ਇਕ ਪਾਸੇ ਕੁਦਰਤ ਨੇ ਰੰਗ ਬਿਖੇਰੇ ਹੁੰਦੇ ਹਨ ਤੇ ਦੂਜੇ ਪਾਸੇ ਹੋਲੀ ਦੇ ਰੰਗ ਇਸ ਮੌਸਮ ਨੂੰ ਹੋਰ ਰੰਗਲਾ ਬਣਾ ਦਿੰਦੇ ਹਨ। ਗ੍ਰੇਗੋਰੀਅਨ ਜੰਤਰੀ ਮੁਤਾਬਕ ਆਉਣ ਵਾਲਾ ਨਵਾਂ ਸਾਲ ਸਾਡੇ ਸੱਭਿਆਚਾਰਕ ਖਾਸੇ ਨਾਲ ਮੇਲ ਨਹੀਂ ਖਾਂਦਾ। ਇਸ ਦੇ ਬਾਵਜੂਦ ਅਸੀਂ ਪੱਛਮ ਦੀ ਰੀਸੋ-ਰੀਸ ਆਪਣੇ ਅਮੀਰ ਸੱਭਿਆਚਾਰ ਨੂੰ ਵਿਸਾਰ ਰਹੇ ਹਾਂ।

ਗ੍ਰੇਗੋਰੀਅਨ ਕੈਲੰਡਰ (ਈਸਵੀ ਜੰਤਰੀ) ਮੁਤਾਬਕ ਅਸੀਂ ਨਵੇਂ ਸਾਲ ਦੀਆਂ ਬਰੂਹਾਂ ’ਤੇ ਬੈਠੇ ਹਾਂ। ਇਕੱਤੀ ਦਸੰਬਰ ਦੀ ਰਾਤ ਅਤੇ ਪਹਿਲੀ ਜਨਵਰੀ ਦੀ ਪ੍ਰਭਾਤ ਦਰਮਿਆਨ ਹੋਣ ਵਾਲੇ ਜਸ਼ਨਾਂ ਵਿਚ ਅਰਬਾਂ-ਖ਼ਰਬਾਂ ਰੁਪਏ ਫੂਕੇ ਜਾਣਗੇ। ਦਸਾਂ ਨਹੁੰਆਂ ਦੀ ਕਿਰਤ-ਕਮਾਈ ਕਰਨ ਵਾਲਿਆਂ ਲਈ ਜੰਤਰੀ ਦੀ ਬਸ ਤਰੀਕ ਬਦਲੇਗੀ, ਤਕਦੀਰ ਕਦਾਚਿਤ ਨਹੀਂ। ਮਿਥਿਹਾਸ ਅਨੁਸਾਰ ਬੀਤ ਰਹੇ ਸਾਲ ਨੂੰ ਅਲਵਿਦਾ ਅਤੇ ਨਵੇਂ ਵਰ੍ਹੇ ਨੂੰ ਖ਼ੁਸ਼ਆਮਦੀਦ ਕਹਿਣ ਦਾ ਜਸ਼ਨ ਦੋ ਚਿਹਰਿਆਂ ਵਾਲੇ ਰੋਮਨ ਦੇਵਤਾ ਜੇਨਸ (janus) ਦੀ ਅਰਾਧਨਾ ਨਾਲ ਜੁੜਿਆ ਹੋਇਆ ਹੈ ਜਿਸ ਤੋਂ ਜਨਵਰੀ ਮਹੀਨੇ ਦਾ ਨਾਮਕਰਨ ਹੋਇਆ ਹੈ। ਜੇਨਸ ਦੇਵਤਾ ਨੂੰ ‘ਬ੍ਰਹਿਮੰਡੀ ਦਰਬਾਨ’ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।
