ਇਹ ਗੱਲ ਉਨ੍ਹਾਂ ਦਿਨਾਂ ਦੀ ਹੈ ਜਦੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਡਾ. ਅਰਵਿੰਦ ਸਨ। ਮੇਰੇ ਕਿਸੇ ਸ਼ੁਭ ਚਿੰਤਕ ਨੇ ਉਨ੍ਹਾਂ ਕੋਲ ਮੇਰਾ ਜ਼ਿਕਰ ਕੀਤਾ ਤਾਂ ਵੀਸੀ ਸਾਹਿਬ ਕਹਿੰਦੇ ਕਿ ਉਸ ਦੀ ਕਿਤਾਬ ‘ਜੱਜ ਦਾ ਅਰਦਲੀ’ ਮੈਂ ਪੜ੍ਹੀ ਹੋਈ ਏ, ਕਿਸੇ ਵੇਲੇ ਮਿਲ ਜਾਣ ਤਾਂ ਚੰਗਾ ਲੱਗੇਗਾ। ਮੇਰੇ ਉਸ ਸ਼ੁਭ ਚਿੰਤਕ ਨੇ ਮੈਨੂੰ ਆਖਿਆ ਕਿ ਵੀਸੀ ਨੂੰ ਜ਼ਰੂਰ ਮਿਲਣਾ, ਬੜੇ ਪਿਆਰੇ ਇਨਸਾਨ ਨੇ, ਖੁੱਲ੍ਹੇ ਖੁਲਾਸੇ ਸ਼ੁੱਧ ਮਝੈਲ ਭਾਊ ਨੇ।

-ਨਿੰਦਰ ਘੁਗਿਆਣਵੀ
ਇਹ ਗੱਲ ਉਨ੍ਹਾਂ ਦਿਨਾਂ ਦੀ ਹੈ ਜਦੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਡਾ. ਅਰਵਿੰਦ ਸਨ। ਮੇਰੇ ਕਿਸੇ ਸ਼ੁਭ ਚਿੰਤਕ ਨੇ ਉਨ੍ਹਾਂ ਕੋਲ ਮੇਰਾ ਜ਼ਿਕਰ ਕੀਤਾ ਤਾਂ ਵੀਸੀ ਸਾਹਿਬ ਕਹਿੰਦੇ ਕਿ ਉਸ ਦੀ ਕਿਤਾਬ ‘ਜੱਜ ਦਾ ਅਰਦਲੀ’ ਮੈਂ ਪੜ੍ਹੀ ਹੋਈ ਏ, ਕਿਸੇ ਵੇਲੇ ਮਿਲ ਜਾਣ ਤਾਂ ਚੰਗਾ ਲੱਗੇਗਾ। ਮੇਰੇ ਉਸ ਸ਼ੁਭ ਚਿੰਤਕ ਨੇ ਮੈਨੂੰ ਆਖਿਆ ਕਿ ਵੀਸੀ ਨੂੰ ਜ਼ਰੂਰ ਮਿਲਣਾ, ਬੜੇ ਪਿਆਰੇ ਇਨਸਾਨ ਨੇ, ਖੁੱਲ੍ਹੇ ਖੁਲਾਸੇ ਸ਼ੁੱਧ ਮਝੈਲ ਭਾਊ ਨੇ। ਸ਼ੁਭ ਚਿੰਤਕ ਨੇ ਉਨ੍ਹਾਂ ਨਾਲ ਮਿਲਣ ਦਾ ਦਿਨ ਤੇ ਸਮਾਂ ਮੁਕੱਰਰ ਕਰਵਾ ਦਿੱਤਾ। ਮੈਂ ਮਿਲਣ ਜਾ ਪੁੱਜਾ। ਬੜੇ ਮੋਹ ਨਾਲ ਮਿਲੇ ਡਾ. ਅਰਵਿੰਦ ਜੀ। ਦਫ਼ਤਰੀ ਕੁਰਸੀ ਛੱਡ ਕੇ ਮਹਿਮਾਨਾਂ ਵਾਲੇ ਸੋਫੇ ਉੱਤੇ ਬਿਠਾਇਆ। ਸ਼ੁਭਚਿੰਤਕ ਦੇ ਕਹਿਣ ’ਤੇ ਮੈਂ ਆਪਣੀਆਂ ਦੋ-ਤਿੰਨ ਕਿਤਾਬਾਂ ਤੇ ਜੀਵਨ ਵੇਰਵਾ ਵੀ ਨਾਲ ਲੈ ਗਿਆ ਸਾਂ। ਉਹ ਕਿਤਾਬਾਂ ਪ੍ਰਾਪਤ ਕਰ ਕੇ ਖ਼ੁਸ਼ ਹੋਏ। ਇਹ ਦੇਖ ਕੇ ਮੈਨੂੰ ਠੰਢੇ ਮੌਸਮ ਵਿਚ ਤੱਤੀ ਚਾਹ ਵੀ ਬਹੁਤ ਸੁਆਦ ਲੱਗੀ।
ਬੈਠੇ-ਬੈਠੇ ਈ ਉੱਥੇ ਦਲਜੀਤ ਅਮੀ ਵੀ ਆ ਗਿਆ ਜੋ ਉਦੋਂ ਕੁ ਜਿਹੇ ਹੀ ਯੂਨੀਵਰਸਿਟੀ ਵਿਚ ਡਾਇਰੈਕਟਰ ਮੀਡੀਆ ਨਿਯੁਕਤ ਹੋਇਆ ਸੀ। ਸਾਡੀ ਜਾਣ-ਪਛਾਣ ਪਹਿਲਾਂ ਤੋਂ ਹੀ ਸੀ। ਰਸਮੀ ਦੁਆ-ਸਲਾਮ ਹੋਈ। ਓਥੇ ਹੀ ਕੰਮ ਕਰਦਾ ਤੇ ਕੰਪਿਊਟਰ ਦਾ ਖੋਜੀ ਵਿਦਵਾਨ ਡਾ. ਗੁਰਪ੍ਰੀਤ ਸਿੰਘ ਲੇਹਲ ਵੀ ਆ ਗਿਆ। ਭੋਰਾ ਕੁ ਉਹ ਵੀ ਜਾਣਦਾ ਸੀ। ਵਾਈਸ ਚਾਂਸਲਰ ਸਾਹਿਬ ਬੋਲੇ ਕਿ ਇਹ ਨਿੰਦਰ ਜੀ ਨੇ। ਇਨ੍ਹਾਂ ਨੂੰ ਜਾਣਦੇ ਹੀ ਹੋ ਨਾ..? ਬੜਾ ਯੂਨੀਕ ਵਰਕ ਏ ਇਨ੍ਹਾਂ ਦਾ, ਆਪਣੀ ਯੂਨੀਵਰਸਿਟੀ ਨਾਲ ਜੋੜੀਏ ਇਨ੍ਹਾਂ ਨੂੰ। ਇਹ ਆਖ ਕੇ ਆਪਣੀ ਛੋਟੀ ਜਿਹੀ ਕਾਲੀ ਨੋਟ-ਬੁੱਕ ਖੋਲ੍ਹ ਕੇ ਵਾਈਸ ਚਾਂਸਲਰ ਅੱਗੇ ਆਖਦੇ ਹਨ, ‘‘ਨਿੰਦਰ ਜੀ, ਸਾਡੀ ਯੂਨੀਵਰਸਿਟੀ ’ਚ ਤੁਹਾਡੇ ਕਿਹੜੇ-ਕਿਹੜੇ ਪ੍ਰੋਫੈਸਰ ਜਾਣੂ ਨੇ, ਨਾਂ ਲਿਖਵਾਓ ਜ਼ਰਾ?’’
