ਕਈ ਪੰਜਾਬੀ ਰੈਪਰ ਕਿਸਾਨ ਸੰਘਰਸ਼, ਹੱਕਾਂ, ਸਮਾਜਿਕ ਨਿਆਂ ਅਤੇ ਪੰਜਾਬੀਅਤ ਬਾਰੇ ਪ੍ਰੋਟੈਸਟ ਰੈਪ ਕਰਦੇ ਹਨ। ਪੰਜਾਬੀ ਰੈਪ ਵਿਚ ਇਕ ਬਹੁਤ ਵੱਡਾ ਜਜ਼ਬਾ ਕਿ ਮੈਂ ਅੱਗੇ ਵੱਧ ਕੇ ਵਿਖਾਵਾਂਗਾ, ਮੇਰੇ ਦਿਨ ਵੀ ਆਉਣਗੇ ਵੀ ਮਿਲਦਾ ਹੈ। ਪਰ ਇਸ ਦੇ ਨਾਲ ਨਾਲ ਨਸ਼ੇ ਦਾ ਰੁਝਾਨ, ਗੈਂਗਸਟਰ ਨੂੰ ਗਲੋਰੀਫਾਈ ਕਰਨ, ਹਿੰਸਾ ਨੂੰ ਪ੍ਰਮੋਟ ਕਰਨ, ਸ਼ੇਖੀਆਂ ਮਾਰਨ ਅਤੇ ਫੁਕਰਾਪੰਥੀ ਵਾਲਾ ਗ਼ਲਤ ਰਾਹ ਚੁਣਨ ਦੇ ਰੁਝਾਨ ਵਿਚ ਚਿੰਤਾਜਨਕ ਵਾਧਾ ਹੋ ਰਿਹਾ ਹੈ।
ਹਿੱਪ-ਹੌਪ ਸੰਗੀਤ ਨੂੰ ਕੇਵਲ ਸੰਗੀਤ ਹੀ ਨਹੀਂ, ਸਗੋਂ ਕਲਚਰਲ ਲਹਿਰ ਦਾ ਨਾਂ ਦਿੱਤਾ ਹੈ, ਜੋ 1970 ਦੇ ਦਹਾਕੇ ’ਚ ਨਿਊਯਾਰਕ ਦੇ ਬਰੌਂਕਸ ਇਲਾਕੇ ’ਚ ਅਫਰੀਕਨ-ਅਮਰੀਕਨ ਤੇ ਲਾਤੀਨੀ ਨੌਜਵਾਨਾਂ ਵੱਲੋਂ ਸ਼ੁਰੂ ਹੋਈ ਸੀ। ਹਿੱਪ-ਹੌਪ ਵਿਚ ਸੰਗੀਤ, ਨਾਚ ਕਲਾ ਤੇ ਜੀਵਨਸ਼ੈਲੀ ਸਭ ਕੁਝ ਸ਼ਾਮਿਲ ਹੁੰਦਾ ਹੈ। ਨੌਜਵਾਨ ਹਿੱਪ-ਹੌਪ/ ਰੈਪ ਰਾਹੀਂ ਆਪਣੀ ਜ਼ਿੰਦਗੀ, ਜਜ਼ਬਾਤ ਤੇ ਤਜਰਬੇ ਤਾਕਤਵਰ ਢੰਗ ਨਾਲ ਪ੍ਰਗਟ ਕਰਦੇ ਹਨ। ਇਸ ਰਾਹੀਂ ਉਹ ਉਨ੍ਹਾਂ ਗੱਲਾਂ ਨੂੰ ਕਹਿ ਸਕਦੇ ਹਨ, ਜੋ ਕਈ ਵਾਰ ਖੁੱਲ੍ਹ ਕੇ ਸਮਾਜ ’ਚ ਨਹੀਂ ਕਹੀਆਂ ਜਾਂਦੀਆਂ।
