ਜੇ ਬਚਪਨ ’ਚ ਹੀ ਸੀ ਕਿ ਇਨ੍ਹਾਂ ਦਾ ਪਰਿਵਾਰ ਕੋਲਕਾਤੇ (ਕਲਕੱਤਾ) ਆ ਕੇ ਰਹਿਣ ਲੱਗਾ ਸੀ। ਨੂਰ ਜਹਾਂ ਦੇ ਮਾਤਾ-ਪਿਤਾ ਥੀਏਟਰ ਕਲਾਕਾਰ ਸਨ। ਏਦਾਂ ਨੂਰ ਜਹਾਂ ’ਚ ਹੀ ਗਾਇਕੀ-ਅਦਾਕਾਰੀ ਦੇ ਪੈਦਾਇਸ਼ੀ ਗੁਣ ਸਨ। ਮਾਤਾ-ਪਿਤਾ ਨੇ ਬੇਟੀ ਦੀ ਗਾਇਕੀ ਦੀ ਸਿੱਖਿਆ ਲਈ ਘਰ ’ਚ ਹੀ ਉਸਤਾਦਾਂ ਦਾ ਪ੍ਰਬੰਧ ਕੀਤਾ ਸੀ।
ਕਈ ਦਹਾਕਿਆਂ ਤਕ ਸੰਗੀਤ ਪ੍ਰੇਮੀਆਂ ਦੇ ਦਿਲਾਂ ’ਤੇ ਰਾਜ ਕਰਨ ਵਾਲੀ ਗਾਇਕਾ, ਅਦਾਕਾਰਾ ਅਤੇ ਹਦਾਇਤਕਾਰਾ ਨੂਰ ਜਹਾਂ ਕਿਸੇ ਰਸਮੀ ਜਾਣ-ਪਛਾਣ ਦੀ ਮੁਹਤਾਜ਼ ਨਹੀਂ। ਨੂਰ ਜਹਾਂ ਦਾ ਜਨਮ ਪਿਤਾ ਇਮਦਾਦ ਅਲੀ ਤੇ ਮਾਤਾ ਫ਼ਤਿਹ ਬੀਬੀ ਦੇ ਘਰ 21 ਸਤੰਬਰ 1926 ਨੂੰ ਕਸੂਰ ਸ਼ਹਿਰ ਦੇ ਨੇੜਲੇ ਪਿੰਡ ਕੋਟ-ਮੁਗ਼ਲ ਵਿਖੇ ਹੋਇਆ ਸੀ। ਉਸ ਦਾ ਪਹਿਲਾ ਨਾਮ ਅੱਲਾ ਵਸਾਈ ਸੀ। ਅੱਲਾ ਵਸਾਈ (ਨੂਰ ਜਹਾਂ) ਅਜੇ ਬਚਪਨ ’ਚ ਹੀ ਸੀ ਕਿ ਇਨ੍ਹਾਂ ਦਾ ਪਰਿਵਾਰ ਕੋਲਕਾਤੇ (ਕਲਕੱਤਾ) ਆ ਕੇ ਰਹਿਣ ਲੱਗਾ ਸੀ। ਨੂਰ ਜਹਾਂ ਦੇ ਮਾਤਾ-ਪਿਤਾ ਥੀਏਟਰ ਕਲਾਕਾਰ ਸਨ। ਏਦਾਂ ਨੂਰ ਜਹਾਂ ’ਚ ਹੀ ਗਾਇਕੀ-ਅਦਾਕਾਰੀ ਦੇ ਪੈਦਾਇਸ਼ੀ ਗੁਣ ਸਨ। ਮਾਤਾ-ਪਿਤਾ ਨੇ ਬੇਟੀ ਦੀ ਗਾਇਕੀ ਦੀ ਸਿੱਖਿਆ ਲਈ ਘਰ ’ਚ ਹੀ ਉਸਤਾਦਾਂ ਦਾ ਪ੍ਰਬੰਧ ਕੀਤਾ ਸੀ। ਕਜ਼ਾਨ ਬਾਈ ਉਨ੍ਹਾਂ ਦੀ ਸਭ ਤੋਂ ਪਹਿਲੀ ਉਸਤਾਦ ਸੀ। ਇਸ ਪਿੱਛੋਂ ਕ੍ਰਮਵਾਰ ਬੜੇ ਗ਼ੁਲਾਮ ਅਲੀ ਖ਼ਾਨ ਤੇ ਗ਼ੁਲਾਮ ਮੁਹੰਮਦ ਸਾਹਿਬ ਉਨ੍ਹਾਂ ਦੇ ਉਸਤਾਦ ਰਹੇ। ਨੂਰ ਜਹਾਂ ’ਚ ਸਿੱਖਣ ਦੀ ਜਗਿਆਸਾ ਕਾਬਲੇ-ਤਾਰੀਫ਼ ਸੀ। ਉਹ ਗਾਇਕੀ ’ਚ ਜਲਦੀ ਪ੍ਰਵੀਨ ਹੋ ਗਈ।
‘ਹਿੰਦ ਕੇ ਤਾਰੇ’ ’ਚ ਕੰਮ ਕਰਨ ਦਾ ਮੌਕਾ
ਸਾਲ 1938 ’ਚ ਬਾਲਪਨ ਦੀ ਉਮਰ ’ਚ ਹੀ ਉਨ੍ਹਾਂ ਨੂੰ ਫ਼ਿਲਮ ‘ਹਿੰਦ ਕੇ ਤਾਰੇ’ ਵਿਚ ਕੰਮ ਕਰਨ ਦਾ ਮੌਕਾ ਮਿਲਿਆ। ਉਹ ਮੂਕ ਫ਼ਿਲਮਾਂ ਦਾ ਦੌਰ ਸੀ। ਇਸ ਪਿੱਛੋਂ ਨੂਰਜਹਾਂ ਦੇ ਪਰਿਵਾਰ ਨੇ ਕੋਲਕਾਤੇ (ਕਲਕੱਤਾ) ਰਿਹਾਇਸ਼ ਕਰ ਲਈ। ਇਸੇ ਦੌਰਾਨ ਨੂਰਜਹਾਂ ਨੇ 11 ਮੂਕ ਫਿਲਮਾਂ ’ਚ ਕੰਮ ਕੀਤਾ। ਕੋਲਕਾਤੇ ਹੀ ਨੂਰਜਹਾਂ ਦੀ ਮੁਲਾਕਾਤ ਮਸ਼ਹੂਰ ਫ਼ਿਲਮਸਾਜ਼ ਦਲਸੁੱਖ ਪੰਚੋਲੀ ਨਾਲ ਹੋਈ। ਪੰਚੋਲੀ ਨੂੰ ਨੂਰ ਜਹਾਂ ਵਿਚ ਉੱਭਰਦੀ ਹੋਈ ਸਿਨੇ-ਤਾਰਿਕਾ ਦੀ ਝਲਕ ਨਜ਼ਰ ਆਈ।. ਸੋ ਉਨ੍ਹਾਂ ਨੇ ਆਪਣੀ ਫ਼ਿਲਮ ‘ਗੁਲੇਬਕਾਵਲੀ’ ਲਈ ਚੁਣ ਲਿਆ। ਇਸੇ ਫ਼ਿਲਮ ਵਿਚ ਨੂਰ ਜਹਾਂ ਨੇ ਆਪਣਾ ਪਹਿਲਾ ਗੀਤ ‘ਸ਼ਾਲਾ ਜਵਾਨੀਆਂ ਮਾਣੇ’ ਗਾਇਆ। ਲਗਪਗ ਤਿੰਨ ਸਾਲ ਤੱਕ ਕੋਲਕਾਤੇ ਰਹਿਣ ਮਗਰੋਂ ਨੂਰ ਜਹਾਂ ਵਾਪਸ ਲਾਹੌਰ ਆ ਗਈ। ਇੱਥੇ ਹੀ ਇਨ੍ਹਾਂ ਦੀ ਮੁਲਾਕਾਤ ਜੀ.ਏ. ਚਿਸ਼ਤੀ (ਫ਼ਿਲਮਸਾਜ਼) ਨਾਲ ਹੋਈ। ਜੀ.ਏ. ਚਿਸ਼ਤੀ ਦੇ ਹੀ ਕਹਿਣ ’ਤੇ ਨੂਰ ਜਹਾਂ ਸਟੇਜ ’ਤੇ ਗੀਤ ਅਤੇ ਨ੍ਰਿਤ ਕਰਨ ਲੱਗੀ, ਜਿਸ ਦੇ ਇਵਜ਼ ਵਜੋਂ ਨੂਰ ਜਹਾਂ ਨੂੰ ਸਾਢੇ ਸੱਤ ਆਨੇ ਮਿਲਦੇ ਸਨ।
