ਅਮਰੀਕਾ ਵੈਨਜ਼ੁਏਲਾ ਦੇ ਵਿਰੋਧ ਦੇ ਬਾਵਜੂਦ ਸਮੁੰਦਰੀ ਜਹਾਜ਼ ਨੂੰ ਆਪਣੇ ਕਿਸੇ ਅਣਦੱਸੇ ਤੇਲ ਟਰਮੀਨਲ ’ਤੇ ਲੈ ਗਿਆ ਹੈ ਤੇ ਕਿਹਾ ਹੈ ਕਿ ਉਹ ਇਸ ਤੇਲ ਤੋਂ ਹੋਣ ਵਾਲੀ ਆਮਦਨ ਨੂੰ ਵੈਨਜ਼ੁਏਲਾ ਅਤੇ ਦੱਖਣੀ ਅਮਰੀਕਾ ਤਰਫ਼ੋਂ ਹੋਣ ਵਾਲੀ ਨਸ਼ਿਆਂ ਦੀ ਤਸਕਰੀ ਨੂੰ ਰੋਕਣ ਲਈ ਵਰਤੋਂ ਵਿਚ ਲਿਆਵੇਗਾ।

ਅਮਰੀਕਾ ਨੇ ਆਪਣੀ ਹੈਂਕੜਬਾਜ਼ੀ ਕਾਰਨ 2003 ਵਿਚ ਇਰਾਕ ਦੇ ਸ਼ਾਸਕ ਸੱਦਾਮ ਹੁਸੈਨ (ਰਾਸ਼ਟਰਪਤੀ ਜਾਰਜ ਵਾਕਰ ਬੁਸ਼ ਦੇ ਸਮੇਂ) ਅਤੇ 2011 ਵਿਚ ਲਿਬੀਆ ਦੇ ਸ਼ਾਸਕ ਮੁਅੱਮਰ ਗੱਦਾਫੀ (ਰਾਸ਼ਟਰਪਤੀ ਬਰਾਕ ਓਬਾਮਾ ਦੇ ਸਮੇਂ) ਨੂੰ ਕਤਲ ਕਰ ਕੇ ਤੇ ਵਰ੍ਹਿਆਂ ਦੀ ਲੜਾਈ ਤੋਂ ਬਾਅਦ 2024 ਵਿਚ ਸੀਰੀਆ ਦੇ ਸ਼ਾਸਕ ਬਸ਼ਰ-ਅਲ-ਅਸਦ (ਰਾਸ਼ਟਰਪਤੀ ਜੋਅ ਬਿਡੇਨ ਦੇ ਸਮੇਂ) ਨੂੰ ਦੇਸ਼ ਬਦਰ ਕਰ ਕੇ ਇਨਾਂ ਦੇਸ਼ਾਂ ਨੂੰ ਅਜਿਹੇ ਰਾਜਨੀਤਕ ਧੰਦੂਕਾਰੇ ਵਿਚ ਧੱਕ ਦਿੱਤਾ ਹੈ ਕਿ ਅੱਜ ਤੱਕ ਉੱਥੇ ਸ਼ਾਂਤੀ ਸਥਾਪਤ ਨਹੀਂ ਹੋ ਸਕੀ।
ਵਰਣਨਯੋਗ ਹੈ ਕਿ ਇਹ ਦੇਸ਼ ਵੀ ਵੈਨਜ਼ੁਏਲਾ ਵਾਂਗ ਖਣਿਜਾਂ, ਤੇਲ ਦੀ ਦੌਲਤ ਨਾਲ ਮਾਲਾਮਾਲ ਸਨ ਪਰ ਅੱਜ ਘੋਰ ਗ਼ਰੀਬੀ ਵਿਚ ਪਹੁੰਚ ਚੁੱਕੇ ਹਨ। ਹੁਣ ਡੋਨਾਲਡ ਟਰੰਪ ਉਪਰੋਕਤ ਰਾਸ਼ਟਰਪਤੀਆਂ ਦੇ ਨਕਸ਼ੇਕਦਮ ’ਤੇ ਚੱਲਦੇ ਹੋਏ ਤੇਲ ਦੀ ਦੌਲਤ ਨਾਲ ਭਰਪੂਰ (ਦੁਨੀਆ ਵਿਚ 6ਵਾਂ ਨੰਬਰ) ਦੱਖਣੀ ਅਮਰੀਕੀ ਦੇਸ਼ ਵੈਨਜ਼ੁਏਲਾ ਦੀ ਖੱਬੇ-ਪੱਖੀ ਸਰਕਾਰ (ਰਾਸ਼ਟਰਪਤੀ ਨਿਕੋਲਸ ਮਾਡੂਰੋ) ਨੂੰ ਤਬਾਹ ਕਰਨ ’ਤੇ ਉਤਾਰੂ ਹੈ।
