ਨਵੇਂ ਸਾਲ ਦਾ ਮਤਲਬ ਕੈਲੰਡਰ ਬਦਲਣਾ ਨਹੀਂ। ਇਹ ਸਮਾਂ ਹੁੰਦਾ ਹੈ ਆਪਣੇ ਅੰਦਰ ਝਾਤੀ ਮਾਰਨ, ਆਪਣੇ ਜੀਵਨ ਦੀ ਦਿਸ਼ਾ ਨੂੰ ਸਮਝਣ ਤੇ ਭਵਿੱਖ ਵੱਲ ਨਵੀਂ ਚੇਤਨਾ ਨਾਲ ਕਦਮ ਵਧਾਉਣ ਦਾ। ਕਥਨ ਹੈ ਕਿ ਜਿਸ ਪਲ ਆਦਮੀ ਅੰਦਰੋਂ ਜਾਗ ਜਾਂਦਾ ਹੈ, ਉਸ ਨੂੰ ਆਪਣੀਆਂ ਕਮੀਆਂ ਦਾ ਅਹਿਸਾਸ ਹੋ ਜਾਂਦਾ ਹੈ, ਉਹ ਪਲ ਹੀ ਉਸ ਲਈ ਨਵੀਂ ਰੋਸ਼ਨੀ ਤੇ ਨਵਾਂ ਵਰ੍ਹਾ ਬਣ ਜਾਂਦਾ ਹੈ।

ਨਵੇਂ ਸਾਲ ਦਾ ਮਤਲਬ ਕੈਲੰਡਰ ਬਦਲਣਾ ਨਹੀਂ। ਇਹ ਸਮਾਂ ਹੁੰਦਾ ਹੈ ਆਪਣੇ ਅੰਦਰ ਝਾਤੀ ਮਾਰਨ, ਆਪਣੇ ਜੀਵਨ ਦੀ ਦਿਸ਼ਾ ਨੂੰ ਸਮਝਣ ਤੇ ਭਵਿੱਖ ਵੱਲ ਨਵੀਂ ਚੇਤਨਾ ਨਾਲ ਕਦਮ ਵਧਾਉਣ ਦਾ। ਕਥਨ ਹੈ ਕਿ ਜਿਸ ਪਲ ਆਦਮੀ ਅੰਦਰੋਂ ਜਾਗ ਜਾਂਦਾ ਹੈ, ਉਸ ਨੂੰ ਆਪਣੀਆਂ ਕਮੀਆਂ ਦਾ ਅਹਿਸਾਸ ਹੋ ਜਾਂਦਾ ਹੈ, ਉਹ ਪਲ ਹੀ ਉਸ ਲਈ ਨਵੀਂ ਰੋਸ਼ਨੀ ਤੇ ਨਵਾਂ ਵਰ੍ਹਾ ਬਣ ਜਾਂਦਾ ਹੈ।
ਅਕਸਰ ਨਵੇਂ ਸਾਲ ਦੇ ਸੰਕਲਪ ਉਤਸ਼ਾਹ ਦੀ ਲਹਿਰ ’ਚ ਜਨਮ ਲੈਂਦੇ ਹਨ ਪਰ ਥੋੜ੍ਹੇ ਹੀ ਦਿਨਾਂ ਵਿਚ ਟੁੱਟ ਕੇ ਉਹ ਖ਼ਾਮੋਸ਼ੀ ਵਿਚ ਗੁੰਮ ਹੋ ਜਾਂਦੇ ਹਨ। ਕਾਰਨ ਸਪਸ਼ਟ ਹੈ ਕਿ ਇਹ ਸੰਕਲਪ ਦਿਲ ਦੀ ਆਵਾਜ਼ ਨਾਲ ਨਹੀਂ ਲਏ ਹੁੰਦੇ ਸਗੋਂ ਸਮਾਜਿਕ ਦਬਾਅ, ਤੁਲਨਾ ਜਾਂ ਦਿਖਾਵੇ ਦਾ ਨਤੀਜਾ ਹੁੰਦੇ ਹਨ। ਜੋ ਸੰਕਲਪ ਆਤਮਾ ਨਾਲ ਨਹੀਂ ਜੁੜੇ ਹੁੰਦੇ, ਉਹ ਸਮੇਂ ਦੀ ਕਸੌਟੀ ’ਤੇ ਟਿਕ ਨਹੀਂ ਸਕਦੇ। ਹਰ ਵਰ੍ਹੇ ਨਵੇਂ ਸਾਲ ਦੇ ਚਾਅ ’ਚ ਅਸੀਂ ਜ਼ਿੰਦਗੀ ਵਿਚ ਕੁਝ ਨਵਾਂ ਕਰਨ ਦਾ ਸੰਕਲਪ ਲੈਂਦੇ ਹਾਂ। ਦਰਅਸਲ ਦ੍ਰਿੜ ਇਰਾਦਾ ਹੀ ਇਨਸਾਨ ਦੀ ਕਾਮਯਾਬੀ ਦਾ ਸਭ ਤੋਂ ਬਿਹਤਰੀਨ ਫਾਰਮੂਲਾ ਹੈ। ਜੇ ਅਸੀਂ ਖ਼ੁਦ ਨੂੰ ਮਜ਼ਬੂਤ ਤੇ ਆਤਮ-ਵਿਸ਼ਵਾਸੀ ਬਣਾਉਣਾ ਹੈ ਤਾਂ ਸਾਨੂੰ ਤਿਆਰੀ ਖ਼ੁਦ ਹੀ ਕਰਨੀ ਪਵੇਗੀ। ਨਵੇਂ ਸਾਲ ’ਚ ਤੁਸੀਂ ਆਪਣੇ ਲਈ ਨਵਾਂ ਕੀ ਸੋਚਿਆ ਹੈ। ਕਰੀਅਰ ਲਈ ਅਜਿਹੀਆਂ ਕਿਹੜੀਆਂ ਗੱਲਾਂ ਹਨ, ਜਿਨ੍ਹਾਂ ਲਈ ਤੁਸੀਂ ਖ਼ੁਦ ਨੂੰ ਤਿਆਰ ਕਰੋਗੇ।
ਸੰਕਲਪ
ਮਨੋਵਿਗਿਆਨ ਤੇ ਅਧਿਆਤਮਿਕ ਦਰਸ਼ਨ ਦੋਵੇਂ ਇੱਕੋ ਗੱਲ ਕਹਿੰਦੇ ਹਨ ਕਿ ਜਦੋਂ ਮਨੁੱਖ ‘ਮੈਨੂੰ ਕਰਨਾ ਪਵੇਗਾ’ ਦੀ ਥਾਂ ‘ਮੈਂ ਕਰਨਾ ਚਾਹੁੰਦਾ ਹਾਂ’ ਦੀ ਅਵਸਥਾ ਵਿਚ ਦਾਖ਼ਲ ਹੁੰਦਾ ਹੈ, ਉਦੋਂ ਹੀ ਅਸਲ ਬਦਲਾਅ ਸ਼ੁਰੂ ਹੁੰਦਾ ਹੈ। ਇਹੀ ਅਵਸਥਾ ਸੰਕਲਪ ਨੂੰ ਕਰਤੱਵ ਤੋਂ ਉਠਾ ਕੇ ਅਰਾਧਨਾ ਬਣਾਉਂਦੀ ਹੈ। ਕਿਸੇ ਵਿਦਿਆਰਥੀ ਲਈ ਕੇਵਲ ਇਹ ਕਹਿ ਦੇਣਾ ਕਿ ‘ਮੈਂ ਵਧੀਆ ਕਰੀਅਰ ਬਣਾਉਣਾ ਹੈ’ ਖ਼ਿਆਲੀ ਇੱਛਾ ਹੈ ਪਰ ਜਦੋਂ ਉਹ ਇਹ ਸਮਝ ਲੈਂਦਾ ਹੈ ਕਿ ‘ਮੇਰਾ ਕਰੀਅਰ ਮੇਰੀ ਸੇਵਾ ਹੈ, ਮੇਰੀ ਯੋਗਤਾ ਦਾ ਪ੍ਰਕਾਸ਼ ਹੈ ਅਤੇ ਸਮਾਜ ਪ੍ਰਤੀ ਮੇਰਾ ਯੋਗਦਾਨ ਹੈ’, ਉਦੋਂ ਉਸ ਦੀ ਪੜ੍ਹਾਈ ਭਾਰ ਨਹੀਂ ਰਹਿੰਦੀ, ਸਾਧਨਾ ਬਣ ਜਾਂਦੀ ਹੈ।
ਅੰਦਰੂਨੀ ਤਾਲਮੇਲ ਦੀ ਲੋੜ
ਉੱਚ-ਕੋਟੀ ਦੇ ਸੰਕਲਪ ਸਦਾ ਅੰਦਰੂਨੀ ਕਦਰਾਂ ਤੋਂ ਜਨਮ ਲੈਂਦੇ ਹਨ। ਜੇ ਜੀਵਨ ਦੀਆਂ ਕਦਰਾਂ ਤੇ ਟੀਚਿਆਂ ਵਿਚ ਤਾਲਮੇਲ ਨਹੀਂ ਤਾਂ ਮਨ ਦੋ ਹਿੱਸਿਆਂ ਵਿਚ ਵੰਡ ਜਾਂਦਾ ਹੈ। ਇਕ ਅੱਗੇ ਵਧਣਾ ਚਾਹੁੰਦਾ ਹੈ ਤੇ ਦੂਜਾ ਪਿੱਛੇ ਖਿੱਚਦਾ ਹੈ। ਉਦਾਹਰਨ ਵਜੋਂ ਜੇ ਕੋਈ ਨੌਜਵਾਨ ਕਹਿੰਦਾ ਹੈ ਕਿ 2026 ਵਿਚ ਮੈਂ ਰੋਜ਼ ਅਧਿਐਨ ਕਰਾਂਗਾ, ਤਾਂ ਇਹ ਕੇਵਲ ਇਕ ਵਾਕ ਹੈ। ਜਦੋਂ ਉਹ ਇਹ ਕਹਿੰਦਾ ਹੈ ਕਿ ਮੈਂ ਗਿਆਨ ਨੂੰ ਆਪਣੀ ਆਤਮਿਕ ਤਾਕਤ ਮੰਨਦਾ ਹਾਂ, ਇਸ ਲਈ ਅਧਿਐਨ ਮੇਰੇ ਲਈ ਉਤਕ੍ਰਿਸ਼ਟਤਾ ਦਾ ਮਾਰਗ ਹੈ। ਉਦੋਂ ਇਹ ਸੰਕਲਪ ਨਹੀਂ ਰਹਿੰਦਾ ਸਗੋਂ ਜੀਵਨ ਦਰਸ਼ਨ ਬਣ ਜਾਂਦਾ ਹੈ। ਜਦੋਂ ਟੀਚਾ ਸਿਰਫ਼ ਬਾਹਰੀ ਸਫਲਤਾ ਲਈ ਨਹੀਂ ਸਗੋਂ ਅੰਦਰੂਨੀ ਵਿਕਾਸ ਲਈ ਹੁੰਦਾ ਹੈ, ਉਦੋਂ ਮਨੁੱਖ ਥੱਕਦਾ ਨਹੀਂ, ਉਹ ਨਿਖ਼ਰਦਾ ਹੈ।
ਵਿਸ਼ਾਲ ਸੁਪਨੇ
