ਸਲੀਮ ਖ਼ਾਨ ਦੇ ਬੇਟੇ ਸਲਮਾਨ ਖ਼ਾਨ, ਅਰਬਾਜ਼ ਖ਼ਾਨ ਤੇ ਸੁਹੇਲ ਖ਼ਾਨ, ਤਿੰਨਾਂ ਨੇ ਕਈ ਵਾਰ ਕਿਹਾ ਕਿ ਉਨ੍ਹਾਂ ਨੂੰ ਪਿਤਾ ਨੇ ਮਿਹਨਤ, ਨਿਮਰਤਾ ਤੇ ਦੂਸਰਿਆਂ ਦੀ ਇੱਜ਼ਤ ਕਰਨਾ ਸਿਖਾਇਆ ਹੈ। ਬੱਚਿਆਂ ਪ੍ਰਤੀ ਉਨ੍ਹਾਂ ਦਾ ਪਿਆਰ ਤੇ ਅਨੁਸ਼ਾਸਨ ਦੋਵੇਂ ਸਮਾਨ ਰੂਪ ’ਚ ਪ੍ਰਸਿੱਧ ਹੈ।

ਹਿੰਦੀ ਫਿਲਮਾਂ ਦੀ ਦੁਨੀਆ ਵਿਚ ਸਲੀਮ-ਜਾਵੇਦ ਦੀ ਜੋੜੀ ਨੇ ਜੋ ਮੁਕਾਮ ਹਾਸਲ ਕੀਤਾ ਹੈ, ਉਹ ਇਤਿਹਾਸ ਬਣ ਚੁੱਕਾ ਹੈ ਪਰ ਸਲੀਮ ਖ਼ਾਨ ਦੀ ਪਛਾਣ ਸਿਰਫ਼ ਇਕ ਪਟਕਥਾ ਲੇਖਕ ਤਕ ਸੀਮਤ ਨਹੀਂ ਹੈ। ਉਹ ਅਜਿਹੇ ਇਨਸਾਨ ਹਨ ਜਿਨ੍ਹਾਂ ਦੇ ਅੰਦਰ ਸੰਵੇਦਨਸ਼ੀਲਤਾ, ਵਫ਼ਾਦਾਰੀ, ਜ਼ਿੰਮੇਵਾਰੀ ਅਤੇ ਮਾਨਵੀ ਕਦਰਾਂ-ਕੀਮਤਾਂ ਦੀ ਡੂੰਘੀ ਛਾਪ ਵਿਖਾਈ ਦਿੰਦੀ ਹੈ।
ਉਤਰਾਅ-ਚੜ੍ਹਾਅ ਵਾਲਾ ਰਿਹਾ ਜੀਵਨ
24 ਨਵੰਬਰ, 1935 ਨੂੰ ਇੰਦੌਰ ਵਿਚ ਜਨਮੇ ਸਲੀਮ ਖ਼ਾਨ ਦੀ ਜ਼ਿੰਦਗੀ ਦਾ ਸਫ਼ਰ ਬਹੁਤ ਉਤਰਾਅ-ਚੜ੍ਹਾਅ ਵਾਲਾ ਰਿਹਾ ਹੈ। ਡੀਆਈਜੀ ਪੁਲਿਸ ਦੇ ਬੇਟੇ ਸਲੀਮ ਖ਼ਾਨ ਨੂੰ ਚਾਰ ਸਾਲ ਦੀ ਉਮਰ ਵਿਚ ਮਾਂ ਤੋਂ ਦੂਰ ਕਰ ਦਿੱਤਾ ਗਿਆ ਸੀ ਕਿਉਂਕਿ ਮਾਂ ਨੂੰ ਟੀਬੀ ਦੀ ਬਿਮਾਰੀ ਸੀ। ਉਹ ਨਹੀਂ ਚਾਹੁੰਦੀ ਸੀ ਕਿ ਸਲੀਮ ਨੂੰ ਇਹ ਬਿਮਾਰੀ ਲੱਗੇ। ਛੋਟਾ ਜਿਹਾ ਸਲੀਮ ਦਿਨ ਵਿਚ ਅਕਸਰ ਉਸ ਕਮਰੇ ਵੱਲ ਵੇਖਦਾ ਰਹਿੰਦਾ ਸੀ ਜਿਥੇ ਉਸ ਦੀ ਮਾਂ ਦਾ ਪਲੰਘ ਵਿਛਿਆ ਹੁੰਦਾ ਸੀ। ਮਾਂ ਦੀ ਗੋਦ ਤੋਂ ਦੂਰੀ ਦਾ ਦੁੱਖ ਉਸ ਨੂੰ ਸਾਰੀ ਉਮਰ ਰਿਹਾ। ਜਦੋਂ ਸਲੀਮ ਸੱਤ ਸਾਲ ਦੇ ਸਨ ਤਾਂ ਉਸ ਦੀ ਮਾਂ ਨੇ ਦੁਨੀਆ ਛੱਡ ਦਿੱਤੀ। ਕੁਝ ਸਮੇਂ ਬਾਅਦ ਪਿਤਾ ਦਾ ਸਾਇਆ ਵੀ ਉੱਠ ਗਿਆ ਪਰ ਵੱਡੇ ਭਰਾ ਦਾ ਸਾਥ ਮਿਲਿਆ।
ਇਸ ਦੌਰਾਨ ਸਲੀਮ ਨੂੰ ਕ੍ਰਿਕਟ ਦਾ ਸ਼ੌਕ ਜਨੂੰਨ ਵਾਂਗ ਪਨਪਿਆ। ਟੀਚਾ ਸੀ ਦੇਸ਼ ਦੀ ਕ੍ਰਿਕਟ ਟੀਮ ਜਗ੍ਹਾ ਬਣਾਉਣਾ। ਉਦੋਂ ਇੰਦੌਰ ਕ੍ਰਿਕਟ ਦੀ ਨਰਸਰੀ ਸੀ ਕ੍ਰਿਸਚੀਅਨ ਕਾਲਜ। ਸਲੀਮ ਉਥੇ ਪ੍ਰਵੇਸ਼ ਪਾਉਣ ’ਚ ਕਾਮਯਾਬ ਰਹੇ ਪਰ ਦੋ ਸਾਲ ਬਾਅਦ ਹੀ ਉਨ੍ਹਾਂ ਨੂੰ ਅਹਿਸਾਸ ਹੋ ਗਿਆ ਕਿ ਉਹ ਮਿਹਨਤ ਕਰਨ ਦੇ ਬਾਵਜੂਦ ਰਾਜ ਪੱਧਰੀ ਕ੍ਰਿਕਟ ਤੋਂ ਅੱਗੇ ਨਹੀਂ ਵਧ ਸਕੇਗਾ। ਉਨ੍ਹਾਂ ਕ੍ਰਿਕਟ ਨੂੰ ਛੱਡ ਦਿੱਤਾ।
ਪਾਇਲਟ ਬਣਨ ਦਾ ਸੁਪਨਾ
ਫਿਰ ਪਾਇਲਟ ਬਣਨ ਦਾ ਸੁਪਨਾ ਲਿਆ ਤਾਂ ਫਲਾਇੰਗ ਕਲੱਬ ਜੁਆਇਨ ਕਰ ਲਿਆ। ਪਾਇਲਟ ਬਣਨ ਬਾਅਦ ਉਨ੍ਹਾਂ ਨੂੰ ਲੱਗਾ ਕਿ ਹੁਣ ਇਸ ਦੇ ਅੱਗੇ ਕੀ ਕਰਨ ? ਇਸ ਦੌਰਾਨ ਹੀ ਉਨ੍ਹਾਂ ਨੂੰ ਫਿਲਮਾਂ ’ਚ ਆਉਣ ਦਾ ਮੌਕਾ ਮਿਲਿਆ ਪਰ ਕੁਝ ਫਿਲਮਾਂ ’ਚ ਪਰਦੇ ਉਤੇ ਜਲਵਾ ਵਿਖਾਉਣ ਬਾਅਦ ਇਕ ਵਾਰ ਫਿਰ ਸਲੀਮ ਖ਼ਾਨ ਨੂੰ ਲੱਗਾ ਕਿ ਉਹ ਅਭਿਨੈ ਲਈ ਬਣੇ ਹੀ ਨਹੀਂ ਹਨ। ਮੁੰਬਈ ਆਉਣ ਬਾਅਦ ਉਨ੍ਹਾਂ ਨੂੰ ਲੱਗਣ ਲੱਗਾ ਕਿ ਉਨ੍ਹਾਂ ਦਾ ਝੁਕਾਅ ਲੇਖਣੀ ਵੱਲ ਹੈ। ਸ਼ੁਰੂਆਤ ਵਿਚ ਇਕੱਲਿਆਂ ਹੀ ਕਹਾਣੀਆਂ ਲਿਖੀਆਂ। ਕੁਝ ਸਫਲਤਾਵਾਂ ਦੇ ਬਾਅਦ ਉਨ੍ਹਾਂ ਜਾਵੇਦ ਅਖ਼ਤਰ ਨਾਲ ਮਿਿਲ ਕੇ ‘ਜ਼ੰਜ਼ੀਰ’, ‘ਯਾਦੋ ਕੀ ਬਾਰਾਤ’, ‘ਸ਼ੋਅਲੇ’, ‘ਦੀਵਾਰ’ ਫਿਲਮਾਂ ਵਰਗੀਆਂ ਵਧੀਆ ਪਟਕਥਾਵਾਂ ਲਿਖੀਆਂ। ਉਦੋਂ ਸਿਰਫ਼ ਉਨ੍ਹਾਂ ਨੂੰ ਹੀ ਨਹੀਂ,ਹੋਰ ਲੋਕਾਂ ਨੂੰ ਵੀ ਲੱਗਿਆ ਕਿ ਹਾਂ ਕਿ ਇਹ ਕੰਮ ਸਭ ਤੋਂ ਬਿਹਤਰ ਤਰੀਕੇ ਨਾਲ ਕਰ ਸਕਦੇ ਹਨ ਪਰ ਇਸ ਸਨਮਾਨਜਨਕ ਸਫਲਤਾ ਦੇ ਪਿੱਛੇ ਦਾ ਇਨਸਾਨ ਕਦੇ ਬਦਲਦਾ ਨਹੀਂ ਦਿੱਸਿਆ। ਜਾਵੇਦ ਅਖ਼ਤਰ ਨਾਲ ਜੋੜੀ ਟੁੱਟਣ ਤੋਂ ਬਾਅਦ ਵੀ ਸਲੀਮ ਖ਼ਾਨ ਬਹੁਤ ਜ਼ਿਆਦਾ ਸੰਜਮ ਵਿਚ ਰਹੇ। ਕਦੇ ਉਨ੍ਹਾਂ ਦੀ ਆਵਾਜ਼ ’ਚ ਕੱਟੜਤਾ ਨਹੀਂ ਦਿੱਸੀ।
ਸਹਿਜਤਾ ਦੀ ਵੱਡੀ ਮਿਸਾਲ
ਇਕ ਵਾਰ ਫਿਰ ਸਲੀਮ ਖ਼ਾਨ ਨੇ ਸੰਘਰਸ਼ ਕੀਤਾ ਅਤੇ ਇਕੱਲੇ ਹੀ ਫਿਲਮੀ ਕਹਾਣੀਆਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ। ਮਹੇਸ਼ ਭੱਟ ਦੀ ਬਹੁ-ਚਰਚਿਤ ਫਿਲਮ ‘ਨਾਮ’ ਨਾਲ ਉਨ੍ਹਾਂ ਖ਼ੁਦ ਨੂੰ ਫਿਰ ਸਥਾਪਿਤ ਕੀਤਾ। ਸਲੀਮ ਖ਼ਾਨ ਆਪਣੇ ਦੋਸਤਾਂ ਪ੍ਰਤੀ ਬਹੁਤ ਵਫ਼ਾਦਾਰ ਮੰਨੇ ਜਾਂਦੇ ਹਨ। ਉਹ ਰਿਸ਼ਤਿਆਂ ਵਿਚ ਬਹੁਤ ਵਿਸ਼ਵਾਸ ਰੱਖਦੇ ਹਨ ਅਤੇ ਜਦੋਂ ਵੀ ਕਿਸੇ ਨੂੰ ਕੋਈ ਜ਼ਰੂਰਤ ਹੋਈ, ਉਨ੍ਹਾਂ ਚੁੱਪਚਾਪ ਮਦਦ ਦਾ ਹੱਥ ਵਧਾਇਆ। ਫਿਲਮ ਇੰਡਸਟਰੀ ਵਿਚ ਕਈ ਲੋਕ ਦੱਸਦੇ ਹਨ ਕਿ ਸਲੀਮ ਖ਼ਾਨ ਦਾ ਘਰ ਹਮੇਸ਼ਾ ਖੁੱਲ੍ਹਾ ਰਹਿੰਦਾ ਹੈ-ਚਾਹੇ ਉਹ ਨਵਾਂ ਲੇਖਕ ਹੋਵੇ, ਸੰਘਰਸ਼ ਕਰਦਾ ਕਲਾਕਾਰ ਹੋਵੇ ਜਾਂ ਕੋਈ ਪੁਰਾਣਾ ਸਾਥੀ। ਉਹ ਮੰਨਦੇ ਹਨ ਕਿ ਇਨਸਾਨ ਦੀ ਪਛਾਣ ਉਸ ਦੇੇ ਵਿਵਹਾਰ ਤੋਂ ਹੁੰਦੀ ਹੈ, ਨਾ ਕਿ ਉਸ ਦੇ ਦਰਜੇ ਜਾਂ ਪ੍ਰਸਿੱਧੀ ਨਾਲ। ਉਨ੍ਹਾਂ ਵਿਚ ਸਹਿਜਤਾ ਅਜਿਹੀ ਹੈ ਕਿ ਘਰ ਵਿਚ ਕਾਰਾਂ ਦਾ ਕਾਫ਼ਿਲਾ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਆਟੋ ਰਿਕਸ਼ਾ ਦੀ ਸਵਾਰੀ ਕਰਦੇ ਵੇਿਖਆ ਜਾ ਸਕਦਾ ਹੈ।
ਸਮਾਜਿਕ ਸੋਚ
ਸਲੀਮ ਖ਼ਾਨ ਦੀ ਇਕ ਹੋਰ ਪਹਿਲੂ ਉਨ੍ਹਾਂ ਦੀ ਸਮਾਜਿਕ ਸੋਚ ਹੈ। ਉਨ੍ਹਾਂ ਨੇ ਆਪਣੀ ਸਫਲਤਾ ਨੂੰ ਕਦੇ ਹੰਕਾਰ ਵਿਚ ਨਹੀਂ ਬਦਲਿਆ, ਬਲਕਿ ਜਿ਼ੰਮੇਵਾਰੀ ਦੇ ਰੂਪ ਵਿਚ ਵੇਖਿਆ। ਬਾਂਦਰਾ ਵਿਚ ਆਪਣੇ ਘਰ ਦੇ ਸਾਹਮਣੇ ਵਾਲੀ ਸੜਕ ਕਿਨਾਰੇ ਉਨ੍ਹਾਂ ਸੌ ਤੋਂ ਜ਼ਿਆਦਾ ਦਰੱਖ਼ਤ ਲਗਾਏ ਅਤੇ ਕਈ ਸਾਲ ਉਨ੍ਹਾਂ ਦੀ ਦੇਖ-ਭਾਲ ਵੀ ਕੀਤੀ। ਲੰਬੇ ਸਮੇਂ ਤੋਂ ਉਹ ਆਪਣੇ ਫਾਰਮ ਹਾਊਸ ਤੋਂ ਕਈ ਆਦਿਵਾਸੀ ਔਰਤਾਂ ਨੂੰ ਸਹਾਰਾ ਦਿੰਦੇ ਰਹੇ ਹਨ। ਸਲੀਮ ਖ਼ਾਨ ਹਿੰਦੀ ਸਿਨੇਮਾ ਦੇ ਗੋਲਡਨ ਯੁੱਗ ਦੇ ਲੇਖਕ ਨਹੀਂ, ਬਲਕਿ ਇਕ ਅਜਿਹੇ ਇਨਸਾਨ ਨਜ਼ਰ ਆਉਂਦੇ ਹਨ ਕਿ ਜਿਸ ਨੇ ਇਹ ਸਾਬਤ ਕੀਤਾ ਹੈ ਕਿ ਵੱਡਾ ਹੋਣਾ ਸਿਰਫ਼ ਕਾਮਯਾਬੀ ਨਾਲ ਨਹੀਂ, ਬਲਕਿ ਚਰਿੱਤਰ ਅਤੇ ਸੰਵੇਦਨਾ ਨਾਲ ਹੁੰਦਾ ਹੈ।
ਪੁੱਤਰਾਂ ਨੂੰ ਦੂਜਿਆਂ ਦੀ ਇੱਜ਼ਤ ਕਰਨਾ ਸਿਖਾਇਆ
ਸਲੀਮ ਖ਼ਾਨ ਦੇ ਬੇਟੇ ਸਲਮਾਨ ਖ਼ਾਨ, ਅਰਬਾਜ਼ ਖ਼ਾਨ ਤੇ ਸੁਹੇਲ ਖ਼ਾਨ, ਤਿੰਨਾਂ ਨੇ ਕਈ ਵਾਰ ਕਿਹਾ ਕਿ ਉਨ੍ਹਾਂ ਨੂੰ ਪਿਤਾ ਨੇ ਮਿਹਨਤ, ਨਿਮਰਤਾ ਤੇ ਦੂਸਰਿਆਂ ਦੀ ਇੱਜ਼ਤ ਕਰਨਾ ਸਿਖਾਇਆ ਹੈ। ਬੱਚਿਆਂ ਪ੍ਰਤੀ ਉਨ੍ਹਾਂ ਦਾ ਪਿਆਰ ਤੇ ਅਨੁਸ਼ਾਸਨ ਦੋਵੇਂ ਸਮਾਨ ਰੂਪ ’ਚ ਪ੍ਰਸਿੱਧ ਹੈ। ਐਸ਼ਵਰਿਆ ਨਾਲ ਸਲਮਾਨ ਖਾਨ ਦਾ ਵਿਵਾਦ ਹੋਣ ’ਤੇ ਜਦੋਂ ਐਸ਼ ਦੇ ਪਿਤਾ ਥਾਣੇ ਪਹੁੰਚ ਗਏ ਤਾਂ ਮੀਡੀਆ ਨੇ ਸਲੀਮ ਖ਼ਾਨ ਦੀ ਪ੍ਰਤੀਕ੍ਰਿਆ ਜਾਣਨੀ ਚਾਹੀ। ਉਨ੍ਹਾਂ ਸਾਫ਼ ਕਿਹਾ ਕਿ ਉਨ੍ਹਾਂ ਦੀ ਬੇਟੀ ਨਾਲ ਜੇਕਰ ਕਿਸੇ ਨੇ ਬਦਤਮੀਜ਼ੀ ਕੀਤੀ ਹੁੰਦੀ ਤਾਂ ਉਹ ਵੀ ਜ਼ਰੂਰ ਥਾਣੇ ਜਾਂਦੇ।
•
• ਇਕਬਾਲ ਰਿਜ਼ਵੀ