ਮਿਹਨਤ ਸ਼ਬਦ ਜਿੰਨਾ ਸੌਖਾ, ਕਰਨੀ ਓਨੀ ਹੀ ਔਖੀ। ਹਰ ਕੰਮ ਕਰਨ ਲਈ ਮਿਹਨਤ ਬਹੁਤ ਹੀ ਜ਼ਰੂਰੀ ਹੈ। ਅਸੰਭਵ ਨੂੰ ਸੰਭਵ ਕਰਨ ਲਈ ਮਿਹਨਤ ਜ਼ਰੂਰੀ। ਕਿਸੇ ਵੀ ਖੇਤਰ ਜਿਵੇਂ ਖੇਡਾਂ, ਪੜ੍ਹਾਈ, ਕੰਮਕਾਜ ਸਭ ਲਈ ਮਿਹਨਤ ਜ਼ਰੂਰੀ ਹੈ। ਪਰਮਾਤਮਾ ਨੇ ਸਾਨੂੰ ਮਨੁੱਖਾ ਜੀਵਨ ਦੇ ਕੇ ਸਾਡੇ ’ਤੇ ਕਾਫ਼ੀ ਰਹਿਮਤ ਕੀਤੀ ਹੈ। ਉਸ ਦੀ ਇਸ ਰਹਿਮਤ ਨੂੰ ਸੰਭਾਲ ਕੇ ਰੱਖਣ ਲਈ ਵੀ ਮਿਹਨਤ ਬਹੁਤ ਜ਼ਰੂਰੀ ਹੈ।

ਮਿਹਨਤ ਸ਼ਬਦ ਜਿੰਨਾ ਸੌਖਾ, ਕਰਨੀ ਓਨੀ ਹੀ ਔਖੀ। ਹਰ ਕੰਮ ਕਰਨ ਲਈ ਮਿਹਨਤ ਬਹੁਤ ਹੀ ਜ਼ਰੂਰੀ ਹੈ। ਅਸੰਭਵ ਨੂੰ ਸੰਭਵ ਕਰਨ ਲਈ ਮਿਹਨਤ ਜ਼ਰੂਰੀ। ਕਿਸੇ ਵੀ ਖੇਤਰ ਜਿਵੇਂ ਖੇਡਾਂ, ਪੜ੍ਹਾਈ, ਕੰਮਕਾਜ ਸਭ ਲਈ ਮਿਹਨਤ ਜ਼ਰੂਰੀ ਹੈ। ਪਰਮਾਤਮਾ ਨੇ ਸਾਨੂੰ ਮਨੁੱਖਾ ਜੀਵਨ ਦੇ ਕੇ ਸਾਡੇ ’ਤੇ ਕਾਫ਼ੀ ਰਹਿਮਤ ਕੀਤੀ ਹੈ। ਉਸ ਦੀ ਇਸ ਰਹਿਮਤ ਨੂੰ ਸੰਭਾਲ ਕੇ ਰੱਖਣ ਲਈ ਵੀ ਮਿਹਨਤ ਬਹੁਤ ਜ਼ਰੂਰੀ ਹੈ। ਇਕ ਵਾਰ ਇਕ ਬਜ਼ੁਰਗ ਔਰਤ ਆਖਦੀ ਕਿ ਉਸ ਦੀ ਦਾਦੀ ਹਮੇਸ਼ਾ ਉਸ ਨੂੰ ਬਚਪਨ ’ਚ ਕਹਿੰਦੀ ਸੀ ਕਿ ਕੁਝ ਵੀ ਖਾਣ ਤੋਂ ਬਾਅਦ ਕੁਰਲੀ ਜ਼ਰੂਰ ਕਰੋ। ਸਾਨੂੰ ਉਸ ਸਮੇਂ ਉਹ ਕੁਰਲੀ ਕਰਨੀ ਔਖੀ ਤਾਂ ਬਹੁਤ ਲੱਗਦੀ ਸੀ ਪਰ ਅਸੀਂ ਉਨ੍ਹਾਂ ਦਾ ਕਹਿਣਾ ਟਾਲਦੇ ਨਹੀਂ ਸੀ ਕਿਉਂਕਿ ਸਾਡੇ ਮਾਂ-ਪਿਓ ਨੇ ਸਿਖਾਇਆ ਸੀ ਕਿ ਬਜ਼ੁਰਗਾਂ ਦੀ ਕੋਈ ਵੀ ਗੱਲ ਜਾਂ ਉਨ੍ਹਾਂ ਦਾ ਕਿਹਾ ਕੋਈ ਵੀ ਕੰਮ ਅਣਸੁਣਿਆ ਨਹੀਂ ਕਰਨਾ। ਹਮੇਸ਼ਾ ਉਨ੍ਹਾਂ ਦਾ ਕਹਿਣਾ ਮੰਨਣਾ। ਅੱਜ ਬਜ਼ੁਰਗ ਹੋ ਕੇ ਸਮਝ ਆਈ ਉਸ ਸਮੇਂ ਤੋਂ ਕੁਰਲੀ ਕਰਨ ਦੇ ਫ਼ਾਇਦੇ ਦੀ। ਸੋ ਇਸ ਤਰ੍ਹਾਂ ਦੀਆਂ ਛੋਟੀਆਂ-ਛੋਟੀਆਂ ਤੇ ਲਗਾਤਾਰ ਕੋਸ਼ਿਸ਼ਾਂ ਦੀਆਂ ਬਹੁਤ ਸਾਰੀਆਂ ਉਦਾਹਰਨਾਂ ਸਾਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚੋਂ ਹੀ ਮਿਲ ਜਾਂਦੀਆਂ ਹਨ।
