ਮ੍ਰਿਣਾਲਿਨੀ ਨੂੰ ਉਸ ਦੇ ਕਾਰਜਾਂ ਲਈ ਭਾਰਤ ਸਰਕਾਰ ਵੱਲੋਂ 1965 ਵਿਚ ‘ਪਦਮਸ਼੍ਰੀ’ ਤੇ 1992 ਵਿਚ ‘ਪਦਮ ਭੂਸ਼ਣ’ ਦੇ ਕੇ ਸਨਮਾਨਿਤ ਕੀਤਾ ਗਿਆ। 1997 ਵਿਚ ਉਸ ਨੂੰ ਯੂਨੀਵਰਸਿਟੀ ਆਫ ਈਸਟ ਐਂਗਲੀਆ, ਨੌਰਵਿਚ, ਯੂਕੇ ਵੱਲੋਂ ‘ਡਾਕਟਰ ਆਫ ਲੈਟਰਜ਼’ ਦੀ ਆਨਰੇਰੀ ਡਿਗਰੀ ਪ੍ਰਦਾਨ ਕੀਤੀ ਗਈ। ਡਾਂਸ ਫ੍ਰੈਂਚ ਆਰਕਾਈਵਜ਼ ਤੋਂ ਮੈਡਲ ਅਤੇ ਡਿਪਲੋਮਾ ਹਾਸਿਲ ਕਰਨ ਵਾਲੀ ਉਹ ਪਹਿਲੀ ਭਾਰਤੀ ਔਰਤ ਸੀ।

ਭਾਰਤ ਦੀ ਉੱਘੀ ਸ਼ਾਸਤਰੀ ਨ੍ਰਿਤਕਾਰਾ ਮ੍ਰਿਣਾਲਿਨੀ ਸਾਰਾਭਾਈ ਦਾ ਜਨਮ 11 ਮਈ 1918 ਨੂੰ ਕੇਰਲ ਵਿਖੇ ਪਿਤਾ ਸਵਾਮੀਨਾਥਨ ਦੇ ਘਰ ਮਾਤਾ ਅੰਮੂ ਦੇ ਘਰ ਹੋਇਆ। ਇਸ ਪਰਿਵਾਰ ਨੇ ਆਪੋ-ਆਪਣੇ ਖੇਤਰਾਂ ’ਚ ਮਹੱਤਵਪੂਰਨ ਕਾਰਜ ਕੀਤੇ।
ਪਰਿਵਾਰ ਤੇ ਸਕੂਲੀ ਸਿੱਖਿਆ
ਮ੍ਰਿਣਾਲਨੀ ਦੇ ਪਿਤਾ ਮਦਰਾਸ ਹਾਈ ਕੋਰਟ ਦੇ ਪ੍ਰਸਿੱਧ ਵਕੀਲ ਹੋਣ ਦੇ ਨਾਲ-ਨਾਲ ਮਦਰਾਸ ਲਾਅ ਕਾਲਜ ਦੇ ਪ੍ਰਿੰਸੀਪਲ ਵੀ ਰਹੇ। ਮਾਂ ਅੰਮੂ ਆਪਣੇ ਸਮੇਂ ਦੀ ਸਿਰਕੱਢ ਔਰਤ ਸੀ, ਜਿਸ ਨੇ ਜੰਗੇ-ਆਜ਼ਾਦੀ ’ਚ ਭਰਪੂਰ ਯੋਗਦਾਨ ਦਿੱਤਾ। ਵੱਡੀ ਭੈਣ ਲਕਸ਼ਮੀ ਸਹਿਗਲ ਨੇਤਾ ਜੀ ਸੁਭਾਸ਼ ਚੰਦਰ ਬੋਸ ਦੁਆਰਾ ਸਥਾਪਿਤ ਆਜ਼ਾਦ ਹਿੰਦ ਫ਼ੌਜ (ਇੰਡੀਅਨ ਨੈਸ਼ਨਲ ਆਰਮੀ) ਵਿਚ ‘ਰਾਣੀ ਝਾਂਸੀ ਰੈਜੀਮੈਂਟ’ ਦੀ ਕਮਾਂਡਰ-ਇਨ-ਚੀਫ ਸੀ। ਉਸ ਦਾ ਵੱਡਾ ਭਰਾ ਗੋਵਿੰਦ ਸਵਾਮੀਨਾਥਨ ਪਿਤਾ ਵਾਂਗ ਹੀ ਮਦਰਾਸ ਦਾ ਪ੍ਰਸਿੱਧ ਵਕੀਲ ਰਿਹਾ, ਜਿਸ ਨੂੰ ਸੰਵਿਧਾਨਕ ਅਤੇ ਕ੍ਰਿਮੀਨਲ ਲਾਅ ਦੇ ਨਾਲ-ਨਾਲ ਸਿਵਲ ਤੇ ਕੰਪਨੀ ਲਾਅ ’ਚ ਵੀ ਕਾਫ਼ੀ ਮੁਹਾਰਤ ਸੀ। ਉਸ ਨੇ ਮਦਰਾਸ ਦੇ ਅਟਾਰਨੀ ਜਨਰਲ ਵਜੋਂ ਵੀ ਸੇਵਾਵਾਂ ਨਿਭਾਈਆਂ। ਮ੍ਰਿਣਾਲਿਨੀ ਨੇ ਆਪਣੇ ਕਾਰਜ ਖੇਤਰ ’ਚ ਕਲਾਸੀਕਲ ਡਾਂਸਰ, ਕੋਰੀਓਗ੍ਰਾਫਰ ਤੇ ਇੰਸਟ੍ਰੱਕਟਰ ਵਜੋਂ ਪ੍ਰਸਿੱਧੀ ਹਾਸਲ ਕੀਤੀ।
ਉਸ ਨੇ ਆਪਣਾ ਬਚਪਨ ਸਵਿਟਜ਼ਰਲੈਂਡ ਵਿਖੇ ਬਿਤਾਇਆ, ਜਿੱਥੇ ਉਸ ਨੇ ਡੈਲਕਰੋਜ਼ ਸਕੂਲ ’ਚ ਪੜ੍ਹਾਈ ਕੀਤੀ। ਇਸ ਸਕੂਲ
ਵਿਚ ਪੱਛਮੀ ਸ਼ੈਲੀ ਦੀਆਂ ਨ੍ਰਿਤ-ਮੁਦਰਾਵਾਂ ਸਿਖਾਈਆਂ ਜਾਂਦੀਆਂ ਸਨ। ਕੁਝ ਸਮਾਂ ਉਸ ਨੇ ਗੁਰੂਦੇਵ ਰਾਬਿੰਦਰ ਨਾਥ ਟੈਗੋਰ ਦੀ ਦੇਖ-ਰੇਖ ਹੇਠ ਸ਼ਾਂਤੀ ਨਿਕੇਤਨ ਵਿਖੇ ਵੀ ਪੜ੍ਹਾਈ ਕੀਤੀ। ਉਹ ਅਮਰੀਕਾ ਦੀ ਅਮੈਰਿਕਨ ਅਕੈਡਮੀ ਆਫ਼ ਡਰਾਮੈਟਿਕ ਆਰਟਸ ਵਿਚ ਵੀ ਪੜ੍ਹਦੀ ਰਹੀ। ਭਾਰਤ ਵਿਚ ਉਸ ਨੇ ਦੱਖਣ-ਭਾਰਤੀ ਕਲਾਸੀਕਲ ਨ੍ਰਿਤ ਸ਼ੈਲੀਆਂ ਦੀ ਸਿਖਲਾਈ ਪ੍ਰਾਪਤ ਕੀਤੀ। ਇਨ੍ਹਾਂ ਵਿਚ ਭਰਤ ਨਾਟਿਅਮ ਅਤੇ ਕਥਾਕਲੀ ਨ੍ਰਿਤ ਪ੍ਰਮੁੱਖ ਸਨ। ਇਨ੍ਹਾਂ ਸ਼ੈਲੀਆਂ ਵਿਚ ਪ੍ਰਵੀਣ ਹੋਣ ਲਈ ਉਸ ਨੇ ਕ੍ਰਮਵਾਰ ਮੀਨਾਕਸ਼ੀ ਸੁੰਦਰ ਪਿੱਲੈ ਅਤੇ ਤਕਸ਼ੀ ਕੁੰਚੂ ਕੁਰੂਪ ਦੀ ਸ਼ਾਗਿਰਦੀ ਕਬੂਲ ਕੀਤੀ।
ਬੱਚਿਆਂ ਨੇ ਵੀ ਪ੍ਰਾਪਤ ਕੀਤੀ ਪ੍ਰਸਿੱਧੀ
1942 ਵਿਚ ਮ੍ਰਿਣਾਲਿਨੀ ਦਾ ਵਿਆਹ ਭਾਰਤੀ ਸਪੇਸ ਪ੍ਰੋਗਰਾਮ ਦੇ ਪਿਤਾਮਾ ਵਿਕਰਮ ਸਾਰਾਭਾਈ ਨਾਲ ਹੋਇਆ, ਜਿਨ੍ਹਾਂ ਨੇ ਉਸ ਨੂੰ ਆਪਣੀਆਂ ਗਤੀਵਿਧੀਆਂ ਲਈ ਪੂਰੀ ਖੁੱਲ੍ਹ ਦਿੱਤੀ ਹੋਈ ਸੀ। ਉਨ੍ਹਾਂ ਦੇ ਦੋ ਬੱਚੇ ਬੇਟੀ ਮਲਿਕਾ ਤੇ ਬੇਟਾ ਕਾਰਤੀਕੇਯ ਹਨ। ਦੋਵਾਂ ਬੱਚਿਆਂ ਨੇ ਵੀ ਮਾਂ ਵਾਂਗ ਨ੍ਰਿਤ ਅਤੇ ਥੀਏਟਰ ਵਿਚ ਬਹੁਤ ਪ੍ਰਸਿੱਧੀ ਪ੍ਰਾਪਤ ਕੀਤੀ ਹੈ। 1948 ਵਿਚ ਮ੍ਰਿਣਾਲਿਨੀ ਨੇ ਅਹਿਮਦਾਬਾਦ ਵਿਖੇ ‘ਦਰਪਣ’ ਨਾਂ ਦੀ ਪਰਫਾਰਮਿੰਗ ਆਰਟਸ ਦੀ ਅਕੈਡਮੀ ਸ਼ੁਰੂ ਕੀਤੀ। ਇਕ ਸਾਲ ਪਿੱਛੋਂ ਉਸ ਨੇ ਪੈਰਿਸ ਦੇ ‘ਥੀਏਟਰ ਡੀ ਚੈਲੀਅਟ’ ਵਿਚ ਆਪਣੀ ਪੇਸ਼ਕਾਰੀ ਦਿੱਤੀ, ਜਿਸ ਦੀ ਦੂਰ-ਦੁਰਾਡੇ ਕਾਫ਼ੀ ਪ੍ਰਸੰਸਾ ਹੋਈ।
ਪਦਮਸ਼੍ਰੀ ਤੇ ਪਦਮ ਭੂਸ਼ਣ ਨਾਲ ਸਨਮਾਨਿਤ
ਮ੍ਰਿਣਾਲਿਨੀ ਨੂੰ ਉਸ ਦੇ ਕਾਰਜਾਂ ਲਈ ਭਾਰਤ ਸਰਕਾਰ ਵੱਲੋਂ 1965 ਵਿਚ ‘ਪਦਮਸ਼੍ਰੀ’ ਤੇ 1992 ਵਿਚ ‘ਪਦਮ ਭੂਸ਼ਣ’ ਦੇ ਕੇ ਸਨਮਾਨਿਤ ਕੀਤਾ ਗਿਆ। 1997 ਵਿਚ ਉਸ ਨੂੰ ਯੂਨੀਵਰਸਿਟੀ ਆਫ ਈਸਟ ਐਂਗਲੀਆ, ਨੌਰਵਿਚ, ਯੂਕੇ ਵੱਲੋਂ ‘ਡਾਕਟਰ ਆਫ ਲੈਟਰਜ਼’ ਦੀ ਆਨਰੇਰੀ ਡਿਗਰੀ ਪ੍ਰਦਾਨ ਕੀਤੀ ਗਈ। ਡਾਂਸ ਫ੍ਰੈਂਚ ਆਰਕਾਈਵਜ਼ ਤੋਂ ਮੈਡਲ ਅਤੇ ਡਿਪਲੋਮਾ ਹਾਸਿਲ ਕਰਨ ਵਾਲੀ ਉਹ ਪਹਿਲੀ ਭਾਰਤੀ ਔਰਤ ਸੀ। 1990 ਵਿਚ ਉਸ ਨੂੰ ਪੈਰਿਸ ਦੀ ਅੰਤਰਰਾਸ਼ਟਰੀ ਡਾਂਸ ਕੌਂਸਲ ਦੀ ਐਗਜ਼ੀਕਿਊਟਿਵ ਕਮੇਟੀ ਲਈ ਨਾਮਜ਼ਦ ਕੀਤਾ ਗਿਆ।
