ਜੇਕਰ ਕਿਤੇ ਦਾਖ਼ਲ ਹੋਣ ਦੀ ਨੌਬਤ ਆ ਜਾਵੇ ਤਾਂ ਕੋਈ ਗਹਿਣਾ ਗਿਰਵੀ ਰੱਖਣਾ ਪੈ ਜਾਂਦਾ ਹੈ। ਦਵਾਈ ਤੋਂ ਇਲਾਵਾ ਨਾਰੀਅਲ ਪਾਣੀ ਅਤੇ ਮੌਸਮੀ ਤੇ ਹੋਰ ਤਰਲ ਪਦਾਰਥ ਲੈਣ ਦੀ ਸਲਾਹ ਦਿੱਤੀ ਜਾਂਦੀ ਹੈ ਪਰ ਜਦੋਂ ਮਰੀਜ਼ ਇਹ ਖ਼ਰੀਦਣ ਲਈ ਬਾਜ਼ਾਰ ਵਿਚ ਜਾਂਦਾ ਹੈ ਤਾਂ ਜੇਬ ਖ਼ਾਲੀ ਹੁੰਦੀ ਹੈ। ਬਿਮਾਰੀ ਵਿਚ ਚਾਹੇ ਬੁਖਾਰ ਤਾਂ ਇਕ-ਦੋ ਦਿਨ ਹੀ ਚੜ੍ਹਦਾ ਹੈ ਪਰ ਮੂੰਹ ਦਾ ਸੁਆਦ, ਕਮਜ਼ੋਰੀ, ਚਮੜੀ ਦੀ ਖਾਰਸ਼ ਅਤੇ ਜੋੜਾਂ ਦਾ ਦਰਦ ਕਈ ਮਹੀਨੇ ਤੱਕ ਵੀ ਠੀਕ ਨਹੀਂ ਹੁੰਦਾ।

ਕੁਝ ਬਿਮਾਰੀਆਂ ਮੌਸਮੀ ਹੁੰਦੀਆਂ ਹਨ ਜੋ ਹਰ ਸਾਲ ਫੈਲਦੀਆਂ ਹਨ। ਕਦੇ ਘੱਟ ਅਤੇ ਕਦੇ ਬਹੁਤ ਵੱਡੀ ਗਿਣਤੀ ਵਿਚ ਲੋਕਾਂ ਨੂੰ ਪ੍ਰਭਾਵਿਤ ਕਰਦੀਆਂ ਹਨ। ਇਸ ਵਾਰ ਮੀਂਹ ਜ਼ਿਆਦਾ ਪੈਣ ਕਾਰਨ ਤੇ ਸ਼ਹਿਰਾਂ ਵਿਚ ਪਾਣੀ ਦਾ ਸਹੀ ਨਿਕਾਸ ਨਾ ਹੋਣ ਅਤੇ ਗੰਦਗੀ ਕਾਰਨ ਲੋਕਾਂ ਨੂੰ ਬਹੁਤ ਸਾਰੀਆਂ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੱਜ-ਕੱਲ੍ਹ ਸ਼ਹਿਰਾਂ ਅਤੇ ਪਿੰਡਾਂ ਵਿਚ ਵਾਇਰਲ ਬੁਖਾਰ ਚਿਕਨਗੁਨੀਆ ਨੇ ਕਹਿਰ ਢਾਹ ਰੱਖਿਆ ਹੈ।
ਬੁਖਾਰ, ਸਿਰਦਰਦ, ਜੀਅ ਕੱਚਾ, ਉਲਟੀਆਂ, ਜੋੜਾਂ ਵਿਚ ਦਰਦ, ਚਮੜੀ ’ਤੇ ਖਾਰਸ਼, ਧੱਫੜ ਬੁਖਾਰ ਦੀਆਂ ਮੁੱਖ ਨਿਸ਼ਾਨੀਆਂ ਹਨ। ਭਾਵੇਂ ਇਹ ਬੁਖਾਰ ਇਕ ਵਿਸ਼ੇਸ਼ ਪ੍ਰਜਾਤੀ ਦੇ ਮੱਛਰ “ਏਡੀਜ਼ ਏਜਿਪਟੀ” ਦੀ ਛੂਤ ਕਾਰਨ ਹੋ ਰਿਹਾ ਹੈ ਪਰ ਇਸ ਬੁਖਾਰ ਨੇ ਲੋਕਾਂ ਦੀ ਜ਼ਿੰਦਗੀ ਨੂੰ ਜਾਮ ਕਰ ਕੇ ਰੱਖ ਦਿੱਤਾ ਹੈ। ਇਸ ਬੁਖਾਰ ਕਾਰਨ ਪੈਦਾ ਹੋਏ ਲੱਛਣ ਕਈ ਮਹੀਨੇ ਬੀਤਣ ’ਤੇ ਵੀ ਮਰੀਜ਼ ਦਾ ਖਹਿੜਾ ਨਹੀਂ ਛੱਡਦੇ।
ਜਦੋਂ ਕਿਸੇ ਘਰ ਵਿਚ ਇਕ ਤੋਂ ਬਾਅਦ ਦੂਸਰੇ ਨੂੰ ਬੁਖਾਰ ਚੜ੍ਹਦਾ ਹੈ ਤੇ ਜਦੋਂ ਸਾਰਾ ਟੱਬਰ ਬਿਮਾਰ ਹੋ ਜਾਂਦਾ ਹੈ ਤੇ ਰੋਟੀ ਪਕਾਉਣ ਵਾਲਾ ਵੀ ਕੋਈ ਨਹੀਂ ਰਹਿੰਦਾ ਤਾਂ ਹਰੇਕ ਨੂੰ ਇਹੋ ਲੱਗਦੈ ਜਿਵੇਂ ਇਹ ਬੁਖਾਰ ਨਹੀਂ ਸਗੋਂ ਰੱਬੀ ਕਰੋਪੀ ਹੈ। ਕਈ ਲੋਕਾਂ ਨੂੰ ਤਾਂ ਬੁਖਾਰ ਨੇ ਐਨਾ ਦੁਖੀ ਕਰ ਦਿੱਤਾ ਹੈ ਕਿ ਉਹ ਆਪਣੀ ਕਿਰਿਆ ਸੋਧਣ ਤੋਂ ਵੀ ਅਸਮਰੱਥ ਹਨ। ਕੁਝ ਲੋਕ ਡਾਕਟਰਾਂ ਕੋਲ ਜਾ ਕੇ ਮਹਿੰਗੇ-ਮਹਿੰਗੇ ਟੈਸਟ ਕਰਵਾ ਕੇ ਜਲਦੀ ਠੀਕ ਹੋਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਕਈ ਪੈਸੇ ਦੀ ਘਾਟ ਕਾਰਨ ਦੇਸੀ ਨੁਸਖ਼ੇ ਅਪਣਾ ਰਹੇ ਹਨ।
ਕੁਝ ਲੋਕ ਅੰਧਵਿਸ਼ਵਾਸ ਦਾ ਸ਼ਿਕਾਰ ਹੋਏ ਥਾਂ-ਥਾਂ ਮੱਥਾ ਟੇਕ ਰਹੇ ਹਨ। ਕੁਝ ਨੇ ਆਪਣੀਆਂ ਡੋਰੀਆਂ ਰੱਬ ’ਤੇ ਛੱਡ ਦਿੱਤੀਆਂ ਹਨ। ਇਕ ਪਾਸੇ ਲੋਕ ਬੁਖਾਰ ਤੋਂ ਦੁਖੀ ਹਨ ਤੇ ਦੂਜੇ ਪਾਸੇ ਡਾਕਟਰਾਂ, ਲੈਬੋਰੇਟਰੀ ਵਾਲਿਆਂ, ਵੈਦਾਂ, ਨੀਮ-ਹਕੀਮਾਂ, ਪੁੱਛਾਂ ਦੇਣ ਵਾਲਿਆਂ, ਸਭ ਦੀ ਚਾਂਦੀ ਬਣੀ ਹੋਈ ਹੈ ਜੋ ਬਿਮਾਰ ਲੋਕਾਂ ’ਤੇ ਤਰਸ ਖਾਣ ਦੀ ਬਜਾਏ ਉਨ੍ਹਾਂ ਦੀ ਵੱਡੀ ਲੁੱਟ ਕਰ ਰਹੇ ਹਨ। ਇਨ੍ਹਾਂ ਕੋਲ ਬਿਮਾਰਾਂ ਦੀ ਭੀੜ ਲੱਗੀ ਪਈ ਹੈ। ਜਦੋਂ ਮਰੀਜ਼ ਡਾਕਟਰ ਕੋਲ ਜਾਂਦਾ ਹੈ ਤਾਂ ਉਸ ਦੇ ਮਹਿੰਗੇ ਟੈਸਟ ਕਰਵਾਏ ਜਾਂਦੇ ਹਨ। ਟੈਸਟਾਂ ਵਿਚ ਭਾਵੇਂ ਕੁਝ ਆਉਂਦਾ ਹੈ ਜਾਂ ਨਹੀਂ ਪਰ ਮਰੀਜ਼ ਟੈਸਟਾਂ ਦਾ ਖ਼ਰਚਾ, ਡਾਕਟਰ ਦੀ ਫੀਸ ਦੇਣ ਤੋਂ ਬਾਅਦ ਦਵਾਈ ਦਾ ਲਿਫ਼ਾਫ਼ਾ ਭਰ ਕੇ ਅਤੇ ਆਪਣੀ ਜੇਬ ਖ਼ਾਲੀ ਕਰ ਕੇ ਘਰੇ ਪਰਤਦਾ ਹੈ।
ਜੇਕਰ ਕਿਤੇ ਦਾਖ਼ਲ ਹੋਣ ਦੀ ਨੌਬਤ ਆ ਜਾਵੇ ਤਾਂ ਕੋਈ ਗਹਿਣਾ ਗਿਰਵੀ ਰੱਖਣਾ ਪੈ ਜਾਂਦਾ ਹੈ। ਦਵਾਈ ਤੋਂ ਇਲਾਵਾ ਨਾਰੀਅਲ ਪਾਣੀ ਅਤੇ ਮੌਸਮੀ ਤੇ ਹੋਰ ਤਰਲ ਪਦਾਰਥ ਲੈਣ ਦੀ ਸਲਾਹ ਦਿੱਤੀ ਜਾਂਦੀ ਹੈ ਪਰ ਜਦੋਂ ਮਰੀਜ਼ ਇਹ ਖ਼ਰੀਦਣ ਲਈ ਬਾਜ਼ਾਰ ਵਿਚ ਜਾਂਦਾ ਹੈ ਤਾਂ ਜੇਬ ਖ਼ਾਲੀ ਹੁੰਦੀ ਹੈ। ਬਿਮਾਰੀ ਵਿਚ ਚਾਹੇ ਬੁਖਾਰ ਤਾਂ ਇਕ-ਦੋ ਦਿਨ ਹੀ ਚੜ੍ਹਦਾ ਹੈ ਪਰ ਮੂੰਹ ਦਾ ਸੁਆਦ, ਕਮਜ਼ੋਰੀ, ਚਮੜੀ ਦੀ ਖਾਰਸ਼ ਅਤੇ ਜੋੜਾਂ ਦਾ ਦਰਦ ਕਈ ਮਹੀਨੇ ਤੱਕ ਵੀ ਠੀਕ ਨਹੀਂ ਹੁੰਦਾ।
ਵਾਰ-ਵਾਰ ਡਾਕਟਰ ਕੋਲ ਜਾਣਾ ਪੈਂਦਾ ਹੈ। ਡਾਕਟਰ ਦੁਆਰਾ ਦਰਦ ਨਿਵਾਰਕ ਗੋਲ਼ੀਆਂ ਅਤੇ ਗੰਭੀਰ ਮਰੀਜ਼ ਨੂੰ ਕੁਝ ਸਟਰਾਇਡ ਵੀ ਦਿੱਤਾ ਜਾਂਦਾ ਹੈ। ਜਦੋਂ ਤੱਕ ਮਰੀਜ਼ ਦਵਾਈ ਲੈਂਦਾ ਹੈ, ਉਹ ਬਾਗੋਬਾਗ ਰਹਿੰਦਾ ਹੈ। ਦਵਾਈ ਮੁੱਕਦਿਆਂ ਸਾਰ ਹੀ ਉਸ ਦਾ ਬੁਰਾ ਹਾਲ ਹੋ ਜਾਂਦਾ ਹੈ।
ਦਰਅਸਲ, ਮੱਛਰ ਦੀ ਛੂਤ ਮਨੁੱਖੀ ਸਰੀਰ ਦੇ ਸੈੱਲਾਂ ਦੀ ਬਹੁਤ ਬੁਰੀ ਤਰ੍ਹਾਂ ਭੰਨ-ਤੋੜ ਕਰ ਦਿੰਦੀ ਹੈ ਜਿਸ ਕਾਰਨ ਸਰੀਰ ਵਿਚ ਜੋ ਟੋਕਸਿਨਜ਼ ਪੈਦਾ ਹੁੰਦੇ ਹਨ, ਉਨ੍ਹਾਂ ਦਾ ਅਸਰ ਲੰਬੇ ਸਮੇਂ ਤੱਕ ਸਰੀਰ ਵਿਚ ਰਹਿੰਦਾ ਹੈ ਜਿਸ ਦਾ ਸੰਤਾਪ ਆਮ ਮਨੁੱਖ ਝੱਲ ਨਹੀਂ ਸਕਦਾ। ਸਵਾਲ ਇਹ ਹੈ ਕਿ ਆਖ਼ਰ ਬੁਖਾਰ ਦੇ ਝੰਬੇ ਲੋਕ ਜਿਨ੍ਹਾਂ ਦੀਆਂ ਜੇਬਾਂ ਖ਼ਾਲੀ ਹੋ ਚੁੱਕੀਆਂ ਹਨ, ਉਹ ਜਾਣ ਤਾਂ ਕਿੱਧਰ ਜਾਣ?
-ਕੇਵਲ ਸਿੰਘ ਮਾਨਸਾ
(ਸੇਵਾ ਮੁਕਤ ਸਹਾਇਕ ਮਲੇਰੀਆ ਅਫ਼ਸਰ, ਮਾਨਸਾ)।-ਮੋਬਾਈਲ : 70090-62742