ਹਿੱਪ-ਹੌਪ ਨੌਜਵਾਨਾਂ ਲਈ ਆਵਾਜ਼,ਮੰਚ ਅਤੇ ਵਿਅਕਤੀਗਤ ਆਜ਼ਾਦੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਹਿੱਪ-ਹੌਪ ਨੌਜਵਾਨਾਂ ਨੂੰ ਆਪਣੀ ਪਛਾਣ ਬਣਾਉਣ ਦਾ ਮੌਕਾ ਦਿੰਦਾ ਹੈ। ਇਸ ਰਾਹੀਂ ਮੈਂ ਕੌਣ ਹਾਂ ? ਮੇਰੀ ਹਸਤੀ ਕਿ ਹੈ ? ਮੇਰੀ ਕਦਰ ਕੀ ਹੈ? ਮੇਰੀ ਕਹਾਣੀ ਦੂਸਰਿਆਂ ਨੂੰ ਕਿਉਂ ਸੁਣਨੀ ਚਾਹੀਦੀ ਹੈ ? ਵਰਗੇ ਅਨੇਕਾਂ ਸਵਾਲ ਖੜ੍ਹੇ ਹੁੰਦੇ ਹਨ। ਇਸ ਮਿਉਜ਼ਿਕ ਨਾਲ ਨੌਜਵਾਨ ਆਪਣੇ ਘਰ ਦੀਆਂ ਮੁਸ਼ਕਲਾਂ, ਸਮਾਜਿਕ ਤਣਾਅ ਜਿਸ ਵਿੱਚੋ ਉਹ ਨਿਕਲ ਰਹੇ ਹੁੰਦੇ ਹਨ ਤੇ ਆਪਣੇ ਭਵਿੱਖ ਦੀ ਟੈਂਸ਼ਨ ਅਤੇ ਚਿੰਤਾਵਾਂ, ਪੜ੍ਹਾਈ, ਰੁਜ਼ਗਾਰ ਨੌਕਰੀ ਤੇ ਆਪਣੇ ਸਮਾਜਿਕ ਰੁਤਬੇ ਲਈ ਸਖਤ ਸ਼ਬਦਾਂ ਦੀ ਚੋਣ ਨਾਲ ਆਪਣਾ ਗੁੱਸਾ ਗਿਲਾ ਜ਼ਾਹਿਰ ਕਰਦਾ ਹੈ। ਨੌਜਵਾਨ ਜੋ ਵੀ ਕੁਝ ਵੀ ਮਹਿਸੂਸ ਕਰਦੇ ਹਾ, ਲਫ਼ਜ਼ਾਂ ਰਾਹੀਂ ਕਹਿੰਦੇ ਹਨ, ਆਪਣਾ ਦਰਦ ਬਿਆਨ ਕਰਦੇ ਹਨ। ਸਮਾਜਿਕ ਅਨਿਆਂ, ਭੇਦ-ਭਾਵ ਵਿਰੁੱਧ, ਪਰਿਵਾਰਕ ਅਤੇ ਸਮਾਜਿਕ ਦਬਾਅ ਅਤੇ ਮੌਕੇ ਨਾ ਮਿਲਣ ਦੀ ਕਸਕ ਬਿਆਨਦੇ ਹਨ। ਹਿੱਪ-ਹੌਪ ਸੰਗੀਤ ਨੇ ਨੌਜਵਾਨਾਂ ਨੂੰ ਸਿਸਟਮ ਦੀਆਂ ਕਮੀਆਂ,ਭਾਵ ਭ੍ਰਿਸ਼ਟਾਚਾਰ, ਭੇਦਭਾਵ, ਨਾਬਰਾਬਰੀ ਦੇ ਖ਼ਿਲਾਫ਼ ਬੋਲਣ ਦੀ ਆਜ਼ਾਦੀ ਤੇ ਤਾਕਤ ਦਿੱਤੀ ਹੈ। ਨੌਜਵਾਨ ਰੈਪ ਅਤੇ ਹਿੱਪ-ਹੌਪ ਸੰਗੀਤ ਵਿਚ ਆਪਣੀ ਨਿੱਜੀ ਪੀੜ ਵੀ ਬਿਆਨ ਕਰਦੇ ਹਨ ਜਿਸ ਵਿਚ ਵਫ਼ਾਦਾਰੀ ਦਾ ਪ੍ਰਗਟਾਵਾ, ਪਿਆਰ ਟੁੱਟ ਜਾਣ ਦਾ ਜ਼ਿਕਰ, ਨਿਭਾਏ ਗਏ ਪਿਆਰ ਤੇ ਦੋਸਤੀ ਦੇ ਟੁੱਟੇ ਰਿਸ਼ਤਿਆਂ ਨੂੰ ਵੀ ਬਿਆਨ ਕਰਦੇ ਹਨ।
ਹਿੱਪ-ਹੌਪ ਰਾਹੀਂ ਨੌਜਵਾਨ ਆਪਣਾ ਵਿਸ਼ਵਾਸ, ਸਟਾਇਲ, ਕੱਪੜੇ, ਪਹਿਰਾਵਾ, ਬੋਲ-ਚਾਲ ਸਵੈਗ, ਐਟੀਚਿਊਟ, ਰਵੱਈਆ ਅਤੇ ਸ਼ਖ਼ਸੀਅਤ ਵੀ ਬਿਆਨਦੇ ਹਨ। ਹਿੱਪ-ਹੌਪ ਦਾ ਜਨਮ ਲਗਭਗ 1973 ਦੇ ਆਸ-ਪਾਸ ਹੋਇਆ ਮੰਨਿਆ ਜਾਂਦਾ ਹੈ। ਇਨ੍ਹਾਂ ਸਮਿਆਂ ਵਿਚ ਨਿਊਯਾਰਕ ਦਾ ਬਰੌਂਕਸ ਇਲਾਕਾ ਇਕ ਗ਼ਰੀਬ, ਅਨਿਆਂ ਦਾ ਸ਼ਿਕਾਰ, ਤਬਾਹਸ਼ੁਦਾ ਤੇ ਅਪਰਾਧ ਵਾਲਾ ਇਲਾਕਾ ਹੁੰਦਾ ਸੀ।
ਸੁਆਲ ਉੱਠਦਾ ਹੈ ਕਿ ਕੀ ਬਲੈਕ ਨੌਜਵਾਨ ਇਸ ਨਾਲ ਗੁਮਰਾਹ ਵੀ ਹੋਇਆ? ਆਪਣੇ ਹੱਕੀ ਮੰਗਾਂ ਦੇ ਮਿਸ਼ਨ ਤੋਂ ਭਟਕਿਆ ਤੇ ਕਰਾਈਮ ਵੱਲ ਵੀ ਧੱਕਿਆ ਗਿਆ। ਇਹ ਸੱਚ ਹੈ ਕਿ ਹਿੱਪ-ਹੌਪ/ਰੈਪ ਨੇ ਬਲੈਕ ਨੌਜਵਾਨਾਂ ਨੂੰ ਤਾਕਤ ਵੀ ਦਿੱਤੀ ਤੇ ਕਈ ਵਾਰ ਕੁਝ ਹਿੱਸਿਆਂ ਨੂੰ ਗੁਮਰਾਹ ਵੀ ਕੀਤਾ। ਹੱਕ ਦੀ ਲੜਾਈ ਨੂੰ ਰਾਜਨੀਤਕ ਪੱਧਰ Æ’ਤੇ ਵਿਰੋਧ ਜਿਤਾਉਣ, ਰਾਜਨੀਤਕ ਸੰਘਰਸ਼ ਨੂੰ ਸੜਕਾਂ ਜਥੇਬੰਦਕ ਰੋਸ ਵਿਖਾਵਿਆਂ ਤੇ ਕੂਟਨੀਤਕ ਦਬਾਅ ਬਣਾਉਣ ਤੋਂ ਭਟਕ ਕੇ ਇਸ ਸਮੂਹ ਦੇ ਕੁਝ ਹਿੱਸੇ ਹਿੱਪ-ਹੋਪ ਦੇ ਗੈਂਗਸਟਰ ਕਲਚਰ ਤੋਂ ਪ੍ਰਭਾਵਿਤ ਹੋਏ। ਖ਼ਾਸ ਕਰਕੇ ਉਹ ਜਿਨ੍ਹਾਂ ਦਾ ਮਾਹੌਲ ਪਹਿਲਾਂ ਹੀ ਤਣਾਅ ਵਾਲਾ ਸੀ। ਗੈਂਗਸਟਾ ਰੈਪ ਨੇ ਗੈਂਗ ਕਲਚਰ ਨੂੰ ਗਲੈਮਰਾਈਜ਼ ਕੀਤਾ। ਨਸ਼ਿਆਂ ਨੂੰ, ਪੈਸੇ ਨੂੰ, ਹਥਿਆਰਾਂ ਨੂੰ ਝੂਠੀ ਸ਼ਾਨ ਵਾਂਗ ਵਿਖਾਇਆ ਗਿਆ। ਇਸ ਨਾਲ ਕੁਝ ਨੌਜਵਾਨਾਂ ਨੇ ਕਰਾਈਮ ਨੂੰ ਪਛਾਣ ਸਮਝ ਲਿਆ, ਹਿੰਸਾ ਨੂੰ ਤਾਕਤ ਮੰਨ ਲਿਆ ਅਤੇ ਗ਼ਲਤ ਰਾਹਾਂ ਨੂੰ ਅਸਲ ਜ਼ਿੰਦਗੀ ਕਹਿਣ ਲੱਗੇ। ਕੁਝ ਲੋਕ ਇਹ ਵੀ ਸਵਾਲ ਕਰਦੇ ਹਨ ਕਿ ਕੀ ਤਾਕਤਵਰ ਲੋਕਾਂ ਦੀ ਗੁੱਝੀ ਚਾਲ ਨਾਲ ਬਲੈਕ ਨੌਜਵਾਨ ਹਿੱਪ-ਹੋਪ ਅਤੇ ਰੈਪ ਨਾਲ ਕਰਾਈਮ ਵੱਲ ਮੋੜੇ ਗਏ ਸਨ ? ਇਸ ਦਾ ਭਾਵੇਂ ਕੋਈ ਸਪੱਸ਼ਟ ਜਾਂ ਪ੍ਰਮਾਣਿਤ ਸਬੂਤ ਨਹੀਂ ਮਿਲਦਾ ਕਿ ਕਿਸੇ ਗੁਪਤ ਪਲਾਨ ਨੇ ਜਾਣ ਬੁੱਝ ਕੇ ਬਲੈਕ ਨੌਜਵਾਨਾਂ ਨੂੰ ਹਿੱਪ-ਹੌਪ ਰਾਹੀਂ ਕਰਾਈਮ ਵੱਲ ਧੱਕਿਆ। ਪਰ ਇਹ ਜੱਗ ਜ਼ਾਹਿਰ ਹੈ ਕਿ ਬਲੈਕ ਇਲਾਕਿਆਂ ਨੂੰ ਜਾਨ-ਬੁੱਝ ਕੇ ਗ਼ਰੀਬ ਰੱਖਣ ਦੀ ਨੀਤੀ ਲੰਮੇ ਸਮੇਂ ਤੋਂ ਚੱਲ ਰਹੀ ਸੀ।
1930 ਤੋਂ 1960 ਦੇ ਵਿਚਕਾਰ ਸਰਕਾਰੀ ਨੀਤੀਆਂ ਨਾਲ ਬਲੈਕ ਇਲਾਕਿਆਂ ਨੂੰ ਖ਼ਤਰਨਾਕ ਘੋਸ਼ਿਤ ਕਰਕੇ ਇਨਵੈਸਟਮੈਂਟ ਰੋਕ ਦਿੱਤੀ ਗਈ, ਜਿਸ ਨਾਲ ਗ਼ਰੀਬੀ ਆਮ ਹੋ ਗਈ। 