ਜੇਐੱਨਐੱਨ, ਨਵੀਂ ਦਿੱਲੀ : ਤਿੰਨ ਵਜੇ ਤਕ ਲਗਪਗ ਸਾਰੀਆਂ 70 ਸੀਟਾਂ 'ਤੇ ਤਸਵੀਰ ਸਪੱਸ਼ਟ ਹੋ ਚੁੱਕੀ ਹੈ। ਆਮ ਆਦਮੀ ਪਾਰਟੀ ਨੇ ਜਿੱਥੇ ਸ਼ਾਨਦਾਰ ਸਫ਼ਲਤਾ ਹਾਸਿਲ ਕੀਤੀ ਹੈ ਉੱਥੇ ਹੀ ਭਾਜਪਾ ਵੀ ਆਪਣੀਆਂ ਸੀਟਾਂ ਦੀ ਗਿਣਤੀ ਵਧਾਉਣ 'ਚ ਤਾਂ ਕਾਮਯਾਬ ਰਹੀ ਪਰ ਕਾਂਗਰਸ ਆਪਣੀ ਵਜੂਦ ਬਚਾਉਣ 'ਚ ਵੀ ਨਾਕਾਮ ਰਹੀ। ਕਿਸੇ ਇਕ ਸੀਟ 'ਤੇ ਵੀ ਜਿੱਤ ਦਰਜ ਕਰਵਾ ਸਕਣਾ ਤਾਂ ਦੂਰ ਦੀ ਗੱਲ, ਜ਼ਿਆਦਾਤਰ ਉਮੀਦਵਾਰ ਆਪਣੀ ਜ਼ਮਾਨਤ ਵੀ ਨਹੀਂ ਬਚਾ ਸਕੇ ਹਨ। ਇਸ ਹਾਰ ਦੀ ਨੈਤਿਕ ਜ਼ਿੰਮੇਵਾਰੀ ਲੈਂਦੇ ਹੋਏ ਪ੍ਰਦੇਸ਼ ਪ੍ਰਧਾਨ ਸੁਭਾਸ਼ ਚੋਪੜਾ ਕਦੀ ਵੀ ਪਾਰਟੀ ਆਹਲਾਕਮਾਨ ਸੋਨੀਆ ਗਾਂਧੀ ਨੂੰ ਆਪਣੇ ਅਸਤੀਫ਼ੇ ਦੀ ਪੇਸ਼ਕਸ਼ ਕਰ ਸਕਦੇ ਹਨ।

ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਭਾਸ਼ ਚੋਪੜਾ ਦੀ ਬੇਟੀ ਸ਼ਿਵਾਨੀ ਚੋਪੜਾ ਕਾਲਕਾਜੀ ਤੋਂ ਬੁਰੀ ਤਰ੍ਹਾਂ ਹਾਰੀ ਹੋਈ ਹੈ। ਪ੍ਰਚਾਰ ਕਮੇਟੀ ਦੇ ਪ੍ਰਧਾਨ ਕੀਰਤੀ ਆਜ਼ਾਦ ਦੀ ਪਤਨੀ ਪੂਨਮ ਆਜ਼ਾਦ ਸੰਗਮ ਵਿਹਾਰ ਤੋਂ ਹਾਰ ਗਈ। ਮੁੱਖ ਬੁਲਾਰੇ ਮੁਕੇਸ਼ ਸ਼ਰਮਾ ਦੀ ਜ਼ਮਾਨਤ ਜ਼ਬਤ ਹੋ ਗਈ। ਸਾਬਕਾ ਸੰਸਦ ਮੈਂਬਰ ਪਰਵੇਜ਼ ਹਾਸ਼ਮੀ, ਸਾਬਕਾ ਕੇਂਦਰੀ ਮੰਤਰੀ ਕ੍ਰਿਸ਼ਨਾ ਤੀਰਥ, ਸਾਬਕਾ ਮੰਤਰੀ ਅਰਵਿੰਦਰ ਸਿੰਘ ਲਵਲੀ, ਹਾਰੂਨ ਯੂਸੁਫ਼, ਡਾ. ਨਰਿੰਦਰ ਨਾਥ, ਸਾਬਕਾ ਕੱਦਾਵਰ ਵਿਧਾਇਕ ਚੌਧਰੀ ਮਤੀਨ ਅਹਿਮਦ, ਜੈਕਿਸ਼ਨ, ਦੇਵੇਂਦਰ ਯਾਦਵ, ਸੌਮੇਸ਼ ਸ਼ੌਕੀਨ ਸਮੇਤ ਪਾਰਟੀ ਦੇ ਸਾਰੇ ਉਮੀਦਵਾਰ ਹਾਰ ਗਏ।

2015 ਦੀਆਂ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਦਾ ਵੋਟ ਫ਼ੀਸਦੀ ਨੌਂ ਸੀ ਜੋਕਿ ਇਸ ਵਾਰ ਘਟ ਕੇ ਚਾਰ ਤੋਂ 5 ਫ਼ੀਸਦੀ ਰਹਿ ਗਿਆ ਹੈ। ਪਾਰਟੀ ਦਾ ਪੂਰਾ ਜਨ ਆਧਾਰ ਹੀ ਵਾਪਸੀ ਦੀ ਬਜਾਏ ਆਮ ਆਦਮੀ ਪਾਰਟੀ ਨੂੰ ਚਲਾ ਗਿਆ। ਆਲਮ ਇਹ ਰਿਹਾ ਕਿ ਕਾਂਗਰਸ ਤਾਂ ਚੋਣ ਚਰਚਾਂ ਤੋਂ ਵੀ ਬਾਹਰ ਹੁੰਦੀ ਜਾ ਰਹੀ ਹੈ। ਪਾਰਟੀ ਆਗੂ ਇਸ ਹੱਦ ਤਕ ਸਦਮੇ 'ਚ ਹਨ ਕਿ ਉਨ੍ਹਾਂ ਨੂੰ ਤਾਂ ਇਸ ਹਾਰ ਦਾ ਕਾਰਨ ਹੀ ਸਮਝ ਨਹੀਂ ਆ ਰਿਹਾ। ਕੋਈ ਇਸ ਦੇ ਲਈ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਤ ਦੀ ਮੌਤ ਤੋਂ ਬਾਅਦ ਹਾਸ਼ੀਏ 'ਤੇ ਆਈ ਪਾਰਟੀ ਨੂੰ ਇਸ ਦਾ ਕਾਰਨ ਦੱਸ ਰਿਹਾ ਹੈ ਤਾਂ ਕੋਈ ਵੱਡੇ ਆਗੂਆਂ ਵੱਲੋਂ ਪ੍ਰਚਾਰ 'ਚ ਦਿਲਚਸਪੀ ਨਾ ਲੈਣ ਦੀ ਗੱਲ ਕਹਿ ਰਿਹਾ ਹੈ। ਕੁਝ ਆਗੂ ਟਿਕਟ ਵੰਡ 'ਚ ਭ੍ਰਿਸ਼ਟਾਚਾਰ ਤੇ ਪੱਖਪਾਤ ਦੇ ਦੋਸ਼ ਵੀ ਲਗਾ ਰਹੇ ਹਨ।

ਇਸ ਦਰਮਿਆਨ ਪਾਰਟੀ ਪ੍ਰਧਾਨ ਸੁਭਾਸ਼ ਚੋਪੜਾ ਨੇ ਇਸ ਕਰਾਰੀ ਹਾਰ ਦੀ ਨੈਤਿਕ ਜ਼ਿੰਮੇਵਾਰੀ ਲਈ ਹੈ। ਉਨ੍ਹਾਂ ਕਿਹਾ ਕਿ ਉਹ ਇਸ ਦੇ ਲਈ ਕਿਸੇ ਹੋਰ ਨੂੰ ਦੋਸ਼ ਨਹੀਂ ਦੇਣਗੇ ਬਲਕਿ ਪ੍ਰਦੇਸ਼ ਪ੍ਰਧਾਨ ਹੋਣ ਦੇ ਨਾਤੇ ਖ਼ੁਦ ਨੂੰ ਇਸ ਦੇ ਲਈ ਦੋਸ਼ ਦੇਣਗੇ। ਉਨ੍ਹਾਂ ਇਹ ਵੀ ਕਿਹਾ ਕਿ ਹਾਰ ਦੇ ਕਾਰਨਾਂ ਦੀ ਸਮੀਖਿਆ ਕੀਤੀ ਜਾਵੇਗੀ ਤੇ ਜਿੱਥੇ ਜ਼ਰੂਰਤ ਪਵੇਗੀ, ਉੱਥੇ ਸੁਧਾਰ ਵੀ ਕੀਤਾ ਜਾਵੇਗਾ। ਪਾਰਟੀ ਲੋਕ ਹਿੱਤ ਦੇ ਮੁੱਦੇ ਅੱਗੇ ਵੀ ਉਠਾਉਂਦੀ ਰਹੇਗੀ।

Posted By: Seema Anand