ਸਿੱਖਿਆ ਵਿਭਾਗ ਨੇ 2024-25 ’ਚ ਸਰਕਾਰੀ ਸਕੂਲਾਂ ਵਿਚ ਦਸਵੀਂ ਜਮਾਤ ਦੀਆਂ ਸਾਰੀਆਂ ਵਿਦਿਆਰਥਣਾਂ ਦੇ ਮਨੋਵਿਗਿਆਨਕ ਟੈਸਟ ਕਰਵਾਉਣ ਲਈ ਸੂਬਾ-ਵਿਆਪੀ ਪ੍ਰੋਗਰਾਮ ਸ਼ੁਰੂ ਕੀਤਾ, ਜਿਸ ਦਾ ਅਧਿਕਾਰਤ ਟੀਚਾ ਵਿਦਿਆਰਥਣਾਂ ਦੀਆਂ ਮਾਨਸਿਕ ਯੋਗਤਾਵਾਂ, ਰੁਚੀਆਂ ਤੇ ਸ਼ਖਸੀਅਤ ਦੇ ਗੁਣਾਂ ਬਾਰੇ ਵਿਸ਼ਲੇਸ਼ਣ ਕਰਨਾ ਹੈ।

ਸਿੱਖਿਆ ਵਿਭਾਗ ਨੇ 2024-25 ’ਚ ਸਰਕਾਰੀ ਸਕੂਲਾਂ ਵਿਚ ਦਸਵੀਂ ਜਮਾਤ ਦੀਆਂ ਸਾਰੀਆਂ ਵਿਦਿਆਰਥਣਾਂ ਦੇ ਮਨੋਵਿਗਿਆਨਕ ਟੈਸਟ ਕਰਵਾਉਣ ਲਈ ਸੂਬਾ-ਵਿਆਪੀ ਪ੍ਰੋਗਰਾਮ ਸ਼ੁਰੂ ਕੀਤਾ, ਜਿਸ ਦਾ ਅਧਿਕਾਰਤ ਟੀਚਾ ਵਿਦਿਆਰਥਣਾਂ ਦੀਆਂ ਮਾਨਸਿਕ ਯੋਗਤਾਵਾਂ, ਰੁਚੀਆਂ ਤੇ ਸ਼ਖਸੀਅਤ ਦੇ ਗੁਣਾਂ ਬਾਰੇ ਵਿਸ਼ਲੇਸ਼ਣ ਕਰਨਾ ਹੈ। ਇਸ ਨਾਲ ਉਨ੍ਹਾਂ ਦਾ ਉਚਿਤ ਕਰੀਅਰ ਵਿਕਲਪ ਬਣਾਉਣ ਲਈ ਮਾਰਗ-ਦਰਸ਼ਨ ਕੀਤਾ ਜਾ ਸਕੇ ਯਾਨੀ ਹਰ ਕੁੜੀ ਨੂੰ ਉਸ ਦੇ ਹੁਨਰਾਂ ਬਾਰੇ ਸਪਸ਼ਟ ਸਮਝਾ ਦੇਣਾ ਤੇ ਉਸ ਦੇ ਸਟ੍ਰੀਮ ਅਤੇ ਕਰੀਅਰ ਦੇ ਫ਼ੈਸਲਿਆਂ ਦੀ ਅਗਵਾਈ ਕਰਨ ’ਚ ਮਦਦ ਕਰਨਾ ਹੈ, ਤਾਂ ਜੋ ਸਰਕਾਰੀ ਸਕੂਲ ਦੀਆਂ ਵਿਦਿਆਰਥਣਾਂ ਨੂੰ ਨਿੱਜੀ ਸਕੂਲ ਦੇ ਵਿਦਿਆਰਥੀਆਂ ਵਾਂਗ ਵਿਸ਼ਵਾਸ ਨਾਲ ਖੇਤਰਾਂ ਦੀ ਚੋਣ ਕਰਨ ਲਈ ਸ਼ਕਤੀ ਮਿਲੇ।
