ਜੇਐੱਨਐੱਨ, ਨਵੀਂ ਦਿੱਲੀ : ਦਿੱਲੀ ਵਿਧਾਨ ਸਭਾ ਚੋਣਾਂ 'ਚ ਵੋਟਾਂ ਦੀ ਗਿਣਤੀ ਤੋਂ ਬਾਅਦ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਬਣਨੀ ਤੈਅ ਹੈ। ਇੱਥੇ 70 'ਚੋਂ 62 ਸੀਟਾਂ ਜਿੱਤੀਆਂ ਹਨ। ਇਸ ਤੋਂ ਪਹਿਲਾਂ 2015 ਦੀਆਂ ਚੋਣਾਂ 'ਚ ਆਮ ਆਦਮੀ ਪਾਰਟੀ ਨੇ 70 'ਚੋਂ 67 ਸੀਟਾਂ ਜਿੱਤੀਆਂ ਸਨ। ਆਓ ਜਾਣਦੇ ਹਾਂ ਉਹ ਦਸ ਕਾਰਨ ਜਿਨ੍ਹਾਂ ਕਰਕੇ ਆਮ ਆਦਮੀ ਪਾਰਟੀ ਦਿੱਲੀ ਫ਼ਤਿਹ ਕਰਨ 'ਚ ਕਾਮਯਾਬ ਰਹੀ।

1. ਦਿੱਲੀ 'ਚ ਆਮ ਆਦਮੀ ਪਾਰਟੀ ਨੇ ਅਰਵਿੰਦ ਕੇਜਰੀਵਾਲ ਨੂੰ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਐਲਾਨਿਆ। ਭਾਜਪਾ ਤੇ ਕਾਂਗਰਸ ਨੇ ਸੀਐੱਮ ਅਹੁਦੇ ਦਾ ਉਮੀਦਵਾਰ ਨਹੀਂ ਐਲਾਨ ਕੀਤਾ ਜਿਸ ਦਾ ਸਿੱਧਾ ਅਸਰ ਚੋਣਾਂ 'ਚ ਦੇਖਣ ਨੂੰ ਮਿਲਿਆ। ਇਸ ਸਬੰਧੀ ਅਰਵਿੰਦ ਕੇਜਰੀਵਾਲ ਨੇ ਭਾਜਪਾ ਨੂੰ ਵਾਰ-ਵਾਰ ਚੁਣੌਤੀ ਦਿੱਤੀ। ਇਹ ਗੱਲ ਆਮ ਆਦਮੀ ਪਾਰਟੀ ਦੇ ਹੱਕ 'ਚ ਰਹੀ।

2. ਆਮ ਆਦਮੀ ਪਾਰਟੀ ਦੀਆਂ ਚੋਣਾਂ ਸਕਾਰਾਤਮਕ ਰਹੀਆਂ। ਅਰਵਿੰਦ ਕੇਜਰੀਵਾਲ ਤੇ ਉਨ੍ਹਾਂ ਦੀ ਪਾਰਟੀ ਨੇ ਆਪਣੀਆਂ ਚੋਣਾਂ ਤੇ ਆਪਣੇ ਕੰਮ 'ਤੇ ਫੋਕਸ ਕੀਤਾ ਤੇ ਵਿਵਾਦਤ ਬਿਆਨਾਂ ਤੋਂ ਪਰਹੇਜ਼ ਕੀਤਾ। ਅਰਵਿੰਦ ਤੇ ਉਨ੍ਹਾਂ ਦੀ ਪਾਰਟੀ ਭਾਜਪਾ ਦੇ ਵਾਰ-ਵਾਰ ਕਹਿਣ ਦੇ ਬਾਵਜੂਦ ਉਨ੍ਹਾਂ ਦੇ ਟ੍ਰੈਪ 'ਚ ਨਹੀਂ ਫਸੀ। ਉਸ ਦੇ ਨੇਤਾ ਸੀਏਏ ਖ਼ਿਲਾਫ਼ ਸ਼ਾਹੀਨ ਬਾਗ਼ 'ਚ ਹੋ ਰਹੇ ਪ੍ਰਦਰਸ਼ਨ 'ਚ ਸ਼ਾਮਲ ਨਹੀਂ ਹੋਏ। ਹਾਲਾਂਕਿ ਉਨ੍ਹਾਂ ਬਿਆਨਾਂ 'ਚ ਜ਼ਰੂਰ ਸੀਏਏ ਦਾ ਵਿਰੋਧ ਕੀਤਾ। ਉਹ ਜਾਣਦੇ ਸਨ ਕਿ ਦਿੱਲੀ 'ਚ ਹਿੰਦੂ ਧਰਮ ਦੇ ਲੋਕ ਬਹੁ-ਗਿਣਤੀ ਹਨ। ਜੇਕਰ ਉਹ ਸ਼ਾਹੀਨ ਬਾਗ਼ ਜਾਂਦੇ ਹਨ ਤਾਂ ਹਿੰਦੂ ਵੋਟ ਬੈਂਕ ਤੋਂ ਹੱਥ ਧੋਅ ਬੈਠਣਗੇ।