ਇਸ ਦਾ ਪਿਛਲਾ ਚਿਹਰਾ ਦਾੜ੍ਹੀ ਵਾਲੇ ਬਜ਼ੁਰਗ ਦਾ ਝਲਕਾਰਾ ਦਿੰਦਾ ਹੈ ਜੋ ਪਿਛਲਝਾਤ ਮਾਰਨ ਦਾ ਪ੍ਰਤੀਕ ਹੈ। ਭਾਵ, ਉਹ ਬੀਤ ਰਹੇ ਜਾਂ ਬੀਤ ਚੁੱਕੇ ਸਮੇਂ ਦਾ ਮੰਥਨ ਕਰਦਾ ਪ੍ਰਤੀਤ ਹੁੰਦਾ ਹੈ। ਉਸ ਦਾ ਅਗਲਾ ਚਿਹਰਾ ਮੁੱਛ-ਫੁੱਟ ਗੱਭਰੂ ਦਾ ਹੈ ਜੋ ਭਵਿੱਖ ਅਤੇ ਉਮੀਦ ਦਾ ਪ੍ਰਤੀਕ ਹੈ। ਉਸ ਦੇ ਇਕ ਹੱਥ ਵਿਚ ਸੋਨੇ ਤੇ ਦੂਜੇ ਹੱਥ ਚਾਂਦੀ ਦੀਆਂ ਚਾਬੀਆਂ ਦੇ ਗੁੱਛੇ ਹਨ। ਸੋਨੇ ਦੀਆਂ ਚਾਬੀਆਂ ਪ੍ਰਭਾਤ (ਸੂਰਜ) ਅਤੇ ਚਾਂਦੀ ਦੀਆਂ ਚਾਬੀਆਂ ਰਾਤ (ਚੰਦਰਮਾ) ਦੇ ਦਰਵਾਜ਼ੇ ਖੋਲ੍ਹਣ ਦੀਆਂ ਪ੍ਰਤੀਕ ਹਨ। ਭਾਵ, ਬ੍ਰਹਿਮੰਡੀ ਦਰਬਾਨ ਦਿਨ ਵੇਲੇ ਸੂਰਜ ਦੇ ਦਰ ’ਤੇ ਖੜ੍ਹਾ ਹੁੰਦਾ ਹੈ ਤੇ ਇਸ ਦੇ ਅਸਤ ਹੋਣ ਬਾਅਦ ਜਿੰਦਾ ਲਾ ਕੇ ਚੰਦਰਮਾ ਦੇ ਦਰਵਾਜ਼ੇ ’ਤੇ ਪਹਿਰਾ ਦਿੰਦਾ ਹੈ।
ਇਸ ਦੇ ਹੱਥ ਲੰਬੀ ਡਾਂਗ ਹੁੰਦੀ ਹੈ ਜਿਸ ਨੂੰ ‘ਪੋਰਟਰਜ਼ ਸਟਾਫ’ ਕਿਹਾ ਜਾਂਦਾ ਹੈ। ਇਹ ਸੋਟਾ ਸ਼ਕਤੀ ਦਾ ਪ੍ਰਤੀਕ ਹੈ ਜੋ ਜੇਨਸ ਦੀ ਅਰਾਧਨਾ ਕਰਨ ਵਾਲਿਆਂ ਦੀਆਂ ਔਕੜਾਂ ਦੂਰ ਕਰਨ ਵਿਚ ਸਹਾਈ ਹੁੰਦਾ ਹੈ। ਇਸ ਦੇਵਤਾ ਦੇ ਇਸ਼ਾਰਿਆਂ ਅਨੁਸਾਰ ਦਿਨ-ਰਾਤ ਦੀ ਲੰਬਾਈ ਤੈਅ ਹੁੰਦੀ ਹੈ। ਕੁਝ ਪੁਰਾਤਨ ਮੂਰਤੀਆਂ ਵਿਚ ਜੇਨਸ ਦੀਆਂ ਉਂਗਲਾਂ ਖ਼ਾਸ ਤਰੀਕੇ ਨਾਲ ਮੁੜੀਆਂ ਹੋਈਆਂ ਦਰਸਾਈਆਂ ਗਈਆਂ ਹਨ। ਇਕ ਹੱਥ ਦੀਆਂ ਉਂਗਲਾਂ ‘300’ ਦਾ ਅੰਕੜਾ ਪ੍ਰਸਤੁਤ ਕਰਦੀਆਂ ਹਨ ਤੇ ਦੂਜੇ ਹੱਥ ਦੀਆਂ ਉਂਗਲਾਂ ‘65’ ਦਾ। ਭਾਵ, ਜੇਨਸ ਸਮੇਂ ਦੇ ਚੱਕਰ ਨੂੰ ਨਿਯੰਤ੍ਰਿਤ ਕਰਦਾ ਦਿਖਾਈ ਦਿੰਦਾ ਹੈ। ਰੋਮਨ ਤਵਾਰੀਖ਼ ਵਿਚ ਜੇਨਸ ਦੇ ਮਹਾਤਮ ਨੂੰ ਕੋਈ ਨਜ਼ਰਅੰਦਾਜ਼ ਕਰਨ ਦਾ ਹੀਆ ਨਾ ਕਰਦਾ।
ਜੁਪੀਟਰ (ਸਭ ਤੋਂ ਵੱਡਾ ਦੇਵਤਾ) ਨੂੰ ਧਿਆਉਣ ਵਾਲੇ ਵੀ ਪ੍ਰਾਰਥਨਾ ਦਾ ਆਗਾਜ਼ ਜੇਨਸ ਦਾ ਨਾਮ ਜਪ ਕੇ ਕਰਦੇ। ਇੰਜ ਕਰ ਕੇ ਹੀ ਬ੍ਰਹਿਮੰਡ ਦਾ ਦਰਬਾਨ ਦਰਵਾਜ਼ਾ ਖੋਲ੍ਹਦਾ ਹੈ ਤੇ ਹੋਰਨਾਂ ਦੇਵਤਿਆਂ ਤੱਕ ਪਹੁੰਚ ਸੰਭਵ ਹੋ ਪਾਉਂਦੀ ਹੈ। ਰੋਮਨ ਸੱਭਿਅਤਾ ਦਾ ਮਾਰਗ-ਦਰਸ਼ਨ ਕਰਨ ਵਾਲੇ ਨੂੰ ਵਿਆਹ-ਸ਼ਾਦੀਆਂ, ਮਹੂਰਤਾਂ, ਜਨਮ-ਮਰਨ, ਯੁੱਧ ਤੋਂ ਇਲਾਵਾ ਹਰ ਦੁੱਖ-ਸੁੱਖ ਵੇਲੇ ਧਿਆਇਆ ਜਾਂਦਾ। ਦੋ ਮੁੱਖਾਂ ਤੇ ਦੋਹਰੀ ਪ੍ਰਕਿਰਤੀ ਵਾਲਾ ਜੇਨਸ ਇੱਕੋ ਸਮੇਂ ਅੰਦਰ-ਬਾਹਰ, ਖੱਬੇ-ਸੱਜੇ, ਅੱਗੇ-ਪਿੱਛੇ ਦੇਖਣ ਦੇ ਸਮਰੱਥ ਮੰਨਿਆ ਗਿਆ ਹੈ। ਅੰਬਰ ਨੂੰ ਇਕੱਤੀ ਦਸੰਬਰ ਦੀ ਰਾਤ ਜੜਿਆ ਜਿੰਦਰਾ ਉਹ ਪਹਿਲੀ ਜਨਵਰੀ ਨੂੰ ਖੋਲ੍ਹਦਾ ਹੈ ਤਾਂ ਸੂਰਜ ਦੇ ਦੀਦਾਰ ਹੋ ਸਕਣ। ਇਹ ਸਭ ਮਿਥਿਹਾਸ ਹੈ।