ਕੁਝ ਮਹੀਨਿਆਂ ਤੋਂ ਉਸ ਦੀਆਂ ਵੈਨਜ਼ੁਏਲਾ ਖ਼ਿਲਾਫ਼ ਰਾਜਨੀਤਕ, ਆਰਥਿਕ ਅਤੇ ਸੈਨਿਕ ਕਾਰਵਾਈਆਂ ਤੇਜ਼ ਹੋ ਗਈਆਂ ਹਨ ਤੇ ਉਸ ਨੇ ਵੈਨਜ਼ੁਏਲਾ ਦੀ ਕਮਾਈ ਦੇ ਸਭ ਤੋਂ ਵੱਡੇ ਸਾਧਨ ਖਣਿਜ ਤੇਲ ਦੇ ਨਿਰਯਾਤ ’ਤੇ ਸਖ਼ਤ ਪਾਬੰਦੀਆਂ ਲਗਾ ਦਿੱਤੀਆਂ ਹਨ। ਕੁਝ ਦਿਨ ਪਹਿਲਾਂ 10 ਦਸੰਬਰ ਨੂੰ ਕੈਰੇਬੀਅਨ ਸਾਗਰ ਵਿਚ ਅਮਰੀਕਨ ਜਲ ਸੈਨਾ ਨੇ ਵੈਨਜ਼ੁਏਲਾ ਦੇ ਇਕ ਸਮੁੰਦਰੀ ਜਹਾਜ਼, ਜਿਸ ਵਿਚ ਲੱਖਾਂ ਲੀਟਰ ਤੇਲ ਸੀ, ਨੂੰ ਇਹ ਕਹਿ ਕੇ ਜ਼ਬਤ ਕਰ ਲਿਆ ਕਿ ਉਹ ਪਾਬੰਦੀਆਂ ਦੀ ਉਲੰਘਣਾ ਕਰ ਰਿਹਾ ਹੈ। ਵੈਨਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਡੂਰੋ ਨੇ ਇਕ ਬਿਆਨ ਜਾਰੀ ਕਰ ਕੇ ਇਸ ਕਾਰਵਾਈ ਨੂੰ ਡਕੈਤੀ ਕਿਹਾ ਹੈ ਤੇ ਆਪਣੇ ਦੇਸ਼ ਦੇ ਹਿੱਤਾਂ ਦੀ ਰਾਖੀ ਕਰਨ ਦਾ ਅਹਿਦ ਲਿਆ ਹੈ।
ਅਮਰੀਕਾ ਵੈਨਜ਼ੁਏਲਾ ਦੇ ਵਿਰੋਧ ਦੇ ਬਾਵਜੂਦ ਸਮੁੰਦਰੀ ਜਹਾਜ਼ ਨੂੰ ਆਪਣੇ ਕਿਸੇ ਅਣਦੱਸੇ ਤੇਲ ਟਰਮੀਨਲ ’ਤੇ ਲੈ ਗਿਆ ਹੈ ਤੇ ਕਿਹਾ ਹੈ ਕਿ ਉਹ ਇਸ ਤੇਲ ਤੋਂ ਹੋਣ ਵਾਲੀ ਆਮਦਨ ਨੂੰ ਵੈਨਜ਼ੁਏਲਾ ਅਤੇ ਦੱਖਣੀ ਅਮਰੀਕਾ ਤਰਫ਼ੋਂ ਹੋਣ ਵਾਲੀ ਨਸ਼ਿਆਂ ਦੀ ਤਸਕਰੀ ਨੂੰ ਰੋਕਣ ਲਈ ਵਰਤੋਂ ਵਿਚ ਲਿਆਵੇਗਾ। ਇਸ ਤੋਂ ਪਹਿਲਾਂ ਵੀ ਅਮਰੀਕਨ ਕੋਸਟ ਗਾਰਡ ਵੈਨਜ਼ੁਏਲਾ ਤੋਂ ਆਉਣ ਵਾਲੀਆਂ ਅਨੇਕ ਕਿਸ਼ਤੀਆਂ ਨੂੰ ਨਸ਼ਿਆਂ ਦੀ ਤਸਕਰੀ ਕਰਨ ਦੇ ਇਲਜ਼ਾਮ ਵਿਚ ਤਬਾਹ ਚੁੱਕਾ ਹੈ ਤੇ ਇਸ ਵਿਚ ਕਈ ਜਾਨਾਂ ਵੀ ਗਈਆਂ ਹਨ।
ਬਾਰਾਂ ਦਸੰਬਰ ਨੂੰ ਅਮਰੀਕਾ ਨੇ ਵੈਨਜ਼ੁਏਲਾ ਦੇ ਸਾਰੇ ਵਪਾਰਕ ਸਮੁੰਦਰੀ ਬੇੜੇ, ਸਮੇਤ ਰਾਸ਼ਟਰਪਤੀ ਮਾਡੂਰੋ ਦੇ ਭਤੀਜਿਆਂ ਦੀਆਂ ਜਹਾਜ਼ ਕੰਪਨੀਆਂ ’ਤੇ ਕਿਸੇ ਵੀ ਦੇਸ਼ ਨਾਲ ਵਪਾਰ ਕਰਨ ’ਤੇ ਪਾਬੰਦੀਆਂ ਲਗਾ ਦਿੱਤੀਆਂ ਹਨ। ਅਮਰੀਕਾ ਨਾਲ ਵੈਨਜ਼ੁਏਲਾ ਦਾ ਝਗੜਾ 26 ਕੁ ਸਾਲਾਂ ਤੋਂ ਚੱਲ ਰਿਹਾ ਹੈ। ਉਸ ਤੋਂ ਪਹਿਲਾਂ ਅਮਰੀਕਾ ਅਤੇ ਵੈਨਜ਼ੁਏਲਾ ਦਰਮਿਆਨ ਸਬੰਧ ਬਹੁਤ ਵਧੀਆ ਸਨ। ਸੰਨ 1850 ਵਿਚ ਇਕ ਸੰਧੀ ਹੋਈ ਸੀ ਜਿਸ ਅਧੀਨ ਮੈਕਸੀਕੋ ਸਮੇਤ ਸਾਰੇ ਦੱਖਣੀ ਅਮਰੀਕਨ ਦੇਸ਼ਾਂ ਦੀ ਸੁਰੱਖਿਆ ਅਮਰੀਕਾ ਨੇ ਚੁੱਕ ਲਈ ਸੀ।
ਜਦੋਂ ਸੰਨ 1865 ਵਿਚ ਫਰਾਂਸ ਨੇ ਆਪਣਾ ਕਰਜ਼ਾ ਉਗਰਾਹੁਣ ਲਈ ਮੈਕਸੀਕੋ ’ਤੇ ਹਮਲਾ ਕੀਤਾ ਸੀ ਤਾਂ ਇਸ ਸੰਧੀ ਕਾਰਨ ਅਮਰੀਕਾ ਨੇ ਉਸ ਨੂੰ ਹਰਾ ਕੇ ਭਜਾ ਦਿੱਤਾ ਸੀ। ਸੰਨ 1982 ਵਿਚ ਫਾਕਲੈਂਡ ਟਾਪੂਆਂ ਦੇ ਮੁੱਦੇ ’ਤੇ ਇੰਗਲੈਂਡ ਅਤੇ ਅਰਜਨਟੀਨਾ ਦਰਮਿਆਨ ਜੰਗ ਹੋਈ ਸੀ ਤਾਂ ਨਾਟੋ ਮੈਂਬਰ ਹੋਣ ਦੇ ਬਾਵਜੂਦ ਅਮਰੀਕਾ ਨੇ ਇੰਗਲੈਂਡ ਦੀ ਕੋਈ ਮਦਦ ਨਹੀਂ ਸੀ ਕੀਤੀ। ਵੈਨਜ਼ੁਏਲਾ ਨਾਲ ਅਮਰੀਕਾ ਦੇ ਸਬੰਧ 100 ਤੋਂ ਵੱਧ ਸਾਲ ਨਿੱਘੇ ਰਹੇ ਹਨ। ਸੰਨ 2000 ਤੱਕ ਅਮਰੀਕਾ ਵੈਨਜ਼ੁਏਲਾ ਦੇ ਤੇਲ ਦਾ ਸਭ ਤੋਂ ਵੱਡਾ ਖ਼ਰੀਦਦਾਰ (ਕਰੀਬ 40%) ਸੀ ਕਿਉਂਕਿ ਇਸ ਕਾਰਨ ਉਸ ਦਾ ਅਰਬ ਦੇਸ਼ਾਂ ਦਾ ਹਜ਼ਾਰਾਂ ਕਿੱਲੋਮੀਟਰ ਦਾ ਸਫ਼ਰ ਬਚ ਜਾਂਦਾ ਸੀ ਪਰ 1999 ਵਿਚ ਹੋਈਆਂ ਆਮ ਚੋਣਾਂ ਵਿਚ ਕੱਟੜ ਖੱਬੇ-ਪੱਖੀ ਤੇ ਅਮਰੀਕਾ ਦੇ ਸਰਮਾਏਦਾਰੀ ਸਿਸਟਮ ਦਾ ਘੋਰ ਵਿਰੋਧੀ ਹਿਊਗੋ ਚਾਵੇਜ਼ ਵੈਨਜ਼ੁਏਲਾ ਦਾ ਰਾਸ਼ਟਰਪਤੀ ਬਣ ਗਿਆ।
ਉਹ ਦੇਸ਼ ਵਿਚ ਬੇਹੱਦ ਲੋਕਪ੍ਰਿਆ ਸੀ ਕਿਉਂਕਿ ਉਸ ਨੇ ਵਾਅਦਾ ਕੀਤਾ ਸੀ ਕਿ ਤੇਲ ਦੇ ਨਿਰਯਾਤ ਤੋਂ ਹੋਣ ਵਾਲੀ ਆਮਦਨ ਕੁਝ ਕੁ ਕੰਪਨੀਆਂ ਦੀਆਂ ਜੇਬਾਂ ਵਿਚ ਜਾਣ ਦੀ ਬਜਾਏ ਗ਼ਰੀਬਾਂ ਦੀ ਭਲਾਈ ਲਈ ਵਰਤੀ ਜਾਵੇਗੀ। ਉਸ ਨੇ ਵੈਨਜ਼ੁਏਲਾ ਦੇ ਤੇਲ ’ਤੇ ਲਗਪਗ 50% ਨਿਯੰਤਰਣ ਰੱਖਣ ਵਾਲੀ ਅਮਰੀਕਨ ਕੰਪਨੀ ਐਕਸੋਮੋਬਿਲ ਸਮੇਤ ਸਾਰੀਆਂ ਅੰਤਰਰਾਸ਼ਟਰੀ ਕੰਪਨੀਆਂ ਦਾ ਰਾਸ਼ਟਰੀਕਰਨ ਕਰ ਦਿੱਤਾ ਤੇ ਅਮਰੀਕਾ ਦੇ ਕੱਟੜ ਵਿਰੋਧੀ ਕਿਊਬਾ, ਈਰਾਨ, ਰੂਸ ਅਤੇ ਚੀਨ ਨਾਲ ਦੋਸਤੀ ਦੀਆਂ ਪੀਘਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ। ਅਮਰੀਕਾ ਨੇ ਇਸ ਦਾ ਸਖ਼ਤ ਵਿਰੋਧ ਕੀਤਾ ਤੇ 2002 ਵਿਚ ਫ਼ੌਜ ਰਾਹੀਂ ਚਾਵੇਜ਼ ਦਾ ਤਖਤਾ ਪਲਟਾਉਣ ਦੀ ਅਸਫਲ ਕੋਸ਼ਿਸ਼ ਕੀਤੀ।
