ਓਮਪੁਰੀ ਦਾ ਪੜ੍ਹਾਈ ਸਮੇਂ ਅੰਗਰੇਜ਼ੀ ਮਾਧਿਅਮ ’ਚ ਹੱਥ ਤੰਗ ਸੀ। ਉਸ ਨੇ ਪੰਜਾਬੀ ਮੀਡੀਅਮ ’ਚ ਪੜ੍ਹਾਈ ਪੂਰੀ ਕੀਤੀ ਸੀ। ਜਦ ਉਹ ‘ਨੈਸ਼ਨਲ ਸਕੂਲ ਆਫ ਡਰਾਮਾ’ ਵਿਚ ਐਕਟਿੰਗ ਦਾ ਡਿਪਲੋਮਾ ਕਰ ਰਿਹਾ ਸੀ ਤਾਂ ਉੱਥੇ ਇੰਗਲਿਸ਼ ਬੋਲਣੀ ਜ਼ਰੂਰੀ ਸੀ।

ਥੀਏਟਰ ਤੋਂ ਲੈ ਕੇ ਸਿਨੇਮਾ ਤੱਕ ਆਪਣੀ ਅਦਾਕਾਰੀ ਦਾ ਜਲਵਾ ਬਿਖੇਰਨ ਵਾਲੇ ਓਮਪੁਰੀ ਨੇ ਬਚਪਨ ਸਮੇਂ ਤੋਂ ਅਦਾਕਾਰ ਬਣਨ ਲਈ ਨਹੀਂ ਸੋਚਿਆ ਸੀ। ਬਚਪਨ ਵਿਚ ਤਾਂ ਉਹ ਇਹ ਸੋਚਦਾ ਸੀ ਕਿ ਉਹ ਵੱਡਾ ਹੋ ਕੇ ਆਰਮੀ ਅਫ਼ਸਰ ਬਣੇਗਾ। ਘਰ ਵਿਚ ਗ਼ਰੀਬੀ ਬਹੁਤ ਸੀ। ਇਸੇ ਲਈ ਛੇ ਸਾਲ ਦੀ ਉਮਰ ਵਿਚ ਹੀ ਇਕ ਚਾਹ ਦੀ ਦੁਕਾਨ ’ਤੇ ਭਾਂਡੇ ਧੋਣ ਦਾ ਕੰਮ ਕਰਨ ਲੱਗ ਪਿਆ ਸੀ। ਉਸ ਚਾਹ ਵਾਲੇ ਨੇ ਦੁਕਾਨ ਤੋਂ ਕੱਢ ਦਿੱਤਾ।ਉਸ ਤੋਂ ਬਾਦ ਫਿਰ ਇਕ ਢਾਬੇ ’ਤੇ ਭਾਂਡੇ ਧੋਣ ਲੱਗਾ। ਥੋੜ੍ਹੇ ਚਿਰ ਬਾਦ ਉਸ ਨੇ ਵੀ ਆਪਣੇ ਢਾਬੇ ਤੋਂ ਕੱਢ ਦਿੱਤਾ। ਉਸ ਤੋਂ ਬਾਦ ਫਿਰ ਆਪਣੇ ਮਾਮੇ ਦੇ ਘਰ ਪਹੁੰਚਾ ਉਸ ਨੇ ਵੀ ਆਪਣੇ ਘਰੋਂ ਕੱਢ ਦਿੱਤਾ ਕਿਉਂਕਿ ਮਾਮਾ ਖ਼ੂਬ ਪੜ੍ਹਾਈ ਕਰਨ ਲਈ ਕਹਿੰਦਾ ਸੀ ਕਿ ਓਮਪੁਰੀ ਪੜ੍ਹ ਕੇ ਓਵਰਸੀਰ ਬਣੇ ਪਰ ਇਹ ਹੋ ਨਾ ਸਕਿਆ।
ਓਮਪੁਰੀ ਦੀ ਜੇ ਸਿਨੇਮਾ ਦੀ ਗੱਲ ਕਰੀਏ ਤਾਂ ਉਹ ਸਿਨੇਮਾ ਨੂੰ ਸਵਾਲ ਉਠਾਉਣ ਵਾਲਾ ਇਕ ਮੰਚ ਮੰਨਦਾ ਸੀ ਕਿ ਕਲਾਕਾਰ ਇਸ ਰਾਹੀਂ ਆਪਣੀ ਗੱਲ ਜਨਤਾ ਤੱਕ ਸਿੱਧੇ ਪਹੁੰਚਾ ਸਕਦਾ ਹੈ। ਓਮਪੁਰੀ ਦਾ ਕਹਿਣਾ ਸੀ ਕਿ ‘ਕਲਾ ਉਹ ਜੋ ਲੋਕਾਂ ਨਾਲ ਜੁੜੇ।’ ਗੰਭੀਰ ਸਿਨੇਮਾ ਤੋਂ ਹਾਸਰਸ ਕਲਾ ਤੱਕ ਆਪਣੀ ਕਲਾ ਦਾ ਲੋਹਾ ਮਨਵਾ ਚੁੱਕਾ ਓਮਪੁਰੀ ਫਿਲਮਾਂ ਦਾ ਅਰਥ ਭਰਪੂਰ ਹੋਣਾ ਬਹੁਤ ਜ਼ਰੂਰੀ ਮੰਨਦਾ ਸੀ। ਹਾਲੀਵੁੱਡ ਤੇ ਬ੍ਰਿਟਿਸ਼ ਫਿਲਮਾਂ ’ਚ ਵੀ ਕੰਮ ਕਰਨ ਵਾਲੇ ਓਮਪੁਰੀ ਨੇ ਜ਼ੋਰਦਾਰ ਕਲਾ ਨਾਲ ਆਪਣੀ ਪਹਿਚਾਣ ਬਣਾਈ। ਉਨ੍ਹਾਂ ਨੇ ਥੀਏਟਰ, ਸਿਨੇਮਾ ਤੇ ਟੀ. ਵੀ ਤੇ ਆਪਣੀ ਕਲਾ ਦੇ ਜੌਹਰ ਵਿਖਾਏ। ਫਿਲਮੀ ਪਰਦੇ ’ਤੇ ਉਸ ਨੇ ਹਰ ਕਿਰਦਾਰ ਕਰਕੇ ਵਾਹ-ਵਾਹ ਖੱਟੀ। ਉਹ ਕਿਸਾਨ ਵੀ ਬਣਿਆ, ਬਜ਼ੁਰਗ ਵੀ ਬਣਿਆ, ਵਿਲੇਨ ਵੀ ਬਣਿਆ, ਕਾਮੇਡੀਅਨ ਵੀ ਬਣਿਆ, ਫ਼ੌਜੀ ਵੀ ਬਣਿਆ, ਪੁਲਿਸ ਵਾਲਾ ਵੀ ਬਣਿਆ। ਇਸ ਤਰ੍ਹਾਂ ਦੇ ਸਾਰੇ ਕਿਰਦਾਰ ਕਰਕੇ ਆਪਣੀ ਕਲਾ ਦਾ ਲੋਹਾ ਮੰਨਵਾਉਣ ਵਾਲੇ ਓਮਪੁਰੀ ਦੀਆਂ ਉਮਰ ਭਰ ਦੀਆਂ ਪ੍ਰਾਪਤੀਆਂ ’ਤੇ ਇਕ ਝਾਤ।
ਜਨਮ ਤੇ ਪੜ੍ਹਾਈ
ਓਮ ਪ੍ਰਕਾਸ਼ ਪੁਰੀ ਦਾ ਜਨਮ 18 ਅਕਤੂਬਰ 1950 ਦਿਨ ਬੁੱਧਵਾਰ ਨੂੰ ਪਿਤਾ ਰਾਜੇਸ਼ ਪੁਰੀ ਅਤੇ ਮਾਤਾ ਤਾਰਾ ਦੇਵੀ ਦੇ ਘਰ ਅੰਬਾਲਾ ਵਿਚ ਹੋਇਆ। ਸਕੂਲ ਦੀ ਪੜ੍ਹਾਈ ਸਨੌਰ ਤੋਂ ਹੋਈ। ਕਾਲਜ ਦੀ ਪੜ੍ਹਾਈ ਪਟਿਆਲਾ ਤੋਂ ਗ੍ਰੈਜ਼ੂਏਸ਼ਨ ਕੀਤੀ। ਉਸ ਤੋਂ ਬਾਦ ‘ਨੈਸ਼ਨਲ ਕਾਲਜ ਆਫ ਡਰਾਮਾ’ ਤੋਂ ਤਿੰਨ ਸਾਲ ਦਾ ਡਿਪਲੋਮਾ ਕੀਤਾ ਤੇ ਫਿਰ ‘ਪੂਨਾ ਫਿਲਮ ਇੰਸਟੀਚਿਊਟ’ ਤੋਂ ਦੋ ਸਾਲ ਦਾ ਐਕਟਿੰਗ ਵਿਚ ਡਿਪਲੋਮਾ ਹਾਸਲ ਕੀਤਾ।
ਆਰਮੀ ਅਫ਼ਸਰ ਬਣਨ ਦਾ ਸੀ ਸੁਪਨਾ
ਓਮਪੁਰੀ ਦਾ ਕਹਿਣਾ ਸੀ ਕਿ ਜਦ ਕਦੇ ਮੈਂ ਰੇਲਵੇ ’ਚ ਸਫ਼ਰ ਕਰਦਾ ਸੀ ਤਾਂ ਸਫ਼ਰ ਕਰਦੇ ਸਮੇਂ ਜਦ ਕਿਸੇ ਆਰਮੀ ਅਫ਼ਸਰ ਨੂੰ ਦੇਖਦਾ ਤਾਂ ਬੜੀ ਰੀਝ ਹੁੰਦੀ ਕਿ ਮੈਂ ਵੀ ਵੱਡਾ ਹੋ ਕੇ ਆਰਮੀ ਅਫ਼ਸਰ ਬਣਾਂਗਾ। ਉਸ ਦੇ ਪਿਤਾ ਵੀ ਆਰਮੀ ’ਚ ਸਨ ਪਰ ਉਸ ਨੇ ਕਦੇ ਆਪਣੇ ਪਿਤਾ ਨੂੰ ਵਰਦੀ ਵਿਚ ਨਹੀਂ ਦੇਖਿਆ ਸੀ ਕਿਉਂਕਿ ਉਸ ਦੇ ਜਨਮ ਤੋਂ ਪਹਿਲਾਂ ਹੀ ਉਸ ਦੇ ਪਿਤਾ ਨੇ ਆਰਮੀ ਛੱਡ ਦਿੱਤੀ ਸੀ ਅਤੇ ਰੇਲਵੇ ਵਿਚ ਨੌਕਰੀ ਕਰ ਲਈ ਸੀ।
ਹਰਪਾਲ ਟਿਵਾਣਾ ਨੇ ਪਛਾਣੀ ਕਲਾ
ਜਦ ਓਮਪੁਰੀ ਪਟਿਆਲੇ ਕਾਲਜ ਗ੍ਰੈਜ਼ੂਏਸ਼ਨ ਕਰ ਰਿਹਾ ਸੀ ਤਾਂ ਉਸ ਨੇ ਪੰਜਾਬੀ ਯੂਨੀਵਰਸਿਟੀ ਵਿਚ ਇਕ ਡਰਾਮਾ ਕੀਤਾ। ਉੱਥੇ ਹਰਪਾਲ ਟਿਵਾਣਾ ਜੱਜ ਦੇ ਤੌਰ ’ਤੇ ਪਹੁੰਚੇ ਹੋਏ ਸਨ। ਉਸ ਡਰਾਮੇ ਤੋਂ ਬਾਦ ਹਰਪਾਲ ਟਿਵਾਣਾ ਨੇ ਓਮਪੁਰੀ ਨੂੰ ਐਕਟਿੰਗ ਦੇ ਗੁਰ ਸਿੱਖਣ ਲਈ ਆਪਣਾ ਥੀਏਟਰ ਗਰੁੱਪ ‘ਨੈਸ਼ਨਲ ਸਕੂਲ ਆਫ ਡਰਾਮਾ’ ਵਿਚ ਦਾਖ਼ਲਾ ਲੈਣ ਲਈ ਕਿਹਾ। ਹਰਪਾਲ ਟਿਵਾਣਾ ਨੇ ਓਮਪੁਰੀ ਨੂੰ ਥੀਏਟਰ ਗਰੁੱਪ ਵਿਚ ਦਾਖ਼ਲਾ ਲੈਣ ਅਤੇੇ 150 ਰੁਪੈ ਮਹੀਨਾ ਦੇਣ ਦਾ ਵਾਅਦਾ ਕੀਤਾ ਤਾਂ ਓਮਪੁਰੀ ਨੇ ‘ਨੈਸ਼ਨਲ ਸਕੂਲ ਆਫ਼ ਡਰਾਮਾ’ ਵਿਚ ਦਾਖ਼ਲਾ ਲੈ ਲਿਆ। ਓਮਪੁਰੀ ਨੇ ਉੱਥੇ ਤਿੰਨ ਸਾਲ ਪੜ੍ਹਾਈ ਕੀਤੀ। ਉਸ ਤੋਂ ਬਾਦ ਫਿਰ ‘ਫਿਲਮ ਇੰਸਟੀਚਿਊਟ ਆਫ ਪੂਨਾ’ ਜਾ ਕੇ 2 ਸਾਲ ਦੀ ਪੜ੍ਹਾਈ ਪੂਰੀ ਕੀਤੀ।
ਫਿਲਮਾਂ ਵੱਲ ਰੁਖ਼
ਓਮਪੁਰੀ ਬਚਪਨ ਸਮੇਂ ਬਹੁਤ ਹੀ ਚੁੱਪਚਾਪ ਰਹਿਣ ਵਾਲਾ ਸ਼ਰਮਾਕਲ ਬੱਚਾ ਸੀ ਪਰ ਉਸ ਦੇ ਅੰਦਰ ਬਹੁਤ ਵੱਡਾ ਕਲਾਕਾਰ ਛੁਪਿਆ ਹੋਇਆ ਸੀ। ਜਦ ਉਹ ਥੀਏਟਰ ਨਾਲ ਜੁੜਿਆ ਤਾਂ ਸਟੇਜਾਂ ’ਤੇ ਡਰਾਮੇ ਖੇਡੇ ਤਾਂ ਉਸ ਨੇ ਸੋਚਿਆ ਕਿ ‘ਮੈਂ ਜੋ ਕੁਝ ਲੋਕਾਂ ਦੇ ਸਾਹਮਣੇ ਰੱਖਣਾ ਚਾਹੁੰਦਾ ਸੀ। ਡਰਾਮੇ ਉਸ ਦਾ ਇਕ ਸਹੀ ਮਾਧਿਅਮ ਹਨ। ਇਸ ਲਈ ਉਸ ਦਾ ਕਲਾ ਨਾਲ ਰਿਸ਼ਤਾ ਹੋਰ ਗੂੜ੍ਹਾ ਹੁੰਦਾ ਚਲਾ ਗਿਆ। ਉਹ ਥੀਏਟਰ ਤੋਂ ਬਾਦ ਸਿੱਧਾ ਸਿਨੇਮਾ ਨਾਲ ਜੁੜਿਆ। ਉਸ ਨੇ 1975’ਚ ਉਸ ਨੇ ਬੰਬੇ ਵੱਲ ਚਾਲੇ ਪਾ ਦਿੱਤੇ। ਸਿਨੇਮਾ ਨੂੰ ਉਹ ਭਾਸ਼ਾ ਮੰਨਦਾ ਸੀ। ਭਾਸ਼ਾ ਵੀ ਉਹ ਜੋ ਸਰਲ ਹੋਵੇ ਤੇ ਲੋਕਾਂ ਦੀ ਸਮਝ ’ਚ ਸਹਿਜ ’ਚ ਹੀ ਆ ਜਾਵੇ। ਜਦ ਪੂਨਾ ਤੋਂ ਡਿਪਲੋਮਾ ਕਰਕੇ ਪੜ੍ਹਾਈ ਪੂਰੀ ਕੀਤੀ ਤਾਂ ਫਿਲਮਾਂ’ਚ ਜਾਣ ਬਾਰੇ ਸੋਚਿਆ। ਕਈਆਂ ਨੇ ਤਾਂ ਇੱਥੋਂ ਤੱਕ ਕਿਹਾ ਕਿ ‘ਨਾ ਤੇਰੀ ਸ਼ਕਲ ਹੀਰੋ ਬਣਨ ਵਾਲੀ, ਨਾ ਤੇਰੀ ਸ਼ਕਲ ਵਿਲੇਨ ਬਣਨ ਵਾਲੀ ਤੇ ਨਾ ਹੀ ਤੇਰੀ ਸ਼ਕਲ ਕਾਮੇਡੀਅਨ ਬਣਨ ਵਾਲੀ ਹੈ। ਉੱਥੇ ਜਾ ਕੇ ਕੀ ਕਰੇਂਗਾ।’ ਕਿਸੇ ਨੇ ਉਸ ਨੂੰ ਸਰਜਰੀ ਕਰਵਾ ਕੇ ਆਪਣਾ ਮੂੰਹ ਸਾਫ਼ ਕਰਵਾਉਣ ਲਈ ਵੀ ਕਿਹਾ ਪਰ ਉਸ ਨੇ ਕਿਸੇ ਦੀ ਪ੍ਰਵਾਹ ਨਹੀ ਂਕੀਤੀ ਸਗੋਂ ਆਪਣੀ ਕਲਾ ਦੇ ਦਮ ’ਤੇ ਬੰਬਈ ਫਿਲਮ ਇੰਡਸਟਰੀ ’ਚ ਇਕ ਕਾਮਯਾਬ ਐਕਟਰ ਬਣ ਕੇ ਦਿਖਾਇਆ। ਓਮਪੁਰੀ ਨੇ ਸਿਨੇਮਾ ਨੂੰ 42 ਸਾਲ ਦਿੱਤੇ। ਇਸ ਸਮੇਂ ਦੌਰਾਨ ਉਸ ਨੇ ਕੋਈ 250 ਤੋਂ ਵੀ ਜ਼ਿਆਦਾ ਫਿਲਮਾਂ ਕੀਤੀਆਂ।
ਪੰਜਾਬੀ ਫਿਲਮਾਂ
ਓਮਪੁਰੀ ਦਾ ਜਨਮ ਅੰਬਾਲਾ ਸ਼ਹਿਰ ਦਾ ਹੈ। ਬੜੀ ਠੋਕਵੀਂ ਪੰਜਾਬੀ ਬੋਲਦਾ ਸੀ। ਜਦ ਕਦੇ ਬੰਬਈ ਪੰਜਾਬੀ ਮਿੱਤਰ ਜਿਵੇਂ ਅਮਰੀਸ਼ ਪੁਰੀ, ਧਰਮਿੰਦਰ ਵਰਗੇ ਆਪਸ ਵਿਚ ਮਿਲਦੇ ਸਨ ਤਾਂ ਓਮਪੁਰੀ ਤੇ ਇਹ ਸਾਰੇ ਪੰਜਾਬੀ ਵਿਚ ਹੀ ਗੱਲਬਾਤ ਨੂੰ ਤਰਜੀਹ ਿਦੰਦੇ ਸਨ। ਪੰਜਾਬ ਦਾ ਹੋਣ ਕਰ ਕੇ ਉਸ ਨੇ ਪੰਜਾਬੀ ਫਿਲਮਾਂ ’ਚ ਵੀ ਬਾਕਮਾਲ ਅਦਾਕਾਰੀ ਕਰਕੇ ਨਾਮਣਾ ਖੱਟਿਆ। ਪੰਜਾਬੀ ਵਿਚ ‘ਚੰਨ ਪ੍ਰਦੇਸੀ’ ਉਸ ਦੀ ਸ਼ਾਹਕਾਰ ਫਿਲਮ ਸੀ। ਪਿੱਛੇ ਜਿਹੇ ਇਹ ਫਿਲਮ ਦੁਬਾਰਾ ਰੰਗਦਾਰ ਕਰਕੇ ਰਿਲੀਜ਼ ਕੀਤੀ ਗਈ ਹੈ। ਉਸ ਦੀਆਂ ਹੋਰ ਪੰਜਾਬੀ ਫਿਲਮਾਂ ਦੇ ਨਾਂਅ ਇਸ ਤਰ੍ਹਾਂ ਹਨ, ਜਿਵੇਂ ‘ਚੰਨ ਪ੍ਰਦੇਸੀ’, ‘ਲੌਂਗ ਦਾ ਲਿਸ਼ਕਾਰਾ’, ‘ਪੁੱਤ ਜੱਟਾਂ ਦੇ’, ‘ਭਾਜੀ ਇਨ ਪ੍ਰਾਬਲਮ’, ‘ਆ ਗਏ ਮੁੰਡੇ ਯੂ. ਕੇ ਦੇ’ ਆਦਿ ਫਿਲਮਾਂ ।