ਮੈਂ ਆਖਿਆ ਕਿ ਸਰ, ਡਾ. ਜਸਵਿੰਦਰ ਸਿੰਘ ਜੀ ਤੇ ਮੈਡਮ ਧਨਵੰਤ ਜੀ। ਡਾ. ਅਰਵਿੰਦ ਨੇ ਕਿਹਾ, ‘‘ਉਹ ਰਿਟਾਇਰ ਹੋ ਚੁੱਕੇ ਨੇ।’’ ‘‘ਮੌਜੂਦਾ ਦੇ ਨਾਂ ਲਿਖਵਾਓ, ਯਾਰ ਤੁਹੀਂ ਤੇ ਹਾਲੇ ਯੰਗ ਓ, ਰਿਟਾਇਰਡ ਲੋਕਾਂ ਦੇ ਕਿਉਂ ਲਿਖਵਾ ਰਹੇ ਜੇ।’’ ਲਾਗੇ ਬੈਠਾ ਅਮੀ ਹੱਸਿਆ। ਉਹ ਕਹਿਣ ਲੱਗਾ ਕਿ ਸਰ, ਦੇਖ ਲਓ, ਮੈਂ ਵੀ ਇਨ੍ਹਾਂ ਨੂੰ ਜਾਣਦਾ ਆਂ ਪਰ ਮੇਰਾ ਨਾਂ ਲਿਖਵਾਉਣਾ ਛੱਡ ਗਏ ਨੇ।’’
ਹਾਸਾ ਛਣਕਿਆ। ਇਕ-ਇਕ ਕਰ ਕੇ ਮੈਂ ਮੌਜੂਦਾ ਵਿਦਵਾਨ ਪ੍ਰੋਫੈਸਰਾਂ ਦੇ ਨਾਂ ਲਿਖਵਾਉਣ ਲੱਗਿਆ। ਇਨ੍ਹਾਂ ਵਿੱਚੋਂ ਕੁਝ ਕੁ ਖ਼ਾਸ ਨਾਲ ਮੇਰੇ ਨੇੜਲੇ ਘਰੇਲੂ ਸਬੰਧ ਵੀ ਸਨ। ਖ਼ੈਰ! ਉਨ੍ਹਾਂ ਕਿਹਾ, ‘‘ਚਲੋ ਠੀਕ ਐ, ਮੈਂ ਇਨ੍ਹਾਂ ਪ੍ਰੋਫੈਸਰਾਂ ਦੀ ਸ਼ਾਇਦ ਇਕ ਕਮੇਟੀ ਬਣਾਵਾਂ, ਬੁਲਾ ਕੇ ਇਨ੍ਹਾਂ ਤੋਂ ਰਾਇ ਵੀ ਲਵਾਂਗਾ, ਚੰਗਾ ਹੀ ਹੋਵੇਗਾ ਕੁਝ।’’ ਖ਼ੁਸ਼ੀ-ਖ਼ੁਸ਼ੀ ਮੈਂ ਘਰ ਆਇਆ। ਮਿਲਵਾਉਣ ਦਾ ਸਬੱਬ ਬਣਵਾਉਣ ਵਾਲੇ ਸ਼ੁਭ ਚਿੰਤਕ ਨੂੰ ਵੀ ਸਾਰਾ ਦੱਸਿਆ। ਕੁਝ ਦਿਨਾਂ ਬਾਅਦ ਸ਼ੁਭ ਚਿੰਤਕ ਦਾ ਫੋਨ ਆਇਆ ਤੇ ਉਹ ਆਖਣ ਲੱਗਿਆ ਕਿ ਆਪ ਨੇ ਯੂਨੀਵਰਸਿਟੀ ਵਾਸਤੇ ਜੋ ਪਹਿਲਾਂ ਕੰਮ ਕੀਤੇ ਹੋਏ ਨੇ, ਉਹ ਸਾਰਾ ਵੇਰਵਾ ਲਿਖ ਕੇ ਵੀਸੀ ਨੂੰ ਭੇਜੋ।
