ਚਾਂਦ ਬਰਕ ਦਾ 28 ਦਸੰਬਰ 2008 ਨੂੰ 76 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ। ਹਿੰਦੀ ਅਤੇ ਪੰਜਾਬੀ ਸਿਨੇਮੇ ਵਿਚ ਪਾਏ ਅਣਮੁੱਲੇ ਯੋਗਦਾਨ ਬਦਲੇ ਉਨ੍ਹਾਂ ਨੂੰ ਸਦਾ ਯਾਦ ਕੀਤਾ ਜਾਂਦਾ ਰਹੇਗਾ। •

ਪੰਜਾਬੀ ਤੇ ਹਿੰਦੀ ਫ਼ਿਲਮਾਂ ਵਿਚ ਚਰਿੱਤਰ ਭੂਮਿਕਾਵਾਂ ਨਿਭਾ ਕੇ ਆਪਣੀ ਅਲੱਗ ਪਛਾਣ ਬਣਾਉਣ ਵਾਲੀ ਪ੍ਰਸਿੱਧ ਅਦਾਕਾਰਾ ਚਾਂਦ ਬਰਕ ਜੋ ਮੌਜੂਦਾ ਦੌਰ ਦੇ ਬਾਲੀਵੁੱਡ ਸੁਪਰ ਸਟਾਰ ਅਦਾਕਾਰ ਰਣਵੀਰ ਸਿੰਘ ਦੇ ਦਾਦੀ ਜੀ ਸਨ, ਪੰਜਾਹ ਤੇ ਸੱਠ ਦੇ ਦਹਾਕੇ ’ਚ ਬਾਲੀਵੁੱਡ ਫਿਲਮ ਇੰਡਸਟਰੀ ਦਾ ਜਾਣਿਆ-ਪਛਾਣਿਆ ਚਿਹਰਾ ਸਨ। ਅਦਾਕਾਰ ਰਾਜ ਕਪੂਰ ਦੀ ਫਿਲਮ ‘ਬੂਟ ਪੌਲਿਸ਼’ ’ਚ ਬੇਰਹਿਮ ਚਾਚੀ ਕਮਲਾ ਦਾ ਕਿਰਦਾਰ ਨਿਭਾ ਕੇ ਸਿਨੇ ਪ੍ਰੇਮੀਆਂ ਦੇ ਮਨਾਂ ’ਤੇ ਗਹਿਰੀ ਛਾਪ ਛੱਡਣ ਵਾਲੀ ਇਸ ਅਦਾਕਾਰਾ ਨੂੰ ਆਪਣੇ ਬਿਹਤਰੀਨ ਡਾਂਸ ਕਰ ਕੇ ਪੰਜਾਬ ਦੀ ‘ਡਾਸਿੰਗ ਲਿਲੀ’ ਕਹਿ ਕੇ ਵੀ ਬੁਲਾਇਆ ਜਾਂਦਾ ਸੀ। 1958 ’ਚ ਰਿਲੀਜ਼ ਹੋਈ ਸੁਪਰਹਿੱਟ ਹਿੰਦੀ ਫਿਲਮ ‘ਸੋਹਣੀ ਮਹੀਂਵਾਲ’ ’ਚ ਚਾਂਦ ਬਰਕ ਨੇ ਸੋਹਣੀ ਦੀ ਨਨਾਣ ਜੰਨਤ ਦਾ ਕਿਰਦਾਰ ਅਦਾ ਕੀਤਾ ਸੀ। ਨਾਂਹ-ਪੱਖੀ ਇਸ ਕਿਰਦਾਰ ਨੂੰ ਚਾਂਦ ਨੇ ਬੇਮਿਸਾਲ ਅਦਾਕਾਰੀ ਨਾਲ ਜਿਸ ਸ਼ਿੱਦਤ ਨਾਲ ਨਿਭਾਇਆ ਸੀ, ਉਸ ਦੀ ਜਿੰਨੀ ਤਾਰੀਫ਼ ਕੀਤੀ ਜਾਵੇ, ਘੱਟ ਹੈ। ਇਸ ਫਿਲਮ ’ਚ ਉਸ ਨੇ ਮੁੱਖ ਖ਼ਲਨਾਇਕਾ ਦਾ ਮਜ਼ਬੂਤ ਕਿਰਦਾਰ ਨਿਭਾਇਆ ਸੀ। ਚਾਂਦ ਬਰਕ ਨੇ ਹੋਰ ਵੀ ਕਈ ਯਾਦਗਾਰੀ ਫਿਲਮਾਂ ’ਚ ਕੰਮ ਕੀਤਾ।
ਜਨਮ ਤੇ ਪਿਛੋਕੜ
ਅਦਾਕਾਰਾ ਚਾਂਦ ਬਰਕ ਦਾ ਜਨਮ 2 ਫਰਵਰੀ 1932 ਨੂੰ ਅਣਵ਼ੰਡੇ ਪੰਜਾਬ ਦੇ ਪ੍ਰਸਿੱਧ ਸ਼ਹਿਰ ਲਾਇਲਪੁਰ ਹੁਣ ਫ਼ੈਸਲਾਬਾਦ (ਪਾਕਿਸਤਾਨ) ਵਿਚ ਇਕ ਪੰਜਾਬੀ ਇਸਾਈ ਪਰਿਵਾਰ ਵਿਚ ਹੋਇਆ। ਬਾਰਾਂ ਭੈਣ-ਭਰਾਵਾਂ ਵਿੱਚੋ ਚਾਂਦ ਸਭ ਤੋਂ ਛੋਟੀ ਭੈਣ ਸੀ ਜਿਸ ਨੂੰ ਬਚਪਨ ਤੋਂ ਹੀ ਅਦਾਕਾਰੀ ਅਤੇ ਡਾਂਸ ਦਾ ਬੇਹੱਦ ਸ਼ੌਂਕ ਸ਼ੀ। ਪੜ੍ਹਾਈ ਵਿਚ ਵੀ ਹੁਸ਼ਿਆਰ ਚਾਂਦ ਪੜ੍ਹੇ-ਲਿਖੇ ਪਰਿਵਾਰ ਨਾਲ ਸਬੰਧ ਰੱਖਦੀ ਸੀ ਜਿਸ ਦੇ ਦਾਦਾ ਜੀ, ਚੌਧਰੀ ਅੱਲ੍ਹਾ ਦਿੱਤਾ ਨੇ ਇਸਾਈ ਧਰਮ ਅਪਣਾ ਲਿਆ ਸੀ। ਚਾਂਦ ਦੇ ਪਿਤਾ ਜਨਾਬ ਖੈਰੂਦੀਨ ਪਿੰਡ ਦੇ ਪਹਿਲੇ ਗ੍ਰੇਜੂਏਟ ਸਨ। ਉਹ ਸਕੂਲ ਦੇ ਹੈੱਡਮਾਸਟਰ ਸਨ ਤੇ ਨਾਲ ਹੀ ਉਨ੍ਹਾਂ ਨੂੰ ਉਰਦੂ ਸ਼ਾਇਰੀ ਲਿਖਣ ਦਾ ਵੀ ਸ਼ੌਕ ਸੀ, ਉਨ੍ਹਾਂ ਨੇ ਆਪਣਾ ਤਖ਼ੱਲਸ ਬਰਕ (ਭਾਵ ਰੌਸ਼ਨੀ) ਦੀ ਵਰਤੋਂ ਕਰਕੇ ਅਨੇਕਾਂ ਲਿਖਤਾਂ ਲਿਖੀਆਂ ਜਿਸ ਨਾਮ ਨੂੰ ਬਾਅਦ ਵਿਚ ਚਾਂਦ ਨੇ ਵੀ ਅਪਣਾ ਲਿਆ। ਚਾਂਦ ਦਾ ਵੱਡਾ ਭਰਾ ਸੈਮੁਅਲ ਮਾਰਟਿਨ ਭਾਰਤੀ ਸਿਵਲ ਸਰਵਿਸ ਦੀ ਪ੍ਰੀਖਿਆ ਪਾਸ ਕਰਕੇ ਉਨ੍ਹਾਂ ਸਮਿਆਂ ਵਿਚ ਗੋਰਿਆਂ ਦੇ ਬਰਾਬਰ ਉੱਚ ਪ੍ਰਸ਼ਾਸਨਿਕ ਅਧਿਕਾਰੀ ਲੱਗ ਗਿਆ ਸੀ। ਆਜ਼ਾਦੀ ਤੋਂ ਬਾਅਦ ਚਾਂਦ ਦਾ ਪਰਿਵਾਰ ਭਾਰਤ ਆ ਗਿਆ ਪਰ ਮਾਰਟਿਨ ਪਾਕਿਸਤਾਨ ਵਿਚ ਹੀ ਰਹਿ ਕੇ ਸਿਵਲ ਪ੍ਰਸ਼ਾਸਨ ਵਿਚ ਅਤੇ ਵਿਦੇਸ਼ਾਂ ’ਚ ਪਾਕਿਸਤਾਨੀ ਉੱਚ ਆਯੋਗ ’ਚ ਸਫ਼ੀਰ ਜਿਹੇ ਉੱਚੇ ਅਹੁਦਿਆਂ ’ਤੇ ਕੰਮ ਕਰਦਾ ਰਿਹਾ।
