ਹਰ ਕਿਸੇ ਨੂੰ ਦਿਲਜੀਤ ਦੋਸਾਂਝ ਦੇ ਗੀਤਾਂ ਨਾਲ ਹੈ ਡਾਢਾ ਮੋਹ, ਵਿਸ਼ਵ ਪੱਧਰ ’ਤੇ ਖੱਟਿਆ ਨਾਮਣਾ
ਅਜਿਹੇ ਸਮੇਂ ਵਿਚ, ਜਦੋਂ ਬਹੁਤੇ ਲੋਕ ਆਪਣੇ ਮੂਲ ਤੋਂ ਦੂਰ ਹੋ ਰਹੇ ਹਨ, ਦਿਲਜੀਤ ਦੋਸਾਂਝ ਇਹ ਸਾਬਤ ਕਰਦਾ ਹੈ ਕਿ ਅਸਲ ਕਾਮਯਾਬੀ ਮੀਲਾਂ ਨਾਲ ਨਹੀਂ, ਸਗੋਂ ਧਰਤੀ ਨਾਲ ਜੁੜੇ ਰਹਿਣ ਨਾਲ ਮਾਪੀ ਜਾਂਦੀ ਹੈ। ਉਸ ਦਾ ਸਫ਼ਰ ਇਹ ਸਿਖਾਉਂਦਾ ਹੈ ਕਿ ਪੰਜਾਬ ਸਿਰਫ਼ ਨਕਸ਼ੇ ਉੱਤੇ ਦਰਜ ਇਕ ਰਾਜ ਨਹੀਂ,
Publish Date: Fri, 12 Dec 2025 12:09 PM (IST)
Updated Date: Fri, 12 Dec 2025 12:21 PM (IST)
ਦਿਲਜੀਤ ਦੋਸਾਂਝ ਸਿਰਫ਼ ਇਕ ਗਲੋਬਲ ਆਈਕਨ ਨਹੀਂ—ਉਹ ਪੰਜਾਬ ਦੀ ਧੜਕਣ ਹੈ। ਦੁਨੀਆ ਕਿੰਨੀ ਵੀ ਵੱਡੀ ਕਿਉਂ ਨਾ ਹੋ ਜਾਵੇ, ਉਸ ਦੀ ਰੂਹ ਅੱਜ ਵੀ ਆਪਣੀ ਮਾਂ-ਧਰਤੀ ਦੀ ਮਿੱਟੀ ਨਾਲ ਜੁੜੀ ਹੋਈ ਹੈ। ਉਸ ਦਾ ਪੰਜਾਬ ਨਾਲ ਪਿਆਰ ਸਿਰਫ਼ ਇਕ ਜਜ਼ਬਾਤ ਨਹੀਂ, ਬਲਕਿ ਇਕ ਜਿਉਂਦਾ ਜਾਗਦਾ ਵਾਅਦਾ ਹੈ ਜੋ ਉਹ ਆਪਣੇ ਕੰਮ, ਆਪਣੇ ਫ਼ਨ ਅਤੇ ਆਪਣੀ ਜ਼ਿੰਦਗੀ ਵਿਚ ਹਰ ਰੋਜ਼ ਨਿਭਾਉਂਦਾ ਹੈ। ਹਰ ਕਿਸੇ ਨੂੰ ਉਸ ਦੇ ਗੀਤਾਂ ਨਾਲ ਮੋਹ ਹੈ। ਉਸ ਦੇ ਗੀਤਾਂ ਵਿਚ ਅਜੀਬ ਖਿੱਚ ਵੀ ਹੈ।
ਪਿੰਡਾਂ ਦੀ ਸਾਦਗੀ ਤੇ ਸੁੱਚ ਨੂੰ ਚੁਣਦਾ
ਬਾਰ–ਬਾਰ, ਦਿਲਜੀਤ ਦੁਨੀਆ ਦੇ ਸ਼ਹਿਰਾਂ ਦੀ ਚਮਕ–ਦਮਕ ਤੋਂ ਵੱਧ ਪੰਜਾਬ ਦੇ ਪਿੰਡਾਂ ਦੀ ਸਾਦਗੀ ਅਤੇ ਸੁੱਚ ਨੂੰ ਚੁਣਦਾ ਹੈ। ਚਾਹੇ ਘਰ ਦੇ ਬਣੇ ਖਾਣੇ ਦਾ ਸਵਾਦ ਹੋਵੇ, ਪਿੰਡਾਂ ਦੀ ਸ਼ਾਂਤ ਹਵਾ ਵਿਚ ਬੈਠਣ ਦਾ ਸੁੱਖ ਹੋਵੇ ਜਾਂ ਆਪਣੇ ਰਿਵਾਜਾਂ ਅਤੇ ਸਭਿਆਚਾਰ ਨੂੰ ਮਾਣ ਨਾਲ ਝਲਕਾਉਣਾ ਦਿਲਜੀਤ ਸੱਚਮੁੱਚ ਪੰਜਾਬ ਦਾ ਰੂਹਾਨੀ ਰਾਜਦੂਤ ਹੈ। ਉਨ੍ਹਾਂ ਸਾਰੇ ਪਿੰਡਾਂ ਵਿਚੋਂ, ਜਿਨ੍ਹਾਂ ਨੂੰ ਦਿਲਜੀਤ ਨੇ ਆਪਣਾ ਮੰਨਿਆ ਹੈ, ਰਾਜੋਮਾਜਰਾ ਦਾ ਇਕ ਖ਼ਾਸ ਮੁਕਾਮ ਹੈ। ਹਾਲ ਹੀ ਵਿਚ ਉਹ ਮੁੜ ਧੂਰੀ ਨੇੜੇ ਪਿੰਡ ਰਾਜੋਮਾਜਰਾ ਦੇ ਇਕ ਸੂਹੇ, ਸੁੰਦਰਤਾ ਨਾਲ ਸੰਜੋਈ ਹੋਈ ਹਵੇਲੀ ਵਿਚ ਨਜ਼ਰ ਆਇਆ। ਉਸੇ ਹਵੇਲੀ ਵਿਚ ਜਿਸ ਵਿਚ ਉਹ ‘ਚਮਕੀਲਾ’ ਫ਼ਿਲਮ ਦੀ ਸ਼ੂਟਿੰਗ ਦੌਰਾਨ ਇਕ ਮਹੀਨੇ ਤੋਂ ਵੱਧ ਰਿਹਾ ਸੀ। ਇਹ ਜਗ੍ਹਾ ਉਸ ਲਈ ਸਿਰਫ਼ ਰਹਿਣ ਦੀ ਥਾਂ ਨਹੀਂ, ਬਲਕਿ ਇਕ ਪਨਾਹਗਾਹ ਹੈ, ਇਕ ਅਜਿਹੀ ਥਾਂ ਜਿੱਥੇ ਉਹ ਆਪਣੀਆਂ ਜੜ੍ਹਾਂ ਨਾਲ ਮੁੜ ਜੁੜਦਾ ਹੈ।
ਪਿਆਰ ਦੀਆਂ ਤੰਦਾਂ
ਅਜਿਹੇ ਸਮੇਂ ਵਿਚ, ਜਦੋਂ ਬਹੁਤੇ ਲੋਕ ਆਪਣੇ ਮੂਲ ਤੋਂ ਦੂਰ ਹੋ ਰਹੇ ਹਨ, ਦਿਲਜੀਤ ਦੋਸਾਂਝ ਇਹ ਸਾਬਤ ਕਰਦਾ ਹੈ ਕਿ ਅਸਲ ਕਾਮਯਾਬੀ ਮੀਲਾਂ ਨਾਲ ਨਹੀਂ, ਸਗੋਂ ਧਰਤੀ ਨਾਲ ਜੁੜੇ ਰਹਿਣ ਨਾਲ ਮਾਪੀ ਜਾਂਦੀ ਹੈ। ਉਸ ਦਾ ਸਫ਼ਰ ਇਹ ਸਿਖਾਉਂਦਾ ਹੈ ਕਿ ਪੰਜਾਬ ਸਿਰਫ਼ ਨਕਸ਼ੇ ਉੱਤੇ ਦਰਜ ਇਕ ਰਾਜ ਨਹੀਂ, ਇਹ ਇਕ ਭਾਵਨਾ, ਇਕ ਵਿਰਾਸਤ ਤੇ ਇਕ ਜੀਵਨ–ਧਾਰਾ ਹੈ। ਆਪਣੀ ਕਲਾ, ਆਪਣੀ ਸੰਗੀਤ ਅਤੇ ਆਪਣੀ ਪਿੰਡ ਦੀ ਪ੍ਰੀਤ ਨਾਲ ਦਿਲਜੀਤ ਨੇ ਪੰਜਾਬ ਨੂੰ ਕਰੋੜਾਂ ਦਿਲਾਂ ’ਚ ਜਿਊਂਦਾ ਰੱਖਿਆ ਹੈ। ਦਿਲਜੀਤ ਦੋਸਾਂਝ ਇਕ ਚਮਕਦਾ ਉਦਾਹਰਣ ਹੈ ਕਿ ਦੁਨੀਆ ਜਿੱਤ ਕੇ ਵੀ ਕੋਈ ਕਿਵੇਂ ਆਪਣੇ ਪਿੰਡਾਂ, ਆਪਣੀ ਮਿੱਟੀ ਤੇ ਆਪਣੇ ਪੰਜਾਬ ਨਾਲ ਡੂੰਘੇ ਤੌਰ ’ਤੇ ਜੁੜਿਆ ਰਹਿ ਸਕਦਾ ਹੈ। ਉਸ ਦਾ ਪੰਜਾਬ ਨਾਲ ਪਿਆਰ ਅਤੇ ਰਾਜੋਮਾਜਰਾ ਹਵੇਲੀ ਲਈ ਉਸ ਦੀ ਮੁਹੱਬਤ-ਕਾਬਿਲ-ਏ-ਦਾਦ ਵੀ ਹੈ ਤੇ ਕਾਬਿਲ-ਏ-ਸਤਾਇਸ਼ ਵੀ। •