ਅਗਲੇ ਸਾਲ ਮੇਰੇ ਨਾਲ ਦੇ ਕਲਰਕ ਨੇ ਆਪਣੀ ਬਦਲੀ ਜਲੰਧਰ ਦੀ ਕਰਵਾ ਲਈ। ਇਹ ਬਦਲੀ ਵੀ ਤਾਂ ਹੋਈ ਕਿੳਂਕਿ ਉਸ ਦੀ ਥਾਂ ’ਤੇ ਕੋਈ ਹੋਰ ਕਲਰਕ ਆ ਗਿਆ ਸੀ। ਮੈਂ ਕਮਰੇ ਵਿਚ ਇਕੱਲਾ ਹੀ ਰਹਿ ਗਿਆ। ਇਕ ਦਿਨ ਮਕਾਨ ਮਾਲਕ ਦਾ ਪਿਤਾ ਓਥੇ ਆਇਆ। ਜਦੋਂ ਉਸ ਨੂੰ ਪਤਾ ਲੱਗਾ ਕਿ ਮੈਂ ਵੀ ਗੁਰਦਾਸਪੁਰ ਜ਼ਿਲ੍ਹੇ ਦਾ ਹਾਂ ਤਾਂ ਉਹ ਬੜਾ ਖ਼ੁਸ਼ ਹੋਇਆ ਅਤੇ ਆਪਣੇ ਬੇਟੇ ਨੂੰ ਕਹਿਣ ਲੱਗਾ ਕਿ ਇਨ੍ਹਾਂ ਦਾ ਖ਼ਾਸ ਖ਼ਿਆਲ ਰੱਖਿਆ ਕਰੋ।

ਜ਼ਿਲ੍ਹਾ ਉਦਯੋਗ ਕੇਂਦਰ, ਬਟਾਲਾ ਵਿਚ ਮੈਨੂੰ ਬਤੌਰ ਸਟੈਨੋ ਨੌਕਰੀ ਕਰਦਿਆਂ ਕਾਫ਼ੀ ਸਾਲ ਹੋ ਗਏ ਸਨ। ਸਾਲ 1976 ਤੋਂ ਲੈ ਕੇ 1993 ਤੱਕ ਮੇਰੀ ਕਦੇ ਬਦਲੀ ਨਹੀਂ ਸੀ ਹੋਈ। ਜਦੋਂ ਸਰਕਾਰ ਨੇ ਅਪ੍ਰੈਲ 1984 ਵਿਚ ਸਹਾਇਕ ਗ੍ਰੇਡ ਪ੍ਰੀਖਿਆ ਦਾ ਕਾਨੂੰਨ ਲਾਗੂ ਕੀਤਾ ਤਾਂ ਮੇਰੇ ਦਫ਼ਤਰ ਦੇ ਕਈ ਕਲਰਕ ਇਹ ਪ੍ਰੀਖਿਆ ਪਾਸ ਕਰ ਕੇ ਬਤੌਰ ਸੀਨੀਅਰ ਸਹਾਇਕ ਪਦਉੱਨਤ ਹੋ ਚੁੱਕੇ ਸਨ। ਇਕ ਰਿਟਾਇਰ ਸੁਪਰਡੈਂਟ ਸੀ ਜੋ ਸੇਵਾ ਮੁਕਤੀ ਤੋਂ ਬਾਅਦ ਦਫ਼ਤਰ ਦੇ ਸਾਹਮਣੇ ਟਾਈਪ ਕਰਨ ਵਾਲੀ ਮਸ਼ੀਨ ਲੈ ਕੇ ਬੈਠ ਗਿਆ। ਉਸ ਦੀ ਦਫ਼ਤਰ ਦੇ ਮੁਖੀ ਨਾਲ ਸਾਂਝ ਸੀ ਜਿਸ ਕਰਕੇ ਸਵੈ-ਰੁਜ਼ਗਾਰ ਲਈ ਸਰਕਾਰ ਵੱਲੋਂ ਚਲਾਈ ਗਈ ਕਰਜ਼ਾ ਸਕੀਮ ਦੇ ਉਹ ਫਾਰਮ ਭਰਿਆ ਕਰਦਾ ਸੀ।
