ਪਪਰਾਜ਼ੀ ਸ਼ਬਦ ‘ਪਪਰਾਜ਼ੋ’ ਦਾ ਬਹੁਵਚਨ ਹੈ, ਜੋ ਇਤਾਲਵੀ ਭਾਸ਼ਾ ’ਚੋਂ ਨਿਕਲਿਆ ਹੈ ਪਰ ਇਸਦੇ ਹੋਂਦ ’ਚ ਆਉਣ ਦੀ ਕਹਾਣੀ ਕਾਫ਼ੀ ਦਿਲਚਸਪ ਹੈ। ‘ਪਪਰਾਜ਼ੋ’ ਦਾ ਅਰਥ ਹੈ ‘ਮੱਛਰ’। ਇਹ ਸ਼ਬਦ ਪਹਿਲੀ ਵਾਰ 1960 ’ਚ ਆਈ ਇਤਾਲਵੀ ਫਿਲਮ ‘ਲਾ ਡੋਲਸੇ ਵੀਟਾ’ ’ਚ ਵਰਤਿਆ ਗਿਆ ਸੀ। ਫਿਲਮ ’ਚ ‘ਪਪਰਾਜ਼ੋ’ ਨਾਂ ਦਾ ਇਕ ਬੇਬਾਕ ਤੇ ਬੇਪਰਵਾਹ ਫੋਟੋਗ੍ਰਾਫਰ ਸੀ, ਜੋ ਹਰ ਸਮੇਂ ਮਸ਼ਹੂਰ ਹਸਤੀਆਂ ਦਾ ਪਿੱਛਾ ਕਰਦਾ ਤੇ ਤਸਵੀਰਾਂ ਖਿੱਚਦਾ ਸੀ।

ਆਮ ਲੋਕਾਂ ਦੀ ਜ਼ਿੰਦਗੀ ਬਾਰੇ ਤਾਂ ਕਿਸੇ ਕੋਲੋਂ ਕੁਝ ਲੁਕਿਆ ਨਹੀਂ ਰਹਿੰਦਾ। ਕਿਸੇ ਦੇ ਘਰ ਵਿਚ ਮਾੜੀ-ਮੋਟੀ ਗੱਲ ਵੀ ਹੋ ਜਾਵੇ ਤਾਂ ਪੂਰੇ ਇਲਾਕੇ ਨੂੰ ਖ਼ਬਰ ਹੋ ਜਾਂਦੀ ਹੈ। ਫਿਲਮੀ ਸਿਤਾਰੇ ਵੀ ਇਸ ਤੋਂ ਅਣਛੋਹੇ ਨਹੀਂ ਹਨ। ਬੇਸ਼ੱਕ ਉਹ ਪਰਦੇ ’ਤੇ ਨਾਇਕ ਜਾਂ ਨਾਇਕਾਵਾਂ ਦੀ ਭੂਮਿਕਾ ਨਿਭਾਉਂਦੇ ਹਨ, ਜਿਨ੍ਹਾਂ ਤੋਂ ਵੱਡੀ ਗਿਣਤੀ ਲੋਕ ਮੁਤਾਸਰ ਵੀ ਹੁੰਦੇ ਹਨ। ਪਰ ਹਕੀਕਤ ਇਹ ਹੈ ਕਿ ਉਹ ਇੱਥੇ ਸਿਰਫ਼ ਇਕ ਕਿਰਦਾਰ ਹੀ ਨਿਭਾਅ ਰਹੇ ਹੁੰਦੇ ਹਨ। ਹਕੀਕਤ ਵਿਚ ਤਾਂ ਉਨ੍ਹਾਂ ਦੀ ਜ਼ਿੰਦਗੀ ’ਚ ਵੀ ਬਹੁਤ ਉਤਰਾਅ-ਚੜ੍ਹਾਅ ਆਉਂਦੇ ਹਨ। ਉਨ੍ਹਾਂ ਨੂੰ ਵੀ ਕਈ ਪਰਿਵਾਰਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਇਸ ਬਾਰੇ ਆਮ ਲੋਕਾਂ ਨੂੰ ਘੱਟ-ਵੱਧ ਹੀ ਪਤਾ ਲੱਗਦਾ ਹੈ। ਸਾਲ 1966 ਵਿਚ ਸੱਤਿਆਜੀਤ ਰੇਅ ਦੀ ਬੰਗਾਲੀ ਫਿਲਮ ‘ਨਾਇਕ’ ਅਤੇ ਸਾਲ 1971 ਵਿਚ ਰਿਸ਼ੀਕੇਸ਼ ਮੁਖਰਜੀ ਦੀ ਫਿਲਮ ‘ਗੁੱਡੀ’ ਵਿਚ ਇਸ ਹਕੀਕਤ ਦੇ ਬਾਖ਼ੂਬੀ ਰੂਬਰੂ ਕਰਵਾਇਆ ਜਾਂਦਾ ਹੈ।
ਇਹ ਫਿਲਮੀ ਹਸਤੀਆਂ ਆਪਣੀਆਂ ਫਿਲਮਾਂ ਰਾਹੀਂ ਕੁਝ ਕਾਲਪਨਿਕ, ਚਰਚਿਤ ਤੇ ਸੱਚੀਆਂ ਘਟਨਾਵਾਂ ਨੂੰ ਲੋਕਾਂ ਤੱਕ ਪਹੁੰਚਾਉਂਦੇ ਹਨ। ਕਲਾ ਦੇ ਇਕ ਰੂਪ ਵਜੋਂ ਸਿਨੇਮਾ ਭਾਰਤੀ ਜਨਮਾਨਸ ਦੀ ਜੀਵਨਸ਼ੈਲੀ ਦਾ ਅਤੁਟ ਹਿੱਸਾ ਹੈ, ਇਸ ਲਈ ਇਸਦਾ ਦਾਇਰਾ ਵੀ ਬਹੁਤ ਵਿਸ਼ਾਲ ਹੈ, ਇਸ ਲਈ ਫਿਲਮੀ ਦੁਨੀਆ ਦੇ ਲੋਕਾਂ ਦੇ ਜੀਵਨ ਬਾਰੇ ਜਾਨਣ ਦੀ ਲੋਕਾਂ ਵਿਚ ਕਾਫੀ ਖਾਹਿਸ਼ ਹੁੰਦੀ ਹੈ। ਲੋਕ ਜਾਣਨਾ ਚਾਹੁੰਦੇ ਕਿ ਉਨ੍ਹਾਂ ਦੇ ਪਸੰਦੀਦਾ ਕਲਾਕਾਰ ਕਿਵੇਂ ਦੇ ਘਰਾਂ ‘ਚ ਰਹਿੰਦੇ ਹਨ, ਕਿਹੋ ਜਿਹੀ ਜ਼ਿੰਦਗੀ ਗੁਜ਼ਾਰਦੇ ਹਨ ਅਤੇ ਉਨ੍ਹਾਂ ਦੇ ਪਰਿਵਾਰ ’ਚ ਕੌਣ-ਕੌਣ ਹੈ, ਉਨ੍ਹਾਂ ਨਾਲ ਕੋਈ ਵਿਵਾਦ ਤਾਂ ਨਹੀਂ ਜੁੜਿਆ ਵਗੈਰਾ-ਵਗੈਰਾ। ਜਨਤਕ ਜੀਵਨ ਜਿਉਂਦੇ ਹੋਏ ਇਹ ਕਲਾਕਾਰ ਆਪਣੀ ਨਿੱਜੀ ਜ਼ਿੰਦਗੀ ਬਾਰੇ ਬਹੁਤੇ ਖ਼ੁਲਾਸੇ ਕਰਨ ਤੋਂ ਬਚਦੇ ਰਹਿੰਦੇ ਹਨ ਪਰ ਇਸਦੇ ਬਾਵਜੂਦ ਕੁਝ ਟੀਵੀ, ਰੇਡੀਓ, ਅਖ਼ਬਾਰਾਂ, ਮੈਗਜ਼ੀਨ, ਸੋਸ਼ਲ ਮੀਡੀਆ ’ਤੇ ਸਰਗਰਮ ਅਦਾਰੇ ਉਨ੍ਹਾਂ ਦੇ ਜੀਵਨ ਬਾਰੇ ਕੁਝ ਨਾ ਕੁਝ ਛਾਪਦੇ ਰਹਿੰਦੇ ਹਨ, ਜਿਸ ਵਿਚ ਕੁਝ ਅਸਲੀਅਤ ਦਾ ਤੜਕਾ ਹੁੰਦਾ ਹੈ, ਕੁਝ ਪ੍ਰਮੋਸ਼ਨ ਦੀ ਲੋੜ ਲੁਕੀ ਹੁੰਦੀ ਹੈ ਅਤੇ ਕੁਝ ਗੱਪਸ਼ੱਪ ਹੁੰਦੀ ਹੈ। ਇਸ ਸਭ ਦੇ ਬਾਵਜੂਦ ਉਨ੍ਹਾਂ ਦੀ ਨਿੱਜੀ ਜ਼ਿੰਦਗੀ ’ਤੇ ਬਾਰੀਕੀ ਨਾਲ ਨਜ਼ਰ ਰੱਖਣ ਵਾਲਿਆਂ ਦੀ ਵੀ ਘਾਟ ਨਹੀਂ ਹੁੰਦੀ ਹੈ। ਅਜਿਹੇ ਹੀ ਲੋਕਾਂ ਨੂੰ ਪਪਰਾਜ਼ੀ ਕਿਹਾ ਜਾਂਦਾ ਹੈ, ਜਿਹੜੇ ਹਰ ਵੇਲੇ ਉਨ੍ਹਾਂ ਨੂੰ ਫਾਲੋ ਕਰਦੇ ਰਹਿੰਦੇ ਹਨ।
ਅਜਿਹੇ ਵਿਚ ਇਹ ਜਾਣਨਾ ਵੀ ਜ਼ਰੂਰੀ ਹੋ ਜਾਂਦਾ ਹੈ ਕਿ ਸੈਲੀਬ੍ਰਿਟੀਜ਼ ਦੀ ਜ਼ਿੰਦਗੀ ਦਾ ਹਕੀਕੀ ਪਹਿਲੂ ਕੀ ਹੈ। ਪਪਰਾਜ਼ੀ ਛੋਟੇ ਪਰਦੇ ਤੋਂ ਲੈ ਕੇ ਵੱਡੇ ਪਰਦੇ ਤਕ ਕਲਾਕਾਰਾਂ ਦੇ ਲਾਈਫਸਟਾਈਲ, ਉਨ੍ਹਾਂ ਦੀ ਨਿੱਜੀ ਜ਼ਿੰਦਗੀ, ਪਰਿਵਾਰ ਤੇ ਵਿਵਾਦਾਂ ਬਾਰੇ ਤਸਵੀਰਾਂ ਜਾਂ ਵੀਡੀਓਜ਼ ਦੇ ਰੂਪ ’ਚ ਜਾਣਕਾਰੀ ਫੈਨਜ਼ ਤਕ ਪਹੁੰਚਾਉਂਦੇ ਰਹਿੰਦੇ ਹਨ। ਇਹ ਕਹਿਣਾ ਵਾਜਬ ਹੋਵੇਗਾ ਕਿ ਪਪਰਾਜ਼ੀ, ਸੋਸ਼ਲ ਮੀਡੀਆ ਤੇ ਬਾਲੀਵੁੱਡ ਇੰਡਸਟਰੀ ਇਕ-ਦੂਸਰੇ ਬਿਨਾਂ ਅਧੂਰੇ ਹਨ ਪਰ ਸਮੇਂ ਦੇ ਨਾਲ ਪਪਰਾਜ਼ੀ ਵੀ ਇਕ ਧੰਦਾ ਬਣ ਚੁੱਕਾ ਹੈ। ਅੱਜ-ਕੱਲ੍ਹ ਜੋ ਤੁਹਾਨੂੰ ਸੋਸ਼ਲ ਮੀਡੀਆ ’ਤੇ ਦਿਖਾਇਆ ਜਾਂਦਾ ਹੈ, ਉਸ ਵਿਚ ਕਿੰਨੀ ਕੁ ਸੱਚਾਈ ਹੈ, ਪੇਡ ਸੋਸ਼ਲ ਮੀਡੀਆ ਟ੍ਰੈਂਡਜ਼, ਪੇਡ ਪੋਸਟ, ਪੇਡ ਪਪਰਾਜ਼ੀ, ਇਹ ਸਭ ਕੁਝ ਵੀ ਹੁਣ ਫਰਜ਼ੀ ਹੋ ਚੁੱਕਾ ਹੈ। ਅਸਲ ਵਿਚ ਤਾਂ ਇਹ ਸਭ ਫਿਲਮਾਂ ਦੀ ਹਾਈਪ ਕ੍ਰੀਏਟ ਕਰਨ ਲਈ ਕੀਤਾ ਜਾਂਦਾ ਹੈ, ਤਾਂ ਕਿ ਫਿਲਮਾਂ ਦੀ ਬਾਕਸ ਆਫਿਸ ਕੁਲੈਕਸ਼ਨ ਨੂੰ ਵਧਾਇਆ ਜਾ ਸਕੇ। ਇਸ ਵਿਚ ਵੀ ਅੱਗੋਂ ਘਪਲਾ ਹੁੰਦਾ ਕਿ ਫਿਲਮਾਂ ਦੀ ਕੁਲੈਕਸ਼ਨ ਨੂੰ ਕਿਵੇਂ ਵਧਾ-ਚੜ੍ਹਾ ਕੇ ਦਿਖਾਇਆ ਜਾਵੇ।
