ਕੈਲਾਸ਼ ਖੇਰ ਨੇ ਇਹ ਗੀਤ ਆਪਣੀ ਮਾਂ ਲਈ ਲਿਖਿਆ ਹੈ, ਜਿਸ ਵਿੱਚ ਉਹ ਆਪਣੇ ਪਿਤਾ ਦਾ ਸਵਰਗ ਵਿੱਚ ਸੁਆਗਤ ਕਰ ਰਹੀ ਹੈ। ਜਦੋਂ ਕੈਲਾਸ਼ ਖੇਰ ਨੇ ਇਹ ਗੀਤ ਬਣਾਇਆ ਸੀ, ਉਸ ਤੋਂ ਕੁਝ ਸਮਾਂ ਪਹਿਲਾਂ ਉਨ੍ਹਾਂ ਦੇ ਪਿਤਾ ਜੀ ਗੁਜ਼ਰ ਗਏ ਸਨ

ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ : ਕੈਲਾਸ਼ ਖੇਰ ਦੇ ਗੀਤਾਂ ਦੇ ਲੱਖਾਂ ਲੋਕ ਦੀਵਾਨੇ ਹਨ, 'ਤੇਰੀ ਦੀਵਾਨੀ' ਤੋਂ ਲੈ ਕੇ 'ਬਮ ਲਹਿਰੀ' ਅਤੇ 'ਸੈੱਯਾ' ਤੋਂ ਲੈ ਕੇ 'ਬਾਹੂਬਲੀ' ਦੇ 'ਜੈ-ਜੈਕਾਰਾ' ਤੱਕ, ਉਨ੍ਹਾਂ ਦੇ ਗੀਤਾਂ ਦੀ ਇੱਕ ਵੱਖਰੀ ਤਾਲ (Rhythm) ਹੈ, ਜਿਸ ਨਾਲ ਪ੍ਰਸ਼ੰਸਕਾਂ ਦੀਆਂ ਭਾਵਨਾਵਾਂ ਸਿੱਧੇ ਤੌਰ 'ਤੇ ਜੁੜਦੀਆਂ ਹਨ। ਇਸ ਸਮੇਂ ਉਨ੍ਹਾਂ ਦਾ ਇੱਕ ਗੀਤ ਬਹੁਤ ਵਾਇਰਲ ਹੈ ਜੋ ਜ਼ਿਆਦਾਤਰ ਵਿਆਹਾਂ ਵਿੱਚ ਵਜਾਇਆ ਜਾਂਦਾ ਹੈ। 'ਹੇ ਰੀ ਸਖੀ ਮੰਗਲ ਗਾਓ ਰੀ' ਇਹ ਗੀਤ ਅਕਸਰ ਲਾੜਾ-ਲਾੜੀ ਦੀ ਐਂਟਰੀ 'ਤੇ ਵਜਾਇਆ ਜਾਂਦਾ ਹੈ ਪਰ ਕੈਲਾਸ਼ ਖੇਰ ਦੇ ਇਸ ਗੀਤ ਦਾ ਮਤਲਬ ਜਾਣ ਕੇ ਤੁਹਾਡੇ ਹੋਸ਼ ਉੱਡ ਜਾਣਗੇ ਕਿਉਂਕਿ ਗਾਇਕ ਨੇ ਇਹ ਗੀਤ ਕਿਸੇ ਹੋਰ ਵਜ੍ਹਾ ਨਾਲ ਬਣਾਇਆ ਸੀ।
ਕੈਲਾਸ਼ ਖੇਰ ਨੇ ਆਪਣੀ ਮਾਂ ਦੀ ਯਾਦ 'ਚ ਬਣਾਇਆ ਸੀ ਇਹ ਗੀਤ
ਕੈਲਾਸ਼ ਖੇਰ ਨੇ ਇਹ ਗੀਤ ਆਪਣੀ ਮਾਂ ਲਈ ਲਿਖਿਆ ਹੈ, ਜਿਸ ਵਿੱਚ ਉਹ ਆਪਣੇ ਪਿਤਾ ਦਾ ਸਵਰਗ ਵਿੱਚ ਸੁਆਗਤ ਕਰ ਰਹੀ ਹੈ। ਜਦੋਂ ਕੈਲਾਸ਼ ਖੇਰ ਨੇ ਇਹ ਗੀਤ ਬਣਾਇਆ ਸੀ, ਉਸ ਤੋਂ ਕੁਝ ਸਮਾਂ ਪਹਿਲਾਂ ਉਨ੍ਹਾਂ ਦੇ ਪਿਤਾ ਜੀ ਗੁਜ਼ਰ ਗਏ ਸਨ ਅਤੇ ਉਨ੍ਹਾਂ ਦੀ ਮਾਂ ਦੀ ਮੌਤ ਕਈ ਸਾਲ ਪਹਿਲਾਂ ਹੋ ਚੁੱਕੀ ਸੀ। ਇਸ ਲਈ ਕੈਲਾਸ਼ ਖੇਰ ਨੇ ਆਪਣੀ ਮਾਂ ਦੇ ਨਜ਼ਰੀਏ ਤੋਂ ਇਹ ਗੀਤ ਪੇਸ਼ ਕੀਤਾ ਸੀ ਕਿ ਜਦੋਂ ਉਨ੍ਹਾਂ ਦੇ ਪਿਤਾ ਸਵਰਗ ਵਿੱਚ ਜਾਣਗੇ ਤਾਂ ਉਨ੍ਹਾਂ ਦੀ ਮਾਂ ਆਪਣੇ ਪਤੀ ਦਾ ਇੰਤਜ਼ਾਰ ਕਰ ਰਹੀ ਹੋਵੇਗੀ।
ਕੈਲਾਸ਼ ਖੇਰ ਨੇ 2009 ਵਿੱਚ ਇਹ ਗੀਤ ਲਿਖਿਆ ਜਦੋਂ ਉਨ੍ਹਾਂ ਦੇ ਪਿਤਾ ਨੇ ਇਸ ਦੁਨੀਆ ਨੂੰ ਅਲਵਿਦਾ ਕਿਹਾ ਸੀ। ਉਨ੍ਹਾਂ ਦੀ ਮਾਂ ਪਹਿਲਾਂ ਹੀ ਗੁਜ਼ਰ ਚੁੱਕੀ ਸੀ। ਗਾਇਕ ਨੇ ਇਸਨੂੰ ਆਪਣੀ ਮਾਂ ਦੇ ਨਜ਼ਰੀਏ ਤੋਂ ਗਾਇਆ ਸੀ ਜਿਸ ਵਿੱਚ ਉਹ ਆਪਣੇ ਪਤੀ ਦੇ ਸਵਰਗ ਵਿੱਚ ਆਉਣ 'ਤੇ ਉਨ੍ਹਾਂ ਦੇ ਸੁਆਗਤ ਦੀਆਂ ਤਿਆਰੀਆਂ ਕਰ ਰਹੀ ਹੈ। ਕਿਹਾ ਜਾਂਦਾ ਹੈ ਕਿ ਮੌਤ ਦੂਜੇ ਵਿਆਹ ਵਰਗੀ ਹੁੰਦੀ ਹੈ ਅਤੇ ਇਸ ਗੀਤ ਨਾਲ ਕੈਲਾਸ਼ ਖੇਰ ਨੇ ਉਨ੍ਹਾਂ ਦੇ ਇਸ ਮਿਲਣ ਦਾ ਜਸ਼ਨ ਮਨਾਇਆ ਹੈ।
ਕੀ ਵਿਆਹ 'ਚ ਵਜਾਉਣਾ ਚਾਹੀਦਾ ਹੈ ਇਹ ਗੀਤ?
ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਕੀ ਇਸ ਗੀਤ ਨੂੰ ਵਿਆਹ ਵਿੱਚ ਨਹੀਂ ਵਜਾਉਣਾ ਚਾਹੀਦਾ ਤਾਂ ਅਜਿਹਾ ਨਹੀਂ ਹੈ, ਇਹ ਆਪਣੇ-ਆਪਣੇ ਨਜ਼ਰੀਏ 'ਤੇ ਨਿਰਭਰ ਕਰਦਾ ਹੈ ਕਿਉਂਕਿ ਹੈ ਤਾਂ ਇਹ ਦੋ ਪਿਆਰ ਕਰਨ ਵਾਲਿਆਂ ਦੇ ਮਿਲਣ ਦਾ ਗੀਤ ਹੀ। ਇਸਦਾ ਇੱਕ ਅਧਿਆਤਮਿਕ ਅਰਥ (Spiritual meaning) ਵੀ ਹੈ ਜੋ ਕਿਸੇ ਭਗਤ ਦਾ ਆਪਣੇ ਭਗਵਾਨ ਨਾਲ ਮਿਲਣ ਦਾ ਜਸ਼ਨ ਮਨਾਉਂਦਾ ਹੈ। ਇਸ ਲਈ ਇਸ ਗੀਤ ਨੂੰ ਨਕਾਰਾਤਮਕ ਤਰੀਕੇ ਨਾਲ ਨਹੀਂ ਲੈਣਾ ਚਾਹੀਦਾ ਕਿਉਂਕਿ ਇਹ ਕਿਸੇ ਵੀ ਤਰ੍ਹਾਂ ਨਾਲ ਅਸ਼ੁੱਭ ਨਹੀਂ ਹੈ।