1980 ਦੇ ਦਹਾਕੇ ਵਿਚ ਨਸ਼ਿਆਂ ਵਿਰੁੱਧ ਜੰਗ ਨਾ ਦੀ ਨੀਤੀ ਨਾਲ ਬਲੈਕ ਇਲਾਕਿਆਂ ਵਿਚ ਭਾਰੀ ਪੁਲੀਸ ਕਾਰਵਾਈ ਕੀਤੀ ਗਈ, ਜਿਹੜੇ ਅਪਰਾਧ ਗੋਰੇ ਕਰਦੇ, ਉਨ੍ਹਾਂ ਨੂੰ ਘੱਟ ਸਜ਼ਾ ਤੇ ਜਿਹੜੇ ਬਲੈਕ ਕਰਦੇ, ਉਨ੍ਹਾਂ ਨੂੰ ਕਈ ਗੁਣਾ ਵੱਧ ਸਜ਼ਾ ਦਿੱਤੀ ਜਾਂਦੀ ਰਹੀ। ਇਸ ਨਾਲ ਬਲੈਕ ਨੌਜਵਾਨ ਜੇਲ੍ਹਾਂ ਵਿਚ ਸੁੱਟੇ ਗਏ। ਨਵੀ ਤਕਨਾਲੋਜੀ ਦੀ ਆਮਦ ਨਾਲ 1970 ਤੋਂ 1990 ’ਚ ਫੈਕਟਰੀਆਂ ਬੰਦ ਹੋਈਆਂ ਅਤੇ ਮਜ਼ਦੂਰੀ ਮਿਲਣੀ ਔਖੀ ਗਈ। ਬਲੈਕ ਇਲਾਕਿਆਂ ’ਚ ਨਵੀਆਂ ਨੌਕਰੀਆਂ ਆਈਆਂ ਹੀ ਨਹੀਂ। ਜੋ ਥੋੜ੍ਹੀਆਂ ਬਹੁਤ ਪਹਿਲਾਂ ਸਨ, ਖ਼ਤਮ ਹੋ ਗਈਆਂ। ਆਰਥਿਕ ਮੌਕਿਆਂ ਦੀ ਘਾਟ ਦੇ ਕਾਰਨ ਗ਼ਰੀਬ ਬਲੈਕ ਭਾਈਚਾਰੇ ਦੇ ਨੌਜਵਾਨਾਂ ਨੂੰ ਗਲੀਆਂ ਬਾਜ਼ਾਰਾਂ ’ਚ ਵਿਹਲੇ ਘੁੰਮਣ ਤੋਂ ਇਲਾਵਾ ਕੋਈ ਕੰਮ ਨਾ ਰਿਹਾ ਅਤੇ ਉਹ ਗੈਂਗ ਕਲਚਰ ਵੱਲ ਆਕਰਸ਼ਿਤ ਹੋਏ।
ਪਿਛਲੇ ਲੰਮੇ ਸਮੇ ਤੋਂ ਪੰਜਾਬ ਦੇ ਹਲਾਤ ਵੀ ਅਜਿਹੇ ਖ਼ਤਰਨਾਕ ਦੌਰ ਵਿਚ ਪਹੁੰਚ ਗਏ ਹਨ। ਭਾਰਤ ਦਾ ਸਿਰਮੌਰ ਇਕ ਨੰਬਰ ਦਾ ਪ੍ਰਾਂਤ ਬੇਰੁਜ਼ਗਾਰੀ , ਭ੍ਰਿਸ਼ਟਾਚਾਰ , ਰਾਜਨੀਤਕ ਬੇਭਰੋਸਗੀ ਦਾ ਸ਼ਿਕਾਰ ਹੈ। ਸਭ ਕੁਝ ਪਰੋਸ ਕੇ ਕਾਰਪੋਰੇਟ ਦੇ ਅੱਗੇ ਧਰ ਦਿੱਤਾ ਹੈ ਅਤੇ ਪਬਲਿਕ ਰਾਮ ਭਰੋਸੇ ਦਿਨ ਕੱਟੀ ਕਰਨ ਲਈ ਮਜਬੂਰ ਹੈ। ਧਾਰਮਿਕ ਵਖਰੇਵੇਂ ਵੱਧ ਰਹੇ ਹਨ, ਜਿਸ ਨਾਲ ਸਮਾਜ ਵਿਚ ਨਫ਼ਰਤ ਅਤੇ ਪਾੜਾ ਵਧਿਆ ਹੈ।