ਇੱਕੀਵੀਂ ਸਦੀ ਨੂੰ ਗਿਆਨ-ਵਿਗਿਆਨ ਦਾ ਯੁੱਗ ਮੰਨਿਆ ਗਿਆ ਹੈ। ਇਸ ਸਦੀ ਵਿਚ ਮਹਾਨ ਵਿਗਿਆਨੀਆਂ ਨੇ ‘ਰੱਬੀ ਕਣ ਦੀ ਖੋਜ ਕਰਨ ਦਾ ਦਾਅਵਾ ਕੀਤਾ ਹੈ ਜਿਸ ਤੋਂ ਬ੍ਰਹਿਮੰਡ ਦੀ ਉਤਪਤੀ ਹੋਈ ਹੈ। ਹਾਂ, ਪ੍ਰਤੀਕ ਵਜੋਂ ਜੇਨਸ ਬੀਤ ਚੁੱਕੇ ਸਮੇਂ ਅਤੇ ਭਵਿੱਖ ਦਾ ਮੁਤਾਲਿਆ ਕਰਦਾ ਪ੍ਰਤੀਤ ਹੁੰਦਾ ਹੈ। ਕੀ ਖੱਟਿਆ ਤੇ ਕੀ ਗੁਆਇਆ ਦਾ ਮੁਲਾਂਕਣ ਕਰਦਾ ਹੈ। ਇਸ ਦੇ ਦੋ ਮੁੱਖੜਿਆਂ ਨੂੰ ਜੋੜਨ ਵਾਲਾ ਬਿੰਦੂ ਵਰਤਮਾਨ ਦਾ ਲਖਾਇਕ ਹੈ।
ਇਹ ਇੰਨਾ ਕੁ ਮਹੀਨ ਹੈ ਜੋ ਵਰਤਮਾਨ ਸਮੇਂ ਨੂੰ ਛਿਣ-ਭੰਗਰ ਦਾ ਮਹਿਮਾਨ ਦਰਸਾਉਂਦਾ ਹੈ। ਨਵੇਂ ਵਰ੍ਹੇ ਦੇ ਆਗਮਨ ਅਤੇ ਅਤੀਤ ਨੂੰ ਨਿਯੰਤਰਣ ਕਰਨ ਵਾਲੇ ਜੇਨਸ ਬਾਰੇ ਅਣਗਿਣਤ ਮਿੱਥਾਂ ਜੁੜੀਆਂ ਹੋਈਆਂ ਹਨ ਜਿਹੜੀਆਂ ਪ੍ਰਾਚੀਨ ਮਨੁੱਖ ਦੇ ਡਰ-ਭੈਅ ’ਚੋਂ ਨਿਕਲੀਆਂ ਸਨ। ਇਸ ਦੇ ਬਾਵਜੂਦ ਦਰ-ਦਰਵਾਜ਼ਿਆਂ ਦੇ ਬ੍ਰਹਿਮੰਡੀ ਦਰਬਾਨ ਨਾਲ ਕਈ ਲੋਕ-ਸਿਆਣਪਾਂ ਵੀ ਜੁੜੀਆਂ ਹੋਈਆਂ ਹਨ।
ਇਸੇ ਲਈ ਜੇਨਸ ਦੀਆਂ ਮੂਰਤੀਆਂ ਰੋਮਨ ਸਾਮਰਾਜ ਵੇਲੇ ਚੌਕ-ਚੁਰਾਹਿਆਂ ’ਚ ਲੱਗੀਆਂ ਮਿਲਦੀਆਂ ਸਨ। ਰਾਹਾਂ ਨੂੰ ਰੁਸ਼ਨਾਉਣ ਵਾਲੇ ਇਸ ਮਿਥਿਹਾਸਕ ਦੇਵਤਾ ਦੇ ਨਾਂ ’ਤੇ ਹੁੰਦੇ ਜਸ਼ਨਾਂ ’ਤੇ ਅਰਬਾਂ-ਖਰਬਾਂ ਰੁਪਏ ਫੂਕ ਦੇਣੇ ਸ਼ੋਭਾ ਨਹੀਂ ਦਿੰਦਾ। ਇਹੀ ਪੈਸਾ ਜੇ ਲੋੜਵੰਦਾਂ ’ਚ ਵਰਤਿਆ ਜਾਵੇ ਤਾਂ ਕਰੋੜਾਂ ਲੋਕ ਬਿਹਤਰ ਜ਼ਿੰਦਗੀ ਬਸਰ ਕਰ ਸਕਦੇ ਹਨ। ਭਾਰਤ, ਖ਼ਾਸ ਤੌਰ ’ਤੇ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਇਹ ਗੱਲ ਦਾਅਵੇ ਨਾਲ ਆਖੀ ਜਾ ਸਕਦੀ ਹੈ ਕਿ ਸਾਡਾ ਨਵਾਂ ਸਾਲ ਪਹਿਲੀ ਜਨਵਰੀ ਤੋਂ ਨਹੀਂ ਸ਼ੁਰੂ ਹੁੰਦਾ। ਵਿਡੰਬਣਾ ਇਹ ਹੈ ਕਿ ਸਾਡਾ ਦੇਸ਼ ਸਦੀਆਂ ਤੱਕ ਗੁਲਾਮ ਰਿਹਾ ਜਿਸ ਕਰਕੇ ਅਸੀਂ ਆਪਣੇ ਅਮੀਰ ਸੱਭਿਆਚਾਰ ਨੂੰ ਵਿਸਾਰ ਰਹੇ ਹਾਂ।
ਸਾਡੇ ਲਈ ਤਾਂ ਨਵੇਂ ਵਰ੍ਹੇ ਦੀ ਸ਼ੁਰੂਆਤ ਦੇਸੀ ਮਹੀਨੇ ਚੇਤ/ਚੇਤਰ ਤੋਂ ਹੁੰਦੀ ਹੈ। ਇਹ ਗ੍ਰੇਗੋਰੀਅਨ ਜੰਤਰੀ ਦੇ ਅੱਧ-ਮਾਰਚ ਤੋਂ ਸ਼ੁਰੂ ਹੋ ਕੇ ਅੱਧ-ਅਪ੍ਰੈਲ ਤੱਕ ਚੱਲਦਾ ਹੈ। ਇਸ ਮੌਸਮ ਵਿਚ ਮਹਿਕਾਂ ਦਾ ਰਾਜ ਹੁੰਦਾ ਹੈ। ਬਸੰਤ ਰੁੱਤ ਵਿਚ ਖਿੜਦੇ ਵੰਨ-ਸੁਵੰਨੇ ਫੁੱਲ ਮਨ ਨੂੰ ਖੇੜਾ ਬਖ਼ਸ਼ਦੇ ਹਨ। ਕੁਦਰਤ ਦੇ ਨਵਿਆਉਣ ਨਾਲ ਨਵੀਆਂ ਉਮੀਦਾਂ ਜਾਗਦੀਆਂ ਹਨ। ਸ਼ਾਖਾਵਾਂ ’ਤੇ ਫੁੱਟਦੀਆਂ ਕਰੂੰਬਲਾਂ ਰੋਸ਼ਨ ਭਵਿੱਖ ਦਾ ਸੁਨੇਹਾ ਦਿੰਦੀਆਂ ਹਨ।
ਚੇਤ ਦੀ ਸੰਗਰਾਂਦ ਨਾਲ ਧਰਤੀ ਦਾ ਕਣ-ਕਣ ਨਸ਼ਿਆ ਜਾਂਦਾ ਹੈ। ਕੱਕਰ ਦੇ ਦਿਨਾਂ ਬਾਅਦ ਸੂਰਜ ਦੀਆਂ ਕਿਰਨਾਂ ਜਦੋਂ ਕਾਦਰ ਦੀ ਕੁਦਰਤ ਦਾ ਮੱਥਾ ਚੁੰਮਦੀਆਂ ਹਨ ਤਾਂ ਮਨੁੱਖੀ ਮਨ ਵਿਚ ਨਵਾਂ ਉਤਸ਼ਾਹ ਪੈਦਾ ਹੁੰਦਾ ਹੈ। ਕਣਕਾਂ ਨਿਸਰਦੀਆਂ ਹਨ ਤਾਂ ਤਕਲੀਫ਼ਾਂ ਵਿਸਰਦੀਆਂ ਹਨ। ਵਿਸਾਖੀ ਤੱਕ ਸੋਨ-ਵੰਨੀਆਂ ਕਣਕ ਦੀਆਂ ਬੱਲੀਆਂ ਨੂੰ ਨਿਹਾਰ ਕੇ ਕਿਸਾਨ ਝੂਮ ਉੱਠਦਾ ਹੈ। ਸਹੀ ਮਾਅਨਿਆਂ ਵਿਚ ਕੁਦਰਤ ਜਦੋਂ ਲਿਬਾਸ ਬਦਲਦੀ ਹੈ ਤਾਂ ਉਸ ਨੂੰ ਹੀ ਨਵੇਂ ਵਰ੍ਹੇ ਦੀ ਸ਼ੁਰੂਆਤ ਮੰਨਣਾ ਵਧੇਰੇ ਤਰਕਸੰਗਤ ਜਾਪਦਾ ਹੈ। ਪੁਰਾਣੇ ਪੱਤ ਝੜਦੇ ਤੇ ਨਵੇਂ ਪੁੰਗਰਦੇ ਹਨ ਤਾਂ ਇਸ ਨੂੰ ਨਵਾਂ ਸਾਲ ਕਹਿਣ ਤੋਂ ਗੁਰੇਜ਼ ਕਿਉਂ? ਚੇਤ ਆਏ ’ਤੇ ਚਿੱਤ ਖਿੜਦਾ ਹੈ। ਪੰਛੀ ਚਹਿਚਹਾਉਂਦੇ ਹਨ। ਕੋਇਲ ਦੀ ਕੂ-ਕੂ ਫ਼ਿਜ਼ਾ ਵਿਚ ਮਿਠਾਸ ਘੋਲਦੀ ਹੈ। ਗੁਰਬਾਣੀ ਅਤੇ ਪੰਜਾਬ ਦੀ ਲੋਕਧਾਰਾ ਵਿਚ ਚੇਤ ਦਾ ਵਿਸ਼ੇਸ਼ ਵਰਣਨ ਹੈ। ਗੁਰੂ ਅਰਜਨ ਦੇਵ ਜੀ ਬਾਰਹ ਮਾਹਾ ਵਿਚ ਫੁਰਮਾਉਂਦੇ ਹਨ, ‘‘ਚੇਤੁ ਗੋਵਿੰਦੁ ਅਰਾਧੀਐ ਹੋਵੈ ਅਨੰਦੁ ਘਣਾ।।’’ ਤੁਖਾਰੀ ਮਹਲਾ ਪਹਿਲਾ ਵਿਚ ਗੁਰੂ ਨਾਨਕ ਦੇਵ ਚੇਤ ਮਹੀਨੇ ਦੇ ਸੋਹਲੇ ਗਾਉਂਦੇ ਹਨ, ‘‘ਚੇਤੁ ਬਸੰਤੁ ਭਲਾ ਸੁਹਾਵੜੈ’’ (ਭਾਵ, ਚੇਤ ਦਾ ਮਹੀਨਾ ਚੰਗਾ ਲੱਗਦਾ ਹੈ। ਫੁੱਲਾਂ ’ਤੇ ਬੈਠੇ ਹੋਏ ਭੰਵਰ ਸੋਹਣੇ ਲੱਗਦੇ ਹਨ)। ਵਿਸਾਖ ਮਹੀਨੇ ਬਾਰੇ ਗੁਰੂ ਨਾਨਕ ਦਾ ਮਹਾਵਾਕ,‘‘ਵੈਸਾਖੁ ਭਲਾ ਸਾਖਾ ਵੇਸ ਕਰੇ’’ (ਵਿਸਾਖ ਮਹੀਨੇ ਰੁੱਖਾਂ ਦੀਆਂ ਸ਼ਾਖਾਵਾਂ ਮਾਨੋ ਹਾਰ-ਸ਼ਿੰਗਾਰ ਕਰਦੀਆਂ ਹਨ)। ਭਾਵ ਚੇਤ ਦੇ ਹੁਲਾਸ ਭਰੇ ਮਹੀਨੇ ਵਿਚ ਪ੍ਰਭੂ ਦੀ ਅਰਾਧਨਾ ਕਰਨ ਨਾਲ ਮਨ ਅਨੰਦਿਤ ਹੋ ਜਾਂਦਾ ਹੈ। ਹੋਲੇ-ਮਹੱਲੇ ਦਾ ਤਿਉਹਾਰ ਵੀ ਇਨ੍ਹਾਂ ਦਿਨਾਂ ਵਿਚ ਆਉਂਦਾ ਹੈ।
ਇਕ ਪਾਸੇ ਕੁਦਰਤ ਨੇ ਰੰਗ ਬਿਖੇਰੇ ਹੁੰਦੇ ਹਨ ਤੇ ਦੂਜੇ ਪਾਸੇ ਹੋਲੀ ਦੇ ਰੰਗ ਇਸ ਮੌਸਮ ਨੂੰ ਹੋਰ ਰੰਗਲਾ ਬਣਾ ਦਿੰਦੇ ਹਨ। ਗ੍ਰੇਗੋਰੀਅਨ ਜੰਤਰੀ ਮੁਤਾਬਕ ਆਉਣ ਵਾਲਾ ਨਵਾਂ ਸਾਲ ਸਾਡੇ ਸੱਭਿਆਚਾਰਕ ਖਾਸੇ ਨਾਲ ਮੇਲ ਨਹੀਂ ਖਾਂਦਾ। ਇਸ ਦੇ ਬਾਵਜੂਦ ਅਸੀਂ ਪੱਛਮ ਦੀ ਰੀਸੋ-ਰੀਸ ਆਪਣੇ ਅਮੀਰ ਸੱਭਿਆਚਾਰ ਨੂੰ ਵਿਸਾਰ ਰਹੇ ਹਾਂ। ਨਵੀਂ ਪੀੜ੍ਹੀ ਵਿਚ ਵਿਰਲੇ-ਟਾਵੇਂ ਹੋਣਗੇ ਜਿਨ੍ਹਾਂ ਨੂੰ ਦੇਸੀ ਮਹੀਨਿਆਂ ਦੇ ਨਾਂ ਯਾਦ ਹੋਣਗੇ। ਇਕੱਤੀ ਦਸੰਬਰ ਵਾਲੇ ਦਿਨ ਭਾਰਤ ਦੇ ਹਰ ਕੋਨੇ ’ਤੇ ਪਾਰਟੀਆਂ ਵਿਚ ਹੋ-ਹੱਲਾ ਹੋਵੇਗਾ। ਪੁਲਿਸ ਪੱਬਾਂ ਭਾਰ ਹੁੰਦੀ ਹੈ।
