ਭਾਰਤੀ ਭਾਸ਼ਾਵਾਂ ਨੂੰ ਹੁਲਾਰਾ ਦੇਣ ਲਈ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਤੇ ਸਿੱਖਿਆ ਮੰਤਰਾਲੇ ਦੀ ਪਹਿਲ ਮਗਰੋਂ ਯੂਜੀਸੀ ਨੇ ਸਾਰੀਆਂ ਉੱਚ ਸਿੱਖਿਆ ਸੰਸਥਾਵਾਂ ਨੂੰ 'ਸਿੱਖੋ ਇਕ ਹੋਰ ਭਾਰਤੀ ਭਾਸ਼ਾ' ਮੁਹਿੰਮ ਨੂੰ ਅੱਗੇ ਵਧਾਉਣ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ।

ਅਰਵਿੰਦ ਪਾਂਡੇ, ਜਾਗਰਣ, ਨਵੀਂ ਦਿੱਲੀ : ਸਕੂਲਾਂ ’ਚ ਪੰਜਵੀਂ ਜਮਾਤ ਤੱਕ ਦੇ ਬੱਚਿਆਂ ਨੂੰ ਮਾਤ ਭਾਸ਼ਾ ’ਚ ਪੜ੍ਹਾਉਣ ਦੀ ਪਹਿਲ ਮਗਰੋਂ ਸਿੱਖਿਆ ਮੰਤਰਾਲੇ ਨੇ ਹੁਣ ਉੱਚ ਸਿੱਖਿਆ ਸੰਸਥਾਵਾਂ ’ਚ ਪੜ੍ਹ ਰਹੇ ਜਾਂ ਪੜ੍ਹਾਈ ਪੂਰੀ ਕਰ ਕੇ ਨੌਕਰੀ ਤੇ ਵਪਾਰ ਕਰ ਰਹੇ ਲੋਕਾਂ ਨੂੰ ਭਾਰਤੀ ਭਾਸ਼ਾਵਾਂ ਪ੍ਰਤੀ ਜੁੜਨ ਲਈ ਇਕ ਨਵੀਂ ਮੁਹਿੰਮ ਸ਼ੁਰੂ ਕੀਤੀ ਹੈ। ਇਸ ’ਚ ਲੋਕਾਂ ਨੂੰ ਮਾਤ ਭਾਸ਼ਾ ਜਾਂ ਪੜ੍ਹਾਈ ਦੀ ਭਾਸ਼ਾ ਤੋਂ ਇਲਾਵਾ ਇਕ ਹੋਰ ਭਾਰਤੀ ਭਾਸ਼ਾ ਸਿੱਖਣ ਲਈ ਉਤਸ਼ਾਹਿਤ ਕੀਤਾ ਜਾਵੇਗਾ। ਸੰਵਿਧਾਨ ਦੀ ਅੱਠਵੀਂ ਅਨੁਸੂਚੀ ’ਚ ਸ਼ਾਮਲ ਸਾਰੀਆਂ 22 ਭਾਰਤੀ ਭਾਸ਼ਾਵਾਂ ਇਸ ਚ ਸ਼ਾਮਲ ਕੀਤੀਆਂ ਗਈਆਂ ਹਨ।
ਭਾਰਤੀ ਭਾਸ਼ਾਵਾਂ ਨੂੰ ਹੁਲਾਰਾ ਦੇਣ ਲਈ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਤੇ ਸਿੱਖਿਆ ਮੰਤਰਾਲੇ ਦੀ ਪਹਿਲ ਮਗਰੋਂ ਯੂਜੀਸੀ ਨੇ ਸਾਰੀਆਂ ਉੱਚ ਸਿੱਖਿਆ ਸੰਸਥਾਵਾਂ ਨੂੰ 'ਸਿੱਖੋ ਇਕ ਹੋਰ ਭਾਰਤੀ ਭਾਸ਼ਾ' ਮੁਹਿੰਮ ਨੂੰ ਅੱਗੇ ਵਧਾਉਣ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਸਾਰੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ਨਾਲ-ਨਾਲ ਤਕਨੀਕੀ ਤੇ ਮੈਨੇਜਮੈਂਟ ਸੰਸਥਾਵਾਂ ਨੂੰ ਵੀ ਇਸ ਨਾਲ ਜੁੜਨ ਲਈ ਕਿਹਾ ਗਿਆ ਹੈ। ਇਸ ਦੇ ਨਾਲ ਹੀ ਕਿਹਾ ਗਿਆ ਹੈ ਕਿ ਜੋ ਵੀ ਉੱਚ ਵਿੱਦਿਅਕ ਸੰਸਥਾਨ ਇਸ ਮੁਹਿੰਮ ਨਾਲ ਜੁੜਨਗੇ, ਉਨ੍ਹਾਂ ਨੂੰ ਨੈਕ (ਰਾਸ਼ਟਰੀ ਮੁਲਾਂਕਣ ਤੇ ਤਸਦੀਕ ਪ੍ਰੀਸ਼ਦ) ਤੇ ਐੱਨਆਈਆਰਐੱਫ (ਰਾਸ਼ਟਰੀ ਸੰਸਥਾਗਤ ਰੈਂਕਿੰਗ ਫਰੇਮਵਰਕ) ਦੀ ਦਰਜਾਬੰਦੀ ’ਚ ਵੱਖਰੀ ਤਰਜੀਹ ਦਿੱਤੀ ਜਾਵੇਗੀ। ਯੂਜੀਸੀ ਨੇ ਸਾਰੀਆਂ ਉੱਚ ਸਿੱਖਿਆ ਸੰਸਥਾਵਾਂ ਨੂੰ ਆਪਣੀ ਜ਼ਰੂਰਤ ਤੇ ਰੁਜ਼ਗਾਰ ਦੇ ਮੌਕੇ ਦੇ ਆਧਾਰ 'ਤੇ ਯੋਗਤਾ ਨਿਖਾਰਣ, ਕ੍ਰੈਡਿਟ ਤੇ ਆਡਿਟ ਵਰਗੇ ਪਾਠਕ੍ਰਮ ਡਿਜ਼ਾਈਨ ਕਰਨ ਲਈ ਕਿਹਾ ਹੈ। ਇੱਥੇ ਆਡਿਟ ਕੋਰਸ ਦਾ ਮਤਲਬ ਸਿਰਫ ਸਿੱਖਣਾ-ਸਮਝਣਾ ਹੈ।
ਯੂਜੀਸੀ ਨੇ ਉੱਚ ਸਿੱਖਿਆ ਸੰਸਥਾਵਾਂ ਨੂੰ ਇਹ ਕੋਰਸ ਆਨਲਾਈਨ ਤੇ ਆਫਲਾਈਨ ਦੋਵੇਂ ਤਰੀਕਿਆਂ ਨਾਲ ਚਲਾਉਣ ਲਈ ਕਿਹਾ ਹੈ। ਇਸ ਦੇ ਨਾਲ ਹੀ, ਇਨ੍ਹਾਂ ’ਚ ਦਾਖਲਾ ਲੈਣ ਵਾਲਿਆਂ ਨੂੰ ਕਦੇ ਵੀ ਐਂਟਰੀ-ਐਕਜ਼ਿਟ ਦਾ ਬਦਲ ਦੇਣ ਲਈ ਕਿਹਾ ਗਿਆ ਹੈ। 12ਵੀਂ ਪਾਸ ਕਰਨ ਮਗਰੋਂ ਹੀ ਵਿਦਿਆਰਥੀਆਂ ਜਾਂ ਹੋਰ ਲੋਕਾਂ ਨੂੰ ਇਨ੍ਹਾਂ ਕੋਰਸਾਂ ਵਿਚ ਦਾਖਲਾ ਦੇਣ ਦਾ ਸੁਝਾਅ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਉੱਚ ਸਿੱਖਿਆ ਸੰਸਥਾਵਾਂ ਨੂੰ ਕਿਹਾ ਗਿਆ ਹੈ ਕਿ ਉਹ ਆਪਣੇ ਇੱਥੇ ਹੋਣ ਵਾਲੇ ਪਲੇਸਮੈਂਟ ’ਚ ਵੀ ਅਜਿਹੇ ਵਿਦਿਆਰਥੀਆਂ ਨੂੰ ਤਰਜੀਹ ਦੇਣ। ਮੰਤਰਾਲੇ ਦਾ ਮੰਨਣਾ ਹੈ ਕਿ ਇਸ ਪਹਿਲ ਨਾਲ ਲੋਕਾਂ ਵਿਚ ਸੱਭਿਆਚਾਰਕ ਤੇ ਵਪਾਰਕ ਸਬੰਧ ਹੋਰ ਵੀ ਮਜ਼ਬੂਤ ਹੋਵੇਗਾ। ਯੂਜੀਸੀ ਨੇ ਉੱਚ ਸਿੱਖਿਆ ਸੰਸਥਾਵਾਂ ਨੂੰ ਨਵੇਂ ਵਿੱਦਿਅਕ ਸੈਸ਼ਨ ਅਰਥਾਤ 2026-27 ਤੋਂ ਜ਼ਿਆਦਾ ਤੋਂ ਜ਼ਿਆਦਾ ਭਾਰਤੀ ਭਾਸ਼ਾਵਾਂ ਨਾਲ ਜੁੜੇ ਕੋਰਸ ਸ਼ੁਰੂ ਕਰਨ ਲਈ ਕਿਹਾ ਹੈ।
ਇਹ ਵੀ ਕੀਤੀ ਗਈ ਸਿਫਾਰਸ਼
- ਇਕ ਤੋਂ ਵੱਧ ਭਾਰਤੀ ਭਾਸ਼ਾਵਾਂ ਸਿੱਖਣ ਵਾਲਿਆਂ ਨੂੰ ਭਾਸ਼ਾ ਬੰਧੂ, ਲਿਪੀ ਗੌਰਵ, ਭਾਸ਼ਾ ਦੂਤ, ਭਾਸ਼ਾ ਮਿੱਤਰ ਅਤੇ ਭਾਸ਼ਾ ਪ੍ਰੇਰਕ ਵਰਗੀਆਂ ਉਪਾਧੀਆਂ ਨਾਲ ਸਨਮਾਨਿਤ ਕੀਤਾ ਜਾਵੇ।
- ਪੰਜ ਜਾਂ ਇਸ ਤੋਂ ਵੱਧ ਭਾਰਤੀ ਭਾਸ਼ਾਵਾਂ ਸਿੱਖਣ ਵਾਲਿਆਂ ਨੂੰ 11 ਦਸੰਬਰ ਨੂੰ ਹਰ ਸਾਲ ਕਰਵਾਏ ਜਾਣ ਵਾਲੇ ਭਾਰਤੀ ਭਾਸ਼ਾ ਉਤਸਵ ’ਚ ਸਨਮਾਨਿਤ ਕੀਤਾ ਜਾਵੇ।
- ਅਧਿਆਪਕ ਦਿਵਸ 'ਤੇ ਅਜਿਹੇ ਅਧਿਆਪਕਾਂ ਨੂੰ ਵੀ ਸਨਮਾਨਿਤ ਕੀਤਾ ਜਾਵੇ, ਜੋ ਭਾਰਤੀ ਭਾਸ਼ਾਵਾਂ ਪੜ੍ਹਾਉਂਦੇ ਹੋਣ।
- ਸਾਰੀਆਂ ਉੱਚ ਵਿੱਦਿਅਕ ਸੰਸਥਾਵਾਂ ਵੱਖ-ਵੱਖ ਭਾਰਤੀ ਭਾਸ਼ਾਵਾਂ ਦੇ ਟ੍ਰੇਨਰ ਤਿਆਰ ਕਰਨ।
- ਏਆਈਸੀਟੀਈ (ਅਖਿਲ ਭਾਰਤੀ ਤਕਨੀਕੀ ਸਿੱਖਿਆ ਪ੍ਰੀਸ਼ਦ) ਦੇ ਇੰਟਰਨਸ਼ਿਪ ਤੇ ਕਰੀਅਰ ਪੋਰਟਲ ਦੇ ਜ਼ਰੀਏ ਅਜਿਹੇ ਲੋਕਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਉਤਸ਼ਾਹਿਤ ਕੀਤਾ ਜਾਵੇ।