ਇਸ ਤੋਂ ਬਿਨਾਂ ਪਰਵਾਸ ਕਾਰਨ ਸੁੰਨੀਆਂ ਪਈਆਂ ਹਵੇਲੀਆਂ ਨੂੰ ਵੀ ਨਸ਼ੇੜੀਆਂ ਨੇ ਆਪਣਾ ਅਹਾਤਾ ਬਣਾ ਲਿਆ ਹੈ। ਨਸ਼ਾ ਕਰਨ ਤੋਂ ਬਾਅਦ ਹਵੇਲੀ ਵਿੱਚੋਂ ਜੋ ਕੁਝ ਹੱਥ ਲੱਗਦਾ ਹੈ, ਉਹ ਵੀ ਚੋਰੀ ਕਰ ਕੇ ਲੈ ਜਾਂਦੇ ਹਨ। ਕਈ ਥਾਵਾਂ ’ਤੇ ਤਾਂ ਨਸ਼ੇੜੀਆਂ ਨੇ ਹਵੇਲੀਆਂ ਦੇ ਦਰਵਾਜ਼ੇ ਤੱਕ ਨਹੀਂ ਛੱਡੇ।

ਨਸ਼ਿਆਂ ਨੇ ਪੰਜਾਬ ਦੇ ਪਿੰਡੇ ’ਤੇ ਡੂੰਘੇ ਜ਼ਖ਼ਮ ਕੀਤੇ ਹਨ। ਮਾਪਿਆਂ ਦੇ ਚਿਹਰਿਆਂ ’ਤੇ ਉਦਾਸੀ ਦੀ ਪਰਤ ਜੰਮੀ ਹੋਈ ਹੈ। ਇਕਲੌਤੇ ਪੁੱਤਾਂ ਦੀਆਂ ਲਾਸ਼ਾਂ ’ਤੇ ਮਾਵਾਂ ਦੇ ਵੈਣ ਮਨ ਨੂੰ ਵਲੂੰਧਰਦੇ ਹਨ। ਇਕ ਸਰਵੇਖਣ ਅਨੁਸਾਰ ਸਰਕਾਰੀ ਸਕੂਲਾਂ ਦੇ 11.9% ਵਿਦਿਆਰਥੀ ਅਤੇ ਪ੍ਰਾਈਵੇਟ ਸਕੂਲਾਂ ਦੇ 5.9% ਬੱਚੇ ਵੀ ਨਸ਼ੇ ਦੀ ਲਪੇਟ ਵਿਚ ਆ ਚੁੱਕੇ ਹਨ। ਸੱਠ ਫ਼ੀਸਦੀ ਲੜਕੇ ਅਤੇ 17% ਕੁੜੀਆਂ ਦੇ ਪੈਰ ਵੀ ਨਸ਼ੇ ਨਾਲ ਡਗਮਗਾ ਰਹੇ ਹਨ। ਅੰਦਾਜ਼ਨ ਹਰ ਛੇ ਘੰਟੇ ਬਾਅਦ ਪੰਜਾਬ ਵਿਚ ਇਕ ਨਸ਼ੇੜੀ ਦਾ ਸਿਵਾ ਬਲ ਰਿਹਾ ਹੈ। ਇਕ ਪਾਸੇ ਨਸ਼ਾ ਕਰਨ ਵਾਲਿਆਂ ਦੀ ਵੱਡੀ ਭੀੜ ਹੈ, ਦੂਜੇ ਪਾਸੇ ਨਸ਼ਾ ਤਸ਼ਕਰਾਂ ਦਾ ਜਾਲ਼। ਅਨੇਕਾਂ ਦਾਅਵਿਆਂ ਦੇ ਬਾਵਜੂਦ ਦੋਨਾਂ ਦੀ ਕੜੀ ਟੁੱਟੀ ਨਹੀਂ। ਦਸ ਹਜ਼ਾਰ ਤੋਂ ਜ਼ਿਆਦਾ ਮੁੰਡੇ ਤੇ ਕੁੜੀਆਂ ਏਡਜ਼ ਤੋਂ ਪੀੜਤ ਹਨ। ਇਨ੍ਹਾਂ ਵਿਚ ਅੰਦਾਜ਼ਨ 88% ਨਾਬਾਲਗ ਮੁੰਡੇ ਅਤੇ ਕੁਝ ਕੁੜੀਆਂ ਵੀ ਸ਼ਾਮਲ ਹਨ। ਇੰਜ ਲੱਗਦਾ ਹੈ ਜਿਵੇਂ ਪੰਜਾਬ ਦੀ ਜਵਾਨੀ ਦਾ ਵੱਡਾ ਹਿੱਸਾ ਵੈਂਟੀਲੇਟਰ ’ਤੇ ਹੋਵੇ। ਪੰਜਾਬ ਦੇ ਕਈ ਸ਼ਹਿਰਾਂ ਅਤੇ ਪਿੰਡਾਂ ਦੇ ਅੱਕੇ ਹੋਏ ਲੋਕਾਂ ਨੇ ਸ਼ਰੇਆਮ ਕੰਧਾਂ ’ਤੇ ਇਹ ਲਿਖ ਕੇ ‘ਇੱਥੇ ਨਸ਼ਾ ਆਮ ਵਿਕਦਾ ਹੈ’ ਆਪਣਾ ਗੁਬਾਰ ਵੀ ਕੱਢਿਆ ਹੈ। ਸੱਚਮੁੱਚ ਨਸ਼ੇ, ਕਰਜ਼ੇ ਅਤੇ ਭ੍ਰਿਸ਼ਟਾਚਾਰ ਨੇ ਦੁਨੀਆਂ ਵਿਚ ਪੰਜਾਬ ਦੀ ਪਛਾਣ ਮੱਧਮ ਕੀਤੀ ਹੈ।
ਪੰਜਾਬ ਦੀ 68.84% ਆਬਾਦੀ ਪਿੰਡਾਂ ਵਿਚ ਰਹਿੰਦੀ ਹੈ ਅਤੇ 31.16% ਸ਼ਹਿਰਾਂ ਦੀ ਵਸਨੀਕ ਹੈ। ਹੋਰ ਸਹੂਲਤਾਂ ਤੋਂ ਭਾਵੇਂ ਪੰਜਾਬੀ ਵਾਂਝੇ ਰਹਿ ਜਾਣ ਪਰ ਸ਼ਰਾਬ ਦੇ ਠੇਕੇ ਥਾਂ-ਥਾਂ ਖੋਲ੍ਹ ਕੇ ਉਨ੍ਹਾਂ ਨੂੰ ਸ਼ਰਾਬ ਪੀਣ ਦੀ ‘ਸਹੂਲਤ’ ਦਿੱਤੀ ਗਈ ਹੈ। ਸ਼ਰਾਬ ਦੇ ਠੇਕਿਆਂ ਦੇ ਨਾਲ ਸਰਕਾਰੀ ਮਾਨਤਾ ਪ੍ਰਾਪਤ ਅਹਾਤੇ ਵੀ ਖੁੱਲ੍ਹੇ ਹੋਏ ਹਨ ਜਿੱਥੇ ਮੇਜ਼, ਕੁਰਸੀਆਂ, ਮੰਜੇ, ਪਾਣੀ ਦੇਣ ਦੇ ਨਾਲ-ਨਾਲ ਉਨ੍ਹਾਂ ਦੇ ਖਾਣ-ਪੀਣ ਦਾ ਪ੍ਰਬੰਧ ਵੀ ਅਹਾਤੇ ਦੇ ਮਾਲਕਾਂ ਵੱਲੋਂ ਕੀਤਾ ਜਾਂਦਾ ਹੈ। ਅੰਦਾਜ਼ਨ 13 ਕਰੋੜ ਦੀ ਸ਼ਰਾਬ ਪੰਜਾਬੀ ਪੀ ਰਹੇ ਹਨ, ਉਥੇ ਹੀ ਸ਼ਰਾਬ ਦੀ ਕਰੋਪੀ ਕਾਰਨ ਅੰਦਾਜ਼ਨ ਹਰ ਪਿੰਡ ਵਿਚ 16 ਵਿਧਵਾਵਾਂ ਨਰਕ ਭਰਿਆ ਜੀਵਨ ਬਤੀਤ ਕਰ ਰਹੀਆਂ ਹਨ।
