ਦਿੱਲੀ ਵਿਚ ਲਾਲ ਕਿਲ੍ਹੇ ਦੇ ਨੇੜੇ ਅੱਤਵਾਦੀ ਧਮਾਕਾ ਕਰਨ ਵਾਲੇ ਆਤਮਘਾਤੀ ਹਮਲਾਵਰ ਉਮਰ ਨਬੀ ਦਾ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਉਸ ਨੂੰ ਭਟਕਿਆ ਅਤੇ ਗੁਮਰਾਹ ਹੋਇਆ ਦੱਸਣ ਦੀ ਦੌੜ ਲੱਗ ਗਈ ਹੈ। ਕੁਝ ਆਗੂ ਤਾਂ ਉਸ ਨੂੰ ਮੁਸਲਮਾਨ ਮੰਨਣ ਲਈ ਵੀ ਤਿਆਰ ਨਹੀਂ ਹਨ। ਇਹ ਸਾਰਾ ਕੁਝ ਇਸ ਲਈ ਹੈ ਕਿਉਂਕਿ ਉਹ ਆਪਣੇ ਇਕ ਵੀਡੀਓ ਵਿਚ ਇਹ ਕਹਿੰਦਾ ਦਿਖਾਈ ਦਿੱਤਾ ਕਿ ਆਤਮਘਾਤੀ ਹਮਲਾ ਇਸਲਾਮੀ ਕਾਰਜ ਹੈ- ਸ਼ਹਾਦਤ ਹੈ।

-ਰਾਜੀਵ ਸਚਾਨ
ਦਿੱਲੀ ਵਿਚ ਲਾਲ ਕਿਲ੍ਹੇ ਦੇ ਨੇੜੇ ਅੱਤਵਾਦੀ ਧਮਾਕਾ ਕਰਨ ਵਾਲੇ ਆਤਮਘਾਤੀ ਹਮਲਾਵਰ ਉਮਰ ਨਬੀ ਦਾ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਉਸ ਨੂੰ ਭਟਕਿਆ ਅਤੇ ਗੁਮਰਾਹ ਹੋਇਆ ਦੱਸਣ ਦੀ ਦੌੜ ਲੱਗ ਗਈ ਹੈ। ਕੁਝ ਆਗੂ ਤਾਂ ਉਸ ਨੂੰ ਮੁਸਲਮਾਨ ਮੰਨਣ ਲਈ ਵੀ ਤਿਆਰ ਨਹੀਂ ਹਨ। ਇਹ ਸਾਰਾ ਕੁਝ ਇਸ ਲਈ ਹੈ ਕਿਉਂਕਿ ਉਹ ਆਪਣੇ ਇਕ ਵੀਡੀਓ ਵਿਚ ਇਹ ਕਹਿੰਦਾ ਦਿਖਾਈ ਦਿੱਤਾ ਕਿ ਆਤਮਘਾਤੀ ਹਮਲਾ ਇਸਲਾਮੀ ਕਾਰਜ ਹੈ- ਸ਼ਹਾਦਤ ਹੈ। ਉਹ ਪਹਿਲਾ ਅਜਿਹਾ ਆਤਮਘਾਤੀ ਨਹੀਂ ਹੈ ਜਿਸ ਨੇ ਅੱਤਵਾਦੀ ਹਮਲੇ ਨੂੰ ਧਾਰਮਿਕ ਜਾਂ ਇਸਲਾਮੀ ਕਾਰਜ ਦੱਸਿਆ ਹੋਵੇ। ਪਤਾ ਨਹੀਂ ਕਿੰਨੇ ਅੱਤਵਾਦੀ ਅਤੇ ਉਨ੍ਹਾਂ ਦੇ ਸਮੂਹ ਅਜਿਹਾ ਹੀ ਕਹਿੰਦੇ ਹਨ। ਬਹੁਤ ਸਾਰੇ ਅੱਤਵਾਦੀ ਸਮੂਹਾਂ ਦੇ ਨਾਂ ਹੀ ਇਸਲਾਮੀ ਹਨ ਜਿਵੇਂ ਕਿ ਜੈਸ਼-ਏ-ਮੁਹੰਮਦ ਅਤੇ ਲਸ਼ਕਰ-ਏ-ਤੌਇਬਾ। ਪਾਕਿਸਤਾਨ ਆਧਾਰਤ ਇਨ੍ਹਾਂ ਜੇਹਾਦੀ ਜਥੇਬੰਦੀਆਂ ਦੇ ਨਾਲ-ਨਾਲ ਭਾਰਤ ਵਿਚ ਵੀ ਇਸਲਾਮੀ ਨਾਂ ਵਾਲੇ ਕਈ ਅੱਤਵਾਦੀ ਸੰਗਠਨ ਬਣਾਏ ਗਏ ਹਨ। ਇਨ੍ਹਾਂ ਦੇ ਨਾਂ ਉਨ੍ਹਾਂ ਦੀ ਪ੍ਰੇਰਨਾ ਦੇ ਸਰੋਤ ਨੂੰ ਹੀ ਦਰਸਾਉਂਦੇ ਹਨ ਅਤੇ ਇਹ ਅਕਸਰ ਮਜ਼ਹਬੀ ਹੀ ਹੁੰਦੇ ਹਨ। ਇਸ ਦਾ ਸਬੂਤ ਇਹ ਹੈ ਕਿ ਇਨ੍ਹਾਂ ਵਿੱਚੋਂ ਬਹੁਤਿਆਂ ਦਾ ਟੀਚਾ ਗਜ਼ਵਾ-ਏ-ਹਿੰਦ ਜਾਂ ਇਸੇ ਤਰ੍ਹਾਂ ਦਾ ਕੁਝ ਹੁੰਦਾ ਹੈ।
ਸਭ ਤੋਂ ਖੂੰਖਾਰ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਆਪਣੇ-ਆਪ ਨੂੰ ਸਿਰਫ਼ ਇਸਲਾਮੀ ਹੀ ਨਹੀਂ ਦੱਸਦਾ ਬਲਕਿ ਉਸ ਨੇ ਆਪਣੇ ਝੰਡੇ ’ਤੇ ਇਸਲਾਮ ਵਿਚ ਇਮਾਨ ਦੀ ਘੋਸ਼ਣਾ, ਜਿਸ ਨੂੰ ਸ਼ਹਾਦਾ ਕਿਹਾ ਜਾਂਦਾ ਹੈ, ਵੀ ਲਿਖੀ ਹੋਈ ਹੈ। ਉਸ ਨੇ ਇਹ ਇਸ ਲਈ ਕੀਤਾ ਤਾਂ ਜੋ ਆਪਣੇ-ਆਪ ਨੂੰ ਪੱਕਾ ਇਸਲਾਮੀ ਸੰਗਠਨ ਸਾਬਿਤ ਕਰ ਸਕੇ। ਕੀ ਇਹ ਕਿਸੇ ਤੋਂ ਲੁਕਿਆ ਹੈ ਕਿ ਦੁਨੀਆ ਭਰ ਦੇ ਪਤਾ ਨਹੀਂ ਕਿੰਨੇ ਮੁਸਲਮਾਨ ਨੌਜਵਾਨ ਉਸ ਲਈ ਲੜਨ ਵਾਸਤੇ ਸੀਰੀਆ ਤੇ ਇਰਾਕ ਪਹੁੰਚੇ? ਇਹ ਉਦੋਂ ਹੋਇਆ ਜਦੋਂ ਕਈ ਦੇਸ਼ਾਂ ਵਿਚ ਉਸ ਖ਼ਿਲਾਫ਼ ਫਤਵਾ ਜਾਰੀ ਕੀਤਾ ਗਿਆ। ਭਾਰਤ ਵਿਚ ਵੀ ਇਹ ਹੋਇਆ ਸੀ ਪਰ ਕੇਰਲ ਤੇ ਕਰਨਾਟਕ ਤੋਂ ਕਈ ਮੁਸਲਮਾਨ ਨੌਜਵਾਨਾਂ ਨੇ ਇਸ ਨੂੰ ਮਹੱਤਵ ਨਹੀਂ ਦਿੱਤਾ। ਇਹ ਸੰਗਠਨ ਅਫ਼ਗਾਨਿਸਤਾਨ ਅਤੇ ਪਾਕਿਸਤਾਨ ਵਿਚ ਹੁਣ ਵੀ ਸਰਗਰਮ ਹੈ। ਇਸ ਨੇ ਜਿਹੜੀ ਕਰੂਰਤਾ ਦਿਖਾਈ, ਉਸ ਦੀ ਮਿਸਾਲ ਮਿਲਣੀ ਮੁਸ਼ਕਲ ਹੈ। ਇਸ ਤੋਂ ਬਾਅਦ ਵੀ ਇਕ ਸਮੇਂ ਕਸ਼ਮੀਰ ਵਿਚ ਇਸ ਖੂੰਖਾਰ ਅੱਤਵਾਦੀ ਸੰਗਠਨ ਨਾਲ ਹਮਦਰਦੀ ਰੱਖਣ ਵਾਲਿਆਂ ਵਿਚ ਉਸ ਦਾ ਝੰਡਾ ਲਹਿਰਾਉਣ ਦੀ ਸਨਕ ਸੀ। ਰਾਜੌਰੀ ਵਿਚ ਇਸ ਸਨਕ ਤੋਂ ਤੰਗ ਆਏ ਲੋਕਾਂ ਨੇ ਇਕ ਵਾਰ ਆਈਐੱਸ ਦੇ ਝੰਡੇ ਨੂੰ ਸਾੜ ਦਿੱਤਾ। ਇਸ ’ਤੇ ਹੰਗਾਮਾ ਹੋ ਗਿਆ। ਹੰਗਾਮਾ ਕਰਨ ਵਾਲਿਆਂ ਨੇ ਕਿਹਾ ਕਿ ਉਨ੍ਹਾਂ ਦੀਆਂ ਮਜ਼ਹਬੀ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਹੈ। ਝੰਡਾ ਸਾੜਨ ਵਾਲਿਆਂ ਨੇ ਮਾਫ਼ੀ ਮੰਗੀ ਅਤੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਝੰਡੇ ਵਿਚ ਕੀ ਲਿਖਿਆ ਸੀ ਅਤੇ ਇਸ ਦਾ ਕੀ ਮਤਲਬ ਹੈ ਪਰ ਕਥਿਤ ਤੌਰ ’ਤੇ ਦੁਖੀ ਹੋਏ ਲੋਕ ਸ਼ਾਂਤ ਹੋਣ ਨੂੰ ਤਿਆਰ ਨਹੀਂ ਹੋਏ। ਨਤੀਜਾ ਇਹ ਹੋਇਆ ਕਿ ਉੱਥੇ ਕੁਰਫਿਊ ਲਗਾਉਣਾ ਪਿਆ। ਇਸ ਦੀ ਵੀ ਅਣਦੇਖੀ ਨਹੀਂ ਕੀਤੀ ਜਾ ਸਕਦੀ ਕਿ ਕਸ਼ਮੀਰ ਵਿਚ ਜਦੋਂ ਕਿਸੇ ਵੱਡੀ ਅੱਤਵਾਦੀ ਘਟਨਾ ਨੂੰ ਅੰਜਾਮ ਦੇਣ ਵਾਲਾ ਅੱਤਵਾਦੀ ਮਾਰਿਆ ਜਾਂਦਾ ਸੀ ਤਾਂ ਤੁਰੰਤ ਹੀ ਉਸ ਨੂੰ ਭਟਕਿਆ ਹੋਇਆ ਅਤੇ ਦੀਨ-ਈਮਾਨ ਤੋਂ ਖ਼ਾਰਜ ਦੱਸ ਦਿੱਤਾ ਜਾਂਦਾ ਸੀ ਪਰ ਉਸ ਦੇ ਜਨਾਜ਼ੇ ਵਿਚ ਹਜ਼ਾਰਾਂ ਲੋਕ ਸ਼ਾਮਲ ਹੋਣ ਵੀ ਆ ਜਾਂਦੇ ਸਨ। ਹੋਰ ਅਨੇਕ ਕਾਰਨਾਂ ਦੇ ਨਾਲ-ਨਾਲ ਇਹ ਦੋਹਰਾ ਰਵੱਈਆ ਵੀ ਜੇਹਾਦੀ ਅੱਤਵਾਦ ਨਾਲ ਲੜਾਈ ਨੂੰ ਮੁਸ਼ਕਲ ਬਣਾ ਰਿਹਾ ਹੈ।
ਇਹ ਹਾਸੋਹੀਣਾ ਹੀ ਹੈ ਕਿ ਅੱਤਵਾਦੀ ਉਮਰ ਦਾ ਵੀਡੀਓ ਸਾਹਮਣੇ ਆਉਂਦੇ ਹੀ ਜੇਹਾਦ ਨੂੰ ਅੰਦਰੂਨੀ ਸੰਘਰਸ਼-ਛੋਟੇ ਸੰਘਰਸ਼ ਦੇ ਰੂਪ ਵਿਚ ਪਰਿਭਾਸ਼ਤ ਕੀਤਾ ਜਾਣ ਲੱਗਾ। ਇਸੇ ਤਰ੍ਹਾਂ ਕਾਫ਼ਰ ਸ਼ਬਦ ਦੀ ਵੀ ਮਨਚਾਹੀ ਵਿਆਖਿਆ ਕੀਤੀ ਜਾਣ ਲੱਗੀ। ਇਹ ਵੀ ਕਿਹਾ ਜਾਣ ਲੱਗਾ ਕਿ ਅੱਤਵਾਦੀ ਦਾ ਕੋਈ ਮਜ਼ਹਬ ਨਹੀਂ ਹੁੰਦਾ। ਨਿਸ਼ਚਿਤ ਤੌਰ ’ਤੇ ਨਹੀਂ ਹੁੰਦਾ ਪਰ ਕੀ ਇਸ ਵਿਚ ਕੋਈ ਸ਼ੱਕ ਹੈ ਕਿ ਉਹ ਮਜ਼ਹਬ ਦਾ ਹੀ ਸਹਾਰਾ ਲੈਂਦੇ ਹਨ ਅਤੇ ਉਸੇ ਦੇ ਜ਼ਰੀਏ ਸਮਰਥਨ ਜੁਟਾਉਂਦੇ ਹਨ-ਸੁਰੱਖਿਆ ਪ੍ਰਾਪਤ ਕਰਦੇ ਹਨ। ਜਿਵੇਂ ਫਰੀਦਾਬਾਦ ਅੱਤਵਾਦੀ ਮਾਡਿਊਲ ਵਾਲੇ ਅੱਤਵਾਦੀਆਂ ਨੇ ਹਾਸਲ ਕੀਤਾ। ਇਸ ਮਾਡਿਊਲ ਵਿਚ ਸ਼ਾਮਲ ਕਈ ਅੱਤਵਾਦੀ ਡਾਕਟਰ ਹਨ। ਸਾਫ਼ ਹੈ ਕਿ ਉਨ੍ਹਾਂ ਦੇ ਉੱਚ ਸਿੱਖਿਆ ਪ੍ਰਾਪਤ ਕਰਨ ਵਿਚ ਕੋਈ ਸੰਦੇਹ ਨਹੀਂ। ਇਸ ਤੋਂ ਬਾਅਦ ਵੀ ਉਨ੍ਹਾਂ ਦੇ ਅੱਤਵਾਦੀ ਬਣਨ ਲਈ ਐੱਨਡੀਏ ਸਰਕਾਰ ਅਤੇ ਉਸ ਦੀਆਂ ਨੀਤੀਆਂ ਨੂੰ ਜ਼ਿੰਮੇਵਾਰ ਦੱਸਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕੀ ਇਹ ਕਿਹਾ ਜਾ ਸਕਦਾ ਹੈ ਕਿ ਮੋਦੀ ਸਰਕਾਰ ਨੇ ਉਨ੍ਹਾਂ ਦੇ ਡਾਕਟਰ ਬਣਨ ਵਿਚ ਰੁਕਾਵਟ ਪੈਦਾ ਕੀਤੀ ਜਾਂ ਫਿਰ ਉਨ੍ਹਾਂ ਦੀ ਕਿਤੇ ਨੌਕਰੀ ਨਹੀਂ ਲੱਗਣ ਦਿੱਤੀ? ਜੇ ਅਜਿਹਾ ਕੁਝ ਹੁੰਦਾ ਤਾਂ ਉਹ ਡਾਕਟਰੀ ਦੀ ਪੜ੍ਹਾਈ ਪੂਰੀ ਕਰ ਕੇ ਕਸ਼ਮੀਰ ਦੇ ਨਾਲ-ਨਾਲ ਫਰੀਦਾਬਾਦ, ਸਹਾਰਨਪੁਰ ਆਦਿ ਵਿਚ ਨੌਕਰੀ ਕਿਵੇਂ ਪ੍ਰਾਪਤ ਕਰ ਲੈਂਦੇ? ਕਿਉਂਕਿ ਉਹ ਚੰਗਾ-ਖਾਸਾ ਵੇਤਨ ਪ੍ਰਾਪਤ ਕਰਦੇ ਸਨ, ਇਸ ਲਈ ਇਹ ਵੀ ਨਹੀਂ ਕਿਹਾ ਜਾ ਸਕਦਾ ਕਿ ਉਹ ਆਰਥਿਕ ਤੰਗੀ ਵਿਚ ਸਨ। ਉਹ ਜੇਹਾਦੀ ਇਸ ਲਈ ਬਣੇ ਕਿਉਂਕਿ ਉਨ੍ਹਾਂ ’ਤੇ ਜੇਹਾਦ ਦੇ ਰਸਤੇ ’ਤੇ ਤੁਰਨ ਦਾ ਭੂਤ ਸਵਾਰ ਹੋ ਗਿਆ ਸੀ ਅਤੇ ਇਹ ਲਈ ਸਵਾਰ ਹੋ ਗਿਆ ਸੀ ਕਿਉਂਕਿ ਉਨ੍ਹਾਂ ਨੇ ਮੰਨ ਲਿਆ ਸੀ ਕਿ ਇਹ ਰਸਤਾ ਤਾਂ ਮਜ਼ਹਬ-ਸੰਮਤ ਹੈ। ਜੇਕਰ ਉਹ ਕਿਸੇ ਜੇਹਾਦੀ ਮੌਲਵੀ ਜਾਂ ਪਾਕਿਸਤਾਨੀ ਹੈਂਡਲਰ ਨਾਲ ਜੁੜ ਗਏ ਤਾਂ ਕੀ ਆਪਣੀ ਅਗਿਆਨਤਾ ਕਾਰਨ ਜੁੜੇ? ਉਹ ਤਾਂ ਇਸ ਲਈ ਜੁੜੇ, ਕਿਉਂਕਿ ਉਨ੍ਹਾਂ ਨੇ ਉਨ੍ਹਾਂ ਦੇ ਕਹਿਣੇ ਨੂੰ ਸਹੀ ਮੰਨਿਆ। ਜੇ ਉਹ ਆਪਣੀ ਅੱਤਵਾਦੀ ਹਰਕਤ ਨੂੰ ਮਜ਼ਹਬੀ ਕਾਰਜ ਸਾਬਿਤ ਕਰਨ ਵਿਚ ਸਮਰੱਥ ਨਹੀਂ ਹੋਏ ਹੁੰਦੇ ਤਾਂ ਆਪਣੇ ਨਾਲ ਇੰਨੇ ਵੱਧ ਲੋਕਾਂ ਨੂੰ ਨਹੀਂ ਜੋੜ ਪਾਉਂਦੇ ਕਿ ਉਨ੍ਹਾਂ ਦੀ ਗਿਣਤੀ ਕਰਨਾ ਮੁਸ਼ਕਲ ਹੁੰਦਾ। ਫਰੀਦਾਬਾਦ ਮਾਡਿਊਲ ਵਿਚ ਸ਼ਾਮਲ ਅੱਤਵਾਦੀ ਡਾਕਟਰਾਂ ਬਾਰੇ ਇਹ ਵੀ ਨਹੀਂ ਕਿਹਾ ਜਾ ਸਕਦਾ ਕਿ ਉਨ੍ਹਾਂ ਨੂੰ ਕਿਸੇ ਵੀ ਤਰੀਕੇ ਨਾਲ ਤੰਗ-ਪਰੇਸ਼ਾਨ ਕੀਤਾ ਜਾ ਰਿਹਾ ਸੀ। ਕੁਝ ਲੋਕਾਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਉਣ ਕਾਰਨ ਉਨ੍ਹਾਂ ਵਿਚ ਗੁੱਸਾ ਭਰ ਗਿਆ ਸੀ ਅਤੇ ਉਹ ਅੱਤਵਾਦ ਦੇ ਰਾਹ ’ਤੇ ਤੁਰਨ ਲਈ ਮਜਬੂਰ ਹੋ ਗਏ ਪਰ ਕਸ਼ਮੀਰ ਵਿਚ ਅੱਤਵਾਦ ਤਾਂ ਉਦੋਂ ਵੀ ਸੀ ਜਦੋਂ ਉੱਥੇ ਧਾਰਾ 370 ਮੌਜੂਦ ਸੀ। ਆਖ਼ਰ ਤਦ ਉੱਥੇ ਅੱਤਵਾਦੀ ਕਿਉਂ ਬਣ ਰਹੇ ਸਨ? ਅੱਤਵਾਦ ਅਤੇ ਵਿਸ਼ੇਸ਼ ਤੌਰ ’ਤੇ ਜੇਹਾਦੀ ਅੱਤਵਾਦ ਤੋਂ ਉਦੋਂ ਤੱਕ ਛੁਟਕਾਰਾ ਨਹੀਂ ਮਿਲਣ ਵਾਲਾ ਜਦ ਤੱਕ ਇਸ ਸੱਚ ਤੋਂ ਮੂੰਹ ਮੋੜਿਆ ਜਾਂਦਾ ਰਹੇਗਾ ਕਿ ਉਹ ਆਸਾਨੀ ਨਾਲ ਆਪਣੇ ਕਾਰਿਆਂ ਨੂੰ ਮਜ਼ਹਬੀ ਸਾਬਿਤ ਕਰਨ ਵਿਚ ਸਮਰੱਥ ਹੋ ਜਾਂਦੇ ਹਨ। ਇਹ ਆਸਾਨੀ ਹੀ ਜੇਹਾਦੀ ਅੱਤਵਾਦੀ ਨਾਲ ਲੜਾਈ ਦੀ ਸਭ ਤੋਂ ਵੱਡੀ ਚੁਣੌਤੀ ਹੈ। ਇਸ ਚੁਣੌਤੀ ਦਾ ਸਾਹਮਣਾ ਕਰਨ ਲਈ ਇਹ ਸਵੀਕਾਰ ਕਰਨਾ ਹੋਵੇਗਾ ਕਿ ਅੱਤਵਾਦੀ ਮਜ਼ਹਬੀ ਜਨੂੰਨ ਨਾਲ ਲੈਸ ਹੁੰਦੇ ਹਨ।
-(ਲੇਖਕ ‘ਦੈਨਿਕ ਜਾਗਰਣ’ ਵਿਚ ਐਸੋਸੀਏਟ ਐਡੀਟਰ ਹੈ)।
-response@jagran.com