ਕਿੱਥੋਂ ਆਇਆ ਪਪਰਾਜ਼ੀ ਸ਼ਬਦ
ਪਪਰਾਜ਼ੀ ਸ਼ਬਦ ‘ਪਪਰਾਜ਼ੋ’ ਦਾ ਬਹੁਵਚਨ ਹੈ, ਜੋ ਇਤਾਲਵੀ ਭਾਸ਼ਾ ’ਚੋਂ ਨਿਕਲਿਆ ਹੈ ਪਰ ਇਸਦੇ ਹੋਂਦ ’ਚ ਆਉਣ ਦੀ ਕਹਾਣੀ ਕਾਫ਼ੀ ਦਿਲਚਸਪ ਹੈ। ‘ਪਪਰਾਜ਼ੋ’ ਦਾ ਅਰਥ ਹੈ ‘ਮੱਛਰ’। ਇਹ ਸ਼ਬਦ ਪਹਿਲੀ ਵਾਰ 1960 ’ਚ ਆਈ ਇਤਾਲਵੀ ਫਿਲਮ ‘ਲਾ ਡੋਲਸੇ ਵੀਟਾ’ ’ਚ ਵਰਤਿਆ ਗਿਆ ਸੀ। ਫਿਲਮ ’ਚ ‘ਪਪਰਾਜ਼ੋ’ ਨਾਂ ਦਾ ਇਕ ਬੇਬਾਕ ਤੇ ਬੇਪਰਵਾਹ ਫੋਟੋਗ੍ਰਾਫਰ ਸੀ, ਜੋ ਹਰ ਸਮੇਂ ਮਸ਼ਹੂਰ ਹਸਤੀਆਂ ਦਾ ਪਿੱਛਾ ਕਰਦਾ ਤੇ ਤਸਵੀਰਾਂ ਖਿੱਚਦਾ ਸੀ। ਇਸ ਪਾਤਰ ਦਾ ਨਾਂ ਬਾਅਦ ’ਚ ਫੋਟੋਗ੍ਰਾਫ਼ਰਾਂ ਲਈ ਇਕ ਪ੍ਰਤੀਕ ਬਣ ਗਿਆ ਜੋ ਤਸਵੀਰਾਂ ਖਿੱਚਣ ਲਈ ਮਸ਼ਹੂਰ ਹਸਤੀਆਂ ਦੇ ਨਿੱਜੀ ਜੀਵਨ ’ਚ ਦਖਲਅੰਦਾਜ਼ੀ ਕਰਦੇ ਹਨ। ਫਿਲਮ ਡਾਇਰੈਕਟਰ ਫੇਡਰਿਕੋ ਫੇਲਿਨੀ ਨੇ ਆਪਣੀ ਆਤਮਕਥਾ ’ਚ ਵੀ ਪਪਰਾਜ਼ੀ ਸ਼ਬਦ ਦਾ ਜ਼ਿਕਰ ਕੀਤਾ ਹੈ। ਉਨ੍ਹਾਂ ਲਿਖਿਆ ਕਿ ਇਹ ਨਾਂ ਅਜਿਹੇ ਭਿੰਨਭਿਨਾਉਂਦੇ ਕੀੜੇ ਵਰਗਾ ਹੈ, ਜੋ ਮੰਡਰਾਉਂਦਾ, ਉੱਛਲਦਾ ਤੇ ਡੰਗ ਮਾਰਦਾ ਹੈ।
ਨਵੇਂ ਅਦਾਕਾਰਾਂ ਦੀ ਮਸ਼ਹੂਰੀ ਤੋਂ ਕਮਾਈ
ਨਵੇਂ ਅਦਾਕਾਰਾਂ ਦੀ ਮਸ਼ਹੂਰੀ ’ਚ ਪਪਰਾਜ਼ੀ ਤੇ ਸੋਸ਼ਲ ਮੀਡੀਆ ਦਾ ਅਹਿਮ ਰੋਲ ਹੈ। ਇਹ ਖ਼ੁਦ ਨੂੰ ਕੈਪਚਰ ਕਰਵਾਉਣ ਤੇ ਸੋਸ਼ਲ ਮੀਡੀਆ ’ਤੇ ਫੇਮਸ ਹੋਣ ਲਈ ਪਪਰਾਜ਼ੀ ਨੂੰ ਪੈਸੇ ਤੱਕ ਆਫਰ ਕਰਦੇ ਹਨ। ਇਹ ਗੱਲ ਖ਼ੁਦ ਪਪਰਾਜ਼ੀ ਵਿਰਲ ਭਿਆਨੀ ਨੇ ਕਬੂਲ ਕੀਤੀ ਹੈ। ਉਨ੍ਹਾਂ ਦੱਸਿਆ ਸੀ ਕਿ ਇਹ ਆਫਰ ਉਨ੍ਹਾਂ ਨੂੰ ਲਗਪਗ ਹਰ ਨਵਾਂ ਕਲਾਕਾਰ ਦਿੰਦਾ ਹੈ ਜੋ ਫੇਮਸ ਹੋਣਾ ਚਾਹੁੰਦਾ ਹੈ। ਮੰਨਿਆ ਜਾਂਦਾ ਹੈ ਕਿ ਪਪਰਾਜ਼ੀ ਕਿਸੇ ਨੂੰ ਵੀ ਫੇਮਸ ਬਣਾ ਸਕਦੇ ਹਨ, ਇਸੇ ਲਈ ਕਈ ਵਾਰ ਪਪਰਾਜ਼ੀ ਵੱਲੋਂ ਵਾਰ-ਵਾਰ ਕੁਝ ਅਣਪਛਾਤੇ ਚਿਹਰੇ ਦਿਖਾਏ ਜਾਂਦੇ ਹਨ, ਜਿਸ ਨਾਲ ਉਹ ਖ਼ੁਦ-ਬ-ਖ਼ੁਦ ਮਸ਼ਹੂਰ ਹੋ ਜਾਂਦੇ ਹਨ ਜਾਂ ਕਹਿ ਲਓ ਕਿ ਮਸ਼ਹੂਰ ਬਣਾ ਦਿੱਤੇ ਜਾਂਦੇ ਹਨ। ਵਿਰਲ ਦਾ ਕਹਿਣਾ ਹੈ ਕਿ ਸੋਸ਼ਲ ਮੀਡੀਆ ਪਪਰਾਜ਼ੀ ਲਈ ਆਮਦਨੀ ਦਾ ਮੁੱਖ ਸ੍ਰੋਤ ਹੈ। ਉਨ੍ਹਾਂ ਵੱਲੋਂ ਸੈਲੀਬ੍ਰਿਟੀਜ਼ ਦੀਆਂ ਖਿੱਚੀਆਂ ਕੈਂਡਿਡ ਤਸਵੀਰਾਂ ਸੋਸ਼ਲ ਮੀਡੀਆ ’ਤੇ ਸਾਂਝੀ ਕਰਦਿਆਂ ਹੀ ਵਾਇਰਲ ਹੋ ਜਾਂਦੀਆਂ ਹਨ, ਜਿਸ ਤੋਂ ਕਲਾਕਾਰ ਤਾਂ ਮਸ਼ਹੂਰ ਹੁੰਦਾ ਹੀ ਹੈ, ਕਾਫ਼ੀ ਮੁਨਾਫ਼ਾ ਵੀ ਹੁੰਦਾ ਹੈ। ਹਰੇਕ ਪਪਰਾਜ਼ੀ ਨਾਲ 15-20 ਫੋਟੋਗ੍ਰਾਫਰ ਜੁੜੇ ਹੁੰਦੇ ਹਨ, ਜੋ ਆਪੋ-ਆਪਣੇ ਇਲਾਕੇ ਜਾਂ ਜਿਹੜੇ ਵੀ ਸੈਲੀਬ੍ਰਿਟੀਜ਼ ਨੂੰ ਕਵਰ ਕਰਦੇ ਹਨ, ਉਨ੍ਹਾਂ ਦੀਆਂ ਤਸਵੀਰਾਂ ਖਿੱਚਣ ਲਈ ਤਿਆਰ-ਬਰ-ਤਿਆਰ ਰਹਿੰਦੇ ਹਨ। ਇਹ ਸੈਲੀਬ੍ਰਿਟੀਜ਼ ਦੇ ਘਰ ਦੇ ਬਾਹਰ, ਜਿਮ ‘ਚ ਵਰਕਆਊਟ ਤੋਂ ਬਾਅਦ, ਸ਼ਾਪਿੰਗ ਮਾਲਜ਼ ਤੇ ਹੋਰ ਥਾਵਾਂ ’ਤੇ ਉਨ੍ਹਾਂ ਤੋਂ ਪਹਿਲਾਂ ਹੀ ਪਹੁੰਚ ਜਾਂਦੇ ਹਨ ਤਾਂ ਜੋ ਉਨ੍ਹਾਂ ਨੂੰ ਕਵਰ ਕਰ ਸਕਣ।
ਪਰੇਸ਼ਾਨੀ ਦਾ ਸਬੱਬ ਬਣਦੇ ਪਪਰਾਜ਼ੀ
ਜਯਾ ਬੱਚਨ ਪਪਰਾਜ਼ੀ ’ਤੇ ਗੁੱਸੇ ਨੂੰ ਲੈ ਕੇ ਅਕਸਰ ਸੁਰਖੀਆਂ ’ਚ ਰਹਿੰਦੀ ਹੈ। ਉਨ੍ਹਾਂ ਨੂੰ ਪਪਰਾਜ਼ੀ ਵੱਲੋਂ ਤਸਵੀਰਾਂ ਲੈਣਾ ਬਿਲਕੁਲ ਵੀ ਪਸੰਦ ਨਹੀਂ ਹੈ। ਇਕ ਵਾਰ ਇਕ ਪਪਰਾਜ਼ੀ ਨੇ ਆਲੀਆ ਭੱਟ ਦੇ ਘਰ ਦੇ ਅੰਦਰ ਦੀਆਂ ਤਸਵੀਰਾਂ ਲੈ ਲਈਆਂ ਸਨ। ਕੈਟਰੀਨਾ ਕੈਫ ਤੇ ਵਿੱਕੀ ਕੌਸ਼ਲ ਦੇ ਵਿਆਹ ’ਚ ਵੀ ਨਿੱਜਤਾ ਦਾ ਖ਼ਿਆਲ ਰੱਖਿਆ ਗਿਆ ਤੇ ਕਿਸੇ ਪਪਰਾਜ਼ੀ ਨੂੰ ਫੋਟੋ ਸ਼ੂਟ ਨਹੀਂ ਕਰਨ ਦਿੱਤਾ ਗਿਆ। ਜੇ ਕਿਸੇ ਨੇ ਡ੍ਰੋਨ ਰਾਹੀਂ ਫੋਟੋ ਸ਼ੂਟ ਕਰਨ ਦੀ ਕੋਸ਼ਿਸ਼ ਕੀਤੀ ਤਾਂ ਡ੍ਰੋਨ ਡੇਗ ਦਿੱਤਾ ਗਿਆ। ਹਾਲਾਂਕਿ ਕਈ ਵਾਰ ਪਪਰਾਜ਼ੀ ਨੂੰ ਜ਼ਿੱਲਤ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਇਸ ਦੀ ਤਾਜ਼ਾ ਉਦਾਹਰਣ ਹੈ ਸੈਫ਼ ਅਲੀ ਖ਼ਾਨ ਤੇ ਕਰੀਨਾ ਕਪੂਰ ਵੱਲੋਂ ਪਪਰਾਜ਼ੀ ਨਾਲ ਕੀਤਾ ਗਿਆ ਰੁੱਖਾ ਵਿਹਾਰ। ਦਰਅਸਲ ਪਪਰਾਜ਼ੀ ਸੈਫ਼-ਕਰੀਨਾ ਦੀਆਂ ਤਸਵੀਰਾਂ ਲੈਣ ਲਈ ਪਿੱਛੇ-ਪਿੱਛੇ ਉਨ੍ਹਾਂ ਦੇ ਘਰ ਦੇ ਅੰਦਰ ਤੱਕ ਪਹੁੰਚ ਗਏ ਅਤੇ ਤਸਵੀਰ ਖਿਚਵਾਉਣ ਲਈ ਜ਼ਿੱਦ ਕਰਨ ਲੱਗੇ, ਜਿਸ ’ਤੇ ਸੈਫ਼ ਨੇ ਖਿੱਝ ਕੱਢਦਿਆਂ ਕਿਹਾ ਕਿ ਸਾਡੇ ਬੈੱਡਰੂਮ ਦੇ ਅੰਦਰ ਆ ਕੇ ਤਸਵੀਰਾਂ ਲੈ ਜਾਓ...। ਜਿੱਥੇ ਨਵੇਂ ਕਲਾਕਾਰ ਆਪਣੀ ਮਸ਼ਹੂਰੀ ਲਈ ਪਪਰਾਜ਼ੀ ਨੂੰ ਪੈਸਾ ਆਫਰ ਕਰਦੇ ਹਨ, ਉੱਥੇ ਆਮਿਰ ਖ਼ਾਨ, ਸ਼ਾਹਰੁਖ ਖ਼ਾਨ ਵਰਗੇ ਤਜਰਬੇਕਾਰ ਕਲਾਕਾਰ ਵੀ ਹਨ ਜੋ ਆਪਣੀ ਪਬਲੀਸਿਟੀ ’ਤੇ ਧੇਲਾ ਵੀ ਖ਼ਰਚ ਨਹੀਂ ਕਰਦੇ ਅਤੇ ਪਪਰਾਜ਼ੀ ਤੋਂ ਦੂਰ ਰਹਿਣਾ ਪਸੰਦ ਕਰਦੇ ਹਨ। ਇਸੇ ਕਾਰਨ ਇਨ੍ਹਾਂ ਦੀਆਂ ਤਸਵੀਰਾਂ ਪਪਰਾਜ਼ੀ ਲੁਕ-ਛੁਪ ਕੇ ਖਿੱਚਦੇ ਹਨ ਅਤੇ ਅੱਗੇ ਅਖ਼ਬਾਰਾਂ-ਮੈਗਜ਼ੀਨਾਂ ਨੂੰ ਵੇਚ ਕੇ ਕਮਾਈ ਕਰਦੇ ਹਨ। ਇਨ੍ਹਾਂ ਦੀ ਹੀ ਤਰ੍ਹਾਂ ਕ੍ਰਿਕਟਰ ਵਿਰਾਟ ਕੋਹਲੀ ਵੀ ਹਨ, ਜੋ ਪਪਰਾਜ਼ੀ ਨੂੰ ਨੇੜੇ ਵੀ ਨਹੀਂ ਢੁੱਕਣ ਦਿੰਦੇ। ਇਕ ਵਾਰ ਤਾਂ ਪਪਰਾਜ਼ੀ ਉਨ੍ਹਾਂ ਦੇ ਹੋਟਲ ਦੇ ਕਮਰੇ ਦੇ ਅੰਦਰ ਤੱਕ ਚਲਾ ਗਿਆ ਸੀ ਤੇ ਤਸਵੀਰਾਂ ਵਾਇਰਲ ਕਰ ਦਿੱਤੀਆਂ, ਜਿਸ ਤੋਂ ਵਿਰਾਟ ਕਾਫੀ ਖ਼ਫਾ ਹੋਏ ਸਨ।
ਬਾਲੀਵੁੱਡ ’ਚ ਆਮਦ
ਸਾਲ 1961 ’ਚ ਟਾਈਮ ਮੈਗਜ਼ੀਨ ’ਚ ਪਪਰਾਜ਼ੀ ਬਾਰੇ ਇਕ ਆਰਟੀਕਲ ਛਪਿਆ ਸੀ, ਜਿਸ ਪਿੱਛੋਂ ਇਹ ਸ਼ਬਦ ਹੋਰ ਵੀ ਮਸ਼ਹੂਰ ਹੋ ਗਿਆ। ਯੋਗੇਨ ਸ਼ਾਹ ਨੂੰ ਭਾਰਤ ਦਾ ਪਹਿਲਾ ਪਪਰਾਜ਼ੀ ਮੰਨਿਆ ਜਾਂਦਾ ਹੈ। ਉਸ ਜ਼ਮਾਨੇ ’ਚ ਜਦੋਂ ਇੰਟਰਨੈੱਟ ਮੀਡੀਆ ਨਹੀਂ ਸੀ ਤਾਂ ਇਨ੍ਹਾਂ ਪਪਰਾਜ਼ੀ ਦਾ ਬਿਜ਼ਨੈੱਸ ਮਾਡਲ ਬੜਾ ਸਾਫ਼ ਸੀ ਕਿ ਸੈਲੀਬ੍ਰਿਟੀਜ਼ ਦੀਆਂ ਅਜਿਹੀਆਂ ਕੈਂਡਿਡ ਫੋਟੋ ਖਿੱਚੋ, ਜੋ ਪਹਿਲਾਂ ਕਿਸੇ ਨੇ ਨਾ ਦੇਖੀਆਂ ਹੋਣ ਅਤੇ ਫਿਰ ਜਾ ਕੇ ਇਨ੍ਹਾਂ ਨੂੰ ਟੈਬਲਾਇਡ ਜਾਂ ਮੈਗਜ਼ੀਨਾਂ ਨੂੰ ਵੇਚ ਦਿਉ। ਸਹੀ ਮਾਅਨਿਆਂ ਵਿਚ ਤਾਂ ਬਾਲੀਵੁੱਡ ’ਚ ਪਪਰਾਜ਼ੀ ਕਲਚਰ ਦੀ ਸ਼ੁਰੂਆਤ 90 ਦੇ ਦਹਾਕੇ ਤੋਂ ਹੁੰਦੀ ਹੈ। ਮੀਡੀਆ ਤੇ ਫੋਟੋਗ੍ਰਾਫੀ ਦੇ ਖੇਤਰ ’ਚ ਤਕਨੀਕ ਵਧਣ ਨਾਲ ਸਿਨੇਮਾ ਜਗਤ ’ਚ ਵੀ ਵੱਡੀਆਂ ਤਬਦੀਲੀਆਂ ਆਈਆਂ। ਟੀਵੀ ਚੈਨਲਾਂ ਤੇ ਮੈਗਜ਼ੀਨਾਂ ਨੇ ਮਸ਼ਹੂਰ ਹਸਤੀਆਂ ਦੇ ਨਿੱਜੀ ਜੀਵਨ ’ਤੇ ਧਿਆਨ ਕੇਂਦਰਿਤ ਕਰਨਾ ਸ਼ੁਰੂ ਕਰ ਦਿੱਤਾ, ਜਿਸ ਨਾਲ ਪਪਰਾਜ਼ੀ ਫੋਟੋਗ੍ਰਾਫ਼ਰਾਂ ਦੀ ਮੰਗ ਵਧ ਗਈ। ਪਪਰਾਜ਼ੀ ਫੋਟੋਗ੍ਰਾਫਰ ਹੁਣ ਮੁੰਬਈ ਦੀਆਂ ਸੜਕਾਂ ’ਤੇ ਹਰ ਸਮੇਂ ਦਿਖਾਈ ਦਿੰਦੇ ਹਨ, ਜੋ ਬਾਲੀਵੁੱਡ ਸਿਤਾਰਿਆਂ ਦੀ ਹਰ ਗਤੀਵਿਧੀ ਨੂੰ ਕਵਰ ਕਰਨ ਦੀ ਕੋਸ਼ਿਸ਼ ’ਚ ਰਹਿੰਦੇ ਹਨ। ਏਅਰਪੋਰਟ ਹੋਵੇ, ਜਿਮ ਹੋਵੇ ਜਾਂ ਕੋਈ ਰੈਸਟੋਰੈਂਟ, ਪਪਰਾਜ਼ੀ ਹਮੇਸ਼ਾ ਹਰ ਜਗ੍ਹਾ ਸੈਲੀਬ੍ਰਿਟੀਜ਼ ਨੂੰ ਕੈਪਚਰ ਕਰਨ ਲਈ ਤਿਆਰ ਰਹਿੰਦੇ ਹਨ। ਉਹ ਅਕਸਰ ਸਿਤਾਰਿਆਂ ਦੇ ਨਿੱਜੀ ਪਲਾਂ ਨੂੰ ਕੈਮਰੇ ’ਚ ਕੈਦ ਕਰਦੇ ਹਨ, ਜੋ ਬਾਅਦ ’ਚ ਮੀਡੀਆ ਤੇ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਜਾਂਦੇ ਹਨ, ਜਿਸ ਤੋਂ ਮੋਟੀ ਕਮਾਈ ਵੀ ਹੁੰਦੀ ਹੈ।
ਫ੍ਰੀਲਾਂਸਰ ਫੋਟੋਗ੍ਰਾਫਰ ਹਨ ਪਪਰਾਜ਼ੀ
ਪਪਰਾਜ਼ੀ ਉਹ ਫ੍ਰੀਲਾਂਸਰ (ਮੁਕਤ/ਆਜ਼ਾਦ) ਫੋਟੋਗ੍ਰਾਫਰ ਹਨ ਜੋ ਅਦਾਕਾਰਾਂ, ਖਿਡਾਰੀਆਂ, ਸਿਆਸਤਦਾਨਾਂ ਤੇ ਹੋਰ ਮਸ਼ਹੂਰ ਹਸਤੀਆਂ ਦੀਆਂ ਤਸਵੀਰਾਂ ਲੈਂਦੇ ਹਨ। ਪਪਰਾਜ਼ੀ ਉਨ੍ਹਾਂ ਦੀਆਂ ਅਜਿਹੀਆਂ ਗਤੀਵਿਧੀਆਂ ਨੂੰ ਕੈਮਰੇ ’ਚ ਕੈਦ ਕਰ ਲੈਂਦੇ ਹਨ, ਜੋ ਦਰਸ਼ਕਾਂ ਲਈ ਕਾਫੀ ਦਿਲਚਸਪ ਤੇ ਮਨੋਰੰਜਕ ਹੁੰਦੀਆਂ ਹਨ। ਜਿਹੜੇ ਸੈਲੀਬ੍ਰਿਟੀਜ਼ ਆਪਣੀਆਂ ਤਸਵੀਰਾਂ ਨਹੀਂ ਖਿੱਚਣ ਦਿੰਦੇ ਉਨ੍ਹਾਂ ਦੀਆਂ ਤਸਵੀਰਾਂ ਲੁਕ-ਛੁਪ ਕੇ ਖਿੱਚਦੇ ਹਨ। ਇਕ ਵੇਲੇ ਤਾਂ ਪਪਰਾਜ਼ੀ ਬਹੁਤ ਬਦਨਾਮ ਹੋ ਗਏ ਸਨ ਕਿਉਂਕਿ ਉਨ੍ਹਾਂ ਦੇ ਜਾਸੂਸੀ ਕੈਮਰਿਆਂ ਦੀਆਂ ਨਜ਼ਰਾਂ ਕਲਾ ਜਗਤ ਦੇ ਮਸ਼ਹੂਰ ਸਿਤਾਰਿਆਂ ਦਾ ਪਿੱਛਾ ਕਰਦੀਆਂ ਰਹਿੰਦੀਆਂ ਸਨ ਤੇ ਉਨ੍ਹਾਂ ਲਈ ਨਿੱਜੀ ਪਲ ਬਿਤਾਉਣਾ ਵੀ ਮੁਸ਼ਕਲ ਹੋ ਗਿਆ ਸੀ। ਇਹ ਟਰੈਂਡ ਅੱਜ ਵੀ ਹੈ ਪਰ ਇਸਦਾ ਰੂਪ ਬਦਲ ਚੁੱਕਾ ਹੈ।
ਐਂਟੀ ਪਪਰਾਜ਼ੀ ਸਕਾਰਫ
ਸੱਚਾਈ ਤਾਂ ਇਹ ਹੈ ਕਿ ਜ਼ਿਆਦਾਤਰ ਕਲਾਕਾਰ ਆਪਣੀ ਪ੍ਰਾਈਵੇਸੀ ਨੂੰ ਚਾਹੁਣ ਤਾਂ ਸੁਰੱਖਿਅਤ ਰੱਖ ਸਕਦੇ ਹਨ। ਇਹੀ ਵਜ੍ਹਾ ਹੈ ਕਿ ਕੁਝ ਸੈਲੀਬ੍ਰਿਟੀਜ਼ ਦੀਆਂ ਤਸਵੀਰਾਂ ਤੁਹਾਨੂੰ ਬਿਲਕੁਲ ਵੀ ਦੇਖਣ ਨੂੰ ਨਹੀਂ ਮਿਲਦੀਆਂ ਜਦਕਿ ਕੁਝ ਦੀਆਂ ਹਰ ਰੋਜ਼ ਅਖ਼ਬਾਰਾਂ ਤੇ ਟੀਵੀ ’ਤੇ ਰੋਜ਼ਾਨਾ ਦੇਖਣ ਨੂੰ ਮਿਲ ਜਾਂਦੀਆਂ ਹਨ। ਹਾਲੀਵੁੱਡ ਅਦਾਕਾਰਾ ਕਿਮ ਕਾਰਦਾਸ਼ੀਆਂ ਬਾਰੇ ਤਾਂ ਇੱਥੋਂ ਤਕ ਕਿਹਾ ਜਾਂਦਾ ਹੈ ਕਿ ਪਪਰਾਜ਼ੀ ਉਸ ਦੀਆਂ ਜਿਹੜੀਆਂ ਤਸਵੀਰਾਂ ਲੈਂਦੇ ਹਨ, ਉਹ ਖ਼ੁਦ ਐਡਿਟ ਕਰ ਕੇ ਵਾਪਸ ਦਿੰਦੀ ਹੈ। ਹਾਲੀਵੁੱਡ ਸੈਲੀਬ੍ਰਿਟੀ ਬਿਓਂਸੇ, ਪੈਰਿਸ ਹਿਲਟਨ ਤੇ ਨਿੱਕ ਜੌਨਸ ਇਕ ਐਂਟੀ ਪਪਰਾਜ਼ੀ ਸਕਾਰਫ ਦਾ ਇਸਤੇਮਾਲ ਕਰਦੇ ਹਨ, ਜੋ ਤੁਹਾਡੀ ਫੋਟੋ ਨੂੰ ਬਲਾਕ ਕਰ ਦਿੰਦਾ ਹੈ। ਜੇ ਫੋਟੋ ਖਿੱਚੀ ਜਾਵੇ ਤਾਂ ਉਹ ਬਿਲਕੁਲ ਕਾਲੀ ਦਿਖਾਈ ਦਿੰਦੀ ਹੈ। ਟੇਲਰ ਸਵਿਫਟ ਤਾਂ ਪਪਰਾਜ਼ੀ ਤੋਂ ਬਚਣ ਲਈ ਇਕ ਡੀਕਾਯ ਗੱਡੀ ਦਾ ਵੀ ਇਸਤੇਮਾਲ ਕਰਦੀ ਹੈ।
