ਮਹਿਜ 10 ਸਾਲ ਦੀ ਉਮਰ 'ਚ ਫਿਲਮ 'ਅਦਲ-ਏ-ਜਹਾਂਗੀਰ' ਤੋਂ ਸ਼ੁਰੂਆਤ ਕੀਤੀ ਸੀ। ਇਸ ਤੋਂ ਬਾਅਦ ਉਹ 'ਰਾਗਿਨੀ' ਤੇ 'ਬੇਵਕੂਫ' ਵਰਗੀਆਂ ਫਿਲਮਾਂ 'ਚ ਯੰਗਰ ਕਿਸ਼ੋਰ ਕੁਮਾਰ ਦੀ ਭੂਮਿਕਾ 'ਚ ਨਜ਼ਰ ਆਏ। ਵਿਨੋਦ ਨੇ ਨਾਲ ਆਪਣੀ ਪੜ੍ਹਾਈ ਜਾਰੀ ਰੱਖੀ ਤੇ ਫਿਰ ਸੇਂਟ ਜ਼ੇਵੀਅਰ ਕਾਲਜ, ਮੁੰਬਈ ਤੋਂ ਗ੍ਰੈਜੂਏਸ਼ਨ ਕੀਤੀ ਸੀ।
ਇਸ ਫਿਲਮ ਨੇ ਬਦਲੀ ਵਿਨੋਦ ਮਹਿਰਾ ਦੀ ਕਿਸਮਤ
ਸਾਲਾਂ ਤਕ ਬਾਲ ਕਲਾਕਾਰ ਵਜੋਂ ਕੰਮ ਕਰਨ ਤੋਂ ਬਾਅਦ ਵਿਨੋਦ ਮਹਿਰਾ ਨੂੰ 1971 'ਚ ਫਿਲਮ 'ਏਕ ਥੀ ਰੀਤਾ' 'ਚ ਮੁੱਖ ਲੀਡ ਵਜੋਂ ਆਪਣਾ ਪਹਿਲਾ ਵੱਡਾ ਬ੍ਰੇਕ ਮਿਲਿਆ। ਇਸ ਫਿਲਮ ਰਾਹੀਂ ਵਿਨੋਦ ਮਹਿਰਾ ਦੀ ਕਿਸਮਤ ਬਦਲ ਗਈ। ਵਿਨੋਦ ਮਹਿਰਾ ਨੇ 'ਪਰਦੇ ਕੇ ਪੀਛੇ', 'ਐਲਾਨ', 'ਅਮਰ ਪ੍ਰੇਮ', 'ਲਾਲ ਪੱਥਰ' ਅਤੇ 'ਅਨੁਰਾਗ' ਸਮੇਤ ਕਈ ਫਿਲਮਾਂ ਵਿੱਚ ਮੁੱਖ ਲੀਡ ਵਜੋਂ ਕੰਮ ਕੀਤਾ। ਬਾਅਦ 'ਚ ਵਿਨੋਦ ਨੇ ਅਮਿਤਾਭ ਬੱਚਨ, ਰਾਜੇਸ਼ ਖੰਨਾ, ਸੰਜੀਵ ਕੁਮਾਰ, ਸੁਨੀਲ ਦੱਤ ਸਮੇਤ ਕਈ ਸੁਪਰਸਟਾਰਾਂ ਨਾਲ ਸੈਕੰਡ ਲੀਡ ਵਜੋਂ ਕੰਮ ਕੀਤਾ। ਉਹ 'ਨਾਗਿਨ', 'ਜਾਨੀ ਦੁਸ਼ਮਣ', 'ਘਰ', 'ਸਵਰਗ ਨਰਕ' ਤੇ 'ਕਰਤਵਯ' ਫਿਲਮਾਂ 'ਚ ਵੀ ਨਜ਼ਰ ਆ ਚੁੱਕੇ ਹਨ।
ਵਿਨੋਦ ਮਹਿਰਾ ਨੇ ਤਿੰਨ ਨਹੀਂ ਸਗੋਂ ਚਾਰ ਵਿਆਹ ਕੀਤੇ