ਕੁਝ ਲੋਕ ਬੈਠੇ-ਬਿਠਾਏ ਹੀ ਸਭ ਕੁਝ ਹਾਸਿਲ ਕਰਨਾ ਚਾਹੁੰਦੇ ਹਨ। ਉਹ ਹਮੇਸ਼ਾ ਹੀ ਕਿਸੇ ਚੀਜ਼ ਦੇ ਨਾ ਪ੍ਰਾਪਤ ਹੋਣ ’ਤੇ ਕਿਸਮਤ ਨੂੰ ਦੋਸ਼ ਦੇ ਦਿੰਦੇ ਹਨ। ਉਹ ਇਹ ਨਹੀਂ ਸੋਚਦੇ ਕਿ ਇਸ ਦੇ ਪਿੱਛੇ ਕੀ ਕਾਰਨ ਹੈ? ਅੱਜ ਅਸੀਂ ਜੋ ਕੁਝ ਵੀ ਹਾਂ, ਆਪਣੇ ਬਜ਼ੁਰਗਾਂ ਦੀ ਕੀਤੀ ਮਿਹਨਤ ਸਦਕਾ ਹੀ ਹਾਂ। ਬੱਚਿਆਂ ਨੂੰ ਹੱਥੀਂ ਕਿਰਤ ਕਰਨ ਦੀ ਆਦਤ ਜ਼ਰੂਰ ਪਾਓ। ਉਨ੍ਹਾਂ ਦੁਆਰਾ ਕੀਤੇ ਛੋਟੇ-ਛੋਟੇ ਕੰਮਾਂ ਦੀ ਪ੍ਰਸ਼ੰਸਾ ਜ਼ਰੂਰ ਕਰੋ, ਤਾਂ ਜੋ ਉਹ ਆਪਣੇ ਛੋਟੇ-ਛੋਟੇ ਕਦਮਾਂ ’ਤੇ ਛੋਟੇ-ਛੋਟੇ ਹੱਥਾਂ ਨੂੰ ਹੋਰ ਵੱਡੇ ਤੇ ਜ਼ਿੰਮੇਵਾਰੀ ਭਰੇ ਕੰਮਾਂ ਲਈ ਤਿਆਰ-ਬਰ-ਤਿਆਰ ਰੱਖਣ।
ਅੱਜ-ਕੱਲ੍ਹ ਸੋਸ਼ਲ ਮੀਡੀਆ ਦੇ ਇਸ ਯੁੱਗ ਵਿਚ ਬੱਚਿਆਂ ਦੇ ਨਾਲ-ਨਾਲ ਵੱਡਿਆਂ ਨੂੰ ਵੀ ਮੋਬਾਈਲ ਵਰਗੇ ਯੰਤਰਾਂ ਨੇ ਆਲਸੀ ਬਣਾ ਦਿੱਤਾ ਹੈ। ਬੱਚੇ ਤਾਂ ਹਰ ਕੰਮ ਮੋਬਾਈਲ ਦੇਖਦੇ-ਦੇਖਦੇ ਕਰਨ ਦੇ ਆਦੀ ਹੁੰਦੇ ਜਾ ਰਹੇ ਹਨ। ਉਨ੍ਹਾਂ ਦੀ ਇਹ ਆਦਤ ਕਈ ਬਿਮਾਰੀਆਂ ਦਾ ਕਾਰਨ ਬਣਦੀ ਜਾ ਰਹੀ ਹੈ। ਉਨ੍ਹਾਂ ਦੀ ਇਸ ਭੈੜੀ ਆਦਤ ਨੂੰ ਖ਼ਤਮ ਕਰਨ ਲਈ ਘਰ ਵਿਚ ਵੱਡਿਆਂ ਨੂੰ ਬਹੁਤ ਜ਼ਿਆਦਾ ਮਿਹਨਤ ਕਰਨ ਦੀ ਲੋੜ ਹੈ। ਜਦੋਂ ਵੀ ਬੱਚੇ ਕਿਸੇ ਵੀ ਖੇਤਰ ਵਿਚ ਫਿਰ ਭਾਵੇਂ ਉਹ ਖੇਡਾਂ, ਪੜ੍ਹਾਈ ਜਾਂ ਕੋਈ ਵੀ ਹੋਵੇ, ਉਸ ਖੇਤਰ ਵਿਚ ਕਦੇ ਜਿੱਤ ਜਾਂ ਹਾਰ ਪ੍ਰਾਪਤ ਕਰਦੇ ਹਨ, ਤਾਂ ਜਿੱਤਣ ’ਤੇ ਉਨ੍ਹਾਂ ਨੂੰ ਸ਼ਾਬਾਸ਼ੀ ਵੀ ਦਿਉ ਤੇ ਹੋਰ ਮਿਹਨਤ ਦੇ ਲਈ ਪ੍ਰੇਰਿਤ ਕਰੋ ਤੇ ਹੰਕਾਰ ਕਰਨ ਤੋਂ ਵਰਜਿਤ ਕਰੋ। ਪਰ ਜੇ ਉਹ ਹਾਰਦੇ ਹਨ ਤਾਂ ਹਾਰ ਵਰਗੇ ਸ਼ਬਦਾਂ ਦੀ ਬਜਾਏ ਉਨ੍ਹਾਂ ਨੂੰ ਕਹੋ ਕਿ ਅੱਜ ਤੂੰ ਹਾਰਿਆ ਨਹੀਂ ਸਗੋਂ ਕੁਝ ਨਵਾਂ ਸਿੱਖਿਆ ਹੈ ਕਿਉਂਕਿ ਇਹ ਦੋਵੇਂ ਸ਼ਬਦ ਇਕ ਹੀ ਸਿੱਕੇ ਦੇ ਦੋ ਪਾਸੇ ਹਨ।
ਜਿੱਤਣਾ ਜਾਂ ਸਿੱਖਣਾ
ਨਿਰਾਸ਼ਾਜਨਕ ਸ਼ਬਦ ਦੀ ਵਰਤੋਂ ਜਿਵੇਂ ਤੂੰ ਇਹ ਕੰਮ ਕਰ ਹੀ ਨਹੀਂ ਸਕਦਾ ਜਾਂ ਤੇਰੇ ਤੋਂ ਕੁਝ ਨਹੀਂ ਹੁੰਦਾ ਜਾਂ ਤੇਰੇ ਤੋਂ ਕੋਈ ਉਮੀਦ ਕਰਨਾ ਬੇਕਾਰ ਹੈ ਜਾਂ ਤੂੰ ਮਿਹਨਤ ਨਹੀਂ ਕੀਤੀ। ਇਹੋ ਜਿਹੇ ਨਿਰਾਸ਼ਾਜਨਕ ਸ਼ਬਦ ਉਨ੍ਹਾਂ ਦਾ ਹੌਸਲਾ ਤੋੜ ਦਿੰਦੇ ਹਨ ਤੇ ਉਨ੍ਹਾਂ ਨੂੰ ਮਿਹਨਤ ਕਰਨ ਤੋਂ ਦੂਰ ਕਰ ਦਿੰਦੇ ਹਨ ਸਗੋਂ ਆਸ਼ਾਵਾਦੀ ਸ਼ਬਦ ਵਰਤੋ ਤੇ ਕਹੋ ਕਿ ਅੱਜ ਤੂੰ ਹਾਰਿਆ ਨਹੀਂ ਸਗੋਂ ਨਵਾਂ ਪਾਠ ਸਿੱਖਿਆ ਹੈ। ਅਸੀਂ ਜਾਂ ਤਾਂ ਜਿੱਤਦੇ ਹਾਂ ਜਾਂ ਫਿਰ ਸਿੱਖਦੇ ਹਾਂ। ਜੋ ਗ਼ਲਤੀਆਂ ਜਾਂ ਕਮੀਆਂ ਸਨ, ਉਨ੍ਹਾਂ ਨੂੰ ਸੋਚੋ ਤੇ ਦੂਰ ਕਰਨ ਲਈ ਹੋਰ ਅਭਿਆਸ ਕਰੋ। ਕਾਮਯਾਬੀ ਦੂਰ ਨਹੀਂ, ਬੱਸ ਥੋੜ੍ਹੀ ਹੋਰ ਮਿਹਨਤ ਮੰਗ ਰਹੀ ਹੈ। ਕਿਸਮਤ ਨੂੰ ਦੋਸ਼ ਦੇਣਾ ਕਦੇ ਵੀ ਸਮਝਦਾਰੀ ਨਹੀਂ ਕਿਉਂਕਿ ਛੋਟੀ ਉਮਰੇ ਹੀ ਬੱਚਿਆਂ ਦੇ ਦਿਮਾਗ਼ ’ਚ ਅਜਿਹੇ ਸ਼ਬਦ ਭਰਨਾ ਉਨ੍ਹਾਂ ਨੂੰ ਨਿਰਾਸ਼ਾਜਨਕ ਬਣਾ ਦੇਵੇਗਾ। ਹਮੇਸ਼ਾ ਇਹ ਆਖੋ ਕਿ ਮਿਹਨਤ ਮੇਰੀ ਰਹਿਮਤ ਤੇਰੀ ਯਾਨੀ ਪਰਮਾਤਮਾ ਹਮੇਸ਼ਾ ਉਨ੍ਹਾਂ ਨੂੰ ਹੀ ਕਾਮਯਾਬੀ ਦਿੰਦਾ ਹੈ, ਜੋ ਮਿਹਨਤ ਦਾ ਪੱਲਾ ਨਹੀਂ ਛੱਡਦੇ।
- ਪਰਮਿੰਦਰ ਕੌਰ