ਉਸ ਨੇ ਮੈਨੂੰ ਸਲਾਹ ਦਿੱਤੀ ਕਿ ਮੈਂ ਵੀ ਸਹਾਇਕ ਗ੍ਰੇਡ ਪ੍ਰੀਖਿਆ ਪਾਸ ਕਰ ਲਵਾਂ ਕਿਉਂਕਿ ਸਟੈਨੋ ਅਫ਼ਸਰ ਦਾ ਨਿੱਜੀ ਕਰਮਚਾਰੀ ਹੁੰਦਾ ਹੈ ਅਤੇ ਜੇਕਰ ਅਫਸਰ ਕਿਤੇ ਸਾਲਾਨਾ ਗੁਪਤ ਰਿਪੋਰਟ ਖ਼ਿਲਾਫ਼ ਲਿਖ ਦੇਵੇ ਤਾਂ ਠੀਕ ਨਹੀਂ ਹੁੰਦਾ। ਲਿਹਾਜ਼ਾ ਮੈਂ ਵੀ ਇਹ ਇਮਤਿਹਾਨ ਦੇਣ ਲਈ ਅਪਲਾਈ ਕਰ ਦਿੱਤਾ। ਇਹ ਇਮਤਿਹਾਨ ਸਰਵਿਸ ਰੂਲਾਂ ਦੀਆਂ ਕਿਤਾਬਾਂ ਵੇਖ ਕੇ ਦਿੱਤਾ ਜਾ ਸਕਦਾ ਸੀ। ਸੰਨ 1988 ਵਿਚ ਮੈਂ ਇਹ ਟੈਸਟ ਦਿੱਤਾ ਪਰ ਸਵਾਲਾਂ ਦੇ ਜਵਾਬ ਪਤਾ ਹੋਣ ’ਤੇ ਵੀ ਮੈਂ ਪੇਪਰ ਪੂਰਾ ਨਾ ਕਰ ਸਕਿਆ ਜਿਸ ਕਰਕੇ ਇਕ ਪੇਪਰ ’ਚੋਂ ਰੀ-ਅਪੀਅਰ ਆ ਗਈ ਕਿਉਂਕਿ ਸਟੈਨੋ ਨੂੰ ਲਿਖਣ ਦੀ ਘੱਟ ਅਤੇ ਟਾਈਪ ਦੀ ਮਹਾਰਤ ਜ਼ਿਆਦਾ ਹੁੰਦੀ ਸੀ। ਖ਼ੈਰ, ਨਵੰਬਰ 1989 ਨੂੰ ਮੈਂ ਇਹ ਪ੍ਰੀਖਿਆ ਪਾਸ ਕਰ ਲਈ।
ਜਨਵਰੀ 1993 ਵਿਚ ਮੇਰੀ ਅਤੇ ਤਿੰਨ ਹੋਰ ਪ੍ਰੀਖਿਆ ਪਾਸ ਕਰਮਚਾਰੀਆਂ ਦੀ ਪਦਉੱਨਤੀ ਬਤੌਰ ਸੀਨੀਅਰ ਸਹਾਇਕ ਕਰ ਕੇ ਹੋਰ ਜ਼ਿਲ੍ਹਿਆਂ ਵਿਚ ਬਦਲੀ ਕਰ ਦਿੱਤੀ ਗਈ। ਮੇਰੀ ਬਦਲੀ ਜ਼ਿਲ੍ਹਾ ਉਦਯੋਗ ਕੇਂਦਰ, ਮੋਗਾ ਵਿਖੇ ਕੀਤੀ ਗਈ। ਬਟਾਲਾ ਦਫ਼ਤਰ ਵਿਚ ਭਾਵੇਂ ਇਕ ਹੋਰ ਸਟੈਨੋ ਕੰਮ ਕਰਦਾ ਸੀ ਅਤੇ ਉਸ ਨੂੰ ਮੇਰੀ ਥਾਂ ’ਤੇ ਜਨਰਲ ਮੈਨੇਜਰ ਨੇ ਆਪਣੇ ਨਾਲ ਲਾ ਲਿਆ ਪਰ ਉਸ ਸਟੈਨੋ ਤੋਂ ਕੰਮ ਸੰਭਾਲਿਆ ਨਾ ਗਿਆ।
ਉਸ ਵੇਲੇ ਦਫ਼ਤਰ ਵਿਚ ਲੈਂਡਲਾਈਨ ਫੋਨ ਹੁੰਦੇ ਸਨ ਅਤੇ 1976 ਤੋਂ 1993 ਤੱਕ ਮੈਂ ਹੀ ਸਟੈਨੋ ਵਜੋਂ ਅਫ਼ਸਰ ਨਾਲ ਅਟੈਚ ਸਾਂ ਜਿਸ ਕਰਕੇ ਮੈਨੂੰ ਸ਼ਹਿਰ ਦੇ ਪ੍ਰਮੁੱਖ ਉਦਯੋਗਪਤੀਆਂ ਦੇ ਫੋਨ ਨੰਬਰ ਤਕਰੀਬਨ ਯਾਦ ਸਨ। ਨਵੇਂ ਸਟੈਨੋ ਨੂੰ ਫੋਨ ਮਿਲਾਉਣ ਵਿਚ ਵੀ ਦਿੱਕਤ ਆਉਂਦੀ ਸੀ ਅਤੇ ਅਫ਼ਸਰ ਦੀ ਡਿਕਟੇਸ਼ਨ ਲੈਣ ਵਿਚ ਵੀ। ਇਸ ਕਰਕੇ ਅਫ਼ਸਰ ਨੂੰ ਮੇਰੀ ਘਾਟ ਮਹਿਸੂਸ ਹੋਈ। ਬਟਾਲਾ ਦਫ਼ਤਰ ਦੇ ਅਫ਼ਸਰ ਨੇ ਮੁੱਖ ਦਫ਼ਤਰ ਜਾ ਕੇ ਮੇਰਾ ਹੈੱਡਕੁਆਰਟਰ ਮੋਗਾ ਤੋਂ ਬਟਾਲੇ ਦਾ ਕਰਵਾ ਲਿਆ। ਕੰਮ ਮੈਂ ਬਟਾਲੇ ਕਰਦਾ ਸੀ ਪਰ ਮੇਰੀ ਤਨਖ਼ਾਹ ਮੋਗਾ ਦਫ਼ਤਰ ਤੋਂ ਆਉਦੀ ਸੀ।
ਮਾਲਵਾ ਬੈਲਟ ਵਿਚ ਸ਼ਾਇਦ ਉਸ ਵੇਲੇ ਉਦਯੋਗਿਕ ਦਫ਼ਤਰਾਂ ਵਿਚ ਸੀਨੀਅਰ ਸਹਾਇਕਾਂ ਦੀ ਘਾਟ ਹੰਦੀ ਸੀ।• ਲਿਹਾਜ਼ਾ ਮਾਝੇ ’ਚੋਂ ਜਿਸ ਕਰਮਚਾਰੀ ਦੀ ਵੀ ਪਦਉੱਨਤੀ ਹੁੰਦੀ ਤਾਂ ਉਸ ਨੂੰ ਮੋਗਾ, ਫਿਰੋਜ਼ਪੁਰ ਜਾਂ ਬਠਿੰਡਾ ਵਿਖੇ ਬਦਲਿਆ ਜਾਂਦਾ ਸੀ। ਬਟਾਲਾ ਦਫ਼ਤਰ ਦਾ ਇਕ ਸੀਨੀਅਰ ਸਹਾਇਕ ਜੋ ਗੁਰਦਾਸਪੁਰ ਸ਼ਹਿਰ ਦਾ ਵਾਸੀ ਸੀ, ਉਸ ਦੀ ਬਦਲੀ ਮੁਕਤਸਰ ਦਫ਼ਤਰ ਵਿਖੇ ਹੋਈ ਸੀ। ਉਸ ਨੂੰ ਉੱਥੇ ਗਿਆਂ ਤਿੰਨ ਸਾਲ ਹੋ ਗਏ ਸਨ।
ਉਸ ਨੇ ਕੋਈ ਸਿਫ਼ਾਰਸ਼ ਪਾ ਕੇ ਆਪਣੀ ਬਦਲੀ ਬਟਾਲਾ ਦਫ਼ਤਰ ਦੀ ਕਰਵਾ ਲਈ ਅਤੇ ਮੇਰੀ ਬਦਲੀ ਬਟਾਲਾ ਤੋਂ ਮੁਕਤਸਰ ਦਫ਼ਤਰ ਵਿਖੇ ਹੋ ਗਈ। ਇਹ ਦਫ਼ਤਰ ਬਠਿੰਡਾ ਰੋਡ ’ਤੇ ਇਕ ਕੋਠੀ ਵਿਚ ਸਥਿਤ ਸੀ ਜੋ ਕਿਸੇ ਆਈਏਐੱਸ ਅਫ਼ਸਰ ਦੀ ਸੀ। ਉਸ ਦਫ਼ਤਰ ਵਿਚ ਇਕ ਕਲਰਕ ਮੇਰੇ ਇਲਾਕੇ ਦਾ ਹੀ ਲੱਗਾ ਹੋਇਆ ਸੀ ਜਿਸ ਦਾ ਪਿਤਾ ਬਟਾਲਾ ਦਫ਼ਤਰ ਦਿਚ ਬਲਾਕ ਲੈਵਲ ਐਕਸਟੈਂਸ਼ਨ ਅਫ਼ਸਰ ਸੀ ਅਤੇ ਉਸ ਦੀ ਮੌਤ ਹੋ ਜਾਣ ਕਾਰਨ ਉਸ ਦੇ ਬੇਟੇ ਦੀ ਨਿਯੁਕਤੀ ਜ਼ਿਲ੍ਹਾ ਉਦਯੋਗ ਕੇਂਦਰ, ਮੁਕਤਸਰ ਵਿਖੇ ਕੀਤੀ ਗਈ ਸੀ। ਦਫ਼ਤਰ ਤੋਂ ਥੋੜ੍ਹੀ ਦੂਰ ਹੀ ਉਹ ਕਿਰਾਏ ਦੀ ਬੈਠਕ ਵਿਚ ਰਹਿੰਦਾ ਸੀ। ਮੈਂ ਵੀ ਉਸ ਦੇ ਨਾਲ ਰਹਿਣ ਦਾ ਮਨ ਬਣਾ ਲਿਆ।
ਕੁਦਰਤੀ ਮਕਾਨ ਮਾਲਕ ਵੀ ਗੁਰਦਾਸਪੁਰ ਜ਼ਿਲ੍ਹੇ ਦਾ ਹੀ ਲਿਕਲਿਆ। ਉਸ ਦਾ ਪਿਤਾ ਇੱਥੇ ਕਦੇ ਪਟਵਾਰੀ ਲੱਗਾ ਰਿਹਾ ਸੀ ਅਤੇ ਉਸ ਨੇ ਆਪਣੇ ਬੱਚੇ ਵੀ ਇੱਥੇ ਹੀ ਐਡਜਸਟ ਕਰਵਾ ਦਿੱਤੇ। ਉਸ ਦਾ ਇਕ ਬੇਟਾ ਪਟਵਾਰੀ ਸੀ ਅਤੇ ਮੇਰੇ ਮਕਾਨ ਮਾਲਕ ਨੇ ਮੁਕਤਸਰ ਦੇ ਨਾਲ ਹੀ ਦੋਦਾ ਪਿੰਡ ਵਿਚ ਆਟਾ ਪੀਹਣ ਵਾਲੀ ਚੱਕੀ ਲਗਾਈ ਹੋਈ ਸੀ। ਇਹ ਗੱਲ ਸੰਨ 2000 ਦੀ ਹੈ। ਮਾਲਕ ਮਕਾਨ 400 ਰੁਪਈਏ ਮੇਰੇ ਤੋਂ ਅਤੇ 400 ਹੀ ਮੇਰੇ ਨਾਲ ਦੇ ਕਰਮਚਾਰੀ ਤੋਂ ਲੈਂਦੇ ਸਨ। ਪਹਿਲਾਂ-ਪਹਿਲ ਤਾਂ ਅਸੀਂ ਹੋਟਲ ਤੋਂ ਰੋਟੀ ਖਾਂਦੇ ਰਹੇ ਪਰ ਹੋਟਲ ਦੀ ਰੋਟੀ ਸਵਾਦ ਨਹੀਂ ਸੀ ਲੱਗਦੀ। ਪਤਾ ਨਹੀਂ ਓਥੇ ਕੀ ਗੱਲ ਸੀ ਕਿ ਹੋਟਲ ਵਾਲਾ ਤਰੀ ਵਾਲੀ ਗੋਭੀ ਅਤੇ ਤਰੀ ਵਾਲੀਆਂ ਗਾਜਰਾਂ ਦੀ ਸਬਜ਼ੀ ਬਣਾਉਂਦਾ ਹੁੰਦਾ ਸੀ।