ਆਤਮਿਕ ਦ੍ਰਿਸ਼ਟੀਕੋਣ ਤੋਂ ਵੀ ਇਹ ਸੱਚ ਹੈ ਕਿ ਰੱਬ ਨੇ ਸ੍ਰਿਸ਼ਟੀ ਨੂੰ ਵੀ ਕਦਮ-ਕਦਮ ’ਚ ਰਚਿਆ। ਇਸ ਲਈ ਸੰਕਲਪਾਂ ਨੂੰ ਵਿਸ਼ਾਲ ਰੱਖੋ ਪਰ ਉਨ੍ਹਾਂ ਵੱਲ ਜਾਣ ਵਾਲੇ ਕਦਮ ਸੁਚੱਜੇ, ਸਪਸ਼ਟ ਤੇ ਸੰਭਵ ਹੋਣੇ ਚਾਹੀਦੇ ਹਨ। ਕਰੀਅਰ ਸਬੰਧੀ ਸੰਕਲਪਾਂ ’ਚ ਅਕਸਰ ਵਿਦਿਆਰਥੀ ਕਹਿੰਦੇ ਹਨ ਕਿ ਮੈਂ ਸਭ ਕੁਝ ਕਰਨਾ ਹੈ। ਇਹ ਸਭ ਕੁਝ, ਕੁਝ ਵੀ ਨਹੀਂ ਬਣਦਾ। ਇਸ ਦੀ ਥਾਂ :-
ਹਰ ਦਿਨ ਨਿਰਧਾਰਿਤ ਸਮੇਂ ਅਧਿਐਨ।
ਹਰ ਹਫ਼ਤੇ ਸਵੈ-ਮੁਲਾਂਕਣ।
ਹਰ ਮਹੀਨਾ ਦਿਸ਼ਾ-ਸੰਸ਼ੋਧਨ।
ਇਹ ਕਦਮ ਮਨੁੱਖ ਨੂੰ ਵਿਖੰਡਨ ਨਹੀਂ, ਵਿਵਸਥਾ ਦਿੰਦੇ ਹਨ। ਜਦੋਂ ਟੀਚੇ ਕੈਲੰਡਰ ਵਿਚ ਸਥਾਨ ਬਣਾਉਂਦੇ ਹਨ, ਉਦੋਂ ਉਹ ਜੀਵਨ ’ਚ ਮਹੱਤਵ ਪ੍ਰਾਪਤ ਕਰ ਲੈਂਦੇ ਹਨ।
ਗ਼ਲਤੀ ਅਸਫਲਤਾ ਨਹੀਂ
ਜੀਵਨ ਵਿਚ ਹਰ ਦਿਨ ਇੱਕੋ ਜਿਹਾ ਨਹੀਂ ਹੁੰਦਾ। ਕਈ ਵਾਰ ਯੋਜਨਾਵਾਂ ਡਗਮਗਾਉਂਦੀਆਂ ਹਨ, ਕਈ ਵਾਰ ਮਨ ਹਾਰਨ ਲੱਗਦਾ ਹੈ। ਇੱਥੇ ਹੀ ਸੰਕਲਪਾਂ ਦੀ ਅਸਲ ਪਰਖ ਹੁੰਦੀ ਹੈ। ਅਧਿਆਤਮਿਕ ਬੁੱਧੀ ਇਹ ਸਿਖਾਉਂਦੀ ਹੈ ਕਿ ਗ਼ਲਤੀ ਅਸਫਲਤਾ ਨਹੀਂ, ਗ਼ਲਤੀ ਤੋਂ ਸਿੱਖਣਾ ਵਿਕਾਸ ਹੈ। ਜੋ ਮਨੁੱਖ ਆਪਣੇ ਆਪ ਨੂੰ ਮਾਫ਼ ਕਰ ਸਕਦਾ ਹੈ, ਉਹੀ ਅੱਗੇ ਵੱਧ ਸਕਦਾ ਹੈ। 2026 ਦੇ ਸੰਕਲਪਾਂ ਲਈ ਇਹ ਬਹੁਤ ਜ਼ਰੂਰੀ ਹੈ ਕਿ :
ਤੁਸੀਂ ਆਪਣੀ ਪ੍ਰਗਤੀ ਨੂੰ ਸਵੀਕਾਰ ਕਰੋ।
ਹਰ ਛੋਟੀ ਸਫਲਤਾ ਨੂੰ ਆਸ਼ੀਰਵਾਦ ਮੰਨੋ।