1994 ਵਿਚ ਸੰਗੀਤ ਨਾਟਕ ਅਕੈਡਮੀ, ਨਵੀਂ ਦਿੱਲੀ ਵੱਲੋਂ ਮ੍ਰਿਣਾਲਿਨੀ ਨੂੰ ਫੈਲੋਸ਼ਿਪ ਦਿੱਤੀ ਗਈ। ਮੈਕਸੀਕੋ ਦੀ ਬੈਲੇ ਫੋਕਲੋਰਿਕੋ ਲਈ ਉਸ ਨੂੰ ਮੈਕਸੀਕਨ ਸਰਕਾਰ ਵੱਲੋਂ ਗੋਲਡ ਮੈਡਲ ਭੇਟ ਕੀਤਾ ਗਿਆ। 28 ਦਸੰਬਰ 1998 ਨੂੰ ‘ਦਰਪਣ ਅਕੈਡਮੀ ਆਫ ਪ੍ਰਫਾਰਮਿੰਗ ਆਰਟਸ’ ਨੇ ਆਪਣੀ ਗੋਲਡਨ ਜੁਬਲੀ ਸਮੇਂ ਕਿਸੇ ਸ਼ਖ਼ਸੀਅਤ ਨੂੰ ਕਲਾਸੀਕਲ ਨ੍ਰਿਤ ਦੇ ਖੇਤਰ ਵਿਚ ‘ਮ੍ਰਿਣਾਲਿਨੀ ਸਾਰਾਭਾਈ ਐਵਾਰਡ ਫਾਰ ਕਲਾਸੀਕਲ ਐਕਸੀਲੈਂਸ” ਹਰ ਵਰ੍ਹੇ ਦੇਣ ਦਾ ਐਲਾਨ ਕੀਤਾ।
ਅੰਮਾ ਕਹਿ ਕੇ ਬੁਲਾਉਂਦੇ ਸਨ ਜਾਣਕਾਰ
ਮੌਤ ਤੋਂ ਇਕ ਦਿਨ ਪਹਿਲਾਂ ਹੀ ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ, ਪਰ ਅਗਲੇ ਹੀ ਦਿਨ, 21 ਜਨਵਰੀ 2016 ਨੂੰ ਅਹਿਮਦਾਬਾਦ (ਗੁਜਰਾਤ) ਵਿਖੇ ਉਸ ਦਾ ਦੇਹਾਂਤ ਹੋ ਗਿਆ। ਉਸ ਦੇ ਜਾਣਕਾਰ ਉਸ ਨੂੰ ਅੰਮਾ ਕਹਿ ਕੇ ਬੁਲਾਉਂਦੇ ਸਨ। ਉਸ ਦੀ ‘ਦਰਪਣ’ ਅਕੈਡਮੀ ਵੱਲੋਂ ਹੁਣ ਤਕ ਕਰੀਬ ਅਠਾਰਾਂ ਹਜ਼ਾਰ ਵਿਦਿਆਰਥੀਆਂ ਨੂੰ ਸ਼ਾਸਤਰੀ ਨਾਚਾਂ ਦੀ ਸਿੱਖਿਆ ਦਿੱਤੀ ਜਾ ਚੁੱਕੀ ਹੈ।
• ਪ੍ਰੋ. ਨਵ ਸੰਗੀਤ ਸਿੰਘ