ਥਾਂ-ਥਾਂ ਰਗੜੇ-ਝਗੜੇ ਹੋਣ ਦਾ ਖ਼ਦਸ਼ਾ ਰਹੇਗਾ। ਹਰ ਕੋਈ ਬੀਤ ਰਹੇ ਆਖ਼ਰੀ ਪਲ ਤੱਕ ਨੂੰ ਆਪਣੀਆਂ ਯਾਦਾਂ ਵਿਚ ਸੰਜੋਣਾ ਚਾਹੇਗਾ। ਪਹਿਲੀ ਜਨਵਰੀ ਦੀ ਪ੍ਰਭਾਤ ਦੇ ਆਗਮਨ ਵੇਲੇ ਵੀ ਇਹੀ ਮੌਜ-ਮਸਤੀ ਛਾਈ ਰਹੇਗੀ। ਬਾਲ-ਮਜ਼ਦੂਰਾਂ ਸਣੇ ਟੱਬਰਾਂ ਦੇ ਟੱਬਰ ਭੱਠਿਆਂ ’ਤੇ ਪਾਥੀਆਂ ਥੱਪਦੇ ਦਿਖਾਈ ਦੇਣਗੇ। ਕਿਸਾਨ ਖੇਤਾਂ ਵਿਚ ਖ਼ੂਨ-ਪਸੀਨਾ ਵਹਾ ਕੇ ਰਾਹਲਾਂ ਤੇ ਸਿਆੜ ਕੱਢ ਰਹੇ ਹੋਣਗੇ। ਇਮਾਰਤਾਂ ਦੀ ਉਸਾਰੀ ਵਿਚ ਲੱਗੇ ਮਜ਼ਦੂਰਾਂ ਦੇ ਸਿਰਾਂ ’ਤੇ ਇੱਟਾਂ ਜਾਂ ਰੇਤ-ਸੀਮੈਂਟ ਨਾਲ ਭਰੇ ਬੱਠਲਾਂ ਦਾ ਬੋਝ ਨਹੀਂ ਘਟੇਗਾ।
‘ਭੰਡਾ-ਭੰਡਾਰੀਆ ਕਿੰਨਾ ਕੁ ਭਾਰ, ਇਕ ਮੁੱਠੀ ਚੁੱਕ ਲੈ, ਦੂਜੀ ਤਿਆਰ’ ਕਿਰਤੀਆਂ ਦੀ ਹੋਣੀ ਹੋਣਗੇ। ਜਸ਼ਨਾਂ ਵੇਲੇ ਇਕੱਠਾ ਹੋਇਆ ਕੂੜਾ-ਕਰਕਟ ਹੂੰਝਦੇ ਸਫ਼ਾਈ ਸੇਵਕ ਨਜ਼ਰੀਂ ਆਉਣਗੇ। ਕਾਰਖਾਨਿਆਂ ਦੀਆਂ ਭੱਠੀਆਂ ਵਿਚ ਲੋਹਾ ਪਹਿਲਾਂ ਵਾਂਗ ਹੀ ਢਲਦਾ ਰਹੇਗਾ। ਅੰਨਦਾਤੇ ਦੀ ਪੁੱਤਾਂ ਵਾਂਗ ਪਾਲੀ ਫ਼ਸਲ ਮੰਡੀਆਂ ਵਿਚ ਰੁਲਣ ਦੇ ਸਮਾਚਾਰਾਂ ਨੂੰ ਠੱਲ੍ਹ ਪੈਣ ਦੇ ਆਸਾਰ ਵੀ ਘੱਟ-ਵੱਧ ਹੀ ਹੁੰਦੇ ਹਨ।
ਲੱਖਾਂ ਨਹੀਂ, ਕਰੋੜਾਂ ਭਾਰਤ ਵਾਸੀ ਖੁੱਲ੍ਹੇ ਅੰਬਰ ਹੇਠ ਰਾਤਾਂ ਬਿਤਾਉਣ ਲਈ ਮਜਬੂਰ ਹੋਣਗੇ। ਜਸ਼ਨਾਂ ’ਤੇ ਹੋਣ ਵਾਲੇ ਖ਼