ਜਦ ਮੈਂ ਉਹ ਵੇਰਵਾ ਲਿਖਣ ਬੈਠਾ, ਤਾਂ ਸੋਚ ਕੇ ਹੈਰਾਨ ਵੀ ਹੋਵਾਂ ਕਿ ਯੂਨੀਵਰਸਿਟੀ ਲਈ ਇਹ ਸਾਰੇ ਲਿਖਣ, ਪੜ੍ਹਨ ਤੇ ਛਪਣ ਦੇ ਕੰਮ ਮੈਂ ਘੱਟ ਸਮੇਂ ਵਿਚ ਦੂਜੇ ਕਈਆਂ ਨਾਲੋਂ ਵੱਧ ਕਿਵੇਂ ਕਰ ਗਿਆ ਸਾਂ! ਵੇਰਵਾ ਟਾਈਪ ਕਰਵਾ ਕੇ ਭੇਜ ਦਿੱਤਾ ਤੇ ਵੀਸੀ ਨੂੰ ਫੋਨ ਵੀ ਕੀਤਾ। ਉਹ ਬੜੇ ਖ਼ੁਸ਼ ਸਨ, ਆਖਣ ਲੱਗੇ ਕਿ ਸ਼ਾਬਾਸ਼, ਬਹੁਤ ਵਧੀਆ ਕਾਰਜ ਕੀਤੇ ਨੇ, ਅੱਗੋਂ ਵੀ ਕਰਦੇ ਰਹਿਣਾ। ਮੈਂ ਕੁਝ ਕਰਦਾ ਆਂ ਜਲਦੀ। ਉਹ ਵੇਰਵਾ ਜੇਕਰ ਇੱਥੇ ਪਾਠਕਾਂ ਨਾਲ ਸਾਂਝਾ ਕਰ ਲਿਆ ਜਾਵੇ, ਤਾਂ ਕੋਈ ਹਰਜ ਨਹੀਂ ਹੈ। ਮੈਂ ਲਿਖਿਆ ਕਿ ਸਰ, ਆਪ ਦੀ ਯੂਨੀਵਰਸਿਟੀ ਮੇਰੇ ਰਚੇ ਸਾਹਿਤ ਉੱਪਰ ਐੱਮ.ਫਿਲ ਵੀ ਕਰਵਾ ਚੁੱਕੀ ਹੈ, ‘ਮੈਂ ਸਾਂ ਜੱਜ ਦਾ ਅਰਦਲੀ’ ਕਿਤਾਬ ਨੂੰ ਸਿਲੇਬਸ ਵਿਚ ਵੀ ਲਗਾ ਚੁੱਕੀ ਹੈ। ਆਪ ਦੀ ਯੂਨੀਵਰਸਿਟੀ ਮੇਰੀਆਂ ਤਿੰਨ ਪੁਸਤਕਾਂ ਵੀ ਛਾਪ ਚੁੱਕੀ ਹੈ। ਯੂਨੀਵਰਸਿਟੀ ਵੱਲੋਂ ਛਾਪੇ ਗਏ ‘ਬਾਲ ਵਿਸ਼ਵ ਕੋਸ਼’ ਵਿਚ ਨੁਸਰਤ ਫਤਿਹ ਅਲੀ ਖਾਂ, ਲਤਾ ਮੰਗੇਸ਼ਕਰ, ਉਸਤਾਦ ਬਿਸਮਿੱਲਾ ਖਾਂ ਤੇ ਮਾਸਟਰ ਮਦਨ ਬਾਰੇ ਐਂਟਰੀਆਂ (ਨਿਬੰਧ) ਵੀ ਛਾਪੇ ਗਏ ਨੇ। ਡਾ. ਸਤਿੰਦਰ ਸਿੰਘ ਨੂਰ, ਕਰਨੈਲ ਸਿੰਘ ਪਾਰਸ ਰਾਮੂਵਾਲੀਆ, ਭਾਈ ਮੰਨਾ ਸਿੰਘ (ਗੁਰਸ਼ਰਨ ਸਿੰਘ) ਬਾਰੇ ਤੇ ਲੋਕ ਗਾਇਕੀ ਬਾਰੇ ਨਿਬੰਧ ਵੀ ਲਿਖਵਾਏ ਗਏ ਹਨ ਤੇ ਆਲੋਚਨਾ ਪੇਪਰ ਵਿਚ ਛਪੇ ਹਨ। ਬੀਏ ਦੀ ਕਿਤਾਬ ਵਿਚ ਸੰਗੀਤ ਬਾਰੇ ਨਿਬੰਧ ਵੀ ਪੜ੍ਹਾਇਆ ਜਾਂਦਾ ਹੈ। ਆਪ ਦੀ ਯੂਨੀਵਰਸਿਟੀ ਦੀਆਂ ਰਾਸ਼ਟਰੀ ਤੇ ਅੰਤਰਰਾਸ਼ਟਰੀ ਕਾਨਫਰੰਸਾਂ ਵਿਚ ਖੋਜ ਪੇਪਰ ਵੀ ਪੜ੍ਹ ਚੁੱਕਾ ਹਾਂ ਤੇ ਯੂਨੀਵਰਸਿਟੀ ਵੱਲੋਂ ਕਰਵਾਏ ਜਾਂਦੇ ਜ਼ੋਨਲ ਪੱਧਰੀ ਸੱਭਿਆਚਾਰਕ ਮੁਕਾਬਲਿਆਂ ਲਈ ਜੱਜ ਵੀ ਨਿਯੁਕਤ ਕੀਤਾ ਜਾਂਦਾ ਹਾਂ। ਯੂਨੀਵਰਸਿਟੀ ਲਈ ਕੀਤੇ ਹੋਰ ਕਾਰਜ ਹੁਣ ਚੇਤੇ ਨਹੀਂ ਤੇ ਇਹ ਵੇਰਵੇ ਪੂਰੇ ਨਹੀਂ ਹਨ। ਖ਼ੈਰ! ਮਹੀਨਾ-ਸਵਾ ਮਹੀਨਾ ਉਡੀਕ ਕਰ ਕੇ ਮੈਂ ਵੀਸੀ ਨੂੰ ਫੋਨ ਕੀਤਾ, ‘‘ਨਹੀਂ ਚੁੱਕਿਆ।’’ ਮੈਸੇਜ ਕੀਤਾ, ਨੋ ਰਿਪਲਾਈ। ਫੋਨ ਟਰਾਈ ਕਰਦਾ ਰਿਹਾ ਤੇ ਮੈਸੇਜ ਵੀ ਲਿਖਦਾ ਰਿਹਾ। ਦੋ-ਢਾਈ ਮਹੀਨੇ ਲੰਘੇ। ਮਹਿਸੂਸ ਹੋਇਆ ਜਿਵੇਂ ਠੰਢੇ ਬਸਤੇ ਪੈ ਗਈ ਕਾਲੀ ਨੋਟ-ਬੁੱਕ। ਸ਼ੁਭ ਚਿੰਤਕ ਵੀ ਕੋਈ ਸਮਾਚਾਰ ਨਾ ਦਿੰਦਾ, ਉਡੀਕ ਕਰੋ, ਕਹਿ ਛੱਡਦਾ। ਆਖ਼ਰ, ਡਾ. ਅਰਵਿੰਦ ਸੇਵਾ ਮੁਕਤ ਹੋ ਗਏ। ਸੋਚਿਆ ਕਿ ਫੋਨ ਕਰ ਕੇ ਧੰਨਵਾਦ ਕਰਨਾ ਤਾਂ ਬਣਦਾ ਹੀ ਹੈ ਉਨ੍ਹਾਂ ਦਾ। ਸੋ, ਪਲ ਵਿਚ ਹੀ ਪਿੱਕ ਕਰ ਲਿਆ ਫੋਨ ਸਾਬਕਾ ਵੀਸੀ ਸਾਹਿਬ ਨੇ। ਹਾਲ- ਚਾਲ ਪੁੱਛਿਆ ਤੇ ਖ਼ੂਬਸੂਰਤੀ ਭਰੇ ਢੰਗ ਨਾਲ ਗੱਲਾਂ ਹੋਈਆਂ। ਮੈਂ ਸ਼ਿਕਵਾ ਕੀਤਾ ਕਿ ਸਰ, ਆਪ ਜੀ ਨੇ ਮੇਰਾ ਫੋਨ ਚੁੱਕਣਾ ਕਿਉਂ ਬੰਦ ਕਰਤਾ ਸੀ?’’ ਉਹ ਲੰਬਾ ਸਾਹ ਲੈ ਕੇ ਉਹ ਬੋਲੇ, ‘‘ਛੋਟੇ ਵੀਰ, ਮੈਂ ਤੁਹਾਡੀ ਕਲਮ ਤੇ ਕੰਮ ਦਾ ਕਾਇਲ ਆਂ, ਫੋਨ ਚੁੱਕ ਕੇ ਕੀ ਦੱਸਦਾ ਮੈਂ? ਜਿਹੜੇ-ਜਿਹੜੇ ਖ਼ਾਸ-ਖ਼ਾਸ ਪ੍ਰੋਫੈਸਰ ਸਾਹਿਬਾਨ ਦੇ ਤੁਸੀਂ ਨਾਂ ਨੋਟ ਕਰਵਾਏ ਸਨ, ਕੁਝ ਦਿਨਾਂ ਬਾਅਦ ਮੈਂ ਬੁਲਾਏ ਤੇ ਗੱਲ ਕੀਤੀ ਕਿ ਕਿਸੇ ਢੰਗ ਨਾਲ ਆਪਾਂ ਨਿੰਦਰ ਜੀ ਨੂੰ ਯੂਨੀਵਰਸਿਟੀ ਲਿਆਉਣਾ ਏ, ਪੰਜਾਬੀ ਦੀ ਯੂਨੀਵਰਸਿਟੀ ਪੰਜਾਬ ਦੇ ਲੇਖਕਾਂ ਲਈ ਤੇ ਬਣੀ ਏ, ਦੱਸੋ ਕਿਵੇਂ ਕਰੀਏ? ਸੱਚ ਦੱਸਾਂ ਕਿ ਉਨ੍ਹਾਂ ਸਾਰਿਆਂ ਨੇ ਮੂੰਹ ਹੀ ਮਸੋਸ ਲਏ, ਕੁਝ ਨਾ ਬੋਲਣ, ਇਕ-ਦੂਜੇ ਵੱਲ ਵੇਖੀ ਜਾਣ। ਸੋ, ਮੈਂ ਸਮਝ ਗਿਆ, ਜਦ ਤੁਹਾਡੇ ਖ਼ਾਸ ਵਿਦਵਾਨ ਹੀ ਆਪ ਦਾ ਖ਼ਿਆਲ ਨਹੀਂ ਸਨ ਕਰ ਰਹੇ, ਮੈਂ ਅੱਗੇ ਕੀ ਕਰਦਾ? ਚਲੋ ਛੱਡੋ, ਛੋਟੇ ਵੀਰ, ਹੋਰ ਬਥੇਰੇ ਮੌਕੇ ਮਿਲਣੇ ਨੇ ਤੁਹਾਨੂੰ, ਲੱਗੇ ਰਹੋ, ਹਿੰਮਤੀ ਓ ਤੁਹੀਂ।’’ ਫੋਨ ਕੱਟਣ ਤੋਂ ਬਾਅਦ ਮੈਂ ਆਪਣੇ ‘ਖ਼ਾਸ ਘਰੇਲੂ’ ਵਿਦਵਾਨਾਂ ਬਾਰੇ ਸੋਚ ਕੇ ਆਪਣੇ-ਆਪ ਨੂੰ ‘ਭਾਗਾਂ ਭਰਿਆ’ ਜਾਪ ਰਿਹਾ ਸਾਂ ਤੇ ਸੱਚ ਬੋਲਣ ਲਈ ਵਾਈਸ ਚਾਂਸਲਰ ਸਾਹਿਬ ਦਾ ਮਨੋਂ-ਮਨ ਧੰਨਵਾਦ ਕਰ ਰਿਹਾ ਸਾਂ।
-ਮੋਬਾਈਲ : 94174-21700