ਜ਼ਿਆਦਾਤਰ ਲੋਕ ਜਾਣਦੇ ਹਨ ਕਿ ਵਿਨੋਦ ਮਹਿਰਾ ਨੇ ਤਿੰਨ ਵਿਆਹ ਕੀਤੇ ਸਨ ਪਰ ਅਸਲ 'ਚ ਵਿਨੋਦ ਨੇ ਤਿੰਨ ਨਹੀਂ ਸਗੋਂ ਚਾਰ ਵਿਆਹ ਕੀਤੇ ਸਨ। ਦਰਅਸਲ ਵਿਨੋਦ ਮਹਿਰਾ ਦਾ ਪਹਿਲਾ ਵਿਆਹ ਮੀਨਾ ਬਰੋਕਾ ਨਾਲ ਹੋਇਆ ਸੀ, ਜੋ ਉਨ੍ਹਾਂ ਨੇ ਆਪਣੀ ਮਾਂ ਦੇ ਕਹਿਣ 'ਤੇ ਕੀਤਾ ਸੀ। ਵਿਨੋਦ ਜਦੋਂ ਫਿਲਮਾਂ 'ਚ ਆਏ ਤਾਂ ਉਨ੍ਹਾਂ ਦਾ ਦਿਲ ਬਿੰਦੀਆ ਗੋਸਵਾਮੀ 'ਤੇ ਆ ਗਿਆ ਤੇ ਉਨ੍ਹਾਂ ਨੇ 1980 'ਚ ਬਿੰਦੀਆ ਨਾਲ ਵਿਆਹ ਕਰ ਲਿਆ। ਹਾਲਾਂਕਿ ਬਿੰਦੀਆ ਨਾਲ ਉਨ੍ਹਾਂ ਦਾ ਵਿਆਹ ਸਿਰਫ ਚਾਰ ਸਾਲ ਹੀ ਚੱਲਿਆ। ਵਿਨੋਦ ਦਾ ਤੀਜਾ ਵਿਆਹ ਕਿਰਨ ਮਹਿਰਾ ਨਾਲ ਹੋਇਆ ਸੀ। ਪਰ ਇਹ ਵਿਆਹ ਵੀ ਦੋ ਸਾਲ ਹੀ ਚੱਲਿਆ।
ਵਿਨੋਦ ਮਹਿਰਾ ਦੇ ਚੌਥੇ ਵਿਆਹ ਦੀ ਸਭ ਤੋਂ ਜ਼ਿਆਦਾ ਚਰਚਾ ਰਹੀ ਅਤੇ ਇਹ ਰੇਖਾ ਨਾਲ ਸੀ। ਯਾਸਿਰ ਉਸਮਾਨ ਦੀ ਕਿਤਾਬ 'ਰੇਖਾ: ਐਨ ਅਨਟੋਲਡ ਸਟੋਰੀ' ਮੁਤਾਬਕ ਵਿਨੋਦ ਮਹਿਰਾ ਨੇ ਰੇਖਾ ਨਾਲ ਵੀ ਵਿਆਹ ਕੀਤਾ ਸੀ। ਪਰ ਵਿਨੋਦ ਰੇਖਾ ਨਾਲ ਆਪਣੇ ਵਿਆਹ ਤੋਂ ਖੁਸ਼ ਨਹੀਂ ਸਨ। ਕਿਤਾਬ 'ਚ ਕਿਹਾ ਗਿਆ ਹੈ ਕਿ ਜਦੋਂ ਵਿਨੋਦ ਵਿਆਹ ਤੋਂ ਬਾਅਦ ਰੇਖਾ ਨੂੰ ਘਰ ਲੈ ਕੇ ਆਏ ਤਾਂ ਉਨ੍ਹਾਂ ਦੀ ਮਾਂ ਨੂੰ ਬਹੁਤ ਗੁੱਸਾ ਆਇਆ। ਉਨ੍ਹਾਂ ਨੇ ਚੱਪਲ ਵੀ ਚੁੱਕ ਲਈ ਸੀ।
ਜਦੋਂ ਰੇਖਾ ਵਿਨੋਦ ਦੀ ਮਾਂ ਦੇ ਪੈਰ ਛੂਹਣ ਗਈ ਤਾਂ ਉਨ੍ਹਾਂ ਅਦਾਕਾਰਾ ਨੂੰ ਧੱਕਾ ਮਾਰ ਕੇ ਹਟਾ ਦਿੱਤਾ। ਵਿਨੋਦ ਨੇ ਲੱਖ ਮਨਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਨ੍ਹਾਂ ਦੀ ਮਾਂ ਨਹੀਂ ਮੰਨੀ ਤਾਂ ਅਦਾਕਾਰ ਨੇ ਰੇਖਾ ਨੂੰ ਉਸ ਦੇ ਘਰ ਭੇਜ ਦਿੱਤਾ। ਕੁਝ ਸਮੇਂ ਬਾਅਦ ਉਨ੍ਹਾਂ ਦਾ ਵਿਆਹ ਵੀ ਟੁੱਟ ਗਿਆ। ਵਿਨੋਦ ਮਹਿਰਾ ਦੇ ਕਿਰਨ ਨਾਲ ਦੋ ਬੱਚੇ ਹਨ, ਜਿਨ੍ਹਾਂ ਦੇ ਨਾਂ ਸੋਨੀਆ ਤੇ ਰੋਹਨ ਹਨ। ਦੋਵੇਂ ਫਿਲਮੀ ਦੁਨੀਆ ਨਾਲ ਜੁੜੇ ਹੋਏ ਹਨ।
