ਪੰਜਾਬ ਸਰਕਾਰ ਦੇ ਟਰਾਂਸਪੋਰਟ ਵਿਭਾਗ ਦੀ ਇਕ ਰਿਪੋਰਟ ਮੁਤਾਬਕ ਸੂਬੇ ’ਚ 784 ਥਾਵਾਂ ’ਤੇ ਬਲੈਕ ਸਪੌਟ ਲੱਭੇ ਗਏ ਹਨ ਅਤੇ ਇਨ੍ਹਾਂ ’ਚੋਂ 60 ਫ਼ੀਸਦ ਨੂੰ ਦਰੁਸਤ ਕਰ ਲਿਆ ਗਿਆ। ਸਭ ਤੋਂ ਵੱਧ ਬਲੈਕ ਸਪੌਟ ਮੋਹਾਲੀ, ਲੁਧਿਆਣਾ, ਪਟਿਆਲਾ, ਅੰਮ੍ਰਿਤਸਰ, ਜਲੰਧਰ, ਬਠਿੰਡਾ, ਗੁਰਦਾਸਪੁਰ ਅਤੇ ਤਰਨਤਾਰਨ ਵਿਚ ਹਨ। ਧੁੰਦ ਤੋਂ ਹਟ ਕੇ ਆਮ ਦਿਨਾਂ ’ਚ ਵੀ ਇਨ੍ਹਾਂ ਜ਼ਿਲ੍ਹਿਆਂ ’ਚ ਸਭ ਤੋਂ ਵੱਧ ਸੜਕ ਹਾਦਸੇ ਹੁੰਦੇ ਹਨ।

ਠੰਢ ਲਗਾਤਾਰ ਵਧ ਰਹੀ ਹੈ। ਕੁਝ ਦਿਨਾਂ ਤੋਂ ਪੰਜਾਬ ਦੇ ਜ਼ਿਆਦਾਤਰ ਇਲਾਕਿਆਂ ’ਚ ਧੁੰਦ ਦੇ ਨਾਲ-ਨਾਲ ਕੋਹਰਾ ਵੀ ਪੈ ਰਿਹਾ ਹੈ। ਇਸ ਦੌਰਾਨ ਮੌਸਮ ਵਿਭਾਗ ਵੱਲੋਂ ਮੀਂਹ ਪੈਣ ਦੀ ਭਵਿੱਖਬਾਣੀ ਵੀ ਕੀਤੀ ਗਈ ਹੈ। ਇਨ੍ਹਾਂ ਦਿਨਾਂ ’ਚ ਸਭ ਤੋਂ ਵੱਧ ਚਿੰਤਾ ਵਾਲੀ ਗੱਲ ਧੁੰਦ ’ਚ ਸੜਕਾਂ ’ਤੇ ਚੱਲਣ ਵਾਲੇ ਵਾਹਨ ਚਾਲਕਾਂ ਨਾਲ ਜੁੜੀ ਹੋਈ ਹੈ। ਕਈ ਥਾਈਂ ਇਸ ਕਾਰਨ ਹਾਦਸੇ ਵਾਪਰੇ ਹਨ। ਲੰਘੀ 16 ਦਸੰਬਰ ਨੂੰ ਯਮੁਨਾ ਐਕਸਪ੍ਰੈੱਸਵੇਅ ’ਤੇ ਧੁੰਦ ਕਾਰਨ ਨੌਂ ਵਾਹਨਾਂ ਦੀ ਟੱਕਰ ਹੋ ਗਈ ਜਿਸ ਕਾਰਨ 13 ਲੋਕ ਜਿੰਦਾ ਸੜ ਗਏ। ਹਾਦਸਾ ਇੰਨਾ ਖ਼ੌਫ਼ਨਾਕ ਸੀ ਕਿ ਸੜਕ ’ਤੇ ਲਾਸ਼ਾਂ ਦੇ ਟੁਕੜੇ ਖਿੱਲਰੇ ਪਏ ਸਨ। ਇਸ ਤੋਂ ਇਲਾਵਾ 100 ਤੋਂ ਵੱਧ ਲੋਕ ਇਸ ਹਾਦਸੇ ’ਚ ਜ਼ਖ਼ਮੀ ਹੋਏ ਹਨ। ਧੁੰਦ ਇੰਨੀ ਸੰਘਣੀ ਸੀ ਕਿ ਇਕ ਤੋਂ ਪਿੱਛੇ ਇਕ ਵਾਹਨ ਟਕਰਾ ਗਏ। ਇਸੇ ਦਿਨ ਪੰਜਾਬ ਦੇ ਬਰਨਾਲਾ ’ਚ ਦੋ ਵੱਡੀਆਂ ਸੜਕ ਦੁਰਘਟਨਾਵਾਂ ਵੀ ਧੁੰਦ ਕਾਰਨ ਹੋਈਆਂ। ਇਨ੍ਹਾਂ ’ਚ ਪੰਜ ਲੋਕਾਂ ਦੀ ਮੌਤ ਹੋਈ। ਤਪਾ ਮੰਡੀ ਲਾਗੇ ਇਕ ਕਾਰ ਦੇ ਟਰੱਕ ਪਿੱਛੇ ਵੱਜਣ ਕਾਰਨ ਮਾਂ-ਧੀ ਦੀ ਮੌਤ ਹੋ ਗਈ। ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਲਈ ਚੋਣ ਡਿਊਟੀ ’ਤੇ ਜਾ ਰਹੇ ਬਠਿੰਡਾ ਦੇ ਅਧਿਆਪਕ ਜੋੜੇ ਦੀ ਕਾਰ ਵੀ ਸੰਘਣੀ ਧੁੰਦ ਕਾਰਨ ਹੀ ਨਹਿਰ ’ਚ ਡਿੱਗੀ ਸੀ। ਤਾਜ਼ਾ ਮਾਮਲੇ ’ਚ ਜਲੰਧਰ-ਪਠਾਨਕੋਟ ਹਾਈਵੇਅ ’ਤੇ ਲਗਪਗ ਛੇ ਗੱਡੀਆਂ ਆਪਸ ’ਚ ਟਕਰਾਈਆਂ ਹਨ ਅਤੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਕੁਰਾਲੀ ਲਾਗੇ ਵੀ ਦੋ ਸਕੂਲ ਬੱਸਾਂ ਆਪਸ ’ਚ ਟਕਰਾਈਆਂ।
ਧੁੰਦ ਕਾਰਨ ਸੜਕੀ ਤੇ ਹਵਾਈ ਆਵਾਜਾਈ ਲਗਾਤਾਰ ਪ੍ਰਭਾਵਿਤ ਹੋ ਰਹੀ ਹੈ। ਅਜਿਹੇ ’ਚ ਵੱਧ ਚੌਕਸ ਹੋ ਕੇ ਡਰਾਈਵਿੰਗ ਕਰਨ ਦੀ ਲੋੜ ਹੈ। ਧੁੰਦ ਕਾਰਨ ਹਾਦਸਿਆਂ ਦਾ ਇਹ ਸਿਲਸਿਲਾ ਹਰ ਸਾਲ ਇੱਕੋ ਜਿਹਾ ਰਹਿੰਦਾ ਹੈ। ਪਿਛਲੇ ਸਾਲ ਇਸੇ ਮਹੀਨੇ ਧੁੰਦ ਕਾਰਨ ਮੁਕੇਰੀਆਂ ’ਚ ਪੁਲਿਸ ਕਰਮਚਾਰੀਆਂ ਦੀ ਬੱਸ ਟਰੱਕ ’ਚ ਵੱਜਣ ਕਾਰਨ ਤਿੰਨ ਮੁਲਾਜ਼ਮਾਂ ਦੀ ਮੌਤ ਹੋ ਗਈ ਸੀ। ਜ਼ਿਆਦਾਤਰ ਹਾਦਸੇ ਧੁੰਦ ’ਚ ਦਿਸਣ ਹੱਦ ਜ਼ੀਰੋ ’ਤੇ ਜਾਂ 50 ਮੀਟਰ ਤੋਂ ਘੱਟ ਹੋਣ ਕਾਰਨ ਵਾਪਰ ਰਹੇ ਹਨ। ਕਈ ਦੁਰਘਟਨਾਵਾਂ ਵਾਹਨਾਂ ’ਤੇ ‘ਫੌਗ ਲਾਈਟਾਂ’ ਨਾ ਹੋਣ, ਰਫ਼ਤਾਰ ਤੇਜ਼ ਅਤੇ ਧੁੰਦ ’ਚ ਲਾਪਰਵਾਹੀ ਨਾਲ ਕੀਤੀ ਓਵਰਟੇਕਿੰਗ ਕਾਰਨ ਵੀ ਹੋ ਰਹੀਆਂ ਹਨ। ਇਸ ਤੋਂ ਇਲਾਵਾ ਬਲੈਕ ਸਪਾਟਸ ਦੀ ਜਾਣਕਾਰੀ ਨਾ ਹੋਣਾ ਤੇ ਉਨ੍ਹਾਂ ਥਾਵਾਂ ’ਤੇ ਅਣਗਹਿਲੀ ਨਾਲ ਗੱਡੀਆਂ ਚਲਾਉਣ ਕਰਕੇ ਵੀ ਹਾਦਸੇ ਵਾਪਰ ਰਹੇ ਹਨ।
ਪੰਜਾਬ ਸਰਕਾਰ ਦੇ ਟਰਾਂਸਪੋਰਟ ਵਿਭਾਗ ਦੀ ਇਕ ਰਿਪੋਰਟ ਮੁਤਾਬਕ ਸੂਬੇ ’ਚ 784 ਥਾਵਾਂ ’ਤੇ ਬਲੈਕ ਸਪੌਟ ਲੱਭੇ ਗਏ ਹਨ ਅਤੇ ਇਨ੍ਹਾਂ ’ਚੋਂ 60 ਫ਼ੀਸਦ ਨੂੰ ਦਰੁਸਤ ਕਰ ਲਿਆ ਗਿਆ। ਸਭ ਤੋਂ ਵੱਧ ਬਲੈਕ ਸਪੌਟ ਮੋਹਾਲੀ, ਲੁਧਿਆਣਾ, ਪਟਿਆਲਾ, ਅੰਮ੍ਰਿਤਸਰ, ਜਲੰਧਰ, ਬਠਿੰਡਾ, ਗੁਰਦਾਸਪੁਰ ਅਤੇ ਤਰਨਤਾਰਨ ਵਿਚ ਹਨ। ਧੁੰਦ ਤੋਂ ਹਟ ਕੇ ਆਮ ਦਿਨਾਂ ’ਚ ਵੀ ਇਨ੍ਹਾਂ ਜ਼ਿਲ੍ਹਿਆਂ ’ਚ ਸਭ ਤੋਂ ਵੱਧ ਸੜਕ ਹਾਦਸੇ ਹੁੰਦੇ ਹਨ। ਸੂਬੇ ਦੇ ਕੌਮੀ ਸ਼ਾਹਰਾਹਾਂ ’ਤੇ ਇਨ੍ਹਾਂ ਬਲੈਕ ਸਪੌਟਸ ਦੀ ਗਿਣਤੀ 70-80 ਫ਼ੀਸਦ ਹੈ। ਇਨ੍ਹਾਂ ਬਾਰੇ ਜਾਣਕਾਰੀ ਨਾ ਹੋਣ ਕਾਰਨ ਵੀ ਲੋਕ ਹਾਦਸਿਆਂ ਦਾ ਸ਼ਿਕਾਰ ਹੁੰਦੇ ਹਨ। ਧੁੰਦ ’ਚ ਸੜਕਾਂ ’ਤੇ ਡਿਵਾਈਡਰਾਂ ਦੇ ਨਾਲ-ਨਾਲ ਬਣੀ ਚਿੱਟੀ ਪੱਟੀ ਦੀ ਜ਼ਿਆਦਾ ਅਹਿਮੀਅਤ ਹੈ। ਸਰਕਾਰਾਂ ਨੂੰ ਚਾਹੀਦਾ ਹੈ ਕਿ ਇਨ੍ਹਾਂ ਨੂੰ ਸਹੀ ਢੰਗ ਨਾਲ ਸੜਕਾਂ ’ਤੇ ਉਕੇਰਿਆ ਜਾਵੇ। ਕਈ ਥਾਵਾਂ ’ਤੇ ਇਹ ਪੱਟੀਆਂ ਮਿਟੀਆਂ ਹੋਣ ਕਾਰਨ ਵਾਹਨ ਚਾਲਕਾਂ ਨੂੰ ਸੜਕ ਦੀ ਸਹੀ ਲੰਬਾਈ-ਚੌੜਾਈ ਦਾ ਅੰਦਾਜ਼ਾ ਨਹੀਂ ਹੁੰਦਾ। ਇਸ ਦੇ ਨਾਲ ਹੀ ਚਿਤਾਵਨੀ ਬੋਰਡ ਵੀ ਦਰੁਸਤ ਕੀਤੇ ਜਾਣੇ ਚਾਹੀਦੇ ਹਨ। ਧੁੰਦ ’ਚ ਡਰਾਈਵਿੰਗ ਕਰਦਿਆਂ ਮੋਟਰ-ਗੱਡੀਆਂ ਦੀ ਰਫ਼ਤਾਰ ਦਿਨ ਤੇ ਰਾਤ ਵੇਲੇ ਹੌਲੀ ਰੱਖਣੀ ਚਾਹੀਦੀ ਹੈ। ਸੜਕੀ ਨਿਯਮਾਂ ਦੀ ਪਾਲਣਾ ਵੀ ਅਤਿ ਜ਼ਰੂਰੀ ਹੈ।