ਨਿਰਦੇਸ਼ਕ ਸ਼ੌਕਤ ਹੁਸੈਨ ਨਾਲ ਨਿਕਾਹ
ਇਸ ਪਿੱਛੋਂ 1942 ਵਿਚ ਪੰਚੋਲੀ ਦੀ ਹੀ ਫਿਲਮ ‘ਖ਼ਾਨਦਾਨ’ ਦੀ ਸਫ਼ਲਤਾ ਤੋਂ ਬਾਅਦ ਨੂਰ ਜਹਾਂ ਨੇ ਅਦਾਕਾਰੀ ਵਿਚ ਜਬਰਦਸਤ ਮੁਕਾਮ ਹਾਸਲ ਕਰ ਲਿਆ। ਉਦੋਂ ਹੀ ਨੂਰ ਜਹਾਂ ਨੇ ‘ਖ਼ਾਨਦਾਨ’ ਫਿਲਮ ਦੇ ਨਿਰਦੇਸ਼ਕ ਸ਼ੌਕਤ ਹੁਸੈਨ ਨਾਲ ਨਿਕਾਹ ਕਰ ਲਿਆ ਸੀ। ਇਸੇ ਦੌਰਾਨ ਹੀ ਨੂਰ ਜਹਾਂ ਨੇ ‘ਜੁਗਨੀ’, ‘ਅਨਮੋਲ ਘੜੀ’, ‘ਮਿਰਜ਼ਾ ਸਾਹਿਬਾਂ’ ਤੇ ਪੰਜਾਬੀ ਫ਼ਿਲਮ ‘ਪਿੰਡ ਦੀ ਕੁੜੀ’ ਆਦਿ ਹਿੱਟ ਫਿਲਮਾਂ ਦਿੱਤੀਆਂ। 1947 ਵਿਚ ਦੇਸ਼ ਦੀ ਵੰਡ ਉਪਰੰਤ ਨੂਰ ਜਹਾਂ ਨੇ ਪਾਕਿਸਤਾਨ ਜਾਣ ਨੂੰ ਤਰਜੀਹ ਦਿੱਤੀ। ਇੱਧਰ ਆ ਕੇ ਉਨ੍ਹਾਂ ਆਪਣੇ ਨਿਰਦੇਸ਼ਨ ’ਚ ਫ਼ਿਲਮ ‘ਚੰਨ ਵੇ’ ਦਾ ਨਿਰਮਾਣ ਕੀਤਾ। ਇਸ ਤੋਂ ਬਾਅਦ ਫ਼ਿਲਮ ‘ਦੁਪੱਟਾ’ ਬਣਾਈ ਜੋ ਆਪਣੇ ਗੀਤ-ਸੰਗੀਤ ਕਰ ਕੇ ਬਹੁਤ ਸਫ਼ਲ ਰਹੀ।
ਇੰਟਰਨੈੱਟ ਦੇ ਅਜੋਕੇ ਯੁੱਗ ’ਚ ਲਹਿੰਦੇ ਪੰਜਾਬ ਦਾ ਕੋਈ ਵੀ ਗੀਤ ਸੁਣਿਆ ਜਾ ਸਕਦਾ ਹੈ। ਉਂਝ ਤਾਂ ਨੂਰ ਜਹਾਂ ਨੇ ਅਨੇਕਾਂ ਗੀਤਕਾਰਾਂ ਦੇ ਗੀਤਾਂ ਨੂੰ ਆਵਾਜ਼ ਦਿੱਤੀ ਪਰ ਜਿਨ੍ਹਾਂ ਗੀਤਕਾਰਾਂ ਦੇ ਗੀਤ ਜ਼ਿਆਦਾ ਚਰਚਿਤ ਹੋਏ, ਉਨ੍ਹਾਂ ’ਚ ਬਾਬਾ ਜੀਏ. ਚਿਸ਼ਤੀ, ਕਤੀਲ ਸ਼ਿਫ਼ਾਈ, ਸ਼ੈਵਨ ਰਿਜ਼ਵੀ, ਤਸਲੀਮ ਫ਼ਾਜ਼ਲੀ, ਮੁਨੀਰ ਨਿਆਜ਼ੀ, ਮੁਸ਼ੀਰ ਕਾਜ਼ਮੀ, ਸਲੀਮ ਜ਼ੁਬੇਰ, ਨਾਸਿਰ, ਲਿਆਕਤ ਅਲੀ, ਵਜ਼ਾਹਤ ਅਤਰੇ, ਸਲੀਮ ਅਹਿਮਦ, ਅਹਿਮਦ ਰਾਹੀ, ਹਜ਼ੀਮ ਕਾਦਰੀ, ਮਨਜ਼ੂਰ ਝੱਲਾ, ਵਾਰਿਸ ਲੁਧਿਆਣਵੀ, ਖ਼ਵਾਜ਼ਾ ਪਰਵੇਜ਼, ਤਨਵੀਰ ਨਕਵੀ, ਸਲੀਮ ਕੈਸਰ, ਮਸਰੂਰ ਅਨਵਰ, ਸਨਮੁੱਖ ਸਿੰਘ ਆਜ਼ਾਦ ਅਤੇ ਬੇਕਲ ਅੰਮ੍ਰਿਤਸਰੀ ਪ੍ਰਮੁੱਖ ਹਨ। ਨੂਰ ਜਹਾਂ ਨੇ ਵੱਖ-ਵੱਖ ਭਾਸ਼ਾਵਾਂ ਵਿਚ ਲਗਪਗ 6000 ਗੀਤ ਗਾਏ ਹਨ।
ਚਾਰ ਵਿਆਹ ਕਰਵਾਏ
ਮਲਿਕਾ ਤਰੁੰਨਮ ਨੂਰ ਜਹਾਂ ਗਿਆਰਾਂ ਭੈਣ-ਭਰਾ ਸਨ। ਨੂਰ ਜਹਾਂ ਨੇ ਆਪਣੀ ਜ਼ਿੰਦਗੀ ਵਿਚ ਚਾਰ ਵਿਆਹ ਕਰਵਾਏ। ਇਨ੍ਹਾਂ ਦਾ ਪਹਿਲਾ ਵਿਆਹ ਫਿਲਮ ਡਾਇਰੈਕਟਰ ਸ਼ੌਕਤ ਹੁਸੈਨ ਰਿਜ਼ਵੀ ਨਾਲ ਹੋਇਆ, ਜਿਸ ਤੋਂ ਦੋ ਪੁੱਤਰ—ਅਕਬਰ ਹੁਸੈਨ, ਸਾਗਰ ਹੁਸੈਨ ਅਤੇ ਇਕ ਧੀ ਹੁਮਾ ਨੇ ਜਨਮ ਲਿਆ। ਇਨ੍ਹਾਂ ਦੀ ਦੂਸਰੀ ਸ਼ਾਦੀ ਫਿਲਮੀ ਅਦਾਕਾਰ ਏਜਾਜ਼ ਦੁਰਾਨੀ ਨਾਲ ਹੋਈ। ਏਜਾਜ਼ ਦੁਰਾਨੀ ਪਾਕਿਸਤਾਨ ਦੇ ਮਸ਼ਹੂਰ ਅਦਾਕਾਰ ਸਨ ਜਿਨ੍ਹਾਂ ਨੇ ਪੰਜਾਬੀ, ਉਰਦੂ ਦੀਆਂ ਲਗਪਗ 150 ਫ਼ਿਲਮਾਂ ’ਚ ਕੰਮ ਕੀਤਾ। ਇਸ ਵਿਆਹ ਤੋਂ ਤਿੰਨ ਧੀਆਂ—ਸਾਜ਼ੀਆ, ਹਿਨਾ ਤੇ ਈਨਾ ਪੈਦਾ ਹੋਈਆਂ। ਏਜਾਜ਼ ਦੁਰਾਨੀ ਵੀ ਜਲਦੀ ਹੀ ਨੂਰ ਜਹਾਂ ਤੋਂ ਦੂਰੀ ਬਣਾ ਗਿਆ। ਨੂਰ ਜਹਾਂ ਦੀ ਤੀਸਰੀ ਸ਼ਾਦੀ ਯੂਸਫ਼ ਖ਼ਾਨ ਨਾਲ ਹੋਈ। ਯੂਸਫ਼ ਖ਼ਾਨ ਨੂੰ ਕਬੂਤਰ ਰੱਖਣ ਦਾ ਸ਼ੌਕ ਸੀ। ਕਬੂਤਰਾਂ ਦੀ ਪਰਵਰਿਸ਼ ਕਰਕੇ ਹੀ ਇਨ੍ਹਾਂ ਵਿਚ ਅਣਬਣ ਹੋਈ। ਫਿਰ ਗੱਲ ਤਲਾਕ ’ਤੇ ਖ਼ਤਮ ਹੋਈ। ਯੂਸਫ਼, ਨੂਰ ਜਹਾਂ ਤੋਂ ਤਕਰੀਬਨ 9 ਸਾਲ ਛੋਟੇ ਸਨ। ਨੂਰ ਜਹਾਂ ਦੀ ਚੌਥੀ ਸ਼ਾਦੀ ਮਸ਼ਹੂਰ ਸੰਗੀਤਕਾਰ ਨਜ਼ੀਰ ਅਲੀ ਨਾਲ ਹੋਈ ਜੋ ਪਹਿਲਾਂ ਹੀ ਵਿਆਹੁਤਾ ਸਨ। ਵਿਆਹ ਤੋਂ ਥੋੜ੍ਹੀ ਦੇਰ ਬਾਅਦ ਹੀ ਨੂਰ ਜਹਾਂ ਨੇ ਕੁਝ ਸ਼ਰਤਾਂ ਰੱਖੀਆਂ ਜੋ ਨਜ਼ੀਰ ਅਲੀ ਨੇ ਨਾਮਨਜ਼ੂਰ ਕਰ ਦਿੱਤੀਆਂ। ਇਹ ਸ਼ਾਦੀ ਵੀ ਤਲਾਕ ’ਤੇ ਖ਼ਤਮ ਹੋਈ।
ਮਾਣ-ਸਨਮਾਨ
1965, 1981 ਤੇ 1990 ’ਚ ‘ਹੁਸਨ-ਏ-ਕਾਰਕਰਦਗੀ’ ਵਰਗੇ ਕੌਮੀ ਇਨਾਮ ਨੂਰ ਜਹਾਂ ਨੂੰ ਮਿਲੇ। 1996 ਵਿਚ ਸੰਗੀਤ ਲਈ ਪੰਜਾਹ ਸਾਲ ਸੇਵਾਵਾਂ ਦੇਣ ਬਦਲੇ ‘ਇਲਿਆਸ ਰਸ਼ੀਦੀ ਗੋਲਡ ਮੈਡਲ’ ਪਹਿਲੀ ਵਾਰ ਨੂਰ ਜਹਾਂ ਨੂੰ ਮਿਲਿਆ। ਮਲਿਕਾ ਤਰੁੰਨਮ ਨੂੰ ਦੋ ਵੱਡੇ ਵਕਾਰੀ ਪੁਰਸਕਾਰ ਨਾਲ ਨਿਵਾਜਿਆ ਗਿਆ ਸੀ। ਸਾਲ 1999 ’ਚ ਪਾਕਿਸਤਾਨ ਸਿਨੇਮਾ ਵੱਲੋਂ ‘ਮਿਲੇਨੀਅਮ ਪੁਰਸਕਾਰ’ ਦਿੱਤਾ ਗਿਆ ਅਤੇ ਫਿਰ ਜਨਵਰੀ 2020 ’ਚ ਪਾਕਿਸਤਾਨ ਟੈਲੀਵਿਜ਼ਨ ਵੱਲੋਂ ਇਨ੍ਹਾਂ ਨੂੰ ‘ਵਾਇਸ ਆਫ਼ ਸੈਂਚੁਰੀ’ ਨਾਲ ਨਿਵਾਜਿਆ ਗਿਆ।
ਗ਼ਜ਼ਲ ਗਾਇਨ ’ਚ ਕੀਰਤੀਮਾਨ
ਮਲਿਕਾ ਤਰੁੰਨਮ ਨੂਰ ਜਹਾਂ ਨੂੰ ਗ਼ਜ਼ਲ-ਗਾਇਕੀ ’ਚ ਅਬੂਰ ਹਾਸਿਲ ਸੀ। ਇਨ੍ਹਾਂ ਨੇ ਗ਼ਜ਼ਲ ਗਾਇਨ ’ਚ ਜੋ ਕੀਰਤੀਮਾਨ ਪੈਦਾ ਕੀਤੇ, ਉਹ ਕਿਸੇ ਵੀ ਗ਼ਜ਼ਲ ਪ੍ਰੇਮੀ ਤੋਂ ਗੁੱਝੇ ਨਹੀਂ। ਉਨ੍ਹਾਂ ਵੱਡੇ-ਵੱਡੇ ਮਾਇਆਨਾਜ਼ ਗ਼ਜ਼ਲਕਾਰਾਂ ਦੇ ਕਲਾਮ ਨੂੰ ਆਵਾਜ਼ ਦਿੱਤੀ। ਰੇਡੀਓ ਲਾਹੌਰ ਤੋਂ ਹੀ ਸਵੇਰ ਦੀ ਸਭਾ ਵਿਚ ‘ਸੁਬਹੇ ਗ਼ਜ਼ਲ’ ਨਾਮਕ ਨਿਰੋਲ ਗ਼ਜ਼ਲ ’ਤੇ ਆਧਾਰਿਤ ਪ੍ਰੋਗਰਾਮ ਹੁੰਦਾ ਸੀ ਜਿਸ ਵਿਚ ਨੂਰ ਜਹਾਂ ਦੀਆਂ ਗ਼ਜ਼ਲਾਂ ਨੂੰ ਵਿਸ਼ੇਸ਼ ਮੁਕਾਮ ਹਾਸਿਲ ਸੀ। ਇਨ੍ਹਾਂ ਦੀਆਂ ਗਾਈਆਂ ਗ਼ਜ਼ਲਾਂ ਜਿਵੇਂ ‘ਚਲੇ ਤੋ ਕੱਟ ਹੀ ਜਾਏਗਾ ਯੇ ਸਫ਼ਰ’, ‘ਨੀਅਤ-ਏ-ਸ਼ੋਕ ਭਰ ਨਾ ਜਾਏ ਕਹੀਂ’, ‘ਕਿਸੀ ਕਾ ਨਾਮ ਲੋ’, ‘ਦਿਲ ਧੜਕਨੇ ਕਾ ਸਬੱਬ ਯਾਦ ਆਇਆ’, ‘ਕਭੀ ਕਹਾ ਨਾ ਕਿਸੀ ਸੇ ਤੇਰੇ ਫਸਾਨੇ ਕੋ’, ‘ਵੋਹ ਮੇਰਾ ਹੋ ਨਾ ਸਕਾ’ ‘ਦਿਲ ਹੀ ਦਿਲ ਮੇਂ ਸੁਲਘ ਕੇ ਬੁੱਝੇ ਹਮ’, ‘ਤੇਰੀ ਬਾਤੇਂ ਹੀ ਸੁਨਾਨੇ ਆਏ’, ਤੁਮ ਆਏ ਹੋ ਨਾ ਸ਼ਬੇ ਇੰਤਜ਼ਾਰ’ ਅਤੇ ‘ਇਕ ਵਾਰ ਹੀ ਜੀ ਭਰ ਕੇ ਸਜ਼ਾ ਕਿਉਂ’ ਅੱਜ ਵੀ ਬੜੀ ਸ਼ਿੱਦਤ ਨਾਲ ਸੁਣੀਆਂ ਜਾ ਰਹੀਆਂ ਹਨ।
ਪੰਜਾਬੀ ’ਚ ਗਾਏ ਬੇਸ਼ੁਮਾਰ ਗੀਤ
