ਜੇਐੱਨਐੱਨ, ਨਵੀਂ ਦਿੱਲੀ : ਕਲਰਜ਼ ਟੀਵੀ 'ਤੇ ਪ੍ਰਸਾਰਿਤ ਹੋਣ ਵਾਲੇ ਸ਼ੋਅ ਬਿੱਗ ਬੌਸ 13 ਦੀ ਸ਼ੁਰੂਆਤ ਹੁਣ ਹੋ ਚੁੱਕੀ ਹੈ। ਇਸ ਸ਼ੋਅ 'ਚ ਇਸ ਸਾਲ ਸਿਰਫ਼ ਸੈਲੀਬ੍ਰਿਟੀਜ਼ ਦੀ ਐਂਟਰੀ ਹੋਈ ਹੈ। ਇਸ ਸਾਲ ਪੰਜਾਬੀ ਮਾਡਲ ਤੇ ਸਿੰਗਰ ਨੇ ਵੀ ਘਰ 'ਚ ਧਮਾਕੇਦਾਰੀ ਐਂਟਰੀ ਕੀਤੀ ਹੈ। ਸ਼ਹਿਨਾਜ਼ ਸ਼ੋਅ 'ਚ ਆਉਣ ਤੋਂ ਪਹਿਲਾਂ ਕਈ ਵਾਰ ਆਪਣੇ ਵਿਵਾਦਤ ਬਿਆਨਾਂ ਕਾਰਨ ਸੁਰਖੀਆਂ 'ਚ ਆ ਚੁੱਕੀ ਹੈ।

ਸ਼ੋਅ 'ਚ ਆਉਂਦੇ ਸਾਰ ਹੀ ਸ਼ਹਿਨਾਜ਼ ਤੇ ਟੀਵੀ ਐਂਕਰ ਸ਼ੇਫਾਲੀ ਬੱਗਾ ਵਿਚਕਾਰ ਟਕਰਾਅ ਦੇਖਣ ਨੂੰ ਮਿਲਿਆ ਸੀ। ਤੁਹਾਨੂੰ ਦੱਸ ਦੇਈਏ ਕਿ ਆਪਣੇ ਬੇਬਾਕ ਅੰਦਾਜ਼ ਕਾਰਨ ਉਹ ਇਕ ਵਾਰ ਸੁਰਖੀਆਂ 'ਚ ਆ ਗਈ ਸੀ। ਉਸ ਨੇ ਪੰਜਾਬੀ ਸਿੰਗਰ ਤੇ ਮਾਡਲ ਹਿਮਾਂਸ਼ੀ ਖੁਰਾਨਾ ਦੇ ਗਾਣੇ 'ਆਈ ਲਾਈਕ ਇਟ' ਨੂੰ ਹੁਣ ਤਕ ਦਾ ਸਭ ਤੋਂ ਬੁਰਾ ਗਾਣਾ ਦੱਸਿਆ ਸੀ ਜਿਸ ਤੋਂ ਬਾਅਦ ਦੋਵਾਂ ਵਿਚਕਾਰ ਤਿੱਖੀ ਬਹਿਸ ਛਿੜ ਗਈ ਸੀ।

ਸ਼ਹਿਨਾਜ਼ ਨੇ ਆਪਣੇ ਸਨੈਪਚੈਟ ਅਕਾਊਂਟ ਤੋਂ ਆਪਣੀ ਇਕ ਵੀਡੀਓ ਸ਼ੇਅਰ ਕੀਤੀ ਸੀ ਜਿਸ ਵਿਚ ਉਸ ਨੇ ਹਿਮਾਂਸ਼ੀ ਦੇ ਗਾਣੇ ਦੀ ਕਾਫ਼ੀ ਬੁਰਾਈ ਕੀਤੀ ਸੀ। ਸ਼ਹਿਨਾਜ਼ ਦਾ ਅਜਿਹਾ ਰਵੱਈਆ ਦੇਖ ਕੇ ਹਿਮਾਂਸ਼ੀ ਨੇ ਵੀ ਆਪਣੀ ਇੰਸਟਾਗ੍ਰਾਮ ਲਾਈਵ ਵੀਡੀਓ 'ਚ ਸ਼ਹਿਨਾਜ਼ ਨੂੰ ਕਰਾਰਾ ਜਵਾਬ ਦਿੱਤਾ ਸੀ। ਇਸ ਤੋਂ ਬਾਅਦ ਦੋਵਾਂ ਦੀ ਲਗਾਤਾਰ ਵੀਡੀਓ ਸਾਹਮਣੇ ਆਉਣ ਲੱਗੀ ਜਿਸ ਵਿਚ ਇਕ-ਦੂਸਰੇ 'ਤੇ ਸ਼ਬਦਾਂ ਦੇ ਤੀਰ ਚਲਾਏ ਗਏ ਸਨ।

ਤੁਹਾਨੂੰ ਦੱਸ ਦੇਈਏ ਕਿ ਬਿੱਗ ਬੌਸ ਦੇ ਗਰੈਂਡ ਪ੍ਰੀਮੀਅਰ 'ਚ ਸ਼ਹਿਨਾਜ਼ ਨੇ ਸਲਮਾਨ ਲਈ ਉਨ੍ਹਾਂ ਦੀ ਫਿਲਮ ਦਾ ਗਾਣਾ ਗਾਇਆ ਤੇ ਉਨ੍ਹਾਂ ਨਾਲ ਰੋਮਾਂਟਿਕ ਡਾਂਸ ਵੀ ਕੀਤਾ। ਸ਼ਹਿਨਾਜ਼ ਨੇ ਦੱਸਿਆ ਕਿ ਉਨ੍ਹਾਂ ਨੂੰ ਪੰਜਾਬ ਦੀ ਕੈਟਰੀਨਾ ਕੈਫ ਕਿਹਾ ਜਾਂਦਾ ਹੈ। ਪੰਜਾਬ ਤੋਂ ਆਪਣੀ ਗ੍ਰੈਜੂਏਸ਼ਨ ਪੂਰੀ ਕਰਨ ਤੋਂ ਬਾਅਦ ਸ਼ਹਿਨਾਜ਼ ਨੇ ਬਤੌਰ ਮਾਡਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਸ ਨੇ 2015 'ਚ ਪੰਜਾਬੀ ਮਿਊਜ਼ਿਕ ਵੀਡੀਓ ਤੋਂ ਆਪਣਾ ਐਕਟਿੰਗ ਡੈਬਿਊ ਕੀਤਾ ਸੀ ਜਿਸ ਤੋਂ ਬਾਅਦ ਉਹ ਕਈ ਮਿਊਜ਼ਿਕ ਐਲਬਮ ਤੇ ਫਿਲਮਾਂ ਦਾ ਵੀ ਹਿੱਸਾ ਰਹਿ ਚੁੱਕੀ ਹੈ।

Posted By: Seema Anand