Lalit Behl Died : ਇੰਡਸਟਰੀ 'ਚ ਸੋਗ ਦੀ ਲਹਿਰ, ਤਿਤਲੀ ਤੇ ਮੁਕਤੀ ਭਵਨ ਵਰਗੀਆਂ ਫਿਲਮਾਂ ਦੇ ਅਦਾਕਾਰ ਲਲਿਤ ਬਹਿਲ ਦਾ ਕੋਰੋਨਾ ਨਾਲ ਦੇਹਾਂਤ
Lalit Behl ਥੀਏਟਰ ਦਾ ਮੰਨਿਆ-ਪ੍ਰਮੰਨਿਆ ਨਾਂ ਸੀ। ਉਨ੍ਹਾਂ ਦੂਰਦਰਸ਼ਨ 'ਤੇ ਟੈਲੀਫਿਲਮਜ਼ ਸੀਰੀਅਲ ਤਪਿਸ਼, ਆਤਿਸ਼ ਤੇ ਸੁਨਹਿਰੀ ਜਿਲਦ ਦਾ ਨਿਰਦੇਸ਼ਣ ਤੇ ਨਿਰਮਾਣ ਕੀਤਾ। ਇਹੀ ਨਹੀਂ ਲਲਿਤ ਨੇ 'ਅਫ਼ਸਾਨੇ' ਵਰਗੇ ਸੀਰੀਅਲ 'ਚ ਅਦਾਕਾਰੀ ਕੀਤੀ।
Publish Date: Sat, 24 Apr 2021 09:06 AM (IST)
Updated Date: Sat, 24 Apr 2021 05:31 PM (IST)
ਜੇਐੱਨਐੱਨ, ਨਵੀਂ ਦਿੱਲੀ : ਬਾਲੀਵੁੱਡ ਦੇ ਦਿੱਗਜ ਅਤੇ ਫਿਲਮਕਾਰ ਲਲਿਤ ਬਹਿਲ ਦਾ ਕੋਰੋਨਾ ਕਾਰਨ ਦੇਹਾਂਤ ਹੋ ਗਿਆ ਹੈ। 71 ਸਾਲਾ ਲਲਿਤ ਪਿਛਲੇ ਹਫ਼ਤੇ ਕੋਵਿਡ-19 ਨਾਲ ਇਨਫੈਕਟਿਡ ਹੋ ਗਏ ਸਨ। ਇਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ। ਇਲਾਜ ਦੌਰਾਨ ਹੀ ਸ਼ੁੱਕਰਵਾਰ ਨੂੰ ਉਨ੍ਹਾਂ ਆਖ਼ਰੀ ਸਾਹ ਲਿਆ। ਲਲਿਤ ਬਹਿਲ ਦੇ ਦੇਹਾਂਤ ਦੀ ਖ਼ਬਰ ਉਨ੍ਹਾਂ ਦੇ ਪੁੱਤਰ ਕਨੂ ਬਹਿਲ ਨੇ ਦਿੱਤੀ ਹੈ।
ਲਲਿਤ ਬਹਿਲ ਦੇ ਬੇਟੇ ਕਨੂ ਬਹਿਲ ਨੇ ਨਿਊਜ਼ ਏਜੰਸੀ ਪੀਟੀਆਈ ਨੂੰ ਦੱਸਿਆ, 'ਦੁਪਹਿਰ ਵੇਲੇ ਉਨ੍ਹਾਂ ਦੇ ਪਿਤਾ ਦਾ ਦੇਹਾਂਤ ਹੋ ਗਿਆ। ਉਨ੍ਹਾਂ ਨੂੰ ਦਿਲ ਸਬੰਧੀ ਦਿੱਕਤਾਂ ਸਨ ਤੇ ਫਿਰ ਕੋਵਿਡ-19 ਪਾਜ਼ੇਟਿਵ ਆਉਣ 'ਤੇ ਮੁਸ਼ਕਲਾਂ ਹੋਰ ਵਧ ਗਈਆਂ। ਉਨ੍ਹਾਂ ਦੇ ਫੇਫੜਿਆਂ ਚ ਇਨਫੈਕਸ਼ਨ ਹੋ ਗਈ ਸੀ ਜੋ ਕਾਫੀ ਗੰਭੀਰ ਸੀ।'