3. ਪਰਸਨਲ ਅਟੈਕ ਨੂੰ ਅਰਵਿੰਦ ਕੇਜਰੀਵਾਲ ਨੇ ਮੁੱਦਾ ਬਣਾਇਆ। ਉਨ੍ਹਾਂ ਵਾਰ-ਵਾਰ ਆਪਣੇ-ਆਪ ਨੂੰ ਦਿੱਲੀ ਦਾ ਪੁੱਤਰ ਦੱਸਿਆ। ਦਿੱਲੀ 'ਚ ਉਨ੍ਹਾਂ ਨੂੰ ਭਾਜਪਾ ਆਗੂ ਪ੍ਰਵੇਸ਼ ਵਰਮਾ, ਤਜਿੰਦਰ ਪਾਲ ਸਿੰਘ ਬੱਗਾ ਤੇ ਕਪਿਲ ਮਿਸ਼ਰਾ ਨੇ ਅਰਵਿੰਦ ਕੇਜਰੀਵਾਲ ਨੂੰ ਅੱਤਵਾਦੀ ਕਿਹਾ। ਚੋਣਾਂ ਦੌਰਾਨ ਉਨ੍ਹਾਂ ਵਾਰ-ਵਾਰ ਲੋਕਾਂ ਤੋਂ ਪੁੱਛਿਆ- ਕੀ ਮੈਂ ਅੱਤਵਾਦੀ ਹਾਂ। ਇਹੀ ਕਾਰਨ ਹੈ ਕਿ ਇਸ ਸਬੰਧੀ ਚੋਣ ਕਮਿਸ਼ਨ ਨੇ ਸਖ਼ਤੀ ਦਿਖਾਈ ਤੇ ਅਜਿਹਾ ਬੋਲਣ ਵਾਲਿਆਂ ਦੇ ਚੋਣ ਪ੍ਰਚਾਰ ਕਰਨ 'ਤੇ ਪਾਬੰਦੀ ਲਾਈ। ਕਪਿਲ ਮਿਸ਼ਰਾ ਨੇ ਟਵੀਟ ਕਰ ਕੇ ਕਿਹਾ ਸੀ ਕਿ 8 ਫਰਵਰੀ ਨੂੰ ਭਾਰਤ ਤੇ ਪਾਕਿਸਤਾਨ ਵਿਚਕਾਰ ਮੁਕਾਬਲਾ ਹੋਵੇਗਾ। ਅਜਿਹਾ ਕਰਨ 'ਤੇ ਆਮ ਆਦਮੀ ਪਾਰਟੀ ਨੇ ਇਸ ਨੂੰ ਮੁੱਦਾ ਬਣਾਇਆ।