ਗ਼ਲਤ ਚੋਣ ਖ਼ਰਾਬ ਸਕਦੀ ਭਵਿੱਖ
ਹਰ ਬੱਚਾ ਇਕ ਅਲੱਗ ਕਹਾਣੀ ਹੈ ਪਰ ਅਫ਼ਸੋਸ ਕਿ ਅਸੀਂ ਉਨ੍ਹਾਂ ਸਭ ਨੂੰ ਇੱਕੋ ਰਸਤੇ ’ਤੇ ਹੀ ਦੌੜਾ ਰਹੇ ਹਾਂ। ਦਸਵੀਂ ਕਲਾਸ ਤੋਂ ਬਾਅਦ ਹਰ ਵਿਦਿਆਰਥੀ ਇਕ ਅਜਿਹੇ ਮੋੜ ’ਤੇ ਖੜ੍ਹਾ ਹੁੰਦਾ ਹੈ, ਜਿੱਥੇ ਗ਼ਲਤ ਚੋਣ ਪੂਰੇ ਭਵਿੱਖ ਨੂੰ ਪ੍ਰਭਾਵਿਤ ਕਰ ਸਕਦੀ ਹੈ। ਅਕਸਰ ਦੇਖਿਆ ਗਿਆ ਹੈ ਕਿ ਵਿਦਿਆਰਥੀ ਦੋਸਤਾਂ ਦੀ ਚੋਣ ਜਾਂ ਮਾਪਿਆਂ ਦੇ ਦਬਾਅ ਹੇਠ ਵਿਸ਼ੇ ਚੁਣ ਲੈਂਦੇ ਹਨ, ਜਿਵੇਂ ਕੋਈ ਵਿਗਿਆਨ ਦਾ ਰੁਝਾਨ ਨਾ ਹੋਣ ਦੇ ਬਾਵਜੂਦ ਮੈਡੀਕਲ ਲੈ ਲੈਂਦਾ ਹੈ ਜਾਂ ਕਲਾ ਪ੍ਰੇਮੀ ਬੱਚਾ ਕਾਮਰਸ ਦੀਆਂ ਗਿਣਤੀਆਂ ’ਚ ਉਲਝ ਜਾਂਦਾ ਹੈ। ਨਤੀਜਾ, ‘ਕੁਝ ਸਾਲਾਂ ਬਾਅਦ ਅਸੰਤੁਸ਼ਟੀ, ਤਣਾਅ ਤੇ ਕਾਸ਼ ਮੈਨੂੰ ਕੋਈ ਸਹੀ ਰਾਹ ਦਿਖਾਉਂਦਾ’ ਜਿਹੀ ਕਹਾਣੀ।
ਮਾਰਗ ਦਰਸ਼ਨ ਦੀ ਘਾਟ
ਇਸ ਤੋਂ ਅਗਲਾ ਮਹੱਤਵਪੂਰਨ ਪੜਾਅ ਬਾਰ੍ਹਵੀਂ ਤੋਂ ਬਾਅਦ ਆਉਂਦਾ ਹੈ, ਜਦੋਂ ਗ੍ਰੈਜੂਏਟ ਪੱਧਰ ’ਤੇ ਕਰੀਅਰ ਦੀ ਨੀਂਹ ਰੱਖਣ ਵਾਲਾ ਕੋਰਸ ਚੁਣਨਾ ਪੈਂਦਾ ਹੈ। ਹਾਲਾਂਕਿ ਕਈ ਸਰਵੇਖਣ ਦੱਸਦੇ ਹਨ ਕਿ 85 ਫ਼ੀਸਦੀ ਤੋਂ ਵੱਧ ਵਿਦਿਆਰਥੀ ਉਚਿਤ ਮਾਰਗ-ਦਰਸ਼ਨ ਦੀ ਘਾਟ ਕਾਰਨ ਸਹੀ ਵਿਸ਼ੇ ਜਾਂ ਕਰੀਅਰ ਬਦਲਾਂ ਦੀ ਚੋਣ ਨਹੀਂ ਕਰ ਪਾਉਂਦੇ। ਨਤੀਜਾ ਇਹ ਕਿ ਉਨ੍ਹਾਂ ਦਾ ਸੁਪਨਾ ਆਕਾਰ ਲੈਣ ਤੋਂ ਪਹਿਲਾਂ ਹੀ ਟੁੱਟਣ ਲੱਗਦਾ ਹੈ। ਸਹੀ ਮਾਰਗ-ਦਰਸ਼ਨ ਦੀ ਘਾਟ ਵਰਗੀ ਸਮੱਸਿਆ ਸਿਰਫ਼ ਵਿਦਿਆਰਥੀਆਂ ਨਾਲ ਹੀ ਨਹੀਂ ਹੁੰਦੀ ਸਗੋਂ ਉਨ੍ਹਾਂ ਦੇ ਮਾਪੇ ਵੀ ਇਸ ਨਾਲ ਜੂਝਦੇ ਹੋਏ ਦੇਖੇ ਜਾ ਸਕਦੇ ਹਨ। ਸੋ ਵਿਦਿਆਰਥੀਆਂ ਨੂੰ ਸਹੀ ਰਾਹ ਦਿਖਾਉਣ ਤੇ ਮਾਪਿਆਂ ਨੂੰ ਉਲਝਣਾਂ ਤੋਂ ਬਚਾਉਣ ਲਈ ਕਰੀਅਰ ਮਾਰਗ-ਦਰਸ਼ਨ ਅਤੇ ਸਾਈਕੋਮੀਟ੍ਰਿਕ ਟੈਸਟ ਦੀ ਭੂਮਿਕਾ ਬੇਹੱਦ ਅਹਿਮ ਹੋ ਜਾਂਦੀ ਹੈ।
ਸਾਈਕੋਮੀਟ੍ਰਿਕ ਟੈਸਟ
ਕਲਪਨਾ ਕਰੋ ਕਿ ਤੁਸੀਂ ਡਾਕਟਰ ਬਣਨਾ ਚਾਹੁੰਦੇ ਹੋ ਪਰ ਤੁਹਾਡੀ ਸ਼ਖ਼ਸੀਅਤ ਵਿਸ਼ਲੇਸ਼ਣਾਤਮਿਕ ਤੇ ਰਚਨਾਤਮਿਕ ਹੈ। ਅਜਿਹੇ ਵਿਅਕਤੀ ਲਈ UX/UI ਡਿਜ਼ਾਈਨ, ਐਨੀਮੇਸ਼ਨ ਜਾਂ ਡਾਟਾ ਸਾਇੰਸ ਵਰਗੇ ਖੇਤਰ ਸ਼ਾਇਦ ਹੋਰ ਉਚਿਤ ਹੋਣ। ਇੱਥੇ ਹੀ ਸਾਈਕੋਮੀਟ੍ਰਿਕ ਟੈਸਟ ਤੁਹਾਡੀ ਮਦਦ ਕਰਦਾ ਹੈ। ਇਹ ਟੈਸਟ ਤੁਹਾਡੀ ਯੋਗਤਾ, ਸ਼ਖ਼ਸੀਅਤ ਤੇ ਰੁਚੀਆਂ ਦਾ ਡੂੰਘਾ ਅਧਿਐਨ ਕਰ ਕੇ ਦੱਸਦਾ ਹੈ ਕਿ ਤੁਸੀਂ ਕਿਹੜੇ ਖੇਤਰ ’ਚ ਚਮਕ ਸਕਦੇ ਹੋ। ਉਦਾਹਰਨ ਵਜੋਂ ਕਿਰਨਦੀਪ ਨੂੰ ਡਰਾਇੰਗ ਤੇ ਰਚਨਾਤਮਿਕ ਸੋਚ ਦਾ ਸ਼ੌਕ ਸੀ, ਟੈਸਟ ਤੋਂ ਬਾਅਦ ਗ੍ਰਾਫਿਕ ਡਿਜ਼ਾਈਨ ਦੇ ਖੇਤਰ ਵਿਚ ਗਿਆ ਅਤੇ ਅੱਜ ਮਸ਼ਹੂਰ ਬ੍ਰਾਂਡਾਂ ਲਈ ਕੰਮ ਕਰ ਰਿਹਾ ਹੈ। ਸਿਮਰਨ ਤਰਕਸ਼ੀਲ ਸੋਚ ਪਸੰਦ ਸੀ, ਨੂੰ ਸਾਈਕੋਮੀਟ੍ਰਿਕ ਟੈਸਟ ਤੋਂ ਪਤਾ ਲੱਗਿਆ ਕਿ ਉਸ ਲਈ ਕੋਡਿੰਗ ਤੇ ਏਆਈ ਦੀ ਦੁਨੀਆ ਸਭ ਤੋਂ ਵਧੀਆ ਹੈ, ਅੱਜ ਉਹ ਐਥੀਕਲ ਹੈਕਿੰਗ ਕਰੀਅਰ ’ਚ ਕਦਮ ਰੱਖ ਚੁੱਕੀ ਹੈ।
ਡੂੰਘਾਈ ਨਾਲ ਸਮਝਣ ਦਾ ਮਿਲਦਾ ਮੌਕਾ
ਸਾਈਕੋਮੀਟ੍ਰਿਕ ਟੈਸਟ ਤੇ ਕਰੀਅਰ ਗਾਈਡੈਂਸ ਦਾ ਸਭ ਤੋਂ ਵੱਡਾ ਫ਼ਾਇਦਾ ਇਹ ਹੈ ਕਿ ਇਸ ਜ਼ਰੀਏ ਖ਼ੁਦ ਨੂੰ ਡੂੰਘਾਈ ਨਾਲ ਸਮਝਣ ਦਾ ਮੌਕਾ ਮਿਲਦਾ ਹੈ। ਨਾਲ ਹੀ ਆਪਣੀਆਂ ਰੁਚੀਆਂ ਤੇ ਜਨੂੰਨ ਨੂੰ ਪਛਾਣਨ ’ਚ ਮਦਦ ਮਿਲਦੀ ਹੈ। ਤੁਸੀਂ ਆਪਣੇ ਮਨਪਸੰਦ ਕਰੀਅਰ ਦੀ ਚੋਣ ਆਸਾਨੀ ਨਾਲ ਕਰ ਸਕਦੇ ਹੋ। ਮਾਪਿਆਂ ਨੂੰ ਵੀ ਆਪਣੇ ਬੱਚਿਆਂ ਨੂੰ ਬਿਹਤਰ ਦਿਸ਼ਾ ’ਚ ਅੱਗੇ ਵਧਣ ਵਿਚ ਮਦਦ ਮਿਲਦੀ ਹੈ। ਇਸ ਤੋਂ ਇਲਾਵਾ ਮੌਕਾ ਟੈਸਟ ਵਿਦਿਆਰਥੀ ਦੀ ਸ਼ਖ਼ਸੀਅਤ, ਯੋਗਤਾ ਤੇ ਕੌਸ਼ਲ ਦਾ ਸਹੀ ਮੁਲਾਂਕਣ ਕਰਦੇ ਹਨ ਤੇ ਉਨ੍ਹਾਂ ਦੀ ਪ੍ਰਬੰਧਨ ਸਮਰੱਥਾ ਰਚਨਾਤਮਿਕਤਾ ਅਤੇ ਵਿਸ਼ਲੇਸ਼ਨਾਤਮਿਕਤਾ ਦੇ ਆਧਾਰ ’ਤੇ ਬਿਹਤਰ ਸੁਝਾਅ ਦਿੰਦੇ ਹਨ। ਇਸ ਦੀ ਮਦਦ ਨਾਲ ਉਨ੍ਹਾਂ ਨੂੰ ਅਜਿਹੇ ਵਿਸ਼ਿਆਂ/ਸਟ੍ਰੀਮ ਦੀ ਚੋਣ ਕਰਨ ਵਿਚ ਮਾਰਗ-ਦਰਸ਼ਨ ਮਿਲਦਾ ਹੈ, ਜੋ ਉਨ੍ਹਾਂ ਦੇ ਬਿਲਟ ਇਨ ਸਮਰੱਥਾ ਦੇ ਅਨੁਸਾਰ ਹੁੰਦੇ ਹਨ।
ਗਾਈਡੈਂਸ ਕਾਊਂਸਲਰ
ਅੱਜ ਦਾ ਯੁੱਗ ਤੇਜ਼ੀ ਨਾਲ ਬਦਲ ਰਿਹਾ ਹੈ। ਹਰ ਛੇ ਮਹੀਨੇ ਬਾਅਦ ਬਾਜ਼ਾਰ ’ਚ ਨਵੇਂ ਕਰੀਅਰ ਉਭਰ ਰਹੇ ਹਨ। ਗਾਈਡੈਂਸ ਕਾਊਂਲਰ ਤਕਨਾਲੋਜੀ ਅਤੇ ਬਾਜ਼ਾਰ ਦੀ ਮੰਗ ਅਨੁਸਾਰ ਨਵੇਂ ਨਵੇਂ ਕਰੀਅਰ ਵਿਕਲਪ ਜਿਵੇਂ ਯੂਐਕਸ/ਯੂਆਈ ਡਿਜ਼ਾਈਨ, ਐਥੀਕਲ ਹੈਕਿੰਗ, ਫਾਈਨਾਂਸ਼ੀਅਲ ਤਕਨਾਲੋਜੀ, ਏਆਈ ਅਤੇ ਮਸ਼ੀਨ ਲਰਨਿੰਗ ਆਦਿ ਦੀ ਵਿਸਥਾਰਤ ਜਾਣਕਾਰੀ ਪ੍ਰਦਾਨ ਕਰਦੇ ਹਨ। ਉਦਾਹਰਨ ਵਜੋਂ ਰਾਹੁਲ ਦੇ ਮਾਪੇ ਚਾਹੁੰਦੇ ਸਨ ਕਿ ਉਹ ਡਾਕਟਰ ਬਣੇ ਪਰ ਗਾਈਡੈਂਸ ਕਾਊਂਸਲਰ ਨਾਲ ਗੱਲਬਾਤ ਤੋਂ ਬਾਅਦ ਉਸ ਨੂੰ ਪਤਾ ਲੱਗਿਆ ਕਿ ਉਸ ਦੀ ਇਨਵਾਇਰਨਮੈਂਟਲ ਪਾਲਿਸੀ ਤੇ ਕਲਾਈਮੇਟ ਸਟੱਡੀਜ਼ ਵਿਚ ਦਿਲਚਸਪੀ ਹੈ। ਅੱਜ ਉਹ ਕੈਨੇਡਾ ਦੀ ਯੂਨੀਵਰਸਿਟੀ ’ਚ ਸਕਾਲਰਸ਼ਿਪ ’ਤੇ ਪੜ੍ਹ ਰਿਹਾ ਹੈ। ਇਹੀ ਹੁੰਦਾ ਹੈ ਸਹੀ ਦਿਸ਼ਾ ਦੀ ਤਾਕਤ। ਕਾਊਂਸਲਰ ਦੇ ਮਾਰਗ-ਦਰਸ਼ਨ ਨਾਲ ਵਿਦਿਆਰਥੀ ਰਵਾਇਤੀ ਕਰੀਅਰ ਦੀ ਅੰਨ੍ਹੀ ਦੌੜ ਤੋਂ ਹਟ ਕੇ ਹੋਰ ਮੁਹੱਈਆ ਬਿਹਤਰ ਬਦਲਾਂ ਦੇ ਰੁਝਾਨ ਨੂੰ ਦੇਖ ਸਕਦੇ ਹਨ, ਜਿਸ ਨਾਲ ਉਨ੍ਹਾਂ ਨੂੰ ਬੇਲੋੜੇ ਮੁਕਾਬਲੇ ਤੋਂ ਬਚਣ ਵਿਚ ਮਦਦ ਮਿਲਦੀ ਹੈ। ਮਾਰਗ-ਦਰਸ਼ਨ ਨਾਲ ਵਿਦਿਆਰਥੀਆਂ ਨੂੰ ਇਹ ਸਮਝਣ ਵਿਚ ਮਦਦ ਮਿਲਦੀ ਹੈ ਕਿ ਆਪਣੇ ਮਨਭਾਉਂਦੇ ਟੀਚੇ ਤਕ ਪਹੁੰਚਣ ਲਈ ਕਿਹੜੀਆਂ-ਕਿਹੜੀਆਂ ਪ੍ਰੀਖਿਆਵਾਂ, ਕੋਰਸ ਤੇ ਹੁਨਰ ਜ਼ਰੂਰੀ ਹਨ। ਇਸ ਨਾਲ ਉਨ੍ਹਾਂ ਨੂੰ ਸਪੱਸ਼ਟ ਅਕਾਦਮਿਕ ਯੋਜਨਾ ਬਣਾਉਣ ਦੀ ਸਹੂਲਤ ਮਿਲ ਜਾਂਦੀ ਹੈ।
ਮਾਨਸਿਕ ਤੇ ਭਾਵਨਾਤਮਿਕ ਲਾਭ
ਜਦੋਂ ਵਿਦਿਆਰਥੀ ਆਪਣੀ ਰੁਚੀ ਤੇ ਸਮਰੱਥਾ ਅਨੁਸਾਰ ਕਰੀਅਰ ਚੁਣਦਾ ਹੈ ਤਾਂ ਉਹ ਵਧੇਰੇ ਪ੍ਰੇਰਿਤ ਮਹਿਸੂਸ ਕਰਦਾ ਹੈ, ਕੰਮ ਵਿਚ ਬਿਹਤਰ ਪ੍ਰਦਰਸ਼ਨ ਕਰਦਾ ਹੈ ਤੇ ਹਰ ਸਵੇਰ ਨਵੀਂ ਊਰਜਾ ਨਾਲ ਜਾਗਦਾ ਹੈ। ਕੰਮ ਉਸ ਲਈ ਬੋਝ ਨਹੀਂ, ਖ਼ੁਸ਼ੀ ਬਣ ਜਾਂਦਾ ਹੈ। ਮਾਨਸਿਕ ਦਬਾਅ ਘਟਦਾ ਹੈ, ਉਤਸ਼ਾਹ ਵੱਧਦਾ ਹੈ ਤੇ ਜੀਵਨ ਵਿਚ ਸੰਤੁਸ਼ਟੀ ਆਉਂਦੀ ਹੈ। ਮਾਪਿਆਂ ਲਈ ਵੀ ਇਹ ਟੈਸਟ ਇਕ ਸ਼ਾਂਤ ਸੂਚਕ ਦੀ ਤਰ੍ਹਾਂ ਕੰਮ ਕਰਦਾ ਹੈ, ਜੋ ਦੱਸਦਾ ਹੈ ਕਿ ਬੱਚੇ ਦੀ ਅਸਲੀ ਸਮਰੱਥਾ ਕਿੱਥੇ ਹੈ। ਕਈ ਵਾਰ ਮਾਪੇ ਚਾਹੁੰਦੇ ਹਨ ਕਿ ਬੱਚਾ ਡਾਕਟਰ ਜਾਂ ਇੰਜੀਨੀਅਰ ਬਣੇ ਪਰ ਜਦੋਂ ਉਨ੍ਹਾਂ ਨੂੰ ਵਿਗਿਆਨਕ ਆਧਾਰ ’ਤੇ ਆਪਣੇ ਬੱਚੇ ਦੀ ਰੁਚੀ ਦਾ ਪਤਾ ਲੱਗਦਾ ਹੈ, ਤਾਂ ਉਹ ਵੀ ਖ਼ੁਸ਼ੀ ਨਾਲ ਬੱਚੇ ਨੂੰ ਉਸ ਦੀ ਮੰਜ਼ਿਲ ਵੱਲ ਵਧਣ ਦਿੰਦੇ ਹਨ।
ਸੁਪਨਿਆਂ ਨੂੰ ਦਿਉ ਉਡਾਣ
ਕਰੀਅਰ ਗਾਈਡੈਂਸ ਤੇ ਸਾਈਕੋਮੀਟ੍ਰਿਕ ਟੈਸਟ ਸਿਰਫ਼ ਟੈਸਟ ਜਾਂ ਸਲਾਹ ਨਹੀਂ, ਇਹ ਜੀਵਨ ਦੇ ਦਰਪਣ ਤੇ ਦਿਸ਼ਾ ਸੂਚਕ ਹਨ। ਇਹ ਵਿਦਿਆਰਥੀ ਨੂੰ ਉਨ੍ਹਾਂ ਦੀ ਅੰਦਰਲੀ ਆਵਾਜ਼ ਸੁਣਨ ਲਈ ਪ੍ਰੇਰਿਤ ਕਰਦੇ ਹਨ, ਤਾਂ ਜੋ ਉਹ ਕਿਸੇ ਹੋਰ ਦੀ ਕਾਪੀ ਨਹੀਂ, ਆਪਣੀ ਕਹਾਣੀ ਬਣ ਸਕਣ। ਜਦੋਂ ਵਿਦਿਆਰਥੀ ਆਪਣਾ ਹੁਨਰ ਪਛਾਣ ਲੈਂਦੇ ਹਨ, ਉਦੋਂ ਉਨ੍ਹਾਂ ਲਈ ਸਫਲਤਾ ਕੋਈ ਮੰਜ਼ਿਲ ਨਹੀਂ ਸਗੋਂ ਯਾਤਰਾ ਬਣ ਜਾਂਦੀ ਹੈ। ਜੀਵਨ ਖ਼ਾਲੀ ਕੈਨਵਸ ਹੈ। ਜੇ ਤੁਸੀਂ ਇਸ ’ਤੇ ਕਿਸੇ ਹੋਰ ਦੇ ਸੁਪਨੇ ਪੇਂਟ ਕਰੋਗੇ ਤਾਂ ਰੰਗ ਵੀ ਫ਼ਿੱਕੇ ਲੱਗਣਗੇ ਪਰ ਜਦੋਂ ਤੁਸੀਂ ਆਪਣੇ ਮਨ ਦੇ ਰੰਗ ਭਰੋਗੇ , ਉਹੀ ਕੈਨਵਸ ਜੀਵਨ ਦਾ ਸ਼ਾਹਕਾਰ ਰਚਨਾ ਬਣੇਗਾ। ਇਸ ਲਈ ਸਹੀ ਮਾਰਗ-ਦਰਸ਼ਨ ਲਓ, ਸਾਈਕੋਮੀਟ੍ਰਿਕ ਟੈਸਟ ਕਰਵਾਓ ਤੇ ਆਪਣੇ ਜਨੂੰਨ ਨੂੰ ਦਿਸ਼ਾ ਬਣਾਓ।
- ਮਨਿੰਦਰ ਕੌਰ