ਵੈਨੇਜ਼ੁਏਲਾ ’ਤੇ ਹਮਲਾ ਕਰਨ ਅਤੇ ਡੈਨਮਾਰਕ ਦੇ ਖ਼ੁਦਮੁਖਤਾਰ ਖੇਤਰ ਗ੍ਰੀਨਲੈਂਡ ’ਤੇ ਫ਼ੌਜੀ ਤਾਕਤ ਦਾ ਇਸਤੇਮਾਲ ਕਰ ਕੇ ਕਬਜ਼ਾ ਕਰਨ ਦੀ ਧਮਕੀ ਦੇਣ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਹੋਰ ਜ਼ਿਆਦਾ ਬੇਲਗਾਮ ਹੋ ਗਏ ਹਨ। ਹੁਣ ਉਨ੍ਹਾਂ ਨੇ ਇਕ ਅਜਿਹੇ ਬਿੱਲ ਨੂੰ ਸਹਿਮਤੀ ਪ੍ਰਦਾਨ ਕੀਤੀ ਹੈ ਜਿਸ ਤਹਿਤ ਰੂਸ ਤੋਂ ਤੇਲ ਖ਼ਰੀਦਣ ਵਾਲੇ ਦੇਸ਼ਾਂ ’ਤੇ ਅਮਰੀਕਾ 500 ਪ੍ਰਤੀਸ਼ਤ ਟੈਰਿਫ ਥੋਪੇਗਾ।

ਵੈਨੇਜ਼ੁਏਲਾ ’ਤੇ ਹਮਲਾ ਕਰਨ ਅਤੇ ਡੈਨਮਾਰਕ ਦੇ ਖ਼ੁਦਮੁਖਤਾਰ ਖੇਤਰ ਗ੍ਰੀਨਲੈਂਡ ’ਤੇ ਫ਼ੌਜੀ ਤਾਕਤ ਦਾ ਇਸਤੇਮਾਲ ਕਰ ਕੇ ਕਬਜ਼ਾ ਕਰਨ ਦੀ ਧਮਕੀ ਦੇਣ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਹੋਰ ਜ਼ਿਆਦਾ ਬੇਲਗਾਮ ਹੋ ਗਏ ਹਨ। ਹੁਣ ਉਨ੍ਹਾਂ ਨੇ ਇਕ ਅਜਿਹੇ ਬਿੱਲ ਨੂੰ ਸਹਿਮਤੀ ਪ੍ਰਦਾਨ ਕੀਤੀ ਹੈ ਜਿਸ ਤਹਿਤ ਰੂਸ ਤੋਂ ਤੇਲ ਖ਼ਰੀਦਣ ਵਾਲੇ ਦੇਸ਼ਾਂ ’ਤੇ ਅਮਰੀਕਾ 500 ਪ੍ਰਤੀਸ਼ਤ ਟੈਰਿਫ ਥੋਪੇਗਾ। ਰੂਸ ਤੋਂ ਤੇਲ ਖ਼ਰੀਦਣ ਵਾਲੇ ਪ੍ਰਮੁੱਖ ਦੇਸ਼ ਕਿਉਂਕਿ ਚੀਨ, ਭਾਰਤ ਅਤੇ ਬ੍ਰਾਜ਼ੀਲ ਹਨ, ਇਸ ਲਈ ਇਸ ਵਿਚ ਕੋਈ ਸ਼ੱਕ ਨਹੀਂ ਰਹਿ ਜਾਂਦਾ ਕਿ ਉਹ ਮਨਮਾਨੀ ਮਾਨਤਾ ਤੋਂ ਬਾਹਰ ਨਹੀਂ ਨਿਕਲ ਪਾ ਰਹੇ ਹਨ ਕਿ ਰੂਸ ਤੋਂ ਤੇਲ ਖ਼ਰੀਦਣ ਵਾਲੇ ਮੁਲਕ ਹੀ ਉਸ ਨੂੰ ਯੂਕਰੇਨ ਵਿਰੁੱਧ ਜੰਗ ਜਾਰੀ ਰੱਖਣ ਵਿਚ ਮਦਦਗਾਰ ਹਨ। ਟਰੰਪ ਨੇ ਭਾਰਤ ’ਤੇ ਪਹਿਲਾਂ ਤੋਂ ਹੀ 