ਵਿਨੋਦ ਮਹਿਰਾ ਦੀ ਰਾਜੇਸ਼ ਖੰਨਾ ਤੋਂ ਮਿਲੀ ਹਾਰ
ਕੀ ਤੁਸੀਂ ਜਾਣਦੇ ਹੋ ਕਿ ਵਿਨੋਦ ਮਹਿਰਾ ਫਿਲਮਾਂ ਤੋਂ ਪਹਿਲਾਂ ਕੀ ਕਰਦੇ ਸਨ? ਵਿਨੋਦ ਗੋਲਡਫੀਲਡ ਮਰਕੈਂਟਾਈਲ ਕੰਪਨੀ 'ਚ ਕਾਰਜਕਾਰੀ ਸਨ। ਵਿਨੋਦ 1965 'ਚ ਯੂਨਾਈਟਿਡ ਪ੍ਰੋਡਿਊਸਰਜ਼ ਅਤੇ ਫਿਲਮਫੇਅਰ ਦੁਆਰਾ ਆਯੋਜਿਤ ਆਲ ਇੰਡੀਆ ਟੈਲੇਂਟ ਮੁਕਾਬਲੇ 'ਚ ਰਾਜੇਸ਼ ਖੰਨਾ ਤੋਂ ਹਾਰ ਗਏ ਅਤੇ ਪਹਿਲੇ ਉਪ ਜੇਤੂ ਬਣੇ।
ਮੌਤ ਤੋਂ ਬਾਅਦ ਰਿਲੀਜ਼ ਹੋਈ ਸੀ ਪਹਿਲੀ ਪ੍ਰੋਡਿਊਸ ਕੀਤੀ ਫਿਲਮ
ਫਿਲਮਾਂ 'ਚ ਕੰਮ ਕਰਨ ਤੋਂ ਬਾਅਦ ਵਿਨੋਦ ਮਹਿਰਾ ਨੇ ਫਿਲਮ 'ਗੁਰੂਦੇਵ' ਨਾਲ ਨਿਰਮਾਤਾ ਤੇ ਨਿਰਦੇਸ਼ਕ ਵਜੋਂ ਸ਼ੁਰੂਆਤ ਕਰਨ ਦਾ ਫੈਸਲਾ ਕੀਤਾ। ਇਸ ਫਿਲਮ 'ਚ ਸ਼੍ਰੀਦੇਵੀ, ਰਿਸ਼ੀ ਕਪੂਰ ਤੇ ਅਨਿਲ ਕਪੂਰ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਸਨ। ਫਿਲਮ ਦੀ ਸ਼ੂਟਿੰਗ ਵੀ ਸ਼ੁਰੂ ਹੋ ਚੁੱਕੀ ਸੀ ਪਰ ਵਿਨੋਦ ਦਾ ਇਹ ਸੁਪਨਾ ਪੂਰਾ ਹੋਣ ਤੋਂ ਪਹਿਲਾਂ ਹੀ ਟੁੱਟ ਗਿਆ। ਵਿਨੋਦ ਮਹਿਰਾ ਦੀ 30 ਅਕਤੂਬਰ 1990 ਨੂੰ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਵਿਨੋਦ ਦੀ ਮੌਤ ਤੋਂ ਬਾਅਦ ਨਿਰਦੇਸ਼ਕ ਰਾਜ ਸਿੱਪੀ ਨੇ ਬਾਕੀ ਦੀ ਸ਼ੂਟਿੰਗ ਪੂਰੀ ਕੀਤੀ ਅਤੇ ਤਿੰਨ ਸਾਲਾਂ ਬਾਅਦ ਇਹ ਫਿਲਮ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਸੀ।