ਮੇਰੇ ਪ੍ਰਦੀਪ ਕਹਿਣ ਦੀ ਦੇਰ ਸੀ ਕਿ ਉਨ੍ਹਾਂ ਦੇ ਸਾਰੇ ਸਰੀਰ ਵਿਚ ਅਜੀਬ ਜਿਹੀ ਹਰਕਤ ਆ ਗਈ। ਉਨ੍ਹਾਂ ਮੇਰੇ ਹੱਥਾਂ ਨੂੰ ਆਪਣੇ ਕਮਜ਼ੋਰ ਪਰ ਕੂਲੇ-ਕੂਲੇ ਹੱਥਾਂ ਵਿਚ ਲੈ ਕੇ ਜ਼ੋਰ ਨਾਲ ਘੁੱਟਿਆ ਅਤੇ ਫੇਰ ਦੋਂਵੇ ਕੂਲੇ-ਕੂਲੇ ਰੂੰ ਵਰਗੇ ਹੱਥ ਮੇਰੇ ਮੂੰਹ 'ਤੇ ਫੇਰਦਿਆਂ ਕੰਬਦੀ ਆਵਾਜ਼ ਵਿਚ ਬੋਲੇ, ‘ਹਾਂ!

'ਗੁੱਡ ਮਾਰਨਿੰਗ ਸਰ!' ਪੰਜਾਬੀ ਵਾਲੇ ਮਾਸਟਰ ਜੀ ਦੇ ਕਲਾਸ ਵਿਚ ਆਉਂਦਿਆਂ ਹੀ ਸਾਰੀ ਦੀ ਸਾਰੀ ਕਲਾਸ, ਖੜ੍ਹੀ ਹੋਣ ਸਾਰ ਇਕੋ ਸਾਹੇ ਪੂਰੇ ਤਾਣ ਨਾਲ ਬੋਲੀ। ਗੁੱਡ ਮੌਰਨਿੰਗ, ਗੁੱਡ ਮੌਰਨਿੰਗ, ਕਹਿੰਦਿਆਂ ਹੀ ਮਾਸਟਰ ਜੀ ਨੇ ਸਾਰਿਆਂ ਨੂੰ ਹੱਥ ਨਾਲ ਬੈਠਣ ਦਾ ਇਸ਼ਾਰਾ ਕੀਤਾ ਅਤੇ ਕੁਰਸੀ 'ਤੇ ਬੈਠਣ ਲਈ ਆਹੁਲੇ, ਪਰ ਕੁਰਸੀ ਦੀਆਂ ਚੂਲਾਂ ਢਿੱਲੀਆਂ ਹੋਣ ਕਾਰਨ ਮਾਸਟਰ ਜੀ ਨੂੰ ਲੱਗਾ ਕਿ ਸ਼ਾਇਦ ਕਿਤੇ ਕੁਰਸੀ ਟੁੱਟ ਹੀ ਨਾ ਜਾਵੇ।
'ਵੇਖ ਕੇ ਕੋਈ ਚੰਗੀ ਜਿਹੀ ਕੁਰਸੀ ਲੈ ਕੇ ਆਓ...’ ਕਿਹਾ ਤਾਂ ਮਾਸਟਰ ਜੀ ਨੇ ਬਿਨਾਂ ਕਿਸੇ ਦਾ ਨਾਂ ਲਏ ਹੀ ਸੀ, ਪਰ ਕਲਾਸ ਦਾ ਮਨੀਟਰ ਹੋਣ ਕਰਕੇ ਮੈਂ ਭੱਜ ਕੇ ਕੁਰਸੀ ਲੈਣ ਚਲਾ ਗਿਆ। ਪਰ ਕੁਰਸੀ ਮਿਲੂ ਕਿਥੋਂ ? ਇਹ ਤਾਂ ਮੈਨੂੰ ਪਤਾ ਹੀ ਨਹੀਂ ਸੀ। ਇਸ ਕਰਕੇ ਸਕੂਲ ਦੀ ਸਾਰੀ ਬਿਲਡਿੰਗ ਦੇ ਕਮਰਿਆਂ ਵਿਚ ਝਾਤੀ ਮਾਰਦਾ, ਮੈਂ ਕੁਰਸੀ ਭਾਲਦਾ ਜਾ ਰਿਹਾ ਸੀ ਕਿ ਹਿਸਾਬ ਵਾਲੇ ਮਾਸਟਰ ਜੀ ਦੀ ਆਵਾਜ਼ ਆਈ। ‘ਕਿੱਧਰ ਮੂੰਹ ਚੱਕਿਆ ਉਏ ਸਵੇਰੇ-ਸਵੇਰੇ... ਕਲਾਸ ਕਿਉਂ ਨਹੀਂ ਲਾਈ, ਕੀਹਦਾ ਪੀਰੀਅਡ ਐ ?’ ਉਹ ਬੋਰਡ 'ਤੇ ਪੜ੍ਹਾਉਂਦੇ- ਪੜ੍ਹਾਉਂਦੇ, ਕਲਾਸ ਵਿਚੋਂ ਬਾਹਰ ਆ ਗਏ ਅਤੇ ਇਕ ਵਾਰ ਵਿਚ ਹੀ ਮੇਰੇ 'ਤੇ ਸਵਾਲਾਂ ਦੀ ਬੁਛਾੜ ਕਰ ਦਿੱਤੀ ।
'ਜੀ, ਪੰਜਾਬੀ ਵਾਲੇ ਸਰਾਂ ਨੇ ਕੁਰਸੀ ਮੰਗਾਈ ਐ ਜੀ, ਉਹੀ ਲੈਣ ਚੱਲਿਆਂ’, ਮੈਂ ਡਰਦੇ-ਡਰਦੇ ਨੇ ਕਿਹਾ। 'ਚੰਗਾ, ਚੰਗਾ, ਲੈ ਜਾਈਂ ਕੁਰਸੀ ਵੀ, ਪਹਿਲਾਂ ਮੈਨੂੰ ਦੋ-ਤਿੰਨ ਚਾਕ ਲਿਆ ਕੇ ਦੇ ਜਾ'। ਕਹਿ ਕੇ ਉਹ ਕਲਾਸ ਵਿਚ ਚਲੇ ਗਏ ਅਤੇ 'ਚੰਗਾ ਜੀ,' ਕਹਿ ਕੇ ਮੈਂ ਚਾਕ ਲੈਣ ਲਈ ਸਟਾਫ-ਰੂਮ ਵੱਲ ਨੂੰ ਹੋ ਤੁਰਿਆ। ਸਟਾਫ-ਰੂਮ ਵਿਚ 3-4 ਭੈਣਜੀਆਂ ਵਿਚਾਲੇ ਮੇਜ਼ ਰੱਖੀ, ਰੋਟੀ ਖਾ ਰਹੀਆਂ ਸਨ ਅਤੇ ਉਨ੍ਹਾਂ ਮੈਨੂੰ ਸਟਾਫ-ਰੂਮ ਵਿਚ ਆਇਆ ਦੇਖ ਕੇ ਪਾਣੀ ਵਾਲਾ ਜੱਗ ਧੋ ਕੇ ਭਰ ਕੇ ਲਿਆਉਣ ਅਤੇ ਦੋ-ਤਿੰਨ ਗਲਾਸ ਲਿਆਉਣ ਲਈ ਕਿਹਾ। ਮੈਂ ਪਾਣੀ ਵਾਲਾ ਜੱਗ ਚੁੱਕਿਆ ਅਤੇ ਬਾਹਰ ਨਲਕੇ ਤੋਂ ਪਾਣੀ ਭਰਨ ਚਲਾ ਗਿਆ, ਪਰ ਆ ਕੇ ਦੇਖਿਆ ਤਾਂ ਪਾਣੀ ਪਿਆਉਣ ਲਈ ਕਿਸੇ ਵੀ ਪਾਸੇ ਕੋਈ ਵੀ ਗਲਾਸ ਨਾ ਲੱਭਾ। 'ਭੈਣ ਜੀ, ਗਲਾਸ ਤਾਂ ਹੈ ਨਹੀਂ ਜੀ' ਪਾਣੀ ਦਾ ਭਰਿਆ ਜੱਗ ਭੈਣਜੀਆਂ ਕੋਲੇ ਰੱਖਦਿਆਂ, ਮੈਂ ਕਹਿ ਕੇ ਮੁੜਨਾ ਚਾਹਿਆ ਹੀ ਸੀ ਕਿ ਸਾਇੰਸ ਵਾਲੇ ਭੈਣ ਜੀ ਕਹਿੰਦੇ, 'ਬੇਟਾ, ਕੱਲ੍ਹ ਪ੍ਰਿੰਸੀਪਲ ਸਰ ਦੀ ਮੀਟਿੰਗ ਸੀ, ਮੈਨੂੰ ਲੱਗਦਾ ਸਾਰੇ ਗਲਾਸ ਉੱਥੇ ਮੰਗਵਾ ਲਏ ਸੀ... ਭੱਜ ਕੇ ਦਫ਼ਤਰ 'ਚੋਂ ਗਲਾਸ ਲਿਆ ਕੇ, ਸਾਨੂੰ ਸਾਰਿਆਂ ਨੂੰ ਪਾਣੀ ਪਿਆ ਕੇ ਜਾਵੀਂ।’ ਪਹਿਲਾਂ ਤਾਂ ਮੈਨੂੰ ਲੱਗਾ ਕਿ ਭੈਣ ਜੀ ਨੂੰ ਦੱਸ ਦੇਵਾਂ ਕਿ ਮੈਂ ਤਾਂ ਕੁਰਸੀ ਲੈਣ ਆਇਆ ਸੀ ਅਤੇ ਨਾਲੇ ਹਿਸਾਬ ਵਾਲੇ ਸਰ ਨੂੰ ਚਾਕ ਵੀ ਦੇ ਕੇ ਜਾਣੇ ਨੇ, ਫਿਰ ਸੋਚਿਆ ਭੈਣ ਜੀ ਕਿਤੇ ਗੁੱਸਾ ਹੀ ਨਾ ਕਰ ਜਾਣ, ਭੱਜ ਕੇ ਦਫ਼ਤਰ ਵਿਚ ਗਲਾਸ ਲੈਣ ਚਲਾ ਗਿਆ, ਪਰ ਉੱਥੇ ਵੀ ਇਕ ਹੀ ਗਲਾਸ ਮਿਲਿਆ। ਵਾਰ-ਵਾਰ ਉਸੇ ਇੱਕੋ ਗਲਾਸ ਨੂੰ ਧੋ-ਧੋ ਕੇ, ਸਾਰੀਆਂ ਮੈਡਮਾਂ ਨੂੰ ਪਾਣੀ ਪਿਆਉਣ ਤੋਂ ਬਾਅਦ ਸਟੂਲ 'ਤੇ ਗਲਾਸ ਰੱਖਣ ਲੱਗਿਆ ਤਾਂ ਕਾਹਲੀ ਵਿਚ ਥੱਲੇ ਡਿੱਗ ਕੇ ਗਲਾਸ ਟੁੱਟ ਗਿਆ। 'ਹੁਣ ਧਿਆਨ ਨਾਲ ਕੱਚ ਚੁੱਕੀਂ' ਇਕ ਮੈਡਮ ਦੀ ਆਵਾਜ਼ ਕੰਨੀ ਪਈ। ਕਾਹਲੀ-ਕਾਹਲੀ ਵਿਚ ਫਰਸ਼ ਤੋਂ ਕੱਚ ਚੁੱਕਦੇ ਦੇ ਇਕ ਕੱਚ ਦਾ ਟੋਟਾ ਸੱਜੇ ਹੱਥ ਦੀ ਉਂਗਲ ਦੇ ਪੋਟੇ ਵਿਚ ਚੁੱਭ ਗਿਆ ਅਤੇ ਉਂਗਲ ਵਿਚੋਂ ਖ਼ੂਨ ਦੀ ਤਤੀਰੀ ਵਹਿ ਤੁਰੀ। ਮੈਨੂੰ ਪਤਾ ਨਹੀਂ ਸੀ ਲੱਗ ਰਿਹਾ ਕਿ ਆਖ਼ਰ ਹੋ ਕੀ ਰਿਹਾ ਹੈ? ਹਿੰਦੀ ਵਾਲੇ ਭੈਣ ਜੀ ਨੇ ਇਕ ਮੈਲੀ ਜਿਹੀ ਲੀਰ ਮੇਰੀ ਉਂਗਲ 'ਤੇ ਲਪੇਟ ਦਿੱਤੀ ਅਤੇ ਮੈਂ ਕਾਹਲੀ ਨਾਲ ਤਿੰਨ-ਚਾਰ ਚਾਕ ਜੇਬ ਵਿਚ ਪਾਏ ਅਤੇ ਕੁਰਸੀ ਸਿਰ 'ਤੇ ਧਰ ਕੇ ਹਿਸਾਬ ਵਾਲੀ ਕਲਾਸ ਵਾਲੇ ਪਾਸਿਓਂ ਆਪਣੀ ਕਲਾਸ ਵੱਲ ਨੂੰ ਹੋ ਤੁਰਿਆ। ਹਿਸਾਬ ਵਾਲੇ ਮਾਸਟਰ ਜੀ ਨੂੰ ਚਾਕ ਫੜਾ ਕੇ ਜਦੋਂ ਨੂੰ ਮੈਂ ਆਪਣੀ ਕਲਾਸ ਵਿਚ ਪਹੁੰਚਿਆ ਤਾਂ ਲਗਪਗ ਅੱਧਾ ਪੀਰੀਅਡ ਬੀਤ ਚੁੱਕਾ ਸੀ।
'ਕੁਰਸੀ ਲੈਣ ਜਲੰਧਰ ਚਲਾ ਗਿਆ ਸੀ ਕਿ ...ਕਿ ਕੁਰਸੀ ਆਪ ਬਣਾਉਣ ਲੱਗ ਗਿਆ ਸੀ', ਕੁਰੱਖਤ ਜਿਹੀ ਗੁੱਸੇ ਭਰੀ ਆਵਾਜ਼ ਵਿਚ ਬੋਲਦੇ ਹੀ ਮਾਸਟਰ ਜੀ ਨੇ ਮੇਰੇ ਕੰਨ ’ਤੇ ਚਪੇੜ ਜੜ ਦਿੱਤੀ। ਇਸ ਤੋਂ ਪਹਿਲਾਂ ਕਿ ਇਕ ਹੋਰ ਕੰਨ 'ਤੇ ਪਵੇ, ਮੈਂ ਸਿਰ 'ਤੇ ਦੋਂਵੇ ਹੱਥ ਧਰ ਕੇ ਥਾਂਏ ਬੈਠ ਗਿਆ ਅਤੇ ਮੇਰੀ ਉਂਗਲ ਤੋਂ ਲੀਰ ਲਹਿ ਜਾਣ ਕਰਕੇ ਉਂਗਲ ਵਿਚੋਂ ਫਿਰ ਖ਼ੂਨ ਵਹਿਣਾ ਸ਼ੁਰੂ ਹੋ ਗਿਆ ਸੀ। ਪਰ ਅਗਲੀ ਚਪੇੜ ਪੈਣ ਦੀ ਥਾਂ ਮੈਨੂੰ ਲੱਗਾ ਜਿਵੇਂ ਕਿਸੇ ਨੇ ਮੇਰੇ ਹੱਥ ਨੂੰ ਫੜ੍ਹ ਕੇ ਕੁਝ ਲਪੇਟਣਾ ਸ਼ੁਰੂ ਕਰ ਦਿੱਤਾ ਹੋਵੇ। ਮੈਂ ਡਰਦੇ-ਡਰਦੇ ਨੇ ਸਿਰ ਉੱਪਰ ਚੁੱਕ ਕੇ ਦੇਖਿਆ, ਮਾਸਟਰ ਜੀ ਮੇਰੀ ਉਂਗਲ 'ਤੇ ਆਪਣਾ ਰੁਮਾਲ ਲਪੇਟ ਰਹੇ ਸਨ। ਉਨ੍ਹਾਂ ਮੈਨੂੰ ਮੋਢੇ ਤੋਂ ਫੜ ਕੇ ਉਠਾਉਂਦਿਆ ਪੁੱਛਿਆ, 'ਆਹ ਸੱਟ ਕਿਵੇਂ ਲੱਗੀ ?' ਕਹਿੰਦਿਆਂ ਹੀ ਉਨ੍ਹਾਂ ਦੀ ਨਿਗ੍ਹਾ ਮੇਰੀ ਜੇਬ ਵਿਚ ਪਏ ਚਾਕ ਦੇ ਟੋਟੇ 'ਤੇ ਜਾ ਪਈ।
'ਜੀ ਕੁਛ ਨਹੀਂ ਜੀ, ਮੈਡਮਾਂ ਨੂੰ ਪਾਣੀ ਪਿਆਉਂਦਿਆਂ ਕੱਚ ਦਾ ਗਲਾਸ ਵੱਜਿਆ ਜੀ’, ...ਕਹਿੰਦੇ-ਕਹਿੰਦੇ ਮੇਰਾ ਗੱਚ ਭਰ ਆਇਆ। 'ਆਹ ਚਾਕ ?' 'ਜੀ ਸਾਬ ਵਾਲੇ ਮਾਸਟਰ ਜੀ ਨੇ ਮੰਗਾਏ ਸੀ ...ਸਿਰ 'ਤੇ ਕੁਰਸੀ ਰੱਖੀ ਹੋਣ ਕਾਰਨ, ਫੜਾਉਣ ਵੇਲੇ ਪਤਾ ਨਹੀਂ ਲੱਗਿਆ ਜੀ, ਇਹ ਕਿਵੇਂ ਜੇਬ ਵਿਚ ਹੀ ਰਹਿ ਗਿਆ ...’ ਮੇਰੇ ਤੋਂ ਗੱਲ ਪੂਰੀ ਨਾ ਹੋਈ ਅਤੇ ਮੇਰਾ ਰੋਣ ਨਿਕਲ ਗਿਆ।
ਮੇਰੀ ਗੱਲ ਸੁਣ ਕੇ ਮਾਸਟਰ ਜੀ ਨੇ ਇਕ ਲੰਮਾ ਜਿਹਾ ਸਾਹ ਲੈ ਕੇ, ਮੇਰੇ ਵਾਲਾਂ ਵਿਚ ਹੱਥ ਫੇਰਦਿਆਂ, ਮੈਨੂੰ ਆਪਣੇ ਨਾਲ ਲਗਾ ਲਿਆ ਅਤੇ ਬੈਠਣ ਲਈ ਕਿਹਾ। ਮੈਂ ਨਿੰਮੋਝੂਣਾ ਜਿਹਾ ਹੋ ਕੇ ਆਪਣੇ ਬੈਂਚ 'ਤੇ ਜਾ ਬੈਠਾ।
ਇਸ ਘਟਨਾ ਨੂੰ ਵਾਪਰਿਆਂ ਵਰ੍ਹੇ ਬੀਤ ਗਏ, ਉਦੋਂ ਮੈਂ ਸੱਤਵੀਂ ਕਲਾਸ ਵਿਚ ਪੜ੍ਹਦਾ ਸੀ। ਅੱਜ ਇਕ ਦੋਸਤ ਦਾ ਫੋਨ ਆਇਆ ਤਾਂ ਪੰਜਾਬੀ ਵਾਲੇ ਮਾਸਟਰ ਜੀ ਦੀ ਬਿਮਾਰੀ ਬਾਰੇ ਪਤਾ ਲੱਗਿਆ। ਦੋਸਤ ਤੋਂ ਹਸਪਤਾਲ ਦਾ ਥਾਂ-ਟਿਕਾਣਾ ਪੁੱਛ ਕੇ ਮੈਂ ਮਾਸਟਰ ਜੀ ਦਾ ਪਤਾ ਲੈਣ ਪਹੁੰਚ ਗਿਆ।
ਐਨੇ ਸਾਲਾਂ ਬਾਅਦ ਤਾਂ ਮਾਸਟਰ ਜੀ ਨੇ ਕੀ ਪਛਾਣਨਾ ਏ ? ਸੋਚਦੇ-ਸੋਚਦੇ ਨੇ ਹਸਪਤਾਲ ਦੇ ਕਮਰੇ ਦਾ ਦਰਵਾਜ਼ਾ ਖੋਲ੍ਹਿਆ। ਕਮਰੇ ਵਿਚ ਮਾਸਟਰ ਜੀ ਬੈੱਡ ਦੀ ਢੋਅ ਨਾਲ ਸਰਾਣ੍ਹਿਆਂ ਦੇ ਸਹਾਰੇ ਅੱਖਾਂ ਬੰਦ ਕਰ ਕੇ, ਇਕੱਲੇ ਹੀ ਬੈਠੇ ਸਨ। ਦਰਵਾਜ਼ੇ ਦੀ ਆਵਾਜ਼ ਸੁਣ ਕੇ ਉਨ੍ਹਾਂ ਥੋੜ੍ਹੀਆਂ ਜਿਹੀਆਂ ਅੱਖਾਂ ਖੋਲ੍ਹ ਕੇ ਮੇਰੇ ਵੱਲ ਤੱਕਿਆ। ਮੈਂ ਪਹਿਲਾਂ ਝੁਕ ਕੇ ਹੱਥ ਜੋੜੇ ਅਤੇ ਫਿਰ ਜੁੜੇ-ਜੁੜਾਏ ਹੱਥ ਉਨ੍ਹਾਂ ਦੇ ਪੈਰਾਂ ਨੂੰ ਛੂਹ ਕੇ ਬੋਲਿਆ, 'ਗੁਰੂ ਜੀ, ਸ਼ਾਇਦ ਤੁਸੀਂ ਪਛਾਣਿਆ ਨਹੀਂ, ਮੈਂ ਬੱਲੂਆਣੇ ਸਰਕਾਰੀ ਸਕੂਲ ਵਿਚ ਤੁਹਾਡੇ ਕੋਲ ਪੜ੍ਹਦਾ ਸੀ ਜੀ ...ਪ੍ਰਦੀਪ।' ਮੇਰੇ ਪ੍ਰਦੀਪ ਕਹਿਣ ਦੀ ਦੇਰ ਸੀ ਕਿ ਉਨ੍ਹਾਂ ਦੇ ਸਾਰੇ ਸਰੀਰ ਵਿਚ ਅਜੀਬ ਜਿਹੀ ਹਰਕਤ ਆ ਗਈ। ਉਨ੍ਹਾਂ ਮੇਰੇ ਹੱਥਾਂ ਨੂੰ ਆਪਣੇ ਕਮਜ਼ੋਰ ਪਰ ਕੂਲੇ-ਕੂਲੇ ਹੱਥਾਂ ਵਿਚ ਲੈ ਕੇ ਜ਼ੋਰ ਨਾਲ ਘੁੱਟਿਆ ਅਤੇ ਫੇਰ ਦੋਂਵੇ ਕੂਲੇ-ਕੂਲੇ ਰੂੰ ਵਰਗੇ ਹੱਥ ਮੇਰੇ ਮੂੰਹ 'ਤੇ ਫੇਰਦਿਆਂ ਕੰਬਦੀ ਆਵਾਜ਼ ਵਿਚ ਬੋਲੇ, ‘ਹਾਂ! ਹਾਂ!! ਪੁੱਤ, ਤੈਨੂੰ ਤਾਂ ਮੈਂ ਕਦੇ ਵੀ ਨਹੀਂ ਭੁੱਲ ਸਕਦਾ...। ਅਤੇ ਨਾ ਹੀ ਭੁੱਲ ਸਕਦੈਂ ਆਪਣੀ ਉਸ ਗ਼ਲਤੀ ਨੂੰ... ਪੁੱਤ, ਯਕੀਨ ਮੰਨੀਂ, ਉਸ ਦਿਨ ਤੈਨੂੰ ਮਾਰਨ ਤੋਂ ਬਾਅਦ, ਮੈਂ ਕਦੇ ਵੀ ਕਿਸੇ ਬੱਚੇ 'ਤੇ ਹੱਥ ਨਹੀਂ ਚੁੱਕਿਆ। ਮੇਰੇ ਤੋਂ ਬਹੁਤ ਵੱਡੀ ਗ਼ਲਤੀ ਹੋ ਗਈ ਸੀ ਉਹ ...ਪਰ ਤੂੰ ਬਹੁਤ ਚੰਗਾ ਕੀਤਾ, ਜੋ ਮਿਲਣ ਆ ਗਿਐਂ’, ਕਹਿੰਦਿਆਂ ਹੀ ਉਨ੍ਹਾਂ ਦੀਆਂ ਅੱਖਾਂ ਵਿਚੋਂ ਹੰਝੂ ਵਹਿ ਕੇ ਉਨ੍ਹਾਂ ਦੀਆਂ ਗੱਲਾਂ ਤੱਕ ਆ ਗਏੇ। ਉਨ੍ਹਾਂ ਆਪਣੀਆਂ ਝੁਰੜੀਆਂ ਪਈਆਂ ਅੱਖਾਂ ਇਉਂ ਬੰਦ ਕਰ ਲਈਆਂ ਜਿਵੇਂ ਕਿਸੇ ਬਹੁਤ ਵੱਡੇ ਗੁਨਾਹ ਦਾ ਪਛਤਾਵਾ ਕਰ ਰਹੇ ਹੋਣ। ਮੈਂ ਵੀ ਭਾਵੁਕ ਹੋ ਕੇ ਉਨ੍ਹਾਂ ਦਾ ਹੱਥ ਆਪਣੇ ਸਿਰ 'ਤੇ ਰੱਖ ਲਿਆ। ਕਾਫ਼ੀ ਦੇਰ ਤੱਕ ਕਮਰੇ ਵਿਚ, ਚੁਫੇਰੇ ਇਕ ਡੂੰਘੀ ਚੁੱਪ ਪੱਸਰੀ ਰਹੀ। ਉਨ੍ਹਾਂ ਦਾ ਹੱਥ ਮੇਰੇ ਸਿਰ 'ਤੇ ਰਿਹਾ ਅਤੇ ਮੈਨੂੰ ਲੱਗਾ ਜਿਵੇਂ ਇਸ 'ਚੁੱਪ' ਵਿਚ ਅਸੀਂ ਇਕ ਦੂਜੇ ਨਾਲ ਬਹੁਤ ਸਾਰੀਆਂ ਦਿਲ ਦੀਆਂ ਗੱਲਾਂ ਸਾਂਝੀਆਂ ਕੀਤੀਆਂ ਹੋਣ।
-ਡਾ. ਪ੍ਰਦੀਪ ਕੌੜਾ
ਸੰਪਰਕ : 9815664444