ਡੀਐੱਸਪੀ ਲਾਲ ਸਿੰਘ ਨੇ ਥਾਣਾ ਮੁਖੀ ਨੂੰ ਤਾੜਨਾ ਕਰਦੇ ਹੋਏ ਕਿਹਾ ਕਿ ਇਨ੍ਹਾਂ ਦੀ ਇਲੈਕਸ਼ਨ ਹੈ ਅਤੇ ਇਹੋ ਜਿਹਾ ਸਭ ਕੁਝ ਅਜਿਹੇ ਮਾਹੌਲ ਵਿੱਚ ਹੁੰਦਾ ਹੈ। ਅੱਜ ਤੋਂ ਬਾਅਦ ਜੇਕਰ ਕੋਈ ਵੀ ਘਟਨਾ ਹੋਵੇ ਇੱਥੋਂ ਤੀਕ ਜੇ ਕਤਲ ਵੀ ਹੋ ਜਾਵੇ ਤਾਂ ਮੈਨੂੰ ਪੁੱਛੇ ਬਿਨਾਂ ਇਨ੍ਹਾਂ ਮੁੰਡਿਆਂ ਨੂੰ ਹੱਥ ਨਹੀਂ ਲਾਉਣਾ।

ਸਾਲ 1982 ਵਿਚ ਮੈਂ ਥਾਪਰ ਪੌਲੀਟੈਕਨਿਕ ਵਿੱਚੋਂ ਸਿਵਲ ਇੰਜੀਨੀਅਰਿੰਗ ਦਾ ਡਿਪਲੋਮਾ ਮੁਕੰਮਲ ਕੀਤਾ ਹੀ ਸੀ ਕਿ ਹੱਥੋ-ਹੱਥ ਕੋਆਪ੍ਰੇਟਿਵ ਦੇ ਮਹਿਕਮੇ ਵਿੱਚ ਨੌਕਰੀ ਮਿਲ ਗਈ। ਚੰਡੀਗੜ੍ਹ ਵਿਚ ਟਰੇਨਿੰਗ ਚੱਲ ਰਹੀ ਸੀ ਪਰ ਅਜੇ ਰਿਹਾਇਸ਼ ਪਾਸੀ ਰੋਡ ਦੇ ਮੋਦੀ ਮੰਦਰ ਦੇ ਨਜ਼ਦੀਕ ਹੀ ਸੀ। ਮੈਂ ਸ਼ਨਿਚਰਵਾਰ ਅਤੇ ਐਤਵਾਰ ਦੀ ਛੁੱਟੀ ਹੋਣ ਕਾਰਨ ਹਫ਼ਤੇ ਬਾਅਦ ਸ਼ੁੱਕਰਵਾਰ ਸ਼ਾਮ ਨੂੰ ਪਟਿਆਲਾ ਆਪਣੇ ਕਮਰੇ ਵਿਚ ਪਹੁੰਚਿਆ ਸੀ। ਉਸ ਸਮੇਂ ਮੋਬਾਈਲ ਫੋਨ ਅਜੇ ਆਏ ਨਹੀਂ ਸਨ। ਸੋ ਮੇਰਾ ਆਪਣੇ ਰੂਮ ਮੇਟ ਗੋਬਿੰਦਰ ਮੋਹੀ ਨਾਲ ਸੰਪਰਕ ਨਾ ਹੋ ਸਕਿਆ। ਮੈਂ ਉਨ੍ਹੀਂ ਦਿਨੀਂ ਆਪਣੇ ਅਧਿਆਪਕ ਪ੍ਰੋਫੈਸਰ ਮੇਹਰ ਚੰਦ ਭਾਰਦਵਾਜ ਦੇ ਚੰਗੇ ਪ੍ਰਭਾਵ ਹੇਠ ਸੀ ਜੋ ਇਕ ਵਿਦਵਾਨ ਵਜੋਂ ਆਪਣੀ ਪਛਾਣ ਬਣਾ ਚੁੱਕੇ ਸਨ। ਉਨ੍ਹਾਂ ਨਾਲ ਮੇਰਾ ਰਿਸ਼ਤਾ ਦੋਸਤੀ ਵਾਲਾ ਬਣ ਚੁੱਕਾ ਸੀ। ਇਸ ਰਿਸ਼ਤੇ ਦੀ ਬਦੌਲਤ ਮੈਂ ਉਨ੍ਹਾਂ ਨਾਲ ਸਾਹਿਤਕ ਅਤੇ ਰਾਜਨੀਤਕ ਸਰਗਰਮੀਆਂ ਵਿਚ ਵਧ-ਚੜ੍ਹ ਕੇ ਹਿੱਸਾ ਲੈਣ ਲੱਗ ਪਿਆ ਸੀ। ਉਸ ਸਮੇ ਛੋਟੀ ਤੇ ਸਿੱਖਣ ਦੀ ਉਮਰੇ ਮੈਨੂੰ ਕਈ ਵੱਡੇ ਕੱਦ ਦੇ ਨੇਤਾਵਾਂ ਨਾਲ ਮਿਲਣ ਦੇ ਵੀ ਮੌਕੇ ਮਿਲਦੇ ਰਹੇ। ਇਸੇ ਤਰ੍ਹਾਂ ਹੀ ਮੈਂ ਜਮਹੂਰੀ ਅਧਿਕਾਰ ਸਭਾ ਪਟਿਆਲਾ ਦਾ ਸਰਗਰਮ ਮੈਂਬਰ ਬਣਿਆ ਜਿਸ ਵਿਚ ਉਸ ਸਮੇਂ ਵੱਡੇ ਨਾਂ ਵਾਲੇ ਬਹੁਤ ਸਾਰੇ ਵਿਦਵਾਨ ਬੁੱਧੀਜੀਵੀ ਲੋਕ ਸ਼ਾਮਲ ਸਨ ਜਿਨ੍ਹਾਂ ਵਿਚ ਪ੍ਰਸਿੱਧ ਅਰਥ ਸ਼ਾਸਤਰੀ ਡਾ. ਸੁੱਚਾ ਸਿੰਘ ਗਿੱਲ, ਡਾ. ਅਮਰ ਸਿੰਘ ਆਜ਼ਾਦ, ਡਾ. ਪਿਆਰੇ ਲਾਲ ਗਰਗ ਖ਼ੁਦ ਪ੍ਰੋਫੈਸਰ ਭਾਰਦਵਾਜ ਸ਼ਾਮਲ ਸਨ। ਇਸ ਸੰਸਥਾ ਦੀ ਅਗਵਾਈ ਪ੍ਰੋਫੈਸਰ ਜਗਮੋਹਨ ਸਿੰਘ ਜੋ ਸ਼ਹੀਦ ਭਗਤ ਸਿੰਘ ਦੇ ਭਾਣਜੇ ਅਤੇ ਬੀਬੀ ਅਮਰ ਕੌਰ ਦੇ ਸਪੁੱਤਰ ਹਨ, ਕਰਦੇ ਸਨ। ਇਨ੍ਹਾਂ ਵਿੱਚੋਂ ਵਧੇਰੇ ਖੱਬੀਆਂ ਪਾਰਟੀਆਂ ਦੀ ਲੋਕ ਪੱਖੀ ਸਿਆਸਤ ਨਾਲ ਜੁੜੇ ਹੋਏ ਸਨ। ਪ੍ਰੋਫੈਸਰ ਭਾਰਦਵਾਜ ਨਜ਼ਦੀਕ ਹੀ ਪੰਜਾਬੀ ਬਾਗ ਵਿਚ ਰਹਿੰਦੇ ਸਨ। ਉਨ੍ਹਾਂ ਨੂੰ ਮੇਰੇ ਆਉਣ ਦੀ ਖ਼ਬਰ ਮਿਲੀ ਤਾਂ ਉਹ ਆਪਣੀ ਪਤਨੀ ਸਲੋਚਨਾ ਨਾਲ ਸੈਰ ਕਰਦੇ ਹੋਏ ਮੈਨੂੰ ਮਿਲਣ ਲਈ ਆ ਗਏ ਅਤੇ ਅਸੀਂ ਗੱਲਾਬਾਤਾਂ ਵਿਚ ਰੁੱਝ ਗਏ। ਗੱਲਾਂ ਕਰਦਿਆਂ ਕਾਫ਼ੀ ਰਾਤ ਬੀਤ ਚੁੱਕੀ ਸੀ। ਕੋਈ ਗਿਆਰਾਂ ਵਜੇ ਦਾ ਸਮਾਂ ਹੋਵੇਗਾ ਕਿ ਅਚਾਨਕ ਪੁਲੀਸ ਦੀ ਰੇਡ ਪੈ ਗਈ ਅਤੇ 6-7 ਸਿਪਾਹੀ ਅਤੇ ਇਕ ਥਾਣੇਦਾਰ ਸਾਡੇ ਘਰ ਵਿਚ ਆਣ ਵੜੇ ਅਤੇ ਮੇਰੇ ਰੂਮ-ਮੇਟ ਗੋਬਿੰਦਰ ਮੋਹੀ ਬਾਰੇ ਪੁੱਛਗਿੱਛ ਕਰਨ ਲੱਗੇ। ਚੰਗਾ ਇਹ ਹੋਇਆ ਕਿ ਪ੍ਰੋਫੈਸਰ ਭਾਰਦਵਾਜ ਅਤੇ ਉਨ੍ਹਾਂ ਦੀ ਪਤਨੀ ਮੌਜੂਦ ਸਨ ਅਤੇ ਪੁਲਿਸ ਦੇ ਤੇਵਰ ਕੁਝ ਨਰਮ ਰਹੇ। ਸਾਨੂੰ ਉਸ ਸਮੇਂ ਹੀ ਪੁਲਿਸ ਕੋਲੋਂ ਪਤਾ ਲੱਗਾ ਕਿ ਬਿਜਲੀ ਬੋਰਡ ਦੀ ਯੂਨੀਅਨ ਦੀ ਚੋਣ ਹੋ ਰਹੀ ਹੈ। ਗੋਬਿੰਦਰ ਮੋਹੀ ਵੱਲੋ ਵਿਰੋਧੀ ਧਿਰ ਨਾਲ ਕੋਈ ਝਗੜਾ ਹੋਇਆ ਹੈ ਅਤੇ ਪੁਲਿਸ ਉਸ ਦੀ ਤਲਾਸ਼ ਵਿਚ ਆਈ ਹੈ। ਇਸ ਤੋਂ ਪਹਿਲਾ ਮੈਂ ਅਤੇ ਪ੍ਰੋਫੈਸਰ ਸਾਹਿਬ ਇਸ ਘਟਨਾ ਬਾਰੇ ਕੁਝ ਵੀ ਨਹੀਂ ਸਨ ਜਾਣਦੇ। ਪ੍ਰੋਫੈਸਰ ਦੇ ਯਕੀਨ ਦਿਵਾਉਣ ਉੱਤੇ ਕਿ ਗੋਬਿੰਦਰ ਮੋਹੀ ਨੂੰ ਕੱਲ੍ਹ ਪੁਲਿਸ ਸਟੇਸ਼ਨ ’ਚ ਪੇਸ਼ ਕਰ ਦੇਵਾਂਗੇ, ਪੁਲਿਸ ਵਾਲੇ ਵਾਪਸ ਚਲੇ ਗਏ। ਅਸੀਂ ਸੁੱਖ ਦਾ ਸਾਹ ਲਿਆ ਪਰ ਗੱਲ ਏਥੇ ਹੀ ਨਹੀਂ ਸੀ ਮੁੱਕੀ। ਅਜੇ ਮੈਂ ਆਪਣੇ ਮਿੱਤਰ ਪ੍ਰੋਫੈਸਰ ਜੋੜੇ ਨੂੰ ਰੁਖ਼ਸਤ ਕਰਨ ਲਈ ਬਾਹਰ ਆਇਆ ਹੀ ਸੀ ਕਿ ਇੰਨੇ ਨੂੰ ਪੁਲਿਸ ਵਾਲੇ ਫਿਰ ਆ ਗਏ ਅਤੇ ਉਹ ਮੈਨੂੰ ਨਾਲ ਲੈ ਕੇ ਜਾਣ ਦੀ ਅੜੀ ਕਰਨ ਲੱਗੇ। ਦਰਅਸਲ, ਗੋਬਿੰਦਰ ਦੀ ਵਿਰੋਧੀ ਧਿਰ ਦਾ ਸਿਆਸੀ ਜ਼ੋਰ ਲੱਗਾ ਹੋਇਆ ਸੀ ਕਿਉਂਕਿ ਉਸ ਦੇ ਮੁਕਾਬਲੇ ਵਿਚ ਖੜ੍ਹਾ ਅਕਾਲੀ ਦਲ ਦੇ ਸਾਬਕਾ ਮੈਂਬਰ ਪਾਰਲੀਮੈਂਟ ਦਾ ਭਰਾ ਸੀ। ਦੂਸਰਾ, ਪੁਲਿਸ ਵਾਲੇ ਸ਼ਰਾਬੀ ਹਾਲਤ ਵਿਚ ਸਨ। ਸੋ, ਸਾਡੀ ਉਨ੍ਹਾਂ ਨਾਲ ਬਹਿਸ ਸ਼ੁਰੂ ਹੋ ਗਈ। ਜਿਸ ਕਮਰੇ ਵਿਚ ਬਹਿਸਾ-ਬਹਿਸੀ ਚੱਲ ਰਹੀ ਸੀ, ਉਸ ਦੀ ਦੀਵਾਰ ’ਤੇ ਮਾਰਕਸ, ਲੈਨਿਨ ਅਤੇ ਸ਼ਹੀਦ ਭਗਤ ਸਿੰਘ ਦੀ ਤਸਵੀਰ ਵੀ ਅਸੀਂ ਲਗਾ ਰੱਖੀ ਸੀ। ਥਾਣੇਦਾਰ ਕਹਿਣ ਲੱਗਾ, ‘‘ਇਹ ਕੌਣ ਹਨ ਅਤੇ ਤੇਰੇ ਕੀ ਲੱਗਦੇ ਹਨ?’’ ਪ੍ਰੋਫੈਸਰ ਭਾਰਦਵਾਜ ਜੋ ਮੇਰੀ ਤਰਫ਼ਦਾਰੀ ਕਰ ਰਹੇ ਸਨ, ਨੇ ਉਲਟਾ ਥਾਣੇਦਾਰ ਨੂੰ ਪੁੱਛਿਆ ਕਿ ਤੂੰ ਕਿਨ੍ਹਾਂ ਦਾ ਮੁੰਡਾ ਏਂ?’’ ਉਸ ਨੇ ਰੋਹਬ ਨਾਲ ਉੱਤਰ ਦਿੱਤਾ, ‘‘ਜੱਟਾਂ ਦਾ।’’ ਪ੍ਰੋਫੈਸਰ ਭਾਰਦਵਾਜ ਨੇ ਕਿਹਾ ਕਿ ਫਿਰ ਤਾਂ ਤੂੰ ਇਨ੍ਹਾਂ ਸਾਰਿਆਂ ਨੂੰ ਜਾਣਦਾ ਹੀ ਹੋਵੇਂਗਾ ਪਰ ਇਕ ਪੁਲਿਸ ਦੀ ਵਰਦੀ ਦਾ ਰੋਹਬ ਅਤੇ ਦਬਦਬਾ, ਦੂਸਰਾ ਸ਼ਰਾਬ ਦਾ ਸਰੂਰ ਅਤੇ ਉੱਪਰ ਤੋਂ ਸਿਆਸੀ ਸ਼ਹਿ ਕਾਰਨ ਸਾਡੀ ਕੋਈ ਦਲੀਲ ਕੰਮ ਨਾ ਆਈ। ਆਖ਼ਰ ਮੈਂ ਪੁਲਿਸ ਨਾਲ ਜਾਣ ਲਈ ਤਿਆਰ ਹੋ ਗਿਆ ਜਾਂ ਕਹਿ ਲਵੋ ਮਜਬੂਰ ਹੋ ਗਿਆ। ਉਹ ਮੈਨੂੰ ਮੋਟਰਸਾਈਕਲ ਦੇ ਵਿਚਕਾਰ ਬਿਠਾ ਕੇ ਮੁਲਜ਼ਮ ਬਣਾ ਕੇ ਸਿਵਲ ਲਾਈਨ ਪੁਲਿਸ ਸਟੇਸ਼ਨ ਲੈ ਗਏ।
ਥਾਣੇ ਵਿਚ ਉਸ ਰਾਤ ਹੋਰ ਵੀ ਮੇਰੀ ਉਮਰ ਦੇ 8-10 ਲੜਕੇ ਫੜ ਕੇ ਲਿਆਂਦੇ ਹੋਏ ਸਨ ਅਤੇ ਸਾਰੇ ਹੀ ਵਰਾਂਡੇ ਵਿਚ ਬਿਠਾਏ ਹੋਏ ਸਨ। ਉਨ੍ਹਾਂ ਕੋਲੋਂ ਪਤਾ ਲੱਗਾ ਕਿ ਉਹ ਮੋਦੀ ਕਾਲਜ ਦੇ ਵਿਦਿਆਰਥੀ ਹਨ ਤੇ ਮੁੰਡਿਆਂ ਦਾ ਕੋਈ ਆਪਸੀ ਝਗੜਾ ਹੋਇਆ ਹੈ। ਪਰ ਮੈਨੂੰ ਉਮੀਦ ਸੀ ਕਿ ਮੇਰੇ ਪਿੱਛੇ ਪ੍ਰੋਫੈਸਰ ਭਾਰਦਵਾਜ ਕੁਝ ਹੋਰ ਸੱਜਣਾਂ ਨੂੰ ਲੈ ਕੇ ਪਹੁੰਚਣਗੇ ਅਤੇ ਮੇਰੀ ਖਲਾਸੀ ਹੋ ਜਾਵੇਗੀ। ਮੈਂ ਬਾਕੀ ਬਚੀ ਸਾਰੀ ਰਾਤ ਇਸ ਉਮੀਦ ਵਿੱਚ ਜਾਗਦਾ ਹੀ ਰਿਹਾ ਪਰ ਅਜਿਹਾ ਕੁਝ ਵੀ ਨਾ ਵਾਪਰਿਆ। ਪ੍ਰੋਫੈਸਰ ਸਾਹਿਬ ਘਰ ਜਾ ਕੇ ਸੌਂ ਗਏ। ਉਨ੍ਹਾਂ ਸੋਚਿਆ ਹੋਵੇਗਾ ਕਿ ਹੁਣ ਸਵੇਰੇ ਵੇਖਾਂਗੇ। ਇਕ ਹੋਰ ਵਰਤਾਰਾ ਇਹ ਹੋਇਆ ਕਿ ਪੁਲਿਸ ਪਾਰਟੀ ਨਾਲ ਗਿਆ ਇਕ ਹੌਲਦਾਰ ਮੇਰੇ ’ਤੇ ਮਿਹਰਬਾਨ ਹੋਇਆ ਕਿਉਂਕਿ ਪ੍ਰੋਫੈਸਰ ਭਾਰਦਵਾਜ ਨਾਲ ਹੋਈ ਬਹਿਸ ਵਿਚ ਉਹ ਜਾਣ ਗਿਆ ਸੀ ਕਿ ਮੇਰਾ ਕੋਈ ਕਸੂਰ ਨਹੀਂ ਅਤੇ ਮੈਂ ਥਾਪਰ ਦਾ ਪੜ੍ਹਿਆ ਅਤੇ ਠੀਕ-ਠਾਕ ਨੌਕਰੀ ’ਤੇ ਹਾਂ। ਉਹ ਮੈਨੂੰ ਵਰਾਂਡੇ ਵਿੱਚੋਂ ਬੁਲਾ ਕੇ ਆਪਣੀ ਨਾਲ ਲੱਗਦੀ ਬੈਰਕ ਵਿਚ ਲੈ ਗਿਆ ਜਿੱਥੇ ਪੁਲਿਸ ਮੁਲਾਜ਼ਮਾਂ ਦੇ ਆਰਾਮ ਕਰਨ ਲਈ ਬਿਸਤਰੇ ਲੱਗੇ ਹੋਏ ਸਨ। ਉਸ ਨੇ ਮੈਨੂੰ ਆਪਣਾ ਬਿਸਤਰਾ ਦੇ ਦਿੱਤਾ ਅਤੇ ਆਪ ਕਿਸੇ ਹੋਰ ਮੰਜੇ ’ਤੇ ਜਾ ਪਿਆ। ਉਸ ਹੌਲਦਾਰ ਦਾ ਵਤੀਰਾ ਪੁਲਿਸ ਦੇ ਆਮ ਕਿਰਦਾਰ ਤੋਂ ਬਿਲਕੁਲ ਹੀ ਵੱਖਰੀ ਕਿਸਮ ਦਾ ਸੀ। ਉਸ ਨੇ ਸਵੇਰੇ ਸਵਖਤੇ ਮੈਨੂੰ ਤੋਲੀਆ ਅਤੇ ਸਾਬਣ ਵੀ ਦਿੱਤਾ ਅਤੇ ਬੈਰਕ ਦੇ ਗੁਸਲਖਾਨੇ ਵਿਚ ਜਾ ਕੇ ਨਹਾਉਣ ਦੀ ਸੁਵਿਧਾ ਵੀ ਦਿੱਤੀ। ਜਦ ਮੈਂ ਬਾਥਰੂਮ ਵਿਚ ਨਹਾ ਰਿਹਾ ਸੀ ਤਾਂ ਪਹਿਰੇ ਦੀ ਡਿਊਟੀ ਵਾਲਾ ਸੰਤਰੀ ਬਾਹਰ ਚੀਕਦਾ ਹੋਇਆ ਗਾਲ੍ਹ ਕੱਢ ਕੇ ਬੋਲਿਆ, ‘‘ਬਾਹਰ ਆ, ਤੈਨੂੰ ਦੇਨਾ ਲੂਣ! ਇਹ ਥਾਣਾ ਹੈ, ਤੂੰ ਨਾਨਕੇ ਨਹੀਂ ਆਇਆ ਕਿ ਮਜ਼ੇ ਨਾਲ ਨਹਾਉਣ ਲੱਗਾ ਏਂ।’’ ਦਿਆਲੂ ਹੌਲਦਾਰ ਨੇ ਉਸ ਨੂੰ ਸ਼ਾਂਤ ਕੀਤਾ ਅਤੇ ਆਪਣੀ ਜ਼ਿੰਮੇਵਾਰੀ ਲਈ। ਇਸ ਦਾ ਅਸਰ ਇਹ ਜ਼ਰੂਰ ਹੋਇਆ ਕਿ ਮੈਨੂੰ ਬੈਰਕ ਵਿਚ ਜਾਣ ਤੋਂ ਰੋਕ ਦਿੱਤਾ ਗਿਆ ਅਤੇ ਥਾਣੇ ਦੇ ਅਹਾਤੇ ਵਿਚ ਬਾਕੀ ਲੜਕਿਆਂ ਦੇ ਨਾਲ ਬੈਠਣ ਲਈ ਭੇਜ ਦਿੱਤਾ।