13.70 ਕਰੋੜ ਦਾ ਚਿੱਟਾ ਪੰਜਾਬ ਦੇ ਨੌਜਵਾਨ ਮੁੰਡੇ, ਕੁੜੀਆਂ ਅਤੇ ਕੁਝ ਨਾਬਾਲਗ ਮੁੰਡੇ ਵਰਤੋਂ ਕਰ ਕੇ ਆਪਣੀ ਜਵਾਨੀ ਦਾ ਘਾਣ ਹੀ ਨਹੀਂ ਕਰ ਰਹੇ ਸਗੋਂ ਮਾਪਿਆਂ ਦੀ ਮੰਦਹਾਲੀ, ਠੰਢੇ ਚੁੱਲ੍ਹੇ ਅਤੇ ਘਰਾਂ ਵਿਚ ਮਾਤਮ ਦੀ ਚਾਦਰ ਵਿਛਾਉਣ ਦਾ ਕਾਰਨ ਵੀ ਬਣਦੇ ਹਨ। ਇਨ੍ਹਾਂ ਨਸ਼ੇੜੀਆਂ ਕਾਰਨ ਸਮਾਜ ਬਿਮਾਰ ਹੈ ਜਿਸ ਕਾਰਨ ਉਸ ਦੀ ਹੋਂਦ ’ਤੇ ਖ਼ਤਰੇ ਦੇ ਬੱਦਲ ਮੰਡਰਾ ਰਹੇ ਹਨ।
ਸ਼ਰਾਬੀਆਂ ਲਈ ਤਾਂ ਸਰਕਾਰ ਨੇ ਆਰਾਮ ਨਾਲ ਬੈਠ ਕੇ ਪੀਣ ਲਈ ਅਹਾਤੇ ਦਾ ਪ੍ਰਬੰਧ ਕੀਤਾ ਹੋਇਆ ਹੈ। ਪਰ ਚਿੱਟੇ ਦੀ ਵਰਤੋਂ ਕਰਨ ਵਾਲੇ ਆਪਣਾ ਝੱਸ ਪੂਰਾ ਕਰਨ ਲਈ ਉਜਾੜ ਥਾਵਾਂ ’ਤੇ ਆਪਣਾ ਅਹਾਤਾ ਆਪ ਬਣਾਉਂਦੇ ਹਨ। ਕੁਝ ਸਮਾਂ ਪਹਿਲਾਂ ਚਿੱਟਾ ਵੇਚਣ ਵਾਲੇ ਤਸਕਰ ਨਸ਼ੇੜੀਆਂ ਨੂੰ ਚਿੱਟਾ ਦੇ ਕੇ ਉਨ੍ਹਾਂ ਨੂੰ ਕਮਰੇ ਅੰਦਰ ਹੀ ਬੁਲਾ ਲੈਂਦੇ ਸਨ। ਚਿੱਟੇ ਦੀ ਵਰਤੋਂ ਕਰਨ ਲਈ ਪੰਨੀ (ਫਿਊਲ ਪੇਪਰ) ਜਾਂ ਸਰਿੰਜ ਵੀ ਨਾਲ ਹੀ ਦੇ ਦਿੰਦੇ ਸਨ। ਤਸਕਰਾਂ ਕੋਲ ਕਈ ਨਸ਼ੇੜੀ ਅੰਦਰ ਬੈਠੇ ਚਿੱਟੇ ਦੇ ਸੂਟੇ ਲਾਉਂਦੇ ਸਨ ਜਾਂ ਫਿਰ ਚਿੱਟੇ ਦੇ ਟੀਕੇ ਲਾ ਕੇ ਝੂਮਦੇ ਹੋਏ ਬਾਹਰ ਨਿਕਲਦੇ ਸਨ। ਉਨ੍ਹਾਂ ਦੀਆਂ ਅੱਖਾਂ ਗਹਿਰੀਆਂ, ਡਿਗੂੰ-ਡਿਗੂੰ ਕਰਦਾ ਸਰੀਰ ਅਤੇ ਜੇਬਾਂ ਖ਼ਾਲੀ ਕਰਕੇ ਉਹ ਉੱਥੋਂ ਖਿਸਕ ਜਾਂਦੇ ਸਨ ਅਤੇ ਬਾਹਰ ਖੜ੍ਹੇ ਹੋਰ ਨਸ਼ੇੜੀ ਬੇਸਬਰੀ ਨਾਲ ਆਪਣੀ ਉਡੀਕ ਕਰਦਿਆਂ ਕਮਰੇ ਵਿਚ ਚਲੇ ਜਾਂਦੇ ਸਨ ਪਰ ਪਹਿਲੀ ਮਾਰਚ 2025 ਤੋਂ ਪੰਜਾਬ ਸਰਕਾਰ ਵੱਲੋਂ ‘ਯੁੱਧ ਨਸ਼ਿਆਂ ਵਿਰੁੱਧ’ ਸ਼ੁਰੂ ਹੋਣ ਕਾਰਨ ਨਸ਼ੇੜੀਆਂ ਦੇ ਇਹ ਅਹਾਤੇ ਬੰਦ ਹੋ ਗਏ ਹਨ।
ਤਸਕਰਾਂ ਨੇ ਵੀ ਜਿੱਥੇ ਆਪਣੇ ਅੱਡੇ ਬਦਲ ਲਏ ਹਨ, ਉੱਥੇ ਹੀ ਚਿੱਟੇ ਦੇ ਰੇਟਾਂ ਵਿਚ ਵੀ ਵਾਧਾ ਕਰ ਦਿੱਤਾ ਹੈ। ਨਸ਼ੇੜੀਆਂ ਨੂੰ ਤਸਕਰਾਂ ਦੇ ਬਦਲੇ ਹੋਏ ਟਿਕਾਣਿਆਂ ਦੀ ਮੋਬਾਈਲ ਰਾਹੀਂ ਸੂਹ ਮਿਲ ਜਾਂਦੀ ਹੈ। ਲੋਕਾਂ ਦੀ ਫਿੱਟ ਲਾਹਨਤ ਅਤੇ ਪੁਲਿਸ ਦੇ ਡਰੋਂ ਹੁਣ ਨਸ਼ੇੜੀਆਂ ਨੇ ਆਪਣੇ ਅਹਾਤੇ ਸੁੰਨਸਾਨ ਅਤੇ ਉਜਾੜ ਥਾਵਾਂ ’ਤੇ ਬਣਾ ਲਏ ਹਨ। ਪਿਛਲੇ ਦਿਨੀਂ ਪੁਲਿਸ ਨੇ ਕੁਝ ਨਸ਼ੇੜੀਆਂ ਨੂੰ ਕਾਬੂ ਕੀਤਾ ਸੀ ਜਿਹੜੇ ਨਹਿਰ ਦੇ ਕਿਨਾਰੇ ਝਾੜੀਆਂ ਵਿਚ ਗੁਫਾ ਬਣਾ ਕੇ ਚਿੱਟੇ ਦੇ ਟੀਕ ਲਾ ਰਹੇ ਸਨ। ਪੁਲਿਸ ਹੁਣ ਇਨ੍ਹਾਂ ਦੇ ਨਹਿਰ ਕਿਨਾਰੇ ਬਣਾਏ ਅਜਿਹੇ ਅਹਾਤਿਆਂ ਦੀ ਤਲਾਸ਼ ਵਿਚ ਹੈ।
ਪਿੰਡਾਂ ਅਤੇ ਸ਼ਹਿਰਾਂ ਦੀਆਂ ਸ਼ਮਸ਼ਾਨਭੂਮੀਆਂ ਨੂੰ ਵੀ ਨਸ਼ੇੜੀ ਆਪਣੇ ਅਹਾਤੇ ਵਜੋਂ ਵਰਤ ਰਹੇ ਹਨ। ਇੱਥੇ ਲੋਕ ਸਸਕਾਰ ਸਮੇਂ ਆਉਂਦੇ ਹਨ। ਉਦੋਂ ਇਹ ਨਸ਼ੇੜੀ ਇੱਧਰ-ਓਧਰ ਹੋ ਜਾਂਦੇ ਹਨ। ਅਕਸਰ ਮ੍ਰਿਤਕ ਸਰੀਰ ਦੇ ਫੁੱਲ ਚੁਗਣ ਉਪਰੰਤ ਨਾਲ ਆਏ ਸਕੇ-ਸਬੰਧੀ ਸ਼ਰਧਾ ਵਜੋਂ ਚੁਗੇ ਹੋਏ ਫੁੱਲਾਂ ਵਾਲੀ ਥੈਲੀ ਵਿਚ ਕੁਝ ਪੈਸੇ ਵੀ ਪਾ ਦਿੰਦੇ ਹਨ। ਕਿਸੇ ਧਾਰਮਿਕ ਅਸਥਾਨ ’ਤੇ ਫੁੱਲ ਪਾਉਣ ਲਈ ਉਹ ਸਮਾਂ ਨਿਸ਼ਚਿਤ ਕਰ ਕੇ ਫੁੱਲ ਸ਼ਮਸ਼ਾਨਭੂਮੀ ਵਿਚ ਹੀ ਸੰਭਾਲ ਜਾਂਦੇ ਨੇ। ਨਸ਼ੇੜੀਆਂ ਨੂੰ ਇਹ ਪਤਾ ਲੱਗਣ ’ਤੇ ਕਿ ਮ੍ਰਿਤਕ ਵਿਅਕਤੀ ਦੇ ਫੁੱਲਾਂ ਵਿਚ ਪੈਸੇ ਪਾਏ ਹੋਏ ਹਨ, ਉਨ੍ਹਾਂ ਨੇ ਸ਼ਮਸ਼ਾਨਭੂਮੀ ’ਚੋਂ ਫੁੱਲ ਵੀ ਚੋਰੀ ਕਰਨੇ ਸ਼ੁਰੂ ਕਰ ਦਿੱਤੇ ਹਨ। ਫੁੱਲਾਂ ਵਿੱਚੋਂ ਪੈਸੇ ਕੱਢਣ ਉਪਰੰਤ ਉਹ ਫੁੱਲ ਇੱਧਰ-ਉੱਧਰ ਸੁੱਟ ਦਿੰਦੇ ਹਨ। ਨਿਸ਼ਚਿਤ ਸਮੇਂ ’ਤੇ ਜਦੋਂ ਮ੍ਰਿਤਕ ਦਾ ਪਰਿਵਾਰ ਫੁੱਲ ਲੈ ਕੇ ਜਾਣ ਲਈ ਸ਼ਮਸ਼ਾਨਘਾਟ ਪਹੁੰਚਦਾ ਹੈ ਤਾਂ ਫੁੱਲਾਂ ਦੇ ਗੁੰਮ ਜਾਣ ’ਤੇ ਉਹ ਬਹੁਤ ਪਰੇਸ਼ਾਨ ਹੁੰਦੇ ਹਨ।
ਇਨ੍ਹਾਂ ਨਸ਼ੇੜੀਆਂ ਤੋਂ ਅੱਕ ਕੇ ਲੋਕਾਂ ਨੇ ਮ੍ਰਿਤਕ ਵਿਅਕਤੀਆਂ ਦੇ ਫੁੱਲ ਧਾਰਮਿਕ ਅਸਥਾਨਾਂ ’ਤੇ ਸੰਭਾਲ ਕੇ ਰੱਖਣੇ ਸ਼ੁਰੂ ਕਰ ਦਿੱਤੇ ਹਨ ਕਿਉਂਕਿ ਸ਼ਮਸ਼ਾਨਘਾਟਾਂ ਵਿਚ ਨਸ਼ਈਆਂ ਦੇ ਅਹਾਤਿਆਂ ਕਾਰਨ ਮ੍ਰਿਤਕ ਵਿਅਕਤੀਆਂ ਦੇ ਫੁੱਲ ਵੀ ਸੁਰੱਖਿਅਤ ਨਹੀਂ ਹਨ। ਕਈ ਨਸ਼ੇੜੀ ਓਵਰਡੋਜ਼ ਕਾਰਨ ਉੱਥੇ ਹੀ ਲੁੜਕ ਜਾਂਦੇ ਹਨ। ਕਈ ਵਾਰ ਬੇਹੋਸ਼ੀ ਦੀ ਹਾਲਤ ਵਿਚ ਅਤੇ ਕਈ ਵਾਰ ਮ੍ਰਿਤਕ ਸਥਿਤੀ ਵਿਚ ਉਹ ਸ਼ਮਸ਼ਾਨ ਭੂਮੀਆਂ ਵਿੱਚੋਂ ਲੱਭਦੇ ਹਨ। ਚਾਰ-ਪੰਜ ਨਸ਼ੇੜੀ ਜਦੋਂ ਸ਼ਮਸ਼ਾਨਘਾਟ ਵਿਚ ਚਿੱਟੇ ਦਾ ਟੀਕਾ ਲਾਉਂਦੇ ਹਨ ਤਾਂ ਕਈ ਵਾਰ ਉਨ੍ਹਾਂ ਵਿੱਚੋਂ ਹੀ ਇਕ ਓਵਰਡੋਜ਼ ਕਾਰਨ ਬੇਹੋਸ਼ ਹੋ ਜਾਂਦਾ ਹੈ। ਦੂਜੇ ਨਸ਼ੇੜੀ ਉਸ ਨੂੰ ਅਜਿਹੀ ਸਥਿਤੀ ਵਿਚ ਛੱਡਕੇ ਪੱਤਰਾ ਵਾਚ ਜਾਂਦੇ ਹਨ। ਨਸ਼ੇੜੀਆਂ ਲਈ ਦੋਸਤੀ ਜਾਂ ਰਿਸ਼ਤੇ ਦੀ ਮਹੱਤਤਾ ਦੀ ਕੋਈ ਅਹਿਮੀਅਤ ਨਹੀਂ ਹੁੰਦੀ। ਨਸ਼ਿਆਂ ਕਾਰਨ ਪਈਆਂ ਯਾਰੀਆਂ ਨਸ਼ੇ ਦੀ ਵੰਡ-ਵੰਡਾਈ ਵੇਲੇ ਦੁਸ਼ਮਣੀ ਵਿਚ ਬਦਲ ਜਾਂਦੀਆਂ ਨੇ ਅਤੇ ਕਈ ਵਾਰ ਨਸ਼ੇੜੀ ਹੀ ਆਪਣੇ ਸਾਥੀ ਨੂੰ ਮੌਤ ਦੇ ਘਾਟ ਉਤਾਰ ਦਿੰਦਾ ਹੈ। ਕਈ ਅਜਿਹੇ ਕੇਸ ਵੀ ਸਾਹਮਣੇ ਆਏ ਹਨ ਜਿੱਥੇ ਨਸ਼ੇੜੀ ਓਵਰਡੋਜ਼ ਨਾਲ ਮਰੇ ਆਪਣੇ ਸਾਥੀ ਨੂੰ ਉਸ ਦੇ ਘਰ ਮੂਹਰੇ ਸੁੱਟ ਕੇ ਭੱਜ ਜਾਂਦੇ ਹਨ।