ਸਾਡੀ ਗਲੀ ਦੇ ਮੋੜ ’ਤੇ ਇਕ ਕੋਠੀ ਵਿਚ ਮੈਡੀਕਲ ਕਾਲਜ ਦੀਆਂ ਲੜਕੀਆਂ ਰਹਿੰਦੀਆਂ ਸਨ। ਉਨ੍ਹਾਂ ਦੀ ਰੋਟੀ ਵੀ ਉਸੇ ਹੋਟਲ ਤੋਂ ਜਾਂਦੀ ਸੀ ਜਿੱਥੋਂ ਅਸੀਂ ਖਾਂਦੇ ਸਾਂ। ਕੋਠੀ ਵਿਚ ਰਹਿੰਦੀਆਂ ਲੜਕੀਆਂ ਵੀ ਸ਼ਾਇਦ ਮਾਝੇ ਦੀਆਂ ਹੀ ਸਨ। ਇਕ ਦਿਨ ਮੈਂ ਹੋਟਲ ਵਾਲੇ ਨੂੰ ਕਿਹਾ ਕਿ ਉਹ ਗੋਭੀ ਤੇ ਗਾਜਰਾਂ ਦੀਆਂ ਸਬਜ਼ੀਆਂ ਸੁੱਕੀਆਂ ਬਣਾਇਆ ਕਰੇ। ਇਕ ਦਿਨ ਜਦੋਂ ਉਸ ਨੇ ਆਲੂ-ਗੋਭੀ ਦੀ ਸਬਜ਼ੀ ਤਰੀ ਤੋਂ ਬਗ਼ੈਰ ਬਣਾਈ ਤਾਂ ਲੜਕੀਆਂ ਨੇ ਇਹ ਬੜੀ ਪਸੰਦ ਕੀਤੀ। ਉਸ ਦਿਨ ਤੋਂ ਬਾਅਦ ਉਸ ਨੇ ਤਰੀ ਵਾਲੀ ਆਲੂ-ਗੋਭੀ ਅਤੇ ਗਾਜਰ-ਮਟਰਾਂ ਦੀ ਸਬਜ਼ੀ ਬਣਾਉਂਣੀ ਛੱਡ ਕੇ ਸੁੱਕੀ ਸਬਜ਼ੀ ਬਣਾਉਂਣੀ ਸ਼ੁਰੂ ਕਰ ਦਿੱਤੀ।
ਅਗਲੇ ਸਾਲ ਮੇਰੇ ਨਾਲ ਦੇ ਕਲਰਕ ਨੇ ਆਪਣੀ ਬਦਲੀ ਜਲੰਧਰ ਦੀ ਕਰਵਾ ਲਈ। ਇਹ ਬਦਲੀ ਵੀ ਤਾਂ ਹੋਈ ਕਿੳਂਕਿ ਉਸ ਦੀ ਥਾਂ ’ਤੇ ਕੋਈ ਹੋਰ ਕਲਰਕ ਆ ਗਿਆ ਸੀ। ਮੈਂ ਕਮਰੇ ਵਿਚ ਇਕੱਲਾ ਹੀ ਰਹਿ ਗਿਆ। ਇਕ ਦਿਨ ਮਕਾਨ ਮਾਲਕ ਦਾ ਪਿਤਾ ਓਥੇ ਆਇਆ। ਜਦੋਂ ਉਸ ਨੂੰ ਪਤਾ ਲੱਗਾ ਕਿ ਮੈਂ ਵੀ ਗੁਰਦਾਸਪੁਰ ਜ਼ਿਲ੍ਹੇ ਦਾ ਹਾਂ ਤਾਂ ਉਹ ਬੜਾ ਖ਼ੁਸ਼ ਹੋਇਆ ਅਤੇ ਆਪਣੇ ਬੇਟੇ ਨੂੰ ਕਹਿਣ ਲੱਗਾ ਕਿ ਇਨ੍ਹਾਂ ਦਾ ਖ਼ਾਸ ਖ਼ਿਆਲ ਰੱਖਿਆ ਕਰੋ।