4. ਦਿੱਲੀ 'ਚ ਤਿੰਨ ਵਾਰ ਸਰਕਾਰ ਬਣਾਉਣ ਵਾਲੀ ਕਾਂਗਰਸ ਦਾ ਚੋਣਾਂ 'ਚ ਪੂਰੀ ਤਰ੍ਹਾਂ ਨਾਲ ਬਾਹਰ ਹੋਣਾ ਆਮ ਆਦਮੀ ਪਾਰਟੀ ਦੇ ਹੱਕ 'ਚ ਰਿਹਾ। ਚੋਣਾਂ 'ਚ ਕਾਂਗਰਸ ਦੇ 67 ਉਮੀਦਵਾਰ ਆਪਣੀ ਜ਼ਮਾਨਤ ਗੁਆ ਬੈਠੇ। ਉਹ ਕਿਸੇ ਸੀਟ 'ਤੇ ਨੰਬਰ ਦੋ ਦੀ ਪੁਜ਼ੀਸ਼ਨ 'ਚ ਨਹੀਂ ਰਹੇ। ਉਸ ਨੇ ਆਪਣੇ 5 ਫ਼ੀਸਦੀ ਵੋਟ ਗੁਆ ਦਿੱਤੇ। ਉਸ ਨੂੰ 2020 ਦੀਆਂ ਚੋਣਾਂ 'ਚ ਸਿਰਫ਼ 5 ਫ਼ੀਸਦੀ ਵੋਟਾਂ ਮਿਲੀਆਂ। ਉਸ ਦਾ ਖਾਤਾ ਤਕ ਨਹੀਂ ਖੁੱਲ੍ਹਿਆ। ਇਸ ਕਾਰਨ ਦਿੱਲੀ 'ਚ ਸਿੱਧਾ ਮੁਕਾਬਲਾ ਆਮ ਆਦਮੀ ਪਾਰਟੀ ਤੇ ਭਾਜਪਾ ਵਿਚਕਾਰ ਰਿਹਾ। ਭਾਜਪਾ ਨੂੰ 6 ਫ਼ੀਸਦੀ ਤੋਂ ਜ਼ਿਆਦਾ ਵੋਟਾਂ ਮਿਲਣ ਤੋਂ ਬਾਅਦ ਵੀ ਸਿਰਫ਼ 7 ਸੀਟਾਂ ਮਿਲੀਆਂ। ਕਾਂਗਰਸ ਦੇ ਵੱਡੇ ਆਗੂ ਰਾਹੁਲ ਗਾਂਧੀ ਨੇ ਚੋਣਾਂ ਦੌਰਾਨ ਜੈਪੁਰ ਤੇ ਵਾਇਨਾਡ 'ਚ ਰੈਲੀ ਕੀਤੀ ਪਰ ਦਿੱਲੀ 'ਚ ਰੈਲੀ ਕਰਨਾ ਠੀਕ ਨਹੀਂ ਸਮਝਿਆ। ਇਹੀ ਕਾਰਨ ਹੈ ਕਿ ਕਾਂਗਰਸ ਚੋਣ ਮੁਕਾਬਲੇ ਤੋਂ ਬਾਹਰ ਹੋ ਗਈ।

5. ਚੋਣਾਂ 'ਚ ਅਰਵਿੰਦ ਕੇਜਰੀਵਾਲ ਦੀ ਛੋਟੀ ਪਾਰਟੀ ਹੋਣ ਤੋਂ ਬਾਅਦ ਵੀ ਭਾਜਪਾ ਵਰਗੀ ਵੱਡੀ ਪਾਰਟੀ ਦਾ ਜ਼ਬਰਦਸਤ ਮੁਕਾਬਲਾ ਕੀਤਾ। ਭਾਜਪਾ ਨੇ ਚੋਣਾਂ ਦੌਰਾਨ ਆਪਣੇ 70 ਕੇਂਦਰੀ ਮੰਤਰੀ, 11 ਮੁੱਖ ਮੰਤਰੀ ਤੇ 250 ਸੰਸਦ ਮੈਂਬਰਾਂ ਨੂੰ ਮੈਦਾਨ 'ਚ ਉਤਾਰਿਆ। ਚੋਣਾਂ 'ਚ ਅਮਿਤ ਸ਼ਾਹ ਨੇ 200 ਤੋਂ ਜ਼ਿਆਦਾ ਰੈਲੀਆਂ ਕੀਤੀਆਂ। ਇਸ ਦੇ ਮੁਕਾਬਲੇ ਕੁਸ਼ਲ ਰਣਨੀਤੀ ਬਣਾਉਂਦਿਆਂ ਅਰਵਿੰਦ ਕੇਜਰੀਵਾਲ ਨੇ ਖ਼ੁਦ ਇਕੱਲੇ ਪਾਰਟੀ ਦੀ ਬੇੜੀ ਪਾਰ ਲਾਈ। ਉਨ੍ਹਾਂ ਕੰਮ ਦੇ ਮੁੱਦੇ 'ਤੇ ਫੋਕਸ ਰੱਖਿਆ।

