ਅੱਜ ਦੇ ਬਦਲਦੇ ਦੌਰ ’ਚ ਜਿੱਥੇ ਤਕਨਾਲੋਜੀ, ਵਿਸ਼ਵੀਕਰਨ ਤੇ ਵੱਧਦੇ ਮੁਕਾਬਲੇ ਨੇ ਹਰ ਖੇਤਰ ਨੂੰ ਨਵੀਂ ਦਿਸ਼ਾ ਦਿੱਤੀ ਹੈ, ਉੱਥੇ ਭਾਸ਼ਾ ਦੀ ਮਹੱਤਤਾ ਪਹਿਲਾਂ ਨਾਲੋਂ ਕਈ ਗੁਣਾਂ ਵੱਧ ਗਈ ਹੈ। ਭਾਸ਼ਾ ਸਿਰਫ਼ ਗੱਲ ਕਰਨ ਦਾ ਸਾਧਨ ਨਹੀਂ ਸਗੋਂ ਵਿਚਾਰਾਂ, ਭਾਵਨਾਵਾਂ, ਗਿਆਨ ਤੇ ਸੰਸਕਾਰਾਂ ਦਾ ਪੁਲ ਹੈ।

ਅੱਜ ਦੇ ਬਦਲਦੇ ਦੌਰ ’ਚ ਜਿੱਥੇ ਤਕਨਾਲੋਜੀ, ਵਿਸ਼ਵੀਕਰਨ ਤੇ ਵੱਧਦੇ ਮੁਕਾਬਲੇ ਨੇ ਹਰ ਖੇਤਰ ਨੂੰ ਨਵੀਂ ਦਿਸ਼ਾ ਦਿੱਤੀ ਹੈ, ਉੱਥੇ ਭਾਸ਼ਾ ਦੀ ਮਹੱਤਤਾ ਪਹਿਲਾਂ ਨਾਲੋਂ ਕਈ ਗੁਣਾਂ ਵੱਧ ਗਈ ਹੈ। ਭਾਸ਼ਾ ਸਿਰਫ਼ ਗੱਲ ਕਰਨ ਦਾ ਸਾਧਨ ਨਹੀਂ ਸਗੋਂ ਵਿਚਾਰਾਂ, ਭਾਵਨਾਵਾਂ, ਗਿਆਨ ਤੇ ਸੰਸਕਾਰਾਂ ਦਾ ਪੁਲ ਹੈ। ਜਿਹੜਾ ਵਿਅਕਤੀ ਭਾਸ਼ਾ ਨੂੰ ਸਹੀ, ਸੁਚੱਜੇ ਤੇ ਆਦਰਯੋਗ ਤਰੀਕੇ ਨਾਲ ਵਰਤਣਾ ਜਾਣਦਾ ਹੈ, ਉਹ ਦੁਨੀਆ ਦੇ ਕਿਸੇ ਵੀ ਮੰਚ ’ਤੇ ਖ਼ੁਦ ਨੂੰ ਬੇਝਿਜਕ ਸਾਬਿਤ ਕਰ ਸਕਦਾ ਹੈ।
ਨਿਖ਼ਾਰਦੀ ਵਿਅਕਤੀ ਦੀ ਸ਼ਖ਼ਸੀਅਤ
ਸਾਨੂੰ ਅਕਸਰ ਸੁਣਨ ਨੂੰ ਮਿਲਦਾ ਹੈ ਕਿ knowledge is power ਪਰ ਮੇਰਾ ਕਹਿਣਾ ਹੈ ਕਿ ਸਹੀ ਭਾਸ਼ਾ ’ਚ ਪ੍ਰਗਟ ਕੀਤਾ ਗਿਆ ਗਿਆਨ ਹੀ ਅਸਲੀ ਤਾਕਤ ਹੈ ਕਿਉਂਕਿ ਜੇ ਵਿਚਾਰ ਸਪੱਸ਼ਟ ਨਾ ਹੋਣ, ਸ਼ਬਦ ਸਮਝ ਤੋਂ ਬਾਹਰ ਹੋਣ ਤੇ ਭਾਸ਼ਾ ਵਰਤੋਂਯੋਗ ਨਾ ਹੋਵੇ, ਤਾਂ ਸਭ ਤੋਂ ਵੱਡਾ ਗਿਆਨ ਵੀ ਪ੍ਰਭਾਵਸ਼ਾਲੀ ਨਹੀਂ ਬਣ ਸਕਦਾ। ਭਾਸ਼ਾ ਦੀ ਮਿਠਾਸ, ਸੁਚੱਜਤਾ ਕਿਸੇ ਵੀ ਵਿਅਕਤੀ ਦੀ ਸ਼ਖਸੀਅਤ ਨੂੰ ਨਿਖ਼ਾਰਦੀ ਹੈ। ਅਧਿਆਪਕ ਦੇ ਤਜਰਬੇ ’ਚ ਮੈਂ ਅਨੇਕਾਂ ਵਿਦਿਆਰਥੀਆਂ ਨੂੰ ਵੇਖਿਆ, ਜੋ ਬਿਹਤਰੀਨ ਸਮਰੱਥਾ ਦੇ ਮਾਲਕ ਹੁੰਦੇ ਹੋਏ ਵੀ ਸਿਰਫ਼ ਭਾਸ਼ਾਈ ਕਮਜ਼ੋਰੀ ਕਰਕੇ ਆਪਣੇ ਵਿਚਾਰ ਪੇਸ਼ ਨਹੀਂ ਕਰ ਸਕੇ ਤੇ ਮੌਕੇ ਹੱਥੋਂ ਗੁਆ ਬੈਠੇ।
ਸੰਚਾਰ ਦਾ ਆਧਾਰ
ਦੁਨੀਆ ਦੀਆਂ ਮਹਾਨ ਤਾਕਤਾਂ, ਚਾਹੇ ਉਹ ਵਿਗਿਆਨ, ਕਾਰੋਬਾਰ, ਕਲਾ ਜਾਂ ਰਾਜਨੀਤੀ ਹੋਵੇ, ਸਭ ਦਾ ਕੇਂਦਰ ਸੰਚਾਰ ਹੈ ਤੇ ਸੰਚਾਰ ਦਾ ਆਧਾਰ ਹੈ ਭਾਸ਼ਾ। ਜਿਹੜਾ ਵਿਅਕਤੀ ਸਾਫ਼, ਤਰਕਸੰਗਤ ਤੇ ਆਦਰਪੂਰਵਕ ਗੱਲ ਕਰ ਸਕਦਾ ਹੈ, ਉਹੀ ਅਗਵਾਈ ਕਰਨ ਦੇ ਯੋਗ ਹੁੰਦਾ ਹੈ। ਇਸੇ ਲਈ ਵਿਦਿਆਰਥੀਆਂ ਲਈ ਨਾ ਸਿਰਫ਼ ਆਪਣੀ ਮਾਂ-ਬੋਲੀ ਵਿਚ ਸਗੋਂ ਹੋਰ ਭਾਸ਼ਾਵਾਂ ’ਚ ਵੀ ਨਿਪੁੰਨਤਾ ਹਾਸਿਲ ਕਰਨੀ ਬੇਹੱਦ ਜ਼ਰੂਰੀ ਹੈ। ਮਾਂ-ਬੋਲੀ ਸਾਨੂੰ ਆਪਣੀਆਂ ਜੜ੍ਹਾਂ ਨਾਲ ਜੋੜਦੀ ਹੈ, ਹਿੰਦੀ ਸਾਨੂੰ ਰਾਸ਼ਟਰੀ ਧਾਗੇ ’ਚ ਪਰਾਉਂਦੀ ਹੈ ਅਤੇ ਅੰਗਰੇਜ਼ੀ ਸਾਨੂੰ ਵਿਸ਼ਵੀ ਮੰਚ ’ਤੇ ਪਹੁੰਚਾਉਂਦੀ ਹੈ।
ਭਵਿੱਖ ਨੂੰ ਕਰਦੀ ਰੋਸ਼ਨ
ਇਹ ਨਹੀਂ ਕਿ ਕਿਸੇ ਇਕ ਭਾਸ਼ਾ ਨੂੰ ਅਹਿਮ ਤੇ ਦੂਜੀ ਨੂੰ ਗ਼ੈਰ-ਜ਼ਰੂਰੀ ਸਮਝਿਆ ਜਾਵੇ। ਭਾਸ਼ਾਵਾਂ ਦਰੱਖ਼ਤ ਦੀਆਂ ਵੱਖ-ਵੱਖ ਟਾਹਣੀਆਂ ਵਾਂਗ ਹੁੰਦੀਆਂ ਹਨ, ਜੜ੍ਹਾਂ ਮਜ਼ਬੂਤ ਹੋਣ ਤੋਂ ਬਾਅਦ ਹੀ ਫਲ ਮਿੱਠੇ ਲੱਗਦੇ ਹਨ। ਜੇ ਅਸੀਂ ਆਪਣੀ ਮਾਂ-ਬੋਲੀ ਦਾ ਸਤਿਕਾਰ ਤੇ ਮੋਹ ਰੱਖਦੇ ਹੋਏ ਹੋਰ ਭਾਸ਼ਾਵਾਂ ’ਚ ਨਿਪੁੰਨਤਾ ਵੀ ਸਿੱਖੀਏ, ਤਾਂ ਸਫਲਤਾ ਦੇ ਦਰਵਾਜ਼ੇ ਖ਼ੁਦ-ਬ-ਖ਼ੁਦ ਖੁੱਲ੍ਹ ਜਾਣਗੇ। ਅੱਜ ਦਾ ਬੱਚਾ ਜੇ ਪੰਜਾਬੀ ਤੇ ਹਿੰਦੀ ਦੇ ਸ਼ੁੱਧ ਵਿਆਕਰਨ ਅਤੇ ਅੰਗਰੇਜ਼ੀ ਦੇ ਆਤਮ-ਵਿਸ਼ਵਾਸ ਨਾਲ ਸਜਿਆ ਹੋਵੇ, ਤਾਂ ਉਹ ਕੋਈ ਵੀ ਇੰਟਰਵਿਊ, ਮੰਚ ਜਾਂ ਦੇਸ਼-ਵਿਦੇਸ਼ ’ਚ ਹਰ ਮੁਸ਼ਕਲ ਨੂੰ ਆਸਾਨੀ ਨਾਲ ਜਿੱਤ ਸਕਦਾ ਹੈ। ਇਸ ਲਈ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਭਾਸ਼ਾ ਦੀ ਕਦਰ ਕਰੀਏ, ਸਹੀ ਸ਼ਬਦ ਚੋਣ ਦਾ ਅਭਿਆਸ ਕਰੀਏ, ਪੜ੍ਹਨ ਤੇ ਲਿਖਣ ਨੂੰ ਆਦਤ ਬਣਾਈਏ ਤੇ ਸੰਚਾਰ ਨੂੰ ਸੁਧਾਰਨ ਦੇ ਹਰ ਮੌਕੇ ਨੂੰ ਗ੍ਰਹਿਣ ਕਰੀਏ। ਸੁਚੱਜੀ ਭਾਸ਼ਾ ਸਿਰਫ਼ ਸ਼ਖਸੀਅਤ ਨਹੀਂ ਨਿਖਾਰਦੀ ਸਗੋਂ ਭਵਿੱਖ ਵੀ ਰੋਸ਼ਨ ਕਰਦੀ ਹੈ। ਆਖ਼ਰ ਵਿਦਿਆਰਥੀਆਂ ਨੂੰ ਇਹੀ ਸੁਨੇਹਾ ਕਿ ਸ਼ਬਦਾਂ ਦੀ ਤਾਕਤ ਨੂੰ ਸਮਝੋ, ਭਾਸ਼ਾ ਦਾ ਸਤਿਕਾਰ ਕਰੋ ਅਤੇ ਆਪਣੇ ਸੁਪਨਿਆਂ ਨੂੰ ਸਾਕਾਰ ਕਰੋ। ਜਿਹੜਾ ਵਿਦਿਆਰਥੀ ਬੋਲਣਾ ਸਿੱਖ ਗਿਆ, ਉਹ ਜਿੱਤਣਾ ਵੀ ਸਿੱਖ ਗਿਆ।
- ਰਸ਼ਮੀ ਸੇਠੀ