ਤੁਹਾਨੂੰ ਦੱਸ ਦੇਈਏ ਕਿ ਲਲਿਤ ਬਹਿਲ ਥੀਏਟਰ ਦਾ ਮੰਨਿਆ-ਪ੍ਰਮੰਨਿਆ ਨਾਂ ਸੀ। ਉਨ੍ਹਾਂ ਦੂਰਦਰਸ਼ਨ 'ਤੇ ਟੈਲੀਫਿਲਮਜ਼ ਸੀਰੀਅਲ ਤਪਿਸ਼, ਆਤਿਸ਼ ਤੇ ਸੁਨਹਿਰੀ ਜਿਲਦ ਦਾ ਨਿਰਦੇਸ਼ਣ ਤੇ ਨਿਰਮਾਣ ਕੀਤਾ। ਇਹੀ ਨਹੀਂ ਲਲਿਤ ਨੇ 'ਅਫ਼ਸਾਨੇ' ਵਰਗੇ ਸੀਰੀਅਲ 'ਚ ਅਦਾਕਾਰੀ ਕੀਤੀ। ਉੱਥੇ ਹੀ ਹਾਲ ਹੀ 'ਚ ਉਹ ਫਿਲਮ 'ਤਿਤਲੀ' ਤੇ 'ਮੁਕਤੀ ਭਵਨ' 'ਚ ਨਜ਼ਰ ਆਏ ਸਨ। ਦੱਸ ਦੇਈਏ ਕਿ ਤਿਤਲੀ ਦਾ ਨਿਰਦੇਸ਼ਣ ਉਨ੍ਹਾਂ ਦੇ ਪੁੱਤਰ ਨੇ ਹੀ ਕੀਤਾ ਸੀ। ਲਲਿਤ ਐਮਾਜ਼ੋਨ ਪ੍ਰਾਈਮ ਵੀਡੀਓ 'ਤੇ ਵੈੱਬ ਸੀਰੀਜ਼ 'ਮੇਡ ਇਨ ਹੈਵਨ' 'ਚ ਵੀ ਕੰਮ ਕਰ ਚੁੱਕੇ ਹਨ। ਉੱਥੇ ਹੀ 2019 ਵਿਚ ਉਨ੍ਹਾਂ ਦੀ ਫਿਲਮ 'ਜਜਮੈਂਟਲ ਹੈ ਕਯਾ' ਰਿਲੀਜ਼ ਹੋਈ ਸੀ।
ਲਲਿਤ ਬਹਿਲ ਦੇ ਦੇਹਾਂਤ ਨੇ ਪੂਰੀ ਇੰਡਸਟਰੀ ਨੂੰ ਹਿਲਾ ਕੇ ਰੱਖ ਦਿੱਤਾ ਹੈ। ਹਰ ਕੋਈ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੇ ਦੇਹਾਂਤ 'ਤੇ ਦੁੱਖ ਪ੍ਰਗਟਾ ਰਿਹਾ ਹੈ। ਉੱਥੇ ਹੀ ਉਨ੍ਹਾਂ ਦੇ ਨਾਲ ਫਿਲਮ 'ਮੁਕਤੀ ਭਵਨ' 'ਚ ਕੰਮ ਕਰ ਚੁੱਕੇ ਅਦਾਕਾਰ ਆਦਿਲ ਹੁਸੈਨ ਨੇ ਟਵਿੱਟਰ 'ਤੇ ਸੋਗ ਪ੍ਰਗਟਾਉਂਦੇ ਹੋਏ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਹੈ। ਉਨ੍ਹਾਂ ਲਿਖਿਆ ਕਿ ਇਹ ਬੇਹਦ ਦੁਖਦ ਹੈ। ਮੁਕਤੀ ਭਵਵ 'ਚ ਉਨ੍ਹਾਂ ਇਕ ਪਿਤਾ ਦਾ ਬਿਹਤਰੀਨ ਕਿਰਦਾਰ ਨਿਭਾਇਆ ਸੀ। ਡੀਅਰ ਕਨੂ, ਇਸ ਬਾਰੇ ਸੁਣ ਕੇ ਦੁੱਖ ਹੋਇਆ।