ਰੁਕਾਵਟਾਂ ਨੂੰ ਇਮਤਿਹਾਨ ਨਹੀਂ, ਇਸ਼ਾਰੇ ਸਮਝੋ।
ਇਸ ਤਰ੍ਹਾਂ ਗਤੀ ਬਣੀ ਰਹਿੰਦੀ ਹੈ ਤੇ ਮਨ ਅਡੋਲ ਰਹਿੰਦਾ ਹੈ।
ਆਖ਼ਰ ਇਹ ਹਮੇਸ਼ਾ ਯਾਦ ਰੱਖੋ ਕਿ ਸੰਕਲਪਾਂ ਦੀ ਗਿਣਤੀ ਨਹੀਂ, ਉਨ੍ਹਾਂ ਦੀ ਗਹਿਰਾਈ ਬਹੁਤ ਮਹੱਤਵਪੂਰਨ ਹੁੰਦੀ ਹੈ। ਜੇ ਤੁਹਾਡੇ ਸੰਕਲਪ ਤੁਹਾਡੀਆਂ ਕਦਰਾਂ ਨਾਲ ਜੁੜੇ ਹਨ, ਛੋਟੇ-ਛੋਟੇ ਕਦਮਾਂ ਨਾਲ ਸੁਨਿਯੋਜਿਤ ਹਨ ਅਤੇ ਲਚਕੀਲੇਪਣ ਨਾਲ ਅੱਗੇ ਵਧਾਏ ਜਾਂਦੇ ਹਨ, ਤਾਂ 2026 ਨਿਸ਼ਚਿਤ ਤੌਰ ’ਤੇ ਤੁਹਾਡੇ ਕਰੀਅਰ ਤੇ ਜੀਵਨ ਦਾ ਮੀਲ ਪੱਥਰ ਸਾਲ ਬਣ ਸਕਦਾ ਹੈ। ਸੋ ਅਜਿਹੇ ਸੰਕਲਪ ਲਵੋ, ਜੋ ਟੁੱਟਣ ਨਹੀਂ ਸਗੋਂ ਤੁਹਾਡੇ ਭਵਿੱਖ ਨੂੰ ਸੁਨਹਿਰੀ ਬਣਾਉਣ।
ਮਨੁੱਖ ਨੂੰ ਬਣਾਉਂਦੇ ਸਫਲ
ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ 2026 ਸਿਰਫ਼ ਅਗਲਾ ਸਾਲ ਨਹੀਂ, ਇਹ ਇਕ ਸੰਸਕਾਰ ਬਣ ਸਕਦਾ ਹੈ, ਜੇ ਅਸੀਂ ਆਪਣੇ ਸੰਕਲਪਾਂ ਨੂੰ ਦਿਲ, ਦ੍ਰਿਸ਼ਟੀ ਤੇ ਦ੍ਰਿੜ੍ਹਤਾ ਨਾਲ ਜੋੜੀਏ। ਉਹੀ ਸੰਕਲਪ ਟਿਕਦੇ ਹਨ, ‘ਜੋ ਅੰਦਰੋਂ ਉੱਠਦੇ ਹਨ, ਜੋ ਕਦਰਾਂ ਨਾਲ ਜੁੜੇ ਹੁੰਦੇ ਹਨ, ਜੋ ਕਦਮ-ਕਦਮ ਨਾਲ ਅੱਗੇ ਵਧਦੇ ਹਨ ਅਤੇ ਜੋ ਮਨੁੱਖ ਨੂੰ ਸਿਰਫ਼ ਸਫਲ ਨਹੀਂ, ਸੰਪੰਨ ਬਣਾਉਂਦੇ ਹਨ।’
• ਪ੍ਰਿੰ. ਮਨਿੰਦਰ ਕੌਰ