ਨੌਜਵਾਨੀ ਭਵਿੱਖ ਨੂੰ ਲੈ ਕੇ ਚਿੰਤਾ ਵਿਚ ਹੈ। ਥੋੜ੍ਹੇ ਬਹੁਤੇ ਲੋਕਾਂ ਨੇ ਬੱਚਿਆਂ ਦੇ ਬਿਹਤਰ ਭਵਿੱਖ ਲਈ ਵਿਦੇਸ਼ਾਂ ਵੱਲ ਮੂੰਹ ਕਰ ਲਿਆ ਸੀ ਪਰ ਹੁਣ ਪਰਵਾਸ ਵੀ ਔਖਾ ਹੈ। ਵਿਹਲੇ ਹੋਏ ਨੌਜਵਾਨ ਅਮਰੀਕਾ ਦੇ ਬਲੈਕ ਭਾਈਚਾਰੇ ਦਾ ਇਤਿਹਾਸ ਦੁਹਰਾਉਣ ਦੀ ਰਾਹ ’ਤੇ ਪੈ ਰਹੇ ਹਨ। ਹਰ ਛੋਟੇ ਵੱਡੇ ਕਸਬੇ ਅਤੇ ਸ਼ਹਿਰ ਵਿਚ ਪਈਆਂ ਖ਼ਾਲੀ ਥਾਵਾਂ ਵਿਚ ਰੈਪ ਕਲੱਬਾਂ ਹੋਂਦ ’ਚ ਆ ਰਹੀਆਂ ਹਨ। ਹੁਣ ਪੰਜਾਬੀ ਨੌਜਵਾਨ ਵੀ ਹਿੱਪ-ਹੌਪ ਸੰਗੀਤ ਰਾਹੀਂ ਆਪਣੀ ਸੋਚ, ਜੀਵਨ-ਸੰਘਰਸ਼, ਗੁੱਸਾ, ਭਵਿੱਖ ਦੇ ਸੁਪਨੇ ਅਤੇ ਡਰ ਸਭ ਕੁਝ ਪ੍ਰਗਟ ਕਰਦੇ ਨਜ਼ਰ ਆ ਰਹੇ ਹਨ। ਪੰਜਾਬੀ ਹਿੱਪ-ਹੋਪ ਵਿਚ ਨੌਜਵਾਨਾਂ ਦੀ ਸਿਸਟਮ ਨਾਲ ਨਾਰਾਜ਼ਗੀ, ਬੇਰੁਜ਼ਗਾਰੀ, ਨਸ਼ੇ ਦਾ ਮਾਹੌਲ, ਭ੍ਰਿਸ਼ਟਾਚਾਰ ਅਤੇ ਸਿੱਖਿਆ ਅਤੇ ਸਿਹਤ ਅਦਾਰਿਆਂ ਦੀ ਬੇਹਾਲੀ ਦਾ ਜ਼ਿਕਰ ਦਿਖਾਈ ਦਿੰਦਾ ਹੈ। ਪੰਜਾਬੀ ਰੈਪ ਦਾ ਇਕ ਵੱਡਾ ਹਿੱਸਾ ਆਪਣੀ ਪਛਾਣ ਆਪਣੀਆਂ ਜੜ੍ਹਾਂ, ਬੋਲੀ, ਪੇਂਡੂ ਸੱਭਿਅਚਾਰ ਅਤੇ ਸਵੈ-ਅਭਿਮਾਨ ਬਾਰੇ ਹੁੰਦਾ ਹੈ।
ਕਈ ਪੰਜਾਬੀ ਰੈਪਰ ਕਿਸਾਨ ਸੰਘਰਸ਼, ਹੱਕਾਂ, ਸਮਾਜਿਕ ਨਿਆਂ ਅਤੇ ਪੰਜਾਬੀਅਤ ਬਾਰੇ ਪ੍ਰੋਟੈਸਟ ਰੈਪ ਕਰਦੇ ਹਨ। ਪੰਜਾਬੀ ਰੈਪ ਵਿਚ ਇਕ ਬਹੁਤ ਵੱਡਾ ਜਜ਼ਬਾ ਕਿ ਮੈਂ ਅੱਗੇ ਵੱਧ ਕੇ ਵਿਖਾਵਾਂਗਾ, ਮੇਰੇ ਦਿਨ ਵੀ ਆਉਣਗੇ ਵੀ ਮਿਲਦਾ ਹੈ। ਪਰ ਇਸ ਦੇ ਨਾਲ ਨਾਲ ਨਸ਼ੇ ਦਾ ਰੁਝਾਨ, ਗੈਂਗਸਟਰ ਨੂੰ ਗਲੋਰੀਫਾਈ ਕਰਨ, ਹਿੰਸਾ ਨੂੰ ਪ੍ਰਮੋਟ ਕਰਨ, ਸ਼ੇਖੀਆਂ ਮਾਰਨ ਅਤੇ ਫੁਕਰਾਪੰਥੀ ਵਾਲਾ ਗ਼ਲਤ ਰਾਹ ਚੁਣਨ ਦੇ ਰੁਝਾਨ ਵਿਚ ਚਿੰਤਾਜਨਕ ਵਾਧਾ ਹੋ ਰਿਹਾ ਹੈ। ਇਹ ਸਭ ਰੁਝਾਨ ਨੌਜਵਾਨਾਂ ਨੂੰ ਵਿਰਸੇ ਤੋਂ ਦੂਰ ਅਤੇ ਨਕਲੀ ਹੀਰੋਇਜ਼ਮ ਵੱਲ ਲੈ ਕੇ ਜਾ ਰਹੇ ਹਨ। ਪੰਜਾਬੀ ਰੈਪ ਦੇ ਗ਼ਲਤ ਰੁਝਾਨ ਪੰਜਾਬ ਦੀਆ ਅਮੀਰ ਪ੍ਰੰਪਰਾਵਾਂ ਨਾਲ ਮੇਲ ਨਹੀਂ ਖਾਂਦੇ ਅਤੇ ਇਸ ਨਾਲ ਪੁਰਾਤਨ ਪ੍ਰੰਪਰਾਵਾਂ ਨਾਲ ਟਕਰਾਅ ਵੱਧ ਰਿਹਾ ਹੈ।
ਪੰਜਾਬ ਦੀ ਮਿੱਟੀ ਦੀ ਆਪਣੀ ਸ਼ਾਨਾਮੱਤੀ ਵਿਰਾਸਤ ਹੈ। ਪੁਰਾਣੇ ਪੰਜਾਬੀ ਲੋਕ ਗੀਤਾਂ ’ਚ ਸ਼ਬਦਾਂ ਦੀ ਮਿਠਾਸ, ਸ਼ਾਲੀਨਤਾ ਅਤੇ ਕਹਾਣੀ ਦਾ ਧੀਰਜ ਸੀ। ਅੱਜ ਦੇ ਰੈਪ ਗੀਤਾਂ ’ਚ ਗਾਲ੍ਹਾਂ ਵਰਗੇ ਬੇਸ਼ੁਮਾਰ ਗੰਦੇ ਸ਼ਬਦਾਂ ਦੀ ਭਰਮਾਰ ਹੈ। ਔਰਤਾਂ ਨੂੰ ਬਾਜ਼ਾਰੀ ਵਸਤਾਂ ਵਾਂਗਰ ਚਿਤਰਨਾ, ਅਸ਼ਲੀਲ ਇਸ਼ਾਰਿਆਂ ਨਾਲ ਹਿੰਸਕ ਭਾਵ ਪੈਦਾ ਕਰਨੇ, ਆਮ ਵਰਤਾਰਾ ਹੈ। ਇਹ ਸਭ ਪੰਜਾਬ ਦੀ ਗੁਰਮਤਿ ਕਾਵਿ-ਰਵਾਇਤ ਤੇ ਸੂਫ਼ੀਆਨਾ ਧਾਰਾ ਦੇ ਰੂਹਾਨੀ ਅਹਿਸਾਸ ਨਾਲ ਨਹੀਂ ਮਿਲਦੇ। ਚਾਹੀਦਾ ਇਹ ਹੈ ਕਿ ਨੌਜਵਾਨ ਆਪਣੇ ਵਿਰਸੇ, ਗੁਰਮਤਿ ਤੇ ਲੋਕ-ਧਰਮ ਤੋਂ ਤਾਕਤ ਲਵੇ ਤੇ ਕਲਾ ਨੂੰ ਵੀ ਇਮਾਨਦਾਰੀ ਨਾਲ ਨਿਭਾਵੇ। •
-ਹਰਜੀਤ ਸਿੰਘ ਗਿੱਲ
+91-9888945127