ਕਦੋਂ ਬਦਲੇਗੀ ਮਾਨਸਿਕਤਾ?
ਉਹ ਆਪਣੇ ਦੇਸ਼ ਦੀ ਹਰ ਸ਼ੈਅ ਨੂੰ ਪਿਆਰ ਕਰਦੇ ਹਨ ਅਤੇ ਉਸ ਦੀ ਸਾਂਭ-ਸੰਭਾਲ ਕਰਨਾ ਆਪਣਾ ਨੈਤਿਕ ਫ਼ਰਜ਼ ਸਮਝਦੇ ਹਨ। ਇਹ ਗੱਲਾਂ ਕਰਦੇ ਹੋਏ ਅਸੀਂ ਰਾਹ ਵਿਚ ਇਕ ਢਾਬੇ 'ਤੇ ਚਾਹ ਪੀਣ ਲਈ ਰੁਕ ਗਏ।
Publish Date: Tue, 12 Nov 2019 09:50 PM (IST)
Updated Date: Wed, 13 Nov 2019 04:30 AM (IST)

ਪਿਛਲੇ ਹਫ਼ਤੇ ਮੈਂ ਆਪਣੇ ਕੈਨੇਡਾ ਰਹਿੰਦੇ ਦੋਸਤ ਨੂੰ ਦਿੱਲੀ ਏਅਰਪੋਰਟ ਤੋਂ ਲੈਣ ਚਲਾ ਗਿਆ। ਏਅਰਪੋਰਟ ਤੋਂ ਬਾਹਰ ਆ ਕੇ ਉਹ ਮੈਨੂੰ ਬੜੇ ਇਤਫ਼ਾਕ ਨਾਲ ਮਿਲਿਆ। ਵਾਪਸ ਪੰਜਾਬ ਆਉਂਦੇ ਸਮੇਂ ਰਸਤੇ ਵਿਚ ਅਸੀਂ ਗੱਲੀਂ ਪੈ ਗਏ। ਜਦੋਂ ਗੱਲ ਸਾਫ਼-ਸਫ਼ਾਈ 'ਤੇ ਆਈ ਤਾਂ ਮੇਰੇ ਮਿੱਤਰ ਨੇ ਕਿਹਾ ਕਿ ਕੈਨੇਡਾ ਵਿਚ ਲੋਕ ਬਹੁਤ ਸਫ਼ਾਈ ਪਸੰਦ ਹਨ। ਤੁਸੀਂ ਕਿਸੇ ਪਾਰਕ ਵਿਚ ਚਲੇ ਜਾਓ, ਕਿਸੇ ਪਾਰਟੀ ਵਿਚ ਚਲੇ ਜਾਓ, ਕਿਸੇ ਮਾਰਕੀਟ, ਰੇਲਵੇ ਸਟੇਸ਼ਨ, ਬੱਸ ਸਟੈਂਡ ਜਾਂ ਏਅਰ ਪੋਰਟ 'ਤੇ ਚਲੇ ਜਾਓ, ਤੁਹਾਨੂੰ ਕਿਤੇ ਵੀ ਕੂੜਾ-ਕਰਕਟ ਨਜ਼ਰੀਂ ਨਹੀਂ ਪਵੇਗਾ। ਮੇਰੇ ਪੁੱਛਣ 'ਤੇ ਉਸ ਨੇ ਦੱਸਿਆ ਕਿ ਉਨ੍ਹਾਂ ਲੋਕਾਂ ਦਾ ਨੈਸ਼ਨਲ ਕਰੈਕਟਰ ਹੈ। ਉਹ ਆਪਣੇ ਦੇਸ਼ ਦੀ ਹਰ ਸ਼ੈਅ ਨੂੰ ਪਿਆਰ ਕਰਦੇ ਹਨ ਅਤੇ ਉਸ ਦੀ ਸਾਂਭ-ਸੰਭਾਲ ਕਰਨਾ ਆਪਣਾ ਨੈਤਿਕ ਫ਼ਰਜ਼ ਸਮਝਦੇ ਹਨ। ਇਹ ਗੱਲਾਂ ਕਰਦੇ ਹੋਏ ਅਸੀਂ ਰਾਹ ਵਿਚ ਇਕ ਢਾਬੇ 'ਤੇ ਚਾਹ ਪੀਣ ਲਈ ਰੁਕ ਗਏ। ਢਾਬੇ 'ਤੇ ਬੈਠੇ ਅਸੀਂ ਚਾਹ ਪੀ ਰਹੇ ਸਾਂ ਕਿ ਅਚਾਨਕ ਸਾਡੀ ਨਜ਼ਰ ਬਰਾਬਰ ਵਾਲੇ ਟੇਬਲ 'ਤੇ ਬੈਠੀਆਂ ਸਵਾਰੀਆਂ 'ਤੇ ਪਈ। ਇਉਂ ਲੱਗਦਾ ਸੀ ਜਿਵੇਂ ਨਵ-ਵਿਆਹੇ ਜੋੜੇ ਨੂੰ ਏਅਰਪੋਰਟ 'ਤੇ ਚੜ੍ਹਾਉਣ ਲਈ ਦੋਵਾਂ ਪਾਸਿਆਂ ਦਾ ਪਰਿਵਾਰ ਆਇਆ ਹੋਵੇ। ਉਨ੍ਹਾਂ ਦੇ ਨਾਲ ਆਏ ਦੋ ਛੋਟੇ ਬੱਚੇ ਪੌਪਕੋਰਨ ਖਾ ਵੀ ਰਹੇ ਸਨ ਅਤੇ ਨੀਚੇ ਫ਼ਰਸ਼ 'ਤੇ ਵੀ ਸੁੱਟੀ ਜਾ ਰਹੇ ਸਨ। ਉਸੇ ਸਮੇਂ ਨਵੀਂ ਵਿਆਹੀ ਕੁੜੀ ਨੇ ਆਪਣੇ ਪਰਸ 'ਚੋਂ ਇਕ ਨੈਪਕਿਨ ਕੱਢਿਆ, ਲਿਪਸਟਿਕ ਨੂੰ ਹਲਕਾ ਜਿਹਾ ਸਾਫ਼ ਕੀਤਾ ਅਤੇ ਤਹਿ ਕੀਤਾ ਹੋਇਆ ਨੈਪਕਿਨ ਟੇਬਲ ਦੇ ਥੱਲੇ ਸੁੱਟ ਦਿੱਤਾ। ਮੇਰੇ ਮਿੱਤਰ ਨੇ ਕਿਹਾ ਕਿ ਜਦੋਂ ਇਹ ਕੁੜੀ ਬਾਹਰਲੇ ਮੁਲਕ ਪਹੁੰਚ ਗਈ ਤਾਂ ਉੱਥੇ ਇਹ ਅਜਿਹਾ ਕੁਝ ਨਹੀਂ ਕਰੇਗੀ ਕਿਉਂਕਿ ਉਨ੍ਹਾਂ ਦੇਸ਼ਾਂ ਵਿਚ ਸਾਫ਼-ਸਫ਼ਾਈ ਨਾ ਰੱਖਣ ਵਾਲੇ ਲੋਕਾਂ ਨੂੰ ਬੜਾ ਭਾਰੀ ਜੁਰਮਾਨਾ ਤਾਰਨਾ ਪੈਂਦਾ ਹੈ। ਮੇਰੇ ਮਨ ਵਿਚ ਇਕਦਮ ਇਹ ਵਿਚਾਰ ਆਇਆ ਕਿ ਸਾਡੀ ਭਾਰਤੀ ਲੋਕਾਂ ਦੀ ਮਾਨਸਿਕਤਾ ਇੰਨੀ ਮਾੜੀ ਕਿਉਂ ਹੈ? ਅਸੀਂ ਕੰਮ ਕੇਵਲ ਡੰਡੇ ਦੀ ਮਾਰ ਨਾਲ ਹੀ ਕਿਉਂ ਸਹੀ ਕਰਦੇ ਹਾਂ? ਜਿੱਥੇ ਕਿਤੇ ਸਾਨੂੰ ਡੰਡੇ ਦਾ ਡਰ ਨਾ ਹੋਵੇ, ਅਸੀਂ ਬੜੇ ਲਾਪ੍ਰਵਾਹ ਹੋ ਜਾਂਦੇ ਹਾਂ। ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨਾ, ਉੱਚੀ ਆਵਾਜ਼ ਵਿਚ ਪ੍ਰੈਸ਼ਰ ਹਾਰਨ ਵਜਾਉਣਾ, ਮੂੰਗਫ਼ਲੀ, ਕੇਲਾ ਆਦਿ ਖਾ ਕੇ ਉਸ ਦੇ ਛਿੱਲੜ ਬੜੀ ਲਾਪ੍ਰਵਾਹੀ ਨਾਲ ਸੁੱਟੀ ਜਾਣਾ, ਜਿੱਥੇ ਦਿਲ ਕੀਤਾ ਥੁੱਕੀ ਜਾਣਾ, ਜਿੱਥੇ ਵੀ ਥਾਂ ਮਿਲ ਜਾਵੇ, ਪਿਸ਼ਾਬ ਕਰਨ ਖੜ੍ਹ ਜਾਣਾ ਜਾਂ ਬੈਠ ਜਾਣਾ, ਜੇ ਕਿਤੇ ਜਨਤਕ ਪਖ਼ਾਨਿਆਂ ਦੀ ਵਰਤੋਂ ਕਰਨੀ ਤਾਂ ਸਫ਼ਾਈ ਨਾ ਕਰਨਾ, ਘਰ ਦੀ ਸਾਫ਼-ਸਫ਼ਾਈ ਕਰ ਕੇ ਕੂੜਾ ਗੁਆਂਢੀਆਂ ਦੇ ਦਰਵਾਜ਼ੇ ਅੱਗੇ ਸੁੱਟ ਦੇਣਾ ਜਾਂ ਨੇੜੇ ਦੇ ਖ਼ਾਲੀ ਪਲਾਟ 'ਚ ਸੁੱਟ ਆਉਣਾ, ਬੈਂਕ, ਪੋਸਟ ਆਫਿਸ, ਬੱਸ ਸਟੈਂਡ, ਰੇਲਵੇ ਸਟੇਸ਼ਨ ਆਦਿ 'ਤੇ ਲਾਈਨ ਤੋੜ ਕੇ ਕੰਮ ਪਹਿਲਾਂ ਕਰਵਾਉਣ ਦੀ ਕੋਸ਼ਿਸ਼ ਕਰਨਾ ਆਦਿ ਇਸ ਲਈ ਵਾਪਰ ਰਿਹਾ ਹੈ ਕਿਉਂਕਿ ਅਜੇ ਤਕ ਸਾਡੇ 'ਚ ਕੌਮੀ ਆਚਰਨ ਪੈਦਾ ਨਹੀਂ ਹੋ ਸਕਿਆ ਹੈ।
-ਡਾ. ਇਕਬਾਲ ਸਿੰਘ, ਪ੍ਰਿੰਸੀਪਲ ਸਸਸ ਸਮਾਰਟ ਸਕੂਲ, ਛਾਜਲੀ।