6. ਦਿੱਲੀ 'ਚ ਮੁਫ਼ਤ ਬਿਜਲੀ-ਪਾਣੀ ਦਾ ਮੁੱਦਾ ਹਿੱਟ ਰਿਹਾ। 2015 'ਚ ਸਰਕਾਰ ਬਣਨ ਤੋਂ ਬਾਅਦ ਆਮ ਆਦਮੀ ਪਾਰਟੀ ਨੇ 20 ਹਜ਼ਾਰ ਲੀਟਰ ਮੁਫ਼ਤ ਪਾਣੀ ਦੇਣ ਦਾ ਵਾਅਦਾ ਕੀਤਾ ਸੀ। ਉਸ ਨੇ ਸਰਕਾਰ ਬਣਦਿਆਂ ਹੀ ਇਸ ਨੂੰ ਲਾਗੂ ਕੀਤਾ। ਇਸ ਤੋਂ ਇਲਾਵਾ ਦਿੱਲੀ 'ਚ 2015 'ਚ ਸਰਕਾਰ ਬਣਨ 'ਤੇ 200 ਯੂਨਿਟ ਤੋਂ ਜ਼ਿਆਦਾ ਬਿਜਲੀ ਸਬਸਿਡੀ ਦੇਣੀ ਸ਼ੁਰੂ ਕੀਤੀ। ਇਸ ਤੋਂ ਬਾਅਦ ਅਗਸਤ 2019 'ਚ 200 ਯੂਨਿਟ 'ਤੇ ਪੂਰੀ ਸਬਸਿਡੀ ਦੇਣੀ ਸ਼ੁਰੂ ਕੀਤੀ ਯਾਨੀ 200 ਯੂਨਿਟ ਤਕ ਪੂਰੀ ਬਿਜਲੀ ਮੁਫ਼ਤ ਕਰ ਦਿੱਤੀ। ਇਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਗਾਰੰਟੀ ਕਾਰਡ 'ਚ ਅਗਲੇ ਪੰਜ ਸਾਲ ਤਕ 200 ਯੂਨਿਟ ਬਿਜਲੀ ਮੁਫ਼ਤ ਦੇਣ ਦਾ ਭਰੋਸਾ ਦਿੱਤਾ ਹੈ।

ਨਵੰਬਰ 2019 'ਚ ਆਪ ਸਰਕਾਰ ਨੇ ਔਰਤਾਂ ਦੀ ਬੱਸਾਂ 'ਚ ਮੁਫ਼ਤ ਯਾਤਰਾ ਕੀਤੀ। ਇਸ ਨਾਲ ਕੰਮਕਾਜੀ ਔਰਤਾਂ ਤੇ ਘਰੇਲੂ ਔਰਤਾਂ ਨੂੰ ਵੱਡੀ ਰਾਹਤ ਮਿਲੀ। ਆਪ ਸਰਕਾਰ ਨੇ 50 ਫ਼ੀਸਦੀ ਆਬਾਦੀ ਨੂੰ ਆਪਣੇ ਵੱਲ ਆਕਰਸ਼ਿਤ ਕਰਨ 'ਚ ਸਫ਼ਲਤਾ ਹਾਸਿਲ ਕੀਤੀ। ਇਸ ਦੇ ਨਾਲ ਹੀ ਬੱਸਾਂ 'ਚ ਮਾਰਸ਼ਲ ਵੀ ਲਗਾਏ। ਇਸ ਨਾਲ ਚੋਣਾਂ 'ਚ ਮਹਿਲਾ ਸੁਰੱਖਿਆ ਦਾ ਵੱਡਾ ਮੁੱਦਾ ਛਾਇਆ ਰਿਹਾ। ਇਹੀ ਕਾਰਨ ਹੈ ਕਿ 2020 ਦੀਆਂ ਦਿੱਲੀ ਵਿਧਾਨ ਸਭਾ ਚੋਣਾਂ 'ਚ ਔਰਤਾਂ ਨੇ ਆਮ ਆਦਮੀ ਪਾਰਟੀ ਦੇ ਹੱਕ 'ਚ ਬੰਪਰ ਵੋਟਿੰਗ ਕੀਤੀ।

8. ਦਿੱਲੀ ਦੇ ਸਰਕਾਰੀ ਸਕੂਲਾਂ 'ਚ ਵੱਡੇ ਪੱਧਰ 'ਤੇ ਸੁਧਾਰ ਕੀਤਾ ਗਿਆ। ਦਿੱਲੀ ਦੇ ਸਰਕਾਰੀ ਸਕੂਲ ਕਾਨਵੈਂਟ ਸਕੂਲਾਂ ਦੇ ਮੁਕਾਬਲੇ ਨਜ਼ਰ ਆਏ। ਇਸ ਦੇ ਲਈ ਦਿੱਲੀ ਦੇ ਬਜਟ ਦਾ 25 ਫ਼ੀਸਦੀ ਸਿੱਖਿਆ ਲਈ ਅਲਾਟ ਕੀਤਾ ਗਿਆ। ਦਿੱਲੀ 'ਚ ਕਰੀਬ 20 ਹਜ਼ਾਰ ਨਵੇਂ ਕਮਰਿਆਂ ਦਾ ਨਿਰਮਾਣ ਕੀਤਾ ਗਿਆ। ਇਸ ਤੋਂ ਇਲਾਵਾ ਦਿੱਲੀ ਸਰਕਾਰ ਨੇ ਪ੍ਰਾਈਵੇਟ ਸਕੂਲਾਂ ਦੇ ਫੀਸ ਵਾਧੇ 'ਤੇ ਰੋਕ ਲਾਈ ਜਿਸ ਦਾ ਸਿੱਧਾ ਅਸਰ ਦੇਖਣ ਨੂੰ ਮਿਲਿਆ।

9. ਦਿੱਲੀ 'ਚ ਮੁਹੱਲਾ ਕਲੀਨਿਕ ਜ਼ਰੀਏ ਲੋਕਾਂ ਨੂੰ ਘਰਾਂ ਨੇੜੇ ਮੁਫ਼ਤ ਸਿਹਤ ਸਹੂਲਤਾਂ ਦੇਣ ਦਾ ਯਤਨ ਕੀਤਾ। ਇਸ ਦੇ ਲਈ ਦਿੱਲੀ 'ਚ ਕਰੀਬ 450 ਮੁਹੱਲਾ ਕਲੀਨਿੰਗ ਬਣਾਏ ਗਏ। ਇੱਥੇ ਲੋਕਾਂ ਦਾ ਇਲਾਜ ਕਰਨ, ਲੈਬ ਦੀ ਸਹੂਲਤ ਤੇ ਮੁਫ਼ਤ ਦਵਾਈਆਂ ਦੀ ਸਹੂਲਤ ਮੁਹੱਈਆ ਕਰਵਾਈ ਗਈ।

10. ਦਿੱਲੀ 'ਚ ਕਰੀਬ ਢਾਈ ਲੱਖ ਸੀਸੀਟੀਵੀ ਕੈਮਰੇ ਲਗਾਏ ਗਏ। ਔਰਤਾਂ ਦੀ ਸੁਰੱਖਿਆ ਤੇ ਇਸ ਨਾਲ ਲੋਕਾਂ ਦੀ ਸਹੂਲਤ ਵਧ ਗਈ। ਇਹ ਮੁੱਦਾ ਚੋਣਾਂ 'ਚ ਛਾ ਗਿਆ।

Posted By: Seema Anand