ਡਾਇਨਾ ਦੀ ਮੌਤ ਨਾਲ ਮਿਲੀ ਬਦਨਾਮੀ
ਸਾਲ 1997 ‘ਚ ਪੈਰਿਸ ਦੀ ਇਕ ਸੁਰੰਗ ’ਚ ਵਾਪਰੀ ਘਟਨਾ ਨੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਸੀ। ਬ੍ਰਿਟੇਨ ਦੀ ਰਾਜਕੁਮਾਰੀ ਡਾਇਨਾ ਦੀ ਮੌਤ ਨੇ ਲੱਖਾਂ ਦਿਲਾਂ ਨੂੰ ਤੋੜ ਦਿੱਤਾ ਤੇ ਉਨ੍ਹਾਂ ਦੀ ਅਚਾਨਕ ਹੋਈ ਮੌਤ ਪਿੱਛੇ ਦੀ ਕਹਾਣੀ ਅੱਜ ਵੀ ਲੋਕਾਂ ਦੇ ਮਨਾਂ ‘ਚ ਤਾਜ਼ਾ ਹੈ। ਦਰਅਸਲ ਇਕ ਰਾਤ ਡਾਇਨਾ ਆਪਣੇ ਬੁਆਏਫ੍ਰੈਂਡ ਡੋਡੀ ਫਾਇਦ ਤੇ ਡਰਾਈਵਰ ਹੈਨਰੀ ਪਾਲ ਨਾਲ ਪੈਰਿਸ ਦੇ ਰਿਟਜ਼ ਹੋਟਲ ਤੋਂ ਬਾਹਰ ਨਿਕਲੀ। ਉਨ੍ਹਾਂ ਦਾ ਇਰਾਦਾ ਪਪਰਾਜ਼ੀ ਤੋਂ ਬਚ ਕੇ ਆਪਣੇ ਅਪਾਰਟਮੈਂਟ ਤੱਕ ਪਹੁੰਚਣ ਦਾ ਸੀ। ਲਗਾਤਾਰ ਤਸਵੀਰਾਂ ਖਿੱਚਣ ਦੀ ਕੋਸ਼ਿਸ਼ ਕਰ ਰਹੇ ਪਪਰਾਜ਼ੀ ਉਨ੍ਹਾਂ ਦੀ ਕਾਰ ਦਾ ਪਿੱਛਾ ਕਰਨ ਲੱਗੇ। ਬਚਣ ਲਈ ਡਰਾਈਵਰ ਹੈਨਰੀ ਪਾਲ ਨੇ ਕਾਰ ਦੀ ਰਫ਼ਤਾਰ ਵਧਾ ਲਈ, ਜਿਸ ਕਾਰਨ ਸੁਰੰਗ ’ਚ ਕਾਰ ਬੇਕਾਬੂ ਹੋ ਗਈ ਤੇ ਖੰਭੇ ’ਚ ਜਾ ਵੱਜੀ। ਇਸ ਭਿਆਨਕ ਹਾਦਸੇ ’ਚ ਡਾਇਨਾ, ਡੋਡੀ ਫਾਇਦ ਤੇ ਹੈਨਰੀ ਪਾਲ ਦੀ ਮੌਤ ਹੋ ਗਈ ਸੀ।
ਗ਼ਲਤ ਐਂਗਲ ਤੋਂ ਤਸਵੀਰ ਲੈਣ ਕਾਰਨ ਲੱਗੀ ਕਲਾਸ
ਖ਼ੂਬਸੂਰਤ ਅਦਾਕਾਰਾਂ ਨੂੰ ਆਪਣੇ ਕੈਮਰੇ ’ਚ ਕੈਦ ਕਰਨ ਲਈ ਕਾਹਲੇ ਰਹਿਣ ਵਾਲੇ ਪਪਰਾਜ਼ੀ ਨੂੰ ਕਈ ਵਾਰ ਗ਼ਲਤ ਐਂਗਲ ਤੋਂ ਖਿੱਚੀਆਂ ਤਸਵੀਰਾਂ ਲੈਣ ਕਾਰਨ ਝਾੜਾਂ ਵੀ ਪੈਂਦੀਆਂ ਹਨ। ਦਰਅਸਲ, ਪਪਰਾਜ਼ੀ ਵੱਲੋਂ ਖਿੱਚੀਆਂ ਅਜਿਹੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਜਾਂਦੀਆਂ ਹਨ, ਜਿਸ ਕਾਰਨ ਅਦਾਕਾਰਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਜਾਨਵੀ ਕਪੂਰ, ਨੌਰਾ ਫਤੇਹੀ ਤੇ ਮ੍ਰਿਣਾਲ ਠਾਕੁਰ ਤੱਕ ਪਪਰਾਜ਼ੀ ਦੀ ਸ਼ਰੇਆਮ ਕਲਾਸ ਲਗਾ ਚੁੱਕੀਆਂ ਹਨ। ਇਕ ਇੰਟਰਵਿਊ ਦੌਰਾਨ ਜਾਨਵੀ ਕਪੂਰ ਨੇ ਕਿਹਾ ਸੀ ਕਿ ਹੁਣ ਉਹ ਕਿਤੇ ਜਾਣ ਲੱਗਿਆਂ ਆਤਮਵਿਸ਼ਵਾਸੀ ਮਹਿਸੂਸ ਨਹੀਂ ਕਰਦੀ ਕਿਉਂਕਿ ਕੁਝ ਪਪਰਾਜ਼ੀ ਗ਼ਲਤ ਐਂਗਲ ਤੋਂ ਫੋਟੋ ਲੈਂਦੇ ਹਨ। ਉਹ ਤੁਰਦੇ ਹੋਏ ਝਿਜਕਦੀ ਹੈ ਕਿਉਂਕਿ ਉਸ ਦੇ ਦਿਮਾਗ਼ ਵਿਚ ਇਹੀ ਚੱਲਦਾ ਰਹਿੰਦਾ ਹੈ ਕਿ ਕਿਤੇ ਗ਼ਲਤ ਐਂਗਲ ਤੋਂ ਕੋਈ ਤਸਵੀਰ ਨਾ ਖਿੱਚ ਲਵੇ। ਨੌਰਾ ਫਤੇਹੀ ਨੇ ਵੀ ਇਕ ਇੰਟਰਵਿਊ ਦੌਰਾਨ ਪਪਰਾਜ਼ੀ ਪ੍ਰਤੀ ਨਾਰਾਜ਼ਗੀ ਜ਼ਾਹਿਰ ਕਰਨ ਦੇ ਨਾਲ ਅਪੀਲ ਕੀਤੀ ਸੀ ਕਿ ਉਨ੍ਹਾਂ ਦੇ ਬਾਡੀ ਪਾਰਟਸ ਨੂੰ ਜ਼ੂਮ ਕਰ ਕੇ ਨਾ ਦਿਖਾਇਆ ਜਾਵੇ। ਇਸੇ ਤਰ੍ਹਾਂ ਛੋਟੇ ਤੋਂ ਵੱਡੇ ਪਰਦੇ ਤੱਕ ਦਾ ਸਫ਼ਰ ਤੈਅ ਕਰਨ ਵਾਲੀ ਮ੍ਰਿਣਾਲ ਠਾਕੁਰ ਨੇ ਖੁੱਲ੍ਹ ਕੇ ਇਸ ਮੁੱਦੇ ’ਤੇ ਗੱਲਬਾਤ ਕਰਦਿਆਂ ਕਿਹਾ ਸੀ ਕਿ ਗ਼ਲਤ ਐਂਗਲ ਤੋਂ ਕਲਿੱਕ ਕੀਤੀਆਂ ਤਸਵੀਰਾਂ ਦੇਖਣ ਤੋਂ ਬਾਅਦ ਉਨ੍ਹਾਂ ਦੇ ਮੰਮੀ-ਪਾਪਾ ਚੰਗਾ ਮਹਿਸੂਸ ਨਹੀਂ ਕਰਦੇ। ਹਾਲਾਂਕਿ ਅਦਾਕਾਰਾਂ ਮੁਤਾਬਕ ਜਦੋਂ ਉਨ੍ਹਾਂ ਇਸ ਬਾਰੇ ਪਪਰਾਜ਼ੀ ਨਾਲ ਗੱਲ ਕੀਤੀ ਤਾਂ ਉਹ ਸਮਝ ਗਏ।
ਬਸ ਬਹੁਤ ਹੋ ਗਿਆ
ਜਿਨ੍ਹਾਂ ਲੋਕਾਂ ਨੂੰ ਸੱਚਾਈ ਪਤਾ ਨਹੀਂ ਹੁੰਦੀ ਉਹ ਬਹੁਤ ਆਸਾਨੀ ਨਾਲ ਬੇਵਕੂਫ਼ ਬਣ ਜਾਂਦੇ ਹਨ। ਕੁਝ ਲੋਕ ਤਾਂ ਆਪਣੇ ਪਸੰਦੀਦਾ ਸੈਲੀਬ੍ਰਿਟੀ ਵਾਂਗ ਦਿਖਣ ਲਈ ਕੌਸਮੈਟਿਕ ਸਰਜਰੀ ਤੱਕ ਕਰਵਾ ਲੈਂਦੇ ਹਨ। ਉਨ੍ਹਾਂ ਨੂੰ ਲੱਗਦਾ ਹੈ ਕਿ ਇਹੀ ਆਈਡਲ ਲੁੱਕ ਹੈ। ਹਾਲਾਂਕਿ ਬਾਅਦ ਵਿਚ ਉਨ੍ਹਾਂ ਲਈ ਕਈ ਵਾਰ ਨੁਕਸਾਨ ਵੀ ਹੁੰਦਾ ਹੈ। ਕੰਨੜ ਐਕਟਰ ਯਸ਼ ਦੀ ਇਕ ਫੈਨ ਨੇ ਖ਼ੁਦ ਨੂੰ ਅੱਗ ਲਗਾ ਲਈ ਸੀ ਕਿਉਂਕਿ ਉਹ ਆਪਣੇ ਜਨਮਦਿਨ ’ਤੇ ਅਦਾਕਾਰ ਨੂੰ ਮਿਲ ਨਹੀਂ ਸਕੀ ਸੀ। ਇਸੇ ਫੇਕ ਹਾਈਪ ਦਾ ਨੁਕਸਾਨ ਫਿਲਮ ਇੰਡਸਟਰੀ ਨੂੰ ਮਹਿੰਗਾ ਪੈ ਰਿਹਾ ਹੈ। ਇਕ ਵਾਰ ਤਾਂ ਲੋਕ ਫੇਕ ਗਲੈਮਰਸ ਹਾਈਪ ਦੇਖ ਕੇ ਫਿਲਮ ਦੇਖਣ ਚਲੇ ਜਾਣਗੇ ਪਰ ਜੇਕਰ ਵਾਰ-ਵਾਰ ਘਟੀਆ ਫਿਲਮਾਂ ਤੇ ਘਟੀਆ ਅਦਾਕਾਰਾਂ ਨੂੰ ਪ੍ਰਮੋਟ ਕੀਤਾ ਜਾਵੇਗਾ, ਇਨਅਥੈਂਟਿਕ ਇਮੇਜ ਦਿਖਾਈ ਜਾਵੇਗੀ ਤਾਂ ਲੋਕ ਇਕ ਟਾਈਮ ਤੱਕ ਹੀ ਬਰਦਾਸ਼ਤ ਕਰਨਗੇ, ਉਸ ਤੋਂ ਬਾਅਦ ਕਹਿਣਗੇ ‘ਬਸ ਬਹੁਤ ਹੋਇਆ’।
• ਸੀਮਾ ਆਨੰਦ