ਤਿੰਨ ਸਾਲ ਪਿੱਛੋਂ ਨੂਰ ਜਹਾਂ ਫਿਲਮਾਂ ਵੱਲੋਂ ਧਿਆਨ ਹਟਾ ਕੇ, ਸਿਰਫ਼ ਗੀਤ-ਸੰਗੀਤ ਵੱਲ ਮੁੜੀ। ਉਨ੍ਹਾਂ ਨੇ ਉਰਦੂ, ਸਿੰਧੀ ਅਤੇ ਪੰਜਾਬੀ ’ਚ ਬੇਸ਼ੁਮਾਰ ਗੀਤ ਗਾਏ। ਉਨ੍ਹਾਂ ਨੂੰ ਗਾਇਨ ਦੀਆਂ ਵੱਖ-ਵੱਖ ਸਿਨਫ਼ਾਂ ਜਿਵੇਂ ਕਿ ਠੁਮਰੀ, ਨਾਅਤ, ਦਾਦਰਾ, ਸੋਲੋ ਗਾਇਕੀ, ਦੋਗਾਣਾ ਗਾਇਕੀ, ਦੇਸ਼ ਪ੍ਰੇਮ ਦੇ ਗੀਤਾਂ ’ਤੇ ਅਬੂਰ ਹਾਸਿਲ ਸੀ। ਦੇਸ਼ ਦੀ ਵੰਡ ਉਪਰੰਤ, ਉਸਦੇ ਗੀਤ, ਭਾਰਤੀ ਪੰਜਾਬੀ ਲੋਕ ਰੇਡੀਓ ਲਾਹੌਰ ਨੰਬਰ ਇਕ ਤੋਂ ਸੁਣਦੇ ਰਹੇ ਹਨ। ਉਨ੍ਹਾਂ ਦੇ ਉਂਝ ਤਾਂ ਅਣਗਣਿਤ ਪੰਜਾਬੀ ਫਿਲਮੀ ਗੀਤ ਹਨ ਪਰ ਉਨ੍ਹਾਂ ਦੇ ਜੋ ਗੀਤ ਦਿਲਾਂ ਦੀ ਧੜਕਣ ਬਣੇ, ਉਨ੍ਹਾਂ ’ਚ ਇਹ ਹਨ:
‘ਪਿਆਰ ਨਾਲੋਂ ਪਿਆਰੇ ਸੱਜਣਾ’
(ਬਾਊ ਜੀ)
‘ਅੱਖ ਲੜੀ ਬਦੋਬਦੀ’
(ਬਨਾਰਸੀ ਠੱਗ)
‘ਯਾਰ ਜਦੋਂ ਚੋਰੀ-ਚੋਰੀ’
(ਜਰਨੈਲ ਸਿੰਘ)
‘ਗਿੱਧਾ ਪਾਉਂਦੇ ਹੱਥ ਰੇਸ਼ਮੀ’
(ਜੱਗਾ)
‘ਸਾਨੂੰ ਨਹਿਰ ਵਾਲੇ ਪੁਲ ’ਤੇ’
(ਦੁੱਖ ਸੱਜਣਾਂ ਦੇ)
‘ਤੂੰ ਮਿਲੇਂ ਕਦੀ ਕਦੀ’
(ਇੰਤਕਾਮ)
‘ਮੈਂ ਦਾਅ ਲਾਇਆ ਜਿੰਦ ਜਾਨ ਦਾ’
(ਅੱਤ ਖ਼ੁਦਾ ਦਾ ਵੈਰ)
‘ਦਿਲਦਾਰ ਸਦਕੇ’
(ਸੁਲਤਾਨ)
‘ਅਸਾਂ ਤੇਰੇ ਦਿਲ ਵਿਚ ਰਹਿਣਾ’
(ਕਾਲਾ ਸਮੰਦਰ)
‘ਅੱਧੀ ਰਾਤੋਂ ਢਲ ਗਈ ਰਾਤ’
(ਖ਼ਾਨ ਚਾਚਾ)
‘ਜਦੋਂ ਹੌਲੀ ਜਿਹੀ ਲੈਨੇ ਮੇਰਾ ਨਾਂ’
(ਅੱਤ ਖ਼ੁਦਾ ਦਾ ਵੈਰ)
ਆਖ਼ਰੀ ਵੇਲਾ
ਅਖ਼ੀਰ ਬੇਸ਼ੁਮਾਰ ਗੀਤਾਂ ਦੀ ਸ਼ਹਿਜ਼ਾਦੀ 23 ਦਸੰਬਰ, 2000 ਨੂੰ ਇਸ ਦੁਨੀਆ ਤੋਂ ਰੁਖ਼ਸਤ ਹੋ ਗਈ। •