ਲਿਹਾਜ਼ਾ ਮੈਂ ਉਨ੍ਹਾਂ ਦੇ ਘਰੋਂ ਹੀ ਰੋਟੀ ਖਾਣੀ ਸ਼ੁਰੂ ਕਰ ਦਿੱਤੀ। ਇਕ ਵੇਲੇ ਦੇ ਭੋਜਨ ਦੀ 12 ਰੁਪਏ ਵਿਚ ਗੱਲ ਤਹਿ ਹੋ ਗਈ। ਸਵੇਰੇ-ਸ਼ਾਮ ਓਥੇ ਕਮਰੇ ਵਿਚ ਹੀ ਰੋਟੀ ਖਾ ਲੈਣੀ ਅਤੇ ਦੁਪਹਿਰ ਦੀ ਰੋਟੀ ਟਿਫਨ ਵਿਚ ਨਾਲ ਲੈ ਜਾਣੀ। ਦਫ਼ਤਰ ਵਿਚ ਓਵਨ ਦਾ ਜੁਗਾੜ ਸੀ ਜਿਸ ਵਿਚ ਰੋਟੀ ਗਰਮ ਕਰ ਕੇ ਦਫ਼ਤਰ ਵਾਲਿਆਂ ਦੇ ਨਾਲ ਹੀ ਖਾ ਲੈਣੀ। ਮਾਲਕ ਮਕਾਨ ਸ਼ਾਮ ਵੇਲੇ ਰੋਟੀ ਜਲਦੀ ਪਕਾ ਲੈਂਦੇ ਸਨ ਅਤੇ ਮੇਰੀ ਰੋਟੀ ਹੌਟ ਕੈਰੀਅਰ ਵਿਚ ਰੱਖ ਲੈਂਦੇ ਸਨ ਤਾਂ ਕਿ ਗਰਮ ਰਹੇ।
ਮਕਾਨ ਮਾਲਕ ਇਕ ਦਿਨ ਦੋਦੇ ਪਿੰਡ ਤੋਂ ਵੱਡਾ ਸਾਰਾ ਹਲਵਾ ਕੱਦੂ ਲੈ ਆਇਆ। ਸ਼ਾਇਦ ਕਿਸੇ ਜ਼ਿਮੀਂਦਾਰ ਨੇ ਆਟਾ ਪਿਸਾਈ ਦੇ ਬਦਲੇ ਦਿੱਤਾ ਹੋਵੇ। ਮਕਾਨ ਮਾਲਕਣ ਨੇ ਦੁਪਹਿਰ ਦੇ ਖਾਣੇ ਵਿਚ ਰੋਜ਼ ਹਲਵਾ ਕੱਦੂ ਬਣਾ ਕੇ ਦੇਣਾ। ਪੂਰਾ ਹਫ਼ਤਾ ਜਦ ਮੈਂ ਦੁਪਹਿਰ ਦੇ ਖਾਣੇ ਵਿਚ ਹਲਵਾ ਕੱਦੂ ਦੀ ਸਬਜ਼ੀ ਦਫ਼ਤਰ ਲਿਜਾਂਦਾ ਰਿਹਾ ਤਾਂ ਦਫ਼ਤਰ ਵਾਲੇ ਕਹਿਣ ਲੱਗੇ ਕਿ 12 ਰੁਪਏ ਵਿਚ ਹੋਟਲ ਤੋਂ ਦੋ ਸਬਜ਼ੀਆਂ ਮਿਲਦੀਆਂ ਹਨ। ਲਿਹਾਜ਼ਾ, ਮੈਂ ਦੁਪਹਿਰ ਦੀ ਰੋਟੀ ਘਰੋਂ ਲਿਜਾਣੀ ਬੰਦ ਕਰ ਦਿੱਤੀ ਅਤੇ ਉਸੇ ਹੋਟਲ ਤੋਂ ਖਾਣੀ ਸ਼ੁਰੂ ਕਰ ਦਿੱਤੀ ਜਿਸ ਨੂੰ ਮੈਂ ਤਰੀ ਤੋਂ ਬਗੈਰ ਆਲੂ-ਗੋਭੀ ਅਤੇ ਗਾਜਰ-ਮਟਰ ਬਣਾਉਣ ਲਈ ਪ੍ਰੇਰਿਆ ਸੀ।
-ਅਜੀਤ ਕਮਲ
-ਮੋਬਾਈਲ : 94173-76895