ਫਿਲਮਾਂ ਵਿਚ ਪ੍ਰਵੇਸ਼
ਚਾਂਦ ਬਰਕ ਨੇ 1946 ਵਿਚ ਮਹੇਸ਼ਵਰੀ ਪਿਕਚਰਜ਼ ਦੀ ਲਾਹੌਰ ਵਿਚ ਬਣੀ ਹਿੰਦੀ ਫ਼ਿਲਮ ‘ਕਹਾਂ ਗਏ’ ਨਾਲ ਫਿਲਮ ਉਦਯੋਗ ਵਿਚ ਪ੍ਰਵੇਸ਼ ਕੀਤਾ। 1947 ਵਿਚ ਰਿਲੀਜ਼ ਹੋਈ ਫਿਲਮ ‘ਫ਼ਰਜ਼’ ਤੇ ‘ਮੋਹਣੀ’ ਵਿਚ ਚਾਂਦ ਬਰਕ ਨੇ ਬਤੌਰ ਮੁੱਖ ਅਦਾਕਾਰ ਕੰਮ ਕੀਤਾ।ਦੇਸ਼ ਦੀ ਵੰਡ ਤੋਂ ਬਾਅਦ ਚਾਂਦ ਬਰਕ ਲਾਹੌਰ ਫ਼ਿਲਮ ਇੰਡਸਟਰੀ ਛੱਡ ਕੇ ਬੰਬਈ ਚਲੀ ਗਈ ਜਿੱਥੇ ਉਸ ਨੂੰ ਫਿਲਮਾਂ ਵਿਚ ਕੰਮ ਕਰਨ ਲਈ ਬਹੁਤ ਜੱਦੋ-ਜਹਿਦ ਕਰਨੀ ਪਈ। ਬੰਬਈ ਜਾਣ ਤੋਂ ਬਾਅਦ ਉਸ ਦੇ ਫਿਲਮੀ ਕਰੀਅਰ ’ਤੇ ਮਾੜਾ ਪ੍ਰਭਾਵ ਪਿਆ।
ਯਾਦਗਾਰੀ ਫਿਲਮਾਂ
1954 ’ਚ ਰਿਲੀਜ਼ ਹੋਈਆਂ ਫਿਲਮਾਂ ‘ਵਣਜਾਰਾ’ (ਪੰਜਾਬੀ ਫਿਲਮ), ‘ਸ਼ਾਹ ਜੀ’ (ਪੰਜਾਬੀ ਫਿਲਮ), ‘ਗੁੱਲ ਬਹਾਰ’, ‘ਅਮਰ ਕੀਰਤਨ’ ਤੇ ‘ਫੇਰੀ’, 1955 ’ਚ ‘ਸ਼ਾਹੀ ਚੋਰ’, ‘ਰਫ਼ਤਾਰ’, ‘ਬਸੰਤ ਬਹਾਰ’, 1957 ’ਚ ‘ਦੁਸ਼ਮਣ’, 1958 ’ਚ ‘ਸੋਹਣੀ ਮਹੀਂਵਾਲ’, ‘ਲਾਜਵੰਤੀ’ ਤੇ ‘ਅਦਾਲਤ’, 1959 ’ਚ ‘ਪ੍ਰਦੇਸੀ’ ‘ਢੋਲਾ’, ‘ਰੇਸ਼ਮਾ’, 1960 ’ਚ ‘ਸ਼ਰਵਣ ਕੁਮਾਰ’, ‘ਰੰਗੀਲਾ ਰਾਜਾ’, ‘ਘਰ ਕੀ ਲਾਜ’, ‘ਪਗੜੀ ਸੰਭਾਲ ਜੱਟਾ’ (ਪੰਜਾਬੀ ਫਿਲਮ), 1961 ’ਚ ਪੰਜਾਬੀ ਫਿਲਮ ‘ਬਿੱਲੋ’, 1962 ’ਚ ਪੰਜਾਬੀ ਫਿਲਮ ‘ਪਰਦੇਸੀ ਢੋਲਾ’, 1964 ’ਚ ‘ਆਪਣੇ ਹੁਏ ਪਰਾਏ’, 1965 ’ਚ ‘ਮੁਹੱਬਤ ਇਸਕੋ ਕਹਿਤੇ ਹੈਂ’, 1967 ’ਚ ‘ਮੇਰਾ ਭਾਈ ਮੇਰਾ ਦੁਸ਼ਮਣ’, 1968 ’ਚ ‘ਕਹੀਂ ਦਿਨ ਕਹੀਂ ਰਾਤ’ ਅਤੇ 1969 ’ਚ ਰਿਲੀਜ਼ ਹੋਈ ਫਿਲਮ ‘ਪ੍ਰਦੇਸਣ’ ਪ੍ਰਮੁੱਖ ਹਨ।