ਇਸ ਕਾਰੇ ਕਾਰਨ ਅਮਰੀਕਾ ਅਤੇ ਵੈਨਜ਼ੁਏਲਾ ਵਿਚ ਸਬੰਧ ਐਨੇ ਖ਼ਰਾਬ ਹੋ ਗਏ ਕਿ 2006 ਵਿਚ ਯੂਐੱਨਓ ਦੀ ਜਨਰਲ ਅਸੈਂਬਲੀ ਵਿਚ ਭਾਸ਼ਣ ਦਿੰਦੇ ਸਮੇਂ ਚਾਵੇਜ਼ ਨੇ ਤਤਕਾਲੀ ਅਮਰੀਕੀ ਰਾਸ਼ਟਰਪਤੀ ਜਾਰਜ ਵਾਕਰ ਬੁਸ਼ ਦੀ ਤੁਲਨਾ ਸ਼ੈਤਾਨ ਨਾਲ ਕਰ ਦਿੱਤੀ। ਸੰਨ 2013 ਵਿਚ ਚਾਵੇਜ਼ ਦੀ ਮੌਤ ਹੋ ਗਈ ਪਰ ਮਰਨ ਤੋਂ ਪਹਿਲਾਂ ਉਹ ਆਪਣੇ ਹੱਥੀਂ ਚੁਣੇ ਜਾਨਸ਼ੀਨ ਨਿਕੋਲਸ ਮਾਡੂਰੋ ਨੂੰ ਗੱਦੀ ਸੌਂਪ ਗਿਆ। ਆਪਣੀ 14 ਸਾਲ ਦੀ ਹਕੂਮਤ ਦੌਰਾਨ ਚਾਵੇਜ਼ ਨੇ ਲੋਕਤੰਤਰ ਨੂੰ ਤਕਰੀਬਨ ਖ਼ਤਮ ਕਰ ਦਿੱਤਾ ਸੀ ਤੇ ਦੇਸ਼ ਵਿਚ ਤਾਨਾਸ਼ਾਹੀ ਸਿਸਟਮ ਲਾਗੂ ਹੋ ਗਿਆ ਸੀ।
ਲੋਕਤੰਤਰ ਦੇ ਹਾਮੀ ਰਾਜਨੀਤਕ ਵਿਰੋਧੀਆਂ ਨੂੰ ਜੇਲ੍ਹਾਂ ਵਿਚ ਸੁੱਟ ਦਿੱਤਾ ਗਿਆ ਤੇ ਹਰ ਤਰ੍ਹਾਂ ਦੇ ਪ੍ਰਦਰਸ਼ਨਾਂ ਤੇ ਹੜਤਾਲਾਂ ਆਦਿ ’ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਸੰਨ 2025 ਦੀ ਸ਼ਾਂਤੀ ਨੋਬਲ ਇਨਾਮ ਜੇਤੂ ਮਾਰੀਆ ਕੋਰੀਨਾ ਮਾਚਾਡੋ ਵਰਗੇ ਅਨੇਕ ਲੋਕਤੰਤਰ ਹਮਾਇਤੀ ਨੇਤਾਵਾਂ ਨੂੰ ਦੇਸ਼ ਛੱਡ ਕੇ ਭੱਜਣਾ ਪਿਆ ਸੀ ਪਰ ਮਾਡੂਰੋ, ਚਾਵੇਜ਼ ਵਰਗਾ ਯੋਗ ਤੇ ਸਖ਼ਤ ਸ਼ਾਸਕ ਸਾਬਿਤ ਨਾ ਹੋ ਸਕਿਆ।