ਸ਼ਾਮ ਵੇਲੇ ਕਿਸਾਨਾਂ ਦੇ ਖੇਤਾਂ ਵਾਲੀਆਂ ਮੋਟਰਾਂ ਵੀ ਇਨ੍ਹਾਂ ਦੇ ਅਹਾਤੇ ਬਣਦੀਆਂ ਹਨ। ਅਜਿਹੀਆਂ ਥਾਵਾਂ ’ਤੇ ਇਹ ਦੂਹਰਾ ਲਾਹਾ ਲੈਂਦੇ ਹਨ। ਚਿੱਟੇ ਦੇ ਸੂਟੇ ਲਾਉਣ ਜਾਂ ਟੀਕੇ ਲਾਉਣ ਦੇ ਨਾਲ-ਨਾਲ ਉਹ ਮੋਟਰਾਂ ਦੀ ਕੇਬਲ ਚੋਰੀ ਕਰਨ, ਟਰਾਂਸਫਾਰਮਰਾਂ ਦਾ ਤੇਲ ਕੱਢਣ, ਮੋਟਰਾਂ ਦੇ ਜਿੰਦਰੇ ਤੋੜ ਕੇ ਅੰਦਰ ਪਿਆ ਸਾਮਾਨ ਚੋਰੀ ਕਰਨ ਉਪਰੰਤ ਅਗਾਂਹ ਵੇਚ ਕੇ ਆਪਣਾ ਝੱਸ ਪੂਰਾ ਕਰਦੇ ਹਨ। ਜੇਕਰ ਖੇਤ ਦਾ ਮਾਲਕ ਮੌਕੇ ’ਤੇ ਪਹੁੰਚ ਜਾਂਦਾ ਹੈ ਤਾਂ ਉਸ ’ਤੇ ਜਾਨਲੇਵਾ ਹਮਲਾ ਵੀ ਕਰ ਦਿੰਦੇ ਹਨ। ਇਸ ਕਰਕੇ ਹੀ ਜ਼ਿਮੀਂਦਾਰ ਦੁਹਾਈਆਂ ਪਾ ਰਹੇ ਹਨ ਕਿ ਨਸ਼ੇੜੀਆਂ ਕਾਰਨ ਸਾਡੇ ਖੇਤ ਵੀ ਸੁਰੱਖਿਅਤ ਨਹੀਂ। ਮੋਟਰਾਂ ਦਾ ਸਾਮਾਨ ਚੋਰੀ ਕਰਨ ਕਾਰਨ ਉਹ ਸਿੰਚਾਈ ਕਰਨ ਤੋਂ ਪੱਛੜ ਜਾਂਦੇ ਹਨ।
ਇਸ ਤੋਂ ਬਿਨਾਂ ਪਰਵਾਸ ਕਾਰਨ ਸੁੰਨੀਆਂ ਪਈਆਂ ਹਵੇਲੀਆਂ ਨੂੰ ਵੀ ਨਸ਼ੇੜੀਆਂ ਨੇ ਆਪਣਾ ਅਹਾਤਾ ਬਣਾ ਲਿਆ ਹੈ। ਨਸ਼ਾ ਕਰਨ ਤੋਂ ਬਾਅਦ ਹਵੇਲੀ ਵਿੱਚੋਂ ਜੋ ਕੁਝ ਹੱਥ ਲੱਗਦਾ ਹੈ, ਉਹ ਵੀ ਚੋਰੀ ਕਰ ਕੇ ਲੈ ਜਾਂਦੇ ਹਨ। ਕਈ ਥਾਵਾਂ ’ਤੇ ਤਾਂ ਨਸ਼ੇੜੀਆਂ ਨੇ ਹਵੇਲੀਆਂ ਦੇ ਦਰਵਾਜ਼ੇ ਤੱਕ ਨਹੀਂ ਛੱਡੇ।
ਕਈ ਸੁੰਨੇ ਕੁਆਰਟਰਾਂ ਵਿੱਚੋਂ ਉਨ੍ਹਾਂ ਦੀਆਂ ਬਦਬੂ ਮਾਰਦੀਆਂ ਲਾਸ਼ਾਂ ਮਿਲੀਆਂ ਹਨ। ਕੋਲ ਪਈਆਂ ਸਰਿੰਜਾਂ ਜਾਂ ਬਾਂਹ ਵਿਚ ਹੀ ਲੱਗੀ ਰਹਿ ਗਈ ਸਰਿੰਜ ਤੋਂ ਪਤਾ ਲੱਗਦਾ ਹੈ ਕਿ ਚਿੱਟੇ ਨੇ ਨਸ਼ੇੜੀ ਦੀ ਜਾਨ ਲੈ ਲਈ। ਕਈ ਧਾਰਮਿਕ ਅਸਥਾਨਾਂ ’ਤੇ ਬਣੇ ਬਾਥਰੂਮਾਂ ਵਿੱਚੋਂ ਵੀ ਨਸ਼ੇੜੀਆਂ ਨੂੰ ਟੀਕੇ ਲਾਉਂਦੇ ਫੜਿਆ ਗਿਆ ਹੈ। ਜਨਤਕ ਥਾਵਾਂ ’ਤੇ ਬਣੇ ਬਾਥਰੂਮਾਂ ਨੂੰ ਵੀ ਨਸ਼ੇੜੀ ਅਹਾਤੇ ਵਜੋਂ ਵਰਤ ਲੈਂਦੇ ਨੇ। ਕਾਲਜਾਂ ਦੀਆਂ ਕੰਟੀਨਾਂ ਵਿਚ ਕਈ ਕਾਲਜੀਏਟ ਮੁੰਡੇ ਆਮ ਹੀ ਨਸ਼ੇ ਦੇ ਟੀਕੇ ਲਾਉਂਦੇ ਵੇਖੇ ਗਏ ਹਨ। ਕਈ ਥਾਵਾਂ ’ਤੇ ਮੰਡੀਕਰਨ ਬੋਰਡ ਦੀਆਂ ਖ਼ਾਲੀ ਪਈਆਂ ਬਿਲਡਿੰਗਾਂ ਵੀ ਨਸ਼ੇੜੀਆਂ ਦੇ ਅੱਡੇ ਬਣ ਚੁੱਕੀਆਂ ਹਨ। ਸੁੰਨਸਾਨ ਪਏ ਭੱਠੇ, ਖ਼ਾਲੀ ਖੜ੍ਹੇ ਟਰੱਕ, ਖ਼ਾਲੀ ਪਏ ਸਟੇਡੀਅਮ, ਛੁੱਟੀ ਤੋਂ ਬਾਅਦ ਸਕੂਲਾਂ ਦੇ ਵਰਾਂਡੇ, ਪਾਰਕ, ਖ਼ਾਲੀ ਖੜ੍ਹੀਆਂ ਬੱਸਾਂ ਵਿਚ ਵੀ ਨਸ਼ੇੜੀ ਆਪਣਾ ਝੱਸ ਪੂਰਾ ਕਰ ਲੈਂਦੇ ਨੇ। ਚਿੱਟਾ ਪੀਣ ਵਾਲਿਆਂ ਦੇ ਅਜਿਹੇ ਅਹਾਤੇ ਸਮਾਜ ’ਤੇ ਇਕ ਧੱਬਾ ਹਨ। ਇਸ ਮਹਾਮਾਰੀ ਤੋਂ ਬਚਣ ਲਈ ਦ੍ਰਿੜ੍ਹ ਇੱਛਾ ਸ਼ਕਤੀ, ਉਸਾਰੂ ਪ੍ਰਸ਼ਾਸਨਿਕ ਸਰਗਰਮੀ, ਸਮਾਜਿਕ ਮਾਹੌਲ ਅਤੇ ਲੋਕਾਂ ਦੀ ਸਰਗਰਮ ਭੂਮਿਕਾ ਹੋਣੀ ਅਤਿਅੰਤ ਜ਼ਰੂਰੀ ਹੈ। ਜੇ ਇਕ ਸੂਝਵਾਨ ਵਿਅਕਤੀ ਇਕ ਨਸ਼ੇੜੀ ਨੂੰ ਸਾਂਭ ਲਵੇ ਤਾਂ ਨਸ਼ਿਆਂ ਦੀ ਮਾਰੂ ਹਨੇਰੀ ਨੂੰ ਠੱਲ੍ਹ ਪਾਈ ਜਾ ਸਕਦੀ ਹੈ।
-ਮੋਹਨ ਸ਼ਰਮਾ
-ਸੰਪਰਕ : 94171-48866