ਸਿਨੇਮਾ ਤੇ ਇਸ ਨਾਲ ਜੁੜੇ ਵਿਲੱਖਣ ਪੱਖਾਂ ਨਾਲ ਰੂਬਰੂ ਕਰਵਾਉਣ ਵਾਲੇ ਇਸ ਫਿਲਮ ਫੈਸਟੀਵਲ ’ਚ ਵੱਖ ਵੱਖ ਵਰਗਾਂ ’ਚ ਅੰਦਾਜ਼ਨ 650 ਫਿਲਮਾਂ ਦਿਖਾਈਆਂ ਜਾਣਗੀਆਂ। ਮਾਸਟਰਕਲਾਸ, ਲਾਈਵ ਚਰਚਾ, ਲਾਈਵ ਆਡੀਸ਼ਨਜ਼ ਸੈਸ਼ਨਾਂ ’ਚ ਸਿਨੇਮਾ ਜਗਤ ਦੇ ਦਿੱਗਜਾਂ ਨਾਲ ਰੂਬਰੂ ਹੋਣ ਦਾ ਮੌਕਾ ਮਿਲੇਗਾ।
ਜਾਸ, ਨਵੀਂ ਦਿੱਲੀ : ਜਾਗਰਣ ਫਿਲਮ ਫੈਸਟੀਵਲ (ਜੇਐੱਫਐੱਫ) ਦੇ 13ਵੇਂ ਐਡੀਸ਼ਨ ਦਾ ਆਗ਼ਾਜ਼ ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਣਵ ਵੀਰਵਾਰ ਨੂੰ ਸਿਰੀ ਫੋਰਟ ਆਡੀਟੋਰੀਅਮ ’ਚ ਕਰਨਗੇ। ਸਿਨੇਮਾ ਤੇ ਇਸ ਨਾਲ ਜੁੜੇ ਵਿਲੱਖਣ ਪੱਖਾਂ ਨਾਲ ਰੂਬਰੂ ਕਰਵਾਉਣ ਵਾਲੇ ਇਸ ਫਿਲਮ ਫੈਸਟੀਵਲ ’ਚ ਵੱਖ ਵੱਖ ਵਰਗਾਂ ’ਚ ਅੰਦਾਜ਼ਨ 650 ਫਿਲਮਾਂ ਦਿਖਾਈਆਂ ਜਾਣਗੀਆਂ। ਮਾਸਟਰਕਲਾਸ, ਲਾਈਵ ਚਰਚਾ, ਲਾਈਵ ਆਡੀਸ਼ਨਜ਼ ਸੈਸ਼ਨਾਂ ’ਚ ਸਿਨੇਮਾ ਜਗਤ ਦੇ ਦਿੱਗਜਾਂ ਨਾਲ ਰੂਬਰੂ ਹੋਣ ਦਾ ਮੌਕਾ ਮਿਲੇਗਾ। ਜੇਐੱਫਐੱਫ ਦਿੱਲੀ ਤੋਂ ਸ਼ੁਰੂ ਹੋ ਕੇ ਦੇਸ਼ ਦੇ ਅੱਠ ਸੂਬਿਆਂ ’ਚ 14 ਸ਼ਹਿਰਾਂ ਦੀ ਯਾਤਰਾ ਕਰਦਾ ਹੋਇਆ ਮੁੰਬਈ ’ਚ ਸ਼ਾਨਦਾਰ ਐਵਾਰਡ ਸਮਾਰੋਹ ਨਾਲ ਸਮਾਪਤ ਹੋਵੇਗਾ। ਦਿੱਲੀ ’ਚ ਜੇਐੱਫਐੱਫ ਚਾਰ ਤੋਂ ਸੱਤ ਸਤੰਬਰ ਤੱਕ ਕਰਵਾਇਆ ਜਾਵੇਗਾ।
ਖੇਤਰੀ ਤੇ ਬਾਲੀਵੁੱਡ ਫਿਲਮਾਂ ਨਾਲ ਕਈ ਅੰਤਰਰਾਸ਼ਟਰੀ ਫਿਲਮਾਂ ਵੀ ਜੇਐੱਫਐੱਫ ’ਚ ਦਿਖਾਈਆਂ ਜਾਣਗੀਆਂ। ਪਿਛਲੇ ਕਈ ਸਾਲਾਂ ਤੋਂ ਜੇਐੱਫਐੱਫ ਨੌਜਵਾਨਾਂ ਲਈ ਫਿਲਮਾਂ ਦੀ ਜਾਣਕਾਰੀ ਵਧਾਉਣ, ਮਨੋਰੰਜਨ ਤੇ ਸਿਨੇਮਾ ਦੀਆਂ ਬਾਰੀਕੀਆਂ ਸਮਝਣ ਲਈ ਇਕ ਬਿਹਤਰੀਨ ਮੰਚ ਬਣਿਆ ਹੋਇਆ ਹੈ। ਦਿੱਲੀ ਚੈਪਟਰ ਦੀ ਸ਼ੁਰੂਆਤ ਨੈਟਫਲਿਕਸ ਓਰਿਜਨਲ ‘ਇੰਸਪੈਕਟਰ ਜ਼ੇਂਡੇ’ ਦੇ ਵਰਲਡ ਪ੍ਰੀਮੀਅਰ ਤੇ ਬੈਲਜੀਅਮ ਦੀ ਪਰਿਵਾਰਕ ਡਰਾਮਾ ਫਿਲਮ ‘ਸਾਫਟ ਲੀਵਸ’ ਦੇ ਭਾਰਤ ਪ੍ਰੀਮੀਅਰ ਨਾਲ ਹੋਵੇਗੀ। ਜੇਐੱਫਐੱਫ ਦਾ ਆਯੋਜਨ ਰਜਨੀਗੰਧਾ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ।
--
ਸਿਨੇਮਾ ਜਗਤ ਦੇ ਦਿੱਗਜਾਂ ਨੂੰ ਦਿੱਤੀ ਜਾਵੇਗੀ ਸ਼ਰਧਾਂਜਲੀ
ਇਸ ਸਾਲ ਫੈਸਟੀਵਲ ’ਚ ਹਿੰਦੀ ਸਿਨੇਮਾ ਦੇ ਦਿੱਗਜ ਡਾਇਰੈਕਟਰ ਗੁਰੂਦੱਤ ਨੂੰ ਉਨ੍ਹਾਂ ਦੀ ਜਨਮ ਸ਼ਤਾਬਦੀ ਦੇ ਮੌਕੇ ’ਤੇ ਸ਼ਰਧਾਂਜਲੀ ਦਿੱਤੀ ਜਾਵੇਗੀ। ਮੰਨੇ-ਪ੍ਰਮੰਨੇ ਫਿਲਮ ਨਿਰਮਾਤਾ ਆਰ. ਬਾਲਕੀ ਗੁਰੂਦੱਤ ’ਤੇ ਵਿਸ਼ੇਸ਼ ਚਰਚਾ ’ਚ ਹਿੱਸਾ ਲੈਣਗੇ। ਅਦਾਕਾਰਾ ਸ਼ਬਾਨਾ ਆਜ਼ਮੀ ਦੇ ਸਿਨੇਮਾ ’ਚ 50 ਸਾਲ ਤੇ ਆਈਕਾਨਿਕ ਫਿਲਮ ‘ਸ਼ੋਅਲੇ’ ਦੇ 50 ਸਾਲ ਪੂਰੇ ਹੋਣ ’ਤੇ ਵਿਸ਼ੇਸ਼ ਸਮਾਰੋਹ ਹੋਵੇਗਾ। ਫਿਲਮ ਫੈਸਟੀਵਲ ’ਚ ਸਿਨੇਮਾ ਨੂੰ ਉਚਾਈ ’ਤੇ ਲਿਜਾਣ ਵਾਲੀਆਂ ਕਈ ਸ਼ਖ਼ਸੀਅਤਾਂ ਜਿਵੇਂ ਕਿ ਸ਼ਿਆਮ ਬੇਨੇਗਲ, ਮਨੋਜ ਕੁਮਾਰ, ਸ਼ਾਜ਼ੀ ਐੱਨ ਕਰੁਣਾ, ਪ੍ਰੀਤੀਸ਼ ਨੰਦੀ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ। ਨਾਲ ਹੀ ਖ਼ਾਸ ਫਿਲਮਾਂ ਦਾ ਪ੍ਰਦਰਸ਼ਨ ਕੀਤਾ ਜਾਵੇਗਾ, ਜਿਨ੍ਹਾਂ ’ਚ ਅੰਕੁਰ, ਮੰਡੀ, ਪੁਕਾਰ, ਪੂਰਬ ਔਰ ਪਸ਼ਚਿਮ, ਹਜ਼ਾਰੋਂ ਖ਼ਵਾਹਿਸ਼ੇਂ ਵਰਗੀਆਂ ਫਿਲਮਾਂ ਹੋਣਗੀਆਂ।