ਵਿਆਹ ਤੇ ਪਰਿਵਾਰ
ਚਾਂਦ ਬਰਕ ਦਾ ਪਹਿਲਾ ਵਿਆਹ ਉਸ ਦੇ ਫਿਲਮੀ ਕਰੀਅਰ ਦੇ ਸ਼ੁਰੂਆਤੀ ਦੌਰ ’ਚ ਹੀ ਲੇਖਕ, ਨਿਰਦੇਸ਼ਕ ਤੇ ਅਦਾਕਾਰ ਨਿਰੰਜਨ ਨਾਲ ਹੋ ਗਿਆ ਸੀ ਜਿਸ ਨੇ ਉਸ ਦੀ ਪਹਿਲੀ ਫਿਲਮ ਦਾ ਨਿਰਦੇਸ਼ਨ ਵੀ ਦਿੱਤਾ ਸੀ। ਲਾਹੌਰ ਤੋਂ ਬੰਬਈ ਆਉਣ ਤੋਂ ਬਾਅਦ ਫਿਲਮੀ ਕਰੀਅਰ ਵਾਂਗ ਘਰੇਲੂ ਜੀਵਨ ’ਚ ਵੀ ਉਸਨੂੰ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ, ਜਿਸ ’ਚ 1954 ’ਚ ਨਿਰੰਜਨ ਨਾਲ ਤਲਾਕ ਹੋਣਾ ਸ਼ਾਮਿਲ ਸੀ। ਉਸ ਨੇ 1955 ’ਚ ਉੱਘੇ ਕਾਰੋਬਾਰੀ ਸ: ਸੁੰਦਰ ਸਿੰਘ ਭਵਨਾਨੀ ਨਾਲ ਵਿਆਹ ਕਰਾ ਲਿਆ। ਇਨ੍ਹਾਂ ਦੇ ਘਰੇ ਦੋ ਬੱਚੇ ਹੋਏ ਧੀ ਟੋਨੀਆ ਤੇ ਪੁੱਤਰ ਜਗਜੀਤ ਸਿੰਘ ਭਵਨਾਨੀ। ਚਾਂਦ ਦੀ ਦਿਲੀ ਖ਼ਾਹਿਸ਼ ਸੀ ਕਿ ਉਸ ਦਾ ਪੁੱਤਰ ਵੀ ਫਿਲਮਾਂ ’ਚ ਅਦਾਕਾਰੀ ਕਰੇ ਪਰ ਪੁੱਤਰ ਨੇ ਫਿਲਮ ਉਦਯੋਗ ’ਚ ਕੰਮ ਕਰਨ ਦੀ ਬਜਾਏ ਪਿਤਾ ਦੇ ਕਾਰੋਬਾਰ ’ਚ ਆਪਣਾ ਕਰੀਅਰ ਬਣਾਇਆ। ਚਾਂਦ ਦੀ ਅਧੂਰੀ ਖ਼ਾਹਿਸ਼ ਨੂੰ ਉਸ ਦੇ ਪੋਤਰੇ ਰਣਵੀਰ ਸਿੰਘ ਨੇ ਪੂਰਾ ਕੀਤਾ, ਜਿਸ ਨੇ ਬਾਲੀਵੁੱਡ ਫ਼ਿਲਮ ਇੰਡਸਟਰੀ ਵਿਚ ਕਦਮ ਰੱਖਿਆ।
ਮੌਤ
ਚਾਂਦ ਬਰਕ ਦਾ 28 ਦਸੰਬਰ 2008 ਨੂੰ 76 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ। ਹਿੰਦੀ ਅਤੇ ਪੰਜਾਬੀ ਸਿਨੇਮੇ ਵਿਚ ਪਾਏ ਅਣਮੁੱਲੇ ਯੋਗਦਾਨ ਬਦਲੇ ਉਨ੍ਹਾਂ ਨੂੰ ਸਦਾ ਯਾਦ ਕੀਤਾ ਜਾਂਦਾ ਰਹੇਗਾ। •