ਉਸ ਦੇ ਅਧੀਨ ਦੇਸ਼ ਬਰਬਾਦੀ ਦੇ ਕਗਾਰ ’ਤੇ ਪਹੁੰਚ ਗਿਆ ਹੈ। ਤੇਲ ਦੇ ਡਿੱਗਦੇ ਹੋਏ ਰੇਟਾਂ, ਭ੍ਰਿਸ਼ਟਾਚਾਰ ਅਤੇ ਸਕੈਂਡਲਾਂ ਕਾਰਨ 2018 ਤੱਕ ਮਹਿੰਗਾਈ 10 ਲੱਖ ਪਰਸੈਂਟ ਤੱਕ ਪਹੁੰਚ ਗਈ ਜਿਸ ਕਾਰਨ ਜੀਡੀਪੀ 75% ਤੱਕ ਘਟ ਗਈ ਹੈ। ਇਸ ਦੇ ਫਲਸਰੂਪ ਦੱਖਣੀ ਅਮਰੀਕਾ ਦੇ ਇਤਿਹਾਸ ਦਾ ਸਭ ਤੋਂ ਵੱਡਾ ਰਫਿਊਜੀ ਸੰਕਟ ਪੈਦਾ ਹੋ ਗਿਆ ਹੈ ਤੇ 77 ਕੁ ਲੱਖ ਲੋਕ (ਵੈਨਜ਼ੁਏਲਾ ਦੀ ਕੁੱਲ ਆਬਾਦੀ ਕਰੀਬ 3 ਕਰੋੜ ਹੈ) ਦੇਸ਼ ਛੱਡ ਕੇ ਕੋਲੰਬੀਆ ਅਤੇ ਅਮਰੀਕਾ ’ਚ ਪਰਵਾਸ ਕਰ ਗਏ ਹਨ। ਸੰਨ 2019 ਵਿਚ ਸਥਿਤੀ ਹੋਰ ਵੀ ਗੰਭੀਰ ਹੋ ਗਈ ਜਦੋਂ ਵਿਵਾਦਤ ਚੋਣਾਂ ਵਿਚ ਮਾਡੂਰੋ ਤੋਂ ਹਾਰੇ ਹੋਏ ਉਮੀਦਵਾਰ ਜੁਆਨ ਗੁਆਡੀਉ ਨੇ ਆਪਣੇ-ਆਪ ਨੂੰ ਜਿੱਤਿਆ ਹੋਇਆ ਘੋਸ਼ਿਤ ਕਰ ਦਿੱਤਾ ਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ (ਪਹਿਲਾ ਕਾਰਜਕਾਲ) ਨੇ ਵਿਸ਼ਵ ਦੇ 50 ਹੋਰ ਦੇਸ਼ਾਂ ਸਮੇਤ ਉਸ ਨੂੰ ਮਾਨਤਾ ਦੇ ਦਿੱਤੀ।
ਪਰ ਮਾਡੂਰੋ ਨੇ ਫ਼ੌਜ ਦੀ ਵਫ਼ਾਦਾਰੀ ਅਤੇ ਚੀਨ ਤੇ ਰੂਸ ਤੋਂ ਮਿਲਣ ਵਾਲੀ ਅਥਾਹ ਆਰਥਿਕ ਤੇ ਸੈਨਿਕ ਮਦਦ ਦੇ ਸਿਰ ’ਤੇ ਗੁਆਡੀਉ ਨੂੰ ਦੇਸ਼ ਛੱਡ ਕੇ ਅਮਰੀਕਾ ਭੱਜਣ ਲਈ ਮਜਬੂਰ ਕਰ ਦਿੱਤਾ। ਇਸ ਤੋਂ ਖਿਝ ਕੇ ਟਰੰਪ ਨੇ ਵੈਨਜ਼ੁਏਲਾ ’ਤੇ ਬੇਹੱਦ ਸਖ਼ਤ ਪਾਬੰਦੀਆਂ ਲਗਾ ਦਿੱਤੀਆਂ। ਉਸ ਦੀ ਸਰਕਾਰੀ ਤੇਲ ਕੰਪਨੀ ਦੇ 77 ਕਰੋੜ ਡਾਲਰ (ਲਗਪਗ 74 