ਥੋੜ੍ਹੀ ਦੇਰ ਬਾਅਦ ਹਿੱਲਜੁੱਲ ਸ਼ੁਰੂ ਹੋ ਗਈ ਅਤੇ ਸਾਨੂੰ ਸਾਰਿਆਂ ਨੂੰ ਵਿਹੜੇ ਵਿਚ ਇਕ ਕਤਾਰ ਵਿਚ ਖੜ੍ਹਾ ਕਰ ਲਿਆ ਗਿਆ ਅਤੇ ਵੱਡਾ ਥਾਣੇਦਾਰ ਐੱਸਐੱਚਓ ਆ ਗਿਆ ਜੋ ਸਫੈਦ ਦਾਹੜੀ ਵਾਲਾ ਰੋਹਬਦਾਰ ਆਦਮੀ ਲੱਗਦਾ ਸੀ। ਜੇ ਮੈਂ ਭੁੱਲਦਾ ਨਹੀਂ ਤਾਂ ਉਸ ਦਾ ਨਾਂ ਸੁਖਦੇਵ ਸਿੰਘ ਸੀ। ਉਹ ਦੋ ਸਿਪਾਹੀਆ ਨੂੰ ਨਾਲ ਲੈ ਕੇ ਇਕ ਸਿਰੇ ਤੋਂ ਸਭ ਨੂੰ ਦੋ-ਦੋ ਥੱਪੜ ਰਸੀਦ ਕਰਦਾ ਮੇਰੇ ਤੀਕ ਪਹੁੰਚ ਗਿਆ। ਉਸ ਨੇ ਸਿਪਾਹੀ ਨੂੰ ਪੁੱਛਿਆ ਕਿ ਇਸ ਨੂੰ ਕਿਸ ਕੇਸ ਵਿਚ ਲਿਆਂਦਾ ਗਿਆ ਹੈ ਤਾਂ ਸਿਪਾਹੀ ਨੇ ਤੁਰੰਤ ਕਿਹਾ ਕਿ ਕੁੜੀਆਂ ਨੂੰ ਛੇੜਨ ਦੇ ਕੇਸ ਵਿਚ। ਇਹ ਮੇਰੇ ਲਈ ਹੋਰ ਵੀ ਜ਼ਿੱਲਤ ਅਤੇ ਨਮੋਸ਼ੀ ਦਾ ਮਾਮਲਾ ਸੀ। ਮੈਂ ਇਸ ਬਾਰੇ ਕੁਝ ਬੋਲਦਾ, ਐੱਸਐੱਚਓ ਨੇ ਮੇਰੇ ਮੂੰਹ ’ਤੇ ਜ਼ੋਰਦਾਰ ਥੱਪੜ ਜੜ ਦਿੱਤਾ। ਮੇਰੀ ਪਗੜੀ ਸਿਰੋਂ ਲਹਿ ਕੇ ਹੇਠਾਂ ਡਿੱਗ ਪਈ। ਮੈਂ ਝੂਠੇ ਇਲਜ਼ਾਮ ਦੀ ਨਮੋਸ਼ੀ ਅਤੇ ਜੜੇ ਗਏ ਥੱਪੜ ਦੀ ਪੀੜ ਵਿਚ ਕੁਰਲਾ ਉੱਠਿਆ। ਪੱਗ ਹੇਠਾਂ ਤੋਂ ਚੁੱਕੀ ਤੇ ਸਾਹਮਣੇ ਵੇਖਿਆ, ‘‘ਪ੍ਰੋਫੈਸਰ ਭਾਰਦਵਾਜ ਨਾਸ਼ਤੇ ਦਾ ਟਿਫਨ ਫੜੀ ਖੜੇ ਸਨ ਪਰ ਮੈਨੂੰ ਨਾਸ਼ਤਾ ਕਿੱਥੋਂ ਸੁੱਝਦਾ ਸੀ। ਪ੍ਰੋਫੈਸਰ ਨੇ ਥੱਪੜ ਵਾਲਾ ਦ੍ਰਿਸ਼ ਵੀ ਵੇਖ ਲਿਆ ਸੀ। ਉੱਪਰੋਂ ਮੈਨੂੰ ਪ੍ਰੋਫੈਸਰ ’ਤੇ ਗੁੱਸਾ ਸੀ ਕਿ ਉਹ ਘਰ ਜਾ ਕੇ ਕਿਉਂ ਸੌਂ ਗਿਆ ਸੀ? ਉਸ ਨੂੰ ਰਾਤ ਨੂੰ ਹੀ ਮੇਰੀ ਖਲਾਸੀ ਦੇ ਯਤਨ ਕਰਨੇ ਚਾਹੀਦੇ ਸਨ। ਉਹ ਕਾਮਰੇਡ ਬਲਵੰਤ ਸਿੰਘ ਰਾਜਪੁਰਾ ਐੱਮਐੱਲਏ ਨੂੰ ਜਾਣਦਾ ਸੀ ਤਾਂ ਵੀ ਮੈਨੂੰ ਇਹ ਜ਼ਿੱਲਤ ਝੱਲਣੀ ਪਈ ਸੀ। ਉਹ ਜਲਦੀ ਨਾਲ ਵੱਡੇ ਥਾਣੇਦਾਰ ਦੇ ਪਿੱਛੇ ਉਸ ਦੇ ਕਮਰੇ ਵਿਚ ਜਾ ਕੇ ਮੇਰੀ ਸ਼ਾਹਦੀ ਭਰਦਾ ਹੋਇਆ ਸਿਫ਼ਾਰਸ਼ ਕਰ ਰਿਹਾ ਸੀ। ਏਨੇ ਨੂੰ ਇਕ ਸਿਪਾਹੀ ਮੈਨੂੰ ਬੁਲਾਉਣ ਆ ਗਿਆ ਕਿ ਤੈਨੂੰ ਐੱਸਐੱਚਓ ਸਾਹਵੇਂ ਪੇਸ਼ ਕਰਨਾ ਹੈ। ਅਜਿਹੇ ਹਾਲਾਤ ਵਿਚ ਲੱਗਦਾ ਹੁੰਦਾ ਹੈ ਕਿ ਤੁਸੀਂ ਕੋਈ ਇੱਜ਼ਤਦਾਰ ਸ਼ਹਿਰੀ ਨਾ ਹੋ ਕੇ ਇਕ ਦੋਸ਼ੀ ਮੁਜਰਮ ਹੋ।
ਅਜੇ ਮੈਨੂੰ ਲੈ ਕੇ ਸਿਪਾਹੀ ਐੱਸਐੱਚਓ ਦੇ ਕਮਰੇ ਵਿਚ ਪਹੁੰਚਿਆ ਹੀ ਸੀ ਕਿ ਫਿਰ ਹਲਚਲ ਹੋਈ। ਬਾਹਰ ਇਕ ਜੀਪ ਆਣ ਖੜ੍ਹੀ ਹੋਈ ਜਿਸ ਦੇ ਮੂਹਰੇ ਦੀ ਸੀਟ ’ਤੇ ਡੀਐੱਸਪੀ ਦੀ ਵਰਦੀ ਵਾਲਾ ਅਫ਼ਸਰ ਸੀ ਅਤੇ ਪਿਛਲੇ ਪਾਸਿਓਂ ਗੋਬਿੰਦਰ ਮੋਹੀ ਨਿਕਲਿਆ। ਮੈਨੂੰ ਇਉਂ ਪ੍ਰਤੀਤ ਹੋਇਆ ਕਿ ਪੁਲਿਸ ਗੋਬਿੰਦਰ ਨੂੰ ਵੀ ਫੜ ਲਿਆਈ ਹੈ ਅਤੇ ਮੈਂ ਡਰਿਆ ਹੋਇਆ ਸੀ ਕਿ ਇਹ ਸਾਡੇ ’ਤੇ ਕੋਈ ਵੀ ਨਾਜਾਇਜ਼ ਪਰਚਾ ਪਾ ਦੇਣਗੇ। ਕੁੜੀਆਂ ਛੇੜਨ ਵਾਲੇ ਝੂਠੇ ਇਲਜ਼ਾਮ ਦਾ ਹੁਣੇ ਹੀ ਸਾਹਮਣਾ ਕਰ ਕੇ ਹਟਿਆ ਸੀ ਪਰ ਗੱਲ ਕੁਝ ਹੋਰ ਨਿਕਲੀ। ਜਦ ਸਵੇਰੇ ਤੜਕੇ ਕਿਸੇ ਨੇ ਗੋਬਿੰਦਰ ਮੋਹੀ ਨੂੰ ਮੇਰੇ ਫੜੇ ਜਾਣ ਦੀ ਖ਼ਬਰ ਦਿੱਤੀ ਤਾਂ ਉਹ ਭੱਜਾ-ਭੱਜਾ ਡੀਐੱਸਪੀ ਲਾਲ ਸਿੰਘ ਕੋਲ ਪਹੁੰਚਿਆ ਜੋ ਬੀਬੀ ਭੱਠਲ ਦਾ ਰਿਸ਼ਤੇਦਾਰ ਸੀ ਤੇ ਬੀਬੀ ਨੇ ਹੀ ਉਸ ਨੂੰ ਪਟਿਆਲਾ ਲਗਾਇਆ ਹੋਇਆ ਸੀ। ਉਸ ਨੂੰ ਸਾਰੀ ਗੱਲ ਦੱਸੀ। ਸਿਵਲ ਲਾਈਨ ਥਾਣਾ ਵੀ ਉਸ ਦੇ ਹੀ ਤਹਿਤ ਆਉਂਦਾ ਸੀ। ਇਕ ਮਿੰਟ ਵਿਚ ਸਾਰੀ ਤਸਵੀਰ ਬਦਲ ਗਈ। ਐੱਸਐੱਚਓ ਦੇ ਸਾਹਮਣੇ ਸਾਨੂੰ ਕੁਰਸੀ ’ਤੇ ਬਿਠਾਇਆ ਗਿਆ। ਡੀਐੱਸਪੀ ਲਾਲ ਸਿੰਘ ਨੇ ਥਾਣਾ ਮੁਖੀ ਨੂੰ ਤਾੜਨਾ ਕਰਦੇ ਹੋਏ ਕਿਹਾ ਕਿ ਇਨ੍ਹਾਂ ਦੀ ਇਲੈਕਸ਼ਨ ਹੈ ਅਤੇ ਇਹੋ ਜਿਹਾ ਸਭ ਕੁਝ ਅਜਿਹੇ ਮਾਹੌਲ ਵਿੱਚ ਹੁੰਦਾ ਹੈ। ਅੱਜ ਤੋਂ ਬਾਅਦ ਜੇਕਰ ਕੋਈ ਵੀ ਘਟਨਾ ਹੋਵੇ ਇੱਥੋਂ ਤੀਕ ਜੇ ਕਤਲ ਵੀ ਹੋ ਜਾਵੇ ਤਾਂ ਮੈਨੂੰ ਪੁੱਛੇ ਬਿਨਾਂ ਇਨ੍ਹਾਂ ਮੁੰਡਿਆਂ ਨੂੰ ਹੱਥ ਨਹੀਂ ਲਾਉਣਾ। ਪ੍ਰੋਫੈਸਰ ਭਾਰਦਵਾਜ ਜਿਨ੍ਹਾਂ ਨੇ ਥੱਪੜ ਵਾਲਾ ਮੰਜ਼ਰ ਵੇਖਿਆ ਸੀ, ਵੀ ਸ਼ੇਰ ਬਣ ਗਏ ਅਤੇ ਕਹਿਣ ਲੱਗੇ ਕਿ ਸਾਡੇ ਮੁੰਡੇ ’ਤੇ ਝੂਠਾ ਇਲਜ਼ਾਮ ਲਾ ਕੇ ਕੁੱਟਿਆ ਗਿਆ ਹੈ। ਐੱਸਐੱਚਓ ਮਾਫ਼ੀ ਮੰਗੇ। ਉਸ ਨੇ ਗ਼ਲਤੀ ਸਵੀਕਾਰ ਕਰ ਲਈ ਅਤੇ ਅਸੀਂ ਜੇਤੂ ਅੰਦਾਜ਼ ਵਿਚ ਡੀਐੱਸਪੀ ਦੀ ਜੀਪ ਵਿਚ ਬਹਿ ਕੇ ਥਾਣਿਓਂ ਬਾਹਰ ਨਿਕਲੇ। ਗੋਬਿੰਦਰ ਮੋਹੀ ਦੀ ਧਿਰ ਉਹ ਇਲੈਕਸ਼ਨ ਸ਼ਾਨੋ-ਸ਼ੋਕਤ ਨਾਲ ਜਿੱਤ ਗਈ ਅਤੇ ਉਹ ਲੰਬਾ ਸਮਾਂ ਮੈਨੂੰ ਆਪਣੀ ਯੂਨੀਅਨ ਦਾ ਫਰੀਡਮ ਫਾਈਟਰ ਕਹਿੰਦਾ ਰਿਹਾ।
-ਹਰਜੀਤ ਸਿੰਘ ਗਿੱਲ
-ਮੋਬਾਈਲ : 647-542-0007 (ਕੈਨੇਡਾ) +919888945127 (ਭਾਰਤ)।