50 ਫ਼ੀਸਦੀ ਟੈਰਿਫ ਲਗਾਇਆ ਹੋਇਆ ਹੈ। ਇਸ ਵਿਚ ਹੋਰ ਜ਼ਿਆਦਾ ਵਾਧੇ ਦਾ ਮਤਲਬ ਹੈ ਆਰਥਿਕ ਪਾਬੰਦੀਆਂ ਲਗਾਉਣਾ। ਟਰੰਪ ਕਿਸ ਤਰ੍ਹਾਂ ਮਨਮਾਨੀ ’ਤੇ ਉਤਰ ਆਏ ਹਨ, ਇਸ ਦਾ ਇਕ ਸਬੂਤ ਉਨ੍ਹਾਂ ਵੱਲੋਂ 60 ਤੋਂ ਵੱਧ ਕੌਮਾਂਤਰੀ ਸੰਗਠਨਾਂ ਤੋਂ ਅਮਰੀਕਾ ਨੂੰ ਅਲੱਗ ਕਰਨਾ ਵੀ ਹੈ। ਇਨ੍ਹਾਂ ’ਚ ਭਾਰਤ ਦੀ ਅਗਵਾਈ ਵਾਲਾ ਕੌਮਾਂਤਰੀ ਸੂਰਜੀ ਊਰਜਾ ਸਹਿਯੋਗ ਸੰਗਠਨ ਵੀ ਹੈ। ਅਮਰੀਕਾ ਨੇ ਜਿਨ੍ਹਾਂ ਸੰਗਠਨਾਂ ਤੋਂ ਖ਼ੁਦ ਨੂੰ ਅਲੱਗ ਕਰਨ ਦਾ ਐਲਾਨ ਕੀਤਾ ਹੈ, ਉਨ੍ਹਾਂ ਵਿਚ ਲਗਪਗ 30 ਸੰਯੁਕਤ ਰਾਸ਼ਟਰ ਦੇ ਹਨ। ਅਮਰੀਕੀ ਰਾਸ਼ਟਰਪਤੀ ਇਸ ਤੋਂ ਪਹਿਲਾਂ ਵੀ ਅਨੇਕ ਮਹੱਤਵਪੂਰਨ ਆਲਮੀ ਸੰਸਥਾਵਾਂ ਤੋਂ ਆਪਣੇ ਮੁਲਕ ਨੂੰ ਅਲੱਗ ਕਰ ਚੁੱਕੇ ਹਨ। ਹੁਣ ਉਨ੍ਹਾਂ ਨੇ ਜਿਸ ਤਰ੍ਹਾਂ ਥੋਕ ਵਿਚ ਕਈ ਸੰਗਠਨਾਂ ਤੋਂ ਬਾਹਰ ਆਉਣ ਦਾ ਫ਼ੈਸਲਾ ਕੀਤਾ, ਉਸ ਤੋਂ ਇਹੀ ਸਪਸ਼ਟ ਹੋ ਰਿਹਾ ਹੈ ਕਿ ਉਹ ਵਿਸ਼ਵ ਵਿਵਸਥਾ ਨੂੰ ਪੂਰੀ ਤਰ੍ਹਾਂ ਤਹਿਸ-ਨਹਿਸ ਕਰਨਾ ਚਾਹੁੰਦੇ ਹਨ। ਟਰੰਪ ਆਪਣੇ ਮਨਮਾਨੇ ਰਵੱਈਏ ਕਾਰਨ ਦੁਨੀਆ ਨੂੰ ਸੀਤ ਯੁੱਧ ਦੇ ਦੌਰ ਵਿਚ ਹੀ ਨਹੀਂ ਬਲਕਿ ਉਸ ਤੋਂ ਪਹਿਲਾਂ ਦੇ ਉਸ ਦੌਰ ਵਿਚ ਲਿਜਾ ਰਹੇ ਹਨ ਜਦ ਵਿਸ਼ਵ ਵਿਵਸਥਾ ਨਾਂ ਦੀ ਕੋਈ ਚੀਜ਼ ਨਹੀਂ ਸੀ। ਜੇ ਟਰੰਪ ਇਹ ਸੋਚ ਰਹੇ ਹਨ ਕਿ ਦੁਨੀਆ ਉਨ੍ਹਾਂ ਦੀਆਂ ਧਮਕੀਆਂ ਅਤੇ ਸਨਕ ਭਰੇ ਫ਼ੈਸਲਿਆਂ ਅੱਗੇ ਝੁਕ ਜਾਵੇਗੀ ਤਾਂ ਅਜਿਹਾ ਹੋਣ ਵਾਲਾ ਨਹੀਂ ਹੈ। ਜ਼ਿਕਰਯੋਗ ਹੈ ਕਿ ਹੁਣ ਯੂਰਪ ਵੀ ਉਨ੍ਹਾਂ ਵਿਰੁੱਧ ਆਵਾਜ਼ ਬੁਲੰਦ ਕਰਨ ਲਈ ਮਜਬੂਰ ਹੈ। ਟਰੰਪ ਭਾਵੇਂ ਜਿੰਨੇ ਮਰਜ਼ੀ ਦਮਗਜੇ ਮਾਰੀ ਜਾਣ, ਹਕੀਕਤ ਇਹ ਹੈ ਕਿ ਅੱਜ ਅਮਰੀਕਾ ਦੀ ਉਹ ਹੈਸੀਅਤ ਨਹੀਂ ਜਿਹੋ ਜਿਹੀ ਦੋ-ਤਿੰਨ ਦਹਾਕੇ ਪਹਿਲਾਂ ਹੋਇਆ ਕਰਦੀ ਸੀ। ਹੁਣ ਡਾਲਰ ਦੀ ਚੜ੍ਹਤ ਵੀ ਘੱਟ ਹੁੰਦੀ ਜਾ ਰਹੀ ਹੈ। ਅਮਰੀਕੀ ਰਾਸ਼ਟਰਪਤੀ ਨੂੰ ਇਹ ਅਹਿਸਾਸ ਹੋਣਾ ਚਾਹੀਦਾ ਹੈ ਕਿ ਉਹ ਪੂਰਾ ਜ਼ੋਰ ਲਾਉਣ ਦੇ ਬਾਵਜੂਦ ਯੂਕਰੇਨ ’ਤੇ ਰੂਸ ਦੇ ਹਮਲੇ ਰੋਕਣ ਵਿਚ ਨਾਕਾਮ ਸਿੱਧ ਹੋ ਰਹੇ ਹਨ। ਚੀਨ ਅਤੇ ਬ੍ਰਾਜ਼ੀਲ ’ਤੇ ਵੀ ਉਨ੍ਹਾਂ ਦਾ ਜ਼ੋਰ ਨਹੀਂ ਚੱਲ ਰਿਹਾ ਹੈ ਅਤੇ ਭਾਰਤ ਦਾ ਵੀ ਇਹੀ ਸਪਸ਼ਟ ਸੰਦੇਸ਼ ਹੈ ਕਿ ਉਹ ਉਨ੍ਹਾਂ ਦੇ ਦਬਾਅ ਅੱਗੇ ਝੁਕਣ ਵਾਲਾ ਨਹੀਂ ਹੈ। ਇਸੇ ਕਾਰਨ ਅਮਰੀਕੀ ਸਦਰ ਦੀ ਭਾਰਤ ਪ੍ਰਤੀ ਬੌਖਲਾਹਟ ਵਧਦੀ ਹੀ ਜਾ ਰਹੀ ਹੈ। ਆਉਣ ਵਾਲੇ ਦਿਨਾਂ ਵਿਚ ਭਾਰਤ-ਅਮਰੀਕਾ ਸਬੰਧ ਹੋਰ ਜ਼ਿਆਦਾ ਖ਼ਰਾਬ ਹੋ ਸਕਦੇ ਹਨ। ਭਾਰਤ ਨੂੰ ਹੁਣ ਇਹ ਹੋਰ ਚੰਗੀ ਤਰ੍ਹਾਂ ਸਪਸ਼ਟ ਕਰਨਾ ਹੋਵੇਗਾ ਕਿ ਉਹ ਟਰੰਪ ਦੀਆਂ ਮਨਮਾਨੀਆਂ ਨੂੰ ਬਰਦਾਸ਼ਤ ਨਹੀਂ ਕਰੇਗਾ। ਉਸ ਨੂੰ ਅਮਰੀਕਾ ਨੂੰ ਇਹ ਸੰਦੇਸ਼ ਦੇਣ ਦੇ ਨਾਲ ਹੀ ਇਹ ਵੀ ਦੇਖਣਾ ਹੋਵੇਗਾ ਕਿ ਵਿਸ਼ਵ ਦੇ ਪ੍ਰਮੁੱਖ ਦੇਸ਼ਾਂ ਨਾਲ ਮਿਲ ਕੇ ਕਿਵੇਂ ਟਰੰਪ ਦੀ ਦਾਦਾਗਿਰੀ ਦਾ ਸਾਹਮਣਾ ਕੀਤਾ ਜਾਵੇ ਕਿਉਂਕਿ ਹੁਣ ਇਸ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਰਹਿ ਗਿਆ ਹੈ।