ਟੈਲੀਵਿਯਨ
ਥੀਏਟਰ, ਸਿਨੇਮਾ ਤੋਂ ਇਲਾਵਾ ਟੈਲੀਵਿਯਨ ਤੇ ਵੀ ਆਪਣੀ ਕਲਾ ਬਿਖੇਰ ਚੁੱਕੇ ਹਨ। ਜਿਵੇਂ ‘ਸਦਗਤੀ’, ‘ਦਾ ਜੀਵਲ ਇਨ ਦਾ ਕਰਾਊਂਨ’, ‘ਖ਼ਾਨਦਾਨ’, ‘ਭਾਰਤ ਏਕ ਖ਼ੋਜ’, ‘ਤਮਸ’, ‘ਮਿ. ਯੋਗੀ’, ‘ਸੀਆਈਡੀ’, ‘ਵਾਈਟ ਟੀਥ’ ਆਦਿ ਸਨ।
ਵਿਆਹ
ਓਮ ਪੁਰੀ ਨੇ ਆਪਣੀ ਜ਼ਿੰਦਗੀ ’ਚ ਦੋ ਵਿਆਹ ਕੀਤੇ। ਪਹਿਲਾ ਵਿਆਹ ਉਸ ਨੇ ਨੰਦਿਤਾ ਪੁਰੀ ਨਾਲ 1993 ’ਚ ਕੀਤਾ ਜੋ ਲਗਪਗ 10 ਸਾਲ ਚੱਲਿਆ ਤੇ 2013 ’ਚ ਤਲਾਕ ਹੋ ਗਿਆ। ਦੂਜਾ ਵਿਆਹ ਉਸ ਨੇ ਸੀਮਾ ਕਪੂਰ ਨਾਲ ਕੀਤਾ ਜੋ ਇਕ ਸਾਲ ਵੀ ਨਹੀ ਚੱਲਿਆ। ਉਸਦਾ ਇਕ ਪੁੱਤਰ ਵੇਦ ਪੁਰੀ ਹੈ।
ਆਖ਼ਰੀ ਸਾਹ
6 ਜਨਵਰੀ 2017 ਨੂੰ ਆਪਣੀ 66 ਸਾਲ 2 ਮਹੀਨੇ ਤੇ 19 ਦਿਨ ਦੀ ਜ਼ਿੰਦਗੀ ਭੋਗ ਕੇ ਅੰਧੇਰੀ ਮੁੰਬਈ ’ਚ ਆਖ਼ਰੀ ਸਾਹ ਲਏ। ਆਪਣੀ ਦਮਦਾਰ ਅਦਾਕਾਰੀ ਕਰਕੇ ਹਮੇਸ਼ਾ ਸਾਡੇ ਚੇਤਿਆਂ ’ਚ ਵੱਸੇ ਰਹਿਣਗੇ ਓਮਪੁਰੀ। ਹਾਲੀਵੁੱਡ ਲਈ ਸਿੱਖੀ ਅੰਗਰੇਜ਼ੀ
ਓਮਪੁਰੀ ਦਾ ਪੜ੍ਹਾਈ ਸਮੇਂ ਅੰਗਰੇਜ਼ੀ ਮਾਧਿਅਮ ’ਚ ਹੱਥ ਤੰਗ ਸੀ। ਉਸ ਨੇ ਪੰਜਾਬੀ ਮੀਡੀਅਮ ’ਚ ਪੜ੍ਹਾਈ ਪੂਰੀ ਕੀਤੀ ਸੀ। ਜਦ ਉਹ ‘ਨੈਸ਼ਨਲ ਸਕੂਲ ਆਫ ਡਰਾਮਾ’ ਵਿਚ ਐਕਟਿੰਗ ਦਾ ਡਿਪਲੋਮਾ ਕਰ ਰਿਹਾ ਸੀ ਤਾਂ ਉੱਥੇ ਇੰਗਲਿਸ਼ ਬੋਲਣੀ ਜ਼ਰੂਰੀ ਸੀ। ਇਸ ਲਈ ਉਹ ਇਹ ਡਿਪਲੋਮਾ ਵਿਚ ਵਿਚਾਲੇ ਹੀ ਛੱਡਣ ਦਾ ਮਨ ਬਣਾ ਬੈਠਾ ਕਿ ਮੈਂ ਵਾਪਸ ਚਲੇ ਜਾਣਾ ਹੈ। ਉੱਥੇ ਡਰਾਮਾ ਕਰਾਉਣ ਵਾਲੇ ਗੁਰੁੂੁ ਨੇ ਸਮਝਾਇਆ ਕਿ ਜਿਵੇਂ ਪੰਜਾਬੀ, ਹਿੰਦੀ ਇਕ ਭਾਸ਼ਾ ਹੈ ਉਵੇਂ ਹੀ ਅੰਗਰੇਜ਼ੀ ਵੀ ਇਕ ਭਾਸ਼ਾ ਹੈ। ਇਸ ਤੋਂ ਡਰਨ ਦੀ ਲੋੜ ਨਹੀਂ।
ਉਸ ਨੇ ਓਮਪੁਰੀ ਨੂੰ ਦੋ ਚਾਰ ਜ਼ਰੂਰੀ ਨੁਕਤੇ ਦੱਸੇ ਕਿ ਸੁਬਹਾ ਸਵੇਰੇ ਰੋਜ਼ਾਨਾ ਅੰਗਰੇਜ਼ੀ ਅਖ਼ਬਾਰ ਜ਼ੋਰ-ਜ਼ੋਰ ਦੀ ਪੜ੍ਹਨਾ ਹੈ। ਦੂਜਾ ਰੇਡੀਓ ’ਤੇ ਅੰਗਰੇਜ਼ੀ ਦੀਆਂ ਖ਼ਬਰਾਂ ਧਿਆਨ ਨਾਲ ਰੋਜ਼ ਸੁਣੋ। ਤੀਜਾ ਦੋ ਅੰਗਰੇਜ਼ੀ ਬੋਲਣ ਵਾਲਿਆਂ ਨੂੰ ਧਿਆਨ ਨਾਲ ਸੁਣੋ। ਚੌਥਾ ਆਪ ਵੀ ਰੋਜ਼ਾਨਾ ਜ਼ੋਰ-ਜ਼ੋਰ ਦੀ ਅੰਗਰੇਜ਼ੀ ਬੋਲੋ। ਜੇ ਗ਼ਲਤੀ ਹੋ ਜਾਵੇ ਤਾਂ ਸ਼ਰਮਾਉ ਨਹੀ ਸਗੋਂ ਬੇਸ਼ਰਮ ਹੋ ਕੇ ਬੋਲੋ। ਬੱਸ ਓਮਪੁਰੀ ਨੇ ਅੰਗਰੇਜ਼ੀ ਸਿੱਖ ਲਈ। ਅੰਗਰੇਜ਼ੀ ਸਿੱਖਣ ਤੋਂ ਬਾਦ ਉਸ ਨੇ ਕੋਈ 20 ਫਿਲਮਾਂ ਅੰਗਰੇਜ਼ੀ ਭਾਸ਼ਾ ਦੀਆਂ ਕੀਤੀਆਂ। ਹਿੰਦੀ ਤੇ ਅੰਗਰੇਜ਼ੀ ਦੇ ਨਾਲ-ਨਾਲ ਉਸ ਨੇ ਹੋਰ ਭਾਸ਼ਾਵਾਂ ਜਿਵੇਂ ਮਰਾਠੀ, ਕੰਨੜ, ਗੁਜਰਾਤੀ, ਮਲਿਆਲਮ, ਤੇਲਗੂ, ਬੰਗਾਲੀ ਆਦਿ ਭਾਸ਼ਾਵਾਂ ’ਚ ਵੀ ਕਈ ਫਿਲਮਾਂ ਕੀਤੀਆਂ।•
-ਧਰਮਿੰਦਰ ਸਿੰਘ ਚੱਬਾ