ਅਰਬ ਰੁਪਏ) ਜ਼ਬਤ ਕਰ ਲਏ ਤੇ ਅਮਰੀਕਨ ਕੰਪਨੀਆਂ ’ਤੇ ਉਸ ਤੋਂ ਤੇਲ ਖ਼ਰੀਦਣ ’ਤੇ ਮੁਕੰਮਲ ਪਾਬੰਦੀ ਲਗਾ ਦਿੱਤੀ ਜਿਸ ਕਾਰਨ ਵੈਨਜ਼ੁਏਲਾ ਦੀ ਆਰਥਿਕਤਾ ਬਰਬਾਦ ਹੋ ਗਈ।
ਇਹ ਇਸ ਤੱਥ ਤੋਂ ਸਾਬਿਤ ਹੁੰਦਾ ਹੈ ਕਿ ਬੁਨਿਆਦੀ ਦਵਾਈਆਂ ਦੀ ਕਮੀ ਕਾਰਨ ਇਸ ਵੇਲੇ ਵੈਨਜ਼ੁਏਲਾ ਵਿਚ ਬੱਚਿਆਂ ਦੀ ਮਰਨ ਦਰ ਕੁਝ ਅਫ਼ਰੀਕਨ ਦੇਸ਼ਾਂ ਨੂੰ ਛੱਡ ਕੇ ਵਿਸ਼ਵ ਵਿਚ ਸਭ ਤੋਂ ਵੱਧ ਹੈ। ਆਪਣੀ ਆਰਥਿਕਤਾ ਨੂੰ ਠੁੰਮ੍ਹਣਾ ਦੇਣ ਦੀ ਮਜਬੂਰੀ ਵਿਚ ਮਾਡੂਰੋ ਨੇ ਕੋਲੰਬੀਆ ਦੇ ਕੁਝ ਬਦਨਾਮ ਡਰੱਗ ਸਮੱਗਲਰਾਂ ਨਾਲ ਗੱਠਜੋੜ ਕਰ ਲਿਆ ਤੇ ਆਪਣੀ ਫ਼ੌਜ ਦੀ ਮਦਦ ਨਾਲ ਹਜ਼ਾਰਾਂ ਟਨ ਡਰੱਗਜ਼ ਅਮਰੀਕਾ ਭੇਜਣੀਆਂ ਸ਼ੁਰੂ ਕਰ ਦਿੱਤੀਆਂ।
ਇਸ ਤੋਂ ਇਲਾਵਾ ਉਸ ਨੇ ਅਨੇਕ ਕੰਪਨੀਆਂ ਦੀ ਮਦਦ ਨਾਲ ਆਪਣਾ ਤੇਲ ਵੀ ਕਾਲੇ ਬਾਜ਼ਾਰ ਵਿਚ ਸਸਤੇ ਰੇਟ ’ਤੇ ਵੇਚ ਕੇ ਕਰੋੜਾਂ ਡਾਲਰ ਕਮਾਉਣੇ ਸ਼ੁਰੂ ਕਰ ਦਿੱਤੇ ਹਨ। ਰਾਸ਼ਟਰਪਤੀ ਜੋਅ ਬਾਇਡਨ ਦੇ ਸਮੇਂ ਵੈਨਜ਼ੁਏਲਾ ਨੂੰ ਥੋੜ੍ਹਾ ਜਿਹਾ ਸੁੱਖ ਦਾ ਸਾਹ ਮਿਲਿਆ। ਬਾਇਡਨ ਨੇ ਯੂਕਰੇਨ ਯੁੱਧ ਕਾਰਨ ਰੂਸ ਦੇ ਵਧਦੇ ਹੋਏ ਪ੍ਰਭਾਵ ਨੂੰ ਰੋਕਣ ਲਈ ਤੇਲ ਸਬੰਧੀ ਪਾਬੰਦੀਆਂ ਨੂੰ ਕੁਝ ਨਰਮ ਕਰ ਦਿੱਤਾ ਪਰ ਮਾਡੂਰੋ ਵੱਲੋਂ ਵਿਰੋਧੀ ਪਾਰਟੀਆਂ ਦੇ ਕੀਤੇ ਜਾ ਰਹੇ ਦਮਨ ਤੇ 2024 ਦੀਆਂ ਚੋਣਾਂ ਨੂੰ ਮੁੜ ਧੱਕੇ ਨਾਲ ਜਿੱਤ ਲੈਣ ਕਾਰਨ ਮਾਹੌਲ ਦੁਬਾਰਾ ਵਿਗੜਨਾ ਸ਼ੁਰੂ ਹੋ ਗਿਆ।
ਉਸ ਦੀ ਬਦਕਿਸਮਤੀ ਹੀ ਕਹੀ ਜਾ ਸਕਦੀ ਹੈ ਕਿ 20 ਜਨਵਰੀ 2025 ਨੂੰ ਉਸ ਦਾ ਕੱਟੜ ਵਿਰੋਧੀ ਡੋਨਾਲਡ ਟਰੰਪ ਦੁਬਾਰਾ ਅਮਰੀਕਾ ਦਾ ਰਾਸ਼ਟਰਪਤੀ ਬਣ ਗਿਆ ਹੈ। ਟਰੰਪ ਨੇ ਤਾਂ ਜਿਵੇਂ ਮਾਡੂਰੋ ਨੂੰ ਬਰਬਾਦ ਕਰਨ ਦੀ ਸਹੁੰ ਹੀ ਖਾਧੀ ਹੋਈ ਹੈ। ਉਸ ਨੇ ਆਉਂਦੇ ਸਾਰ ਹੀ ਆਰਥਿਕ ਪਾਬੰਦੀਆਂ ਦੁਬਾਰਾ ਸ਼ੁਰੂ ਕਰ ਦਿੱਤੀਆਂ ਜਿਸ ਕਾਰਨ ਵੈਨਜ਼ੁਏਲਾ ਦਾ ਤੇਲ ਦਾ ਉਤਪਾਦਨ 35 ਲੱਖ ਬੈਰਲ ਤੋਂ ਘਟ ਕੇ 8 ਲੱਖ ਬੈਰਲ ਤੱਕ ਆ ਗਿਆ ਹੈ।
ਆਰਥਿਕ ਪਾਬੰਦੀਆਂ ਤੋਂ ਇਲਾਵਾ ਟਰੰਪ ਨੇ ਸੈਨਿਕ ਸਰਗਰਮੀਆਂ ਵੀ ਸ਼ੁਰੂ ਕਰ ਦਿੱਤੀਆਂ ਹਨ। ਵੈਨਜ਼ੁਏਲਾ ਅਨੁਸਾਰ ਪਿਛਲੇ ਸਿਰਫ਼ ਛੇ ਮਹੀਨਆਂ ਵਿਚ ਅਮਰੀਕਨ ਹਵਾਈ ਅਤੇ ਸਮੁੰਦਰੀ ਫ਼ੌਜ ਦੇ ਜਹਾਜ਼ਾਂ ਨੇ 50 ਤੋਂ ਵੱਧ ਵਾਰ ਉਸ ਦੀ ਸੀਮਾ ਦੀ ਉਲੰਘਣਾ ਕੀਤੀ ਹੈ। ਟਰੰਪ ਨੇ ਕੁਝ ਦਿਨ ਪਹਿਲਾਂ ਇਹ ਬਿਆਨ ਦਿੱਤਾ ਹੈ ਕਿ ਉਹ ਮਾਡੂਰੋ ਨੂੰ ਗੱਦੀ ਤੋਂ ਉਤਾਰ ਕੇ ਲੋਕਤੰਤਰ ਦੀ ਸਥਾਪਨਾ ਕਰਨ ਲਈ ਵਚਨਬੱਧ ਹੈ। ਇਹ ਵੀ ਅਟੱਲ ਸੱਚਾਈ ਹੈ ਕਿ ਵੈਨਜ਼ੁਏਲਾ ਅਮਰੀਕਾ ਵਰਗੀ ਸੁਪਰ ਪਾਵਰ ਦਾ ਦੋ ਦਿਨ ਵੀ ਮੁਕਾਬਲਾ ਨਹੀਂ ਕਰ ਸਕਦਾ।
-ਬਲਰਾਜ ਸਿੰਘ ਸਿੱਧੂ
-(ਲੇਖਕ ਸਾਬਕਾ ਏਆਈਜੀ ਹੈ)।
-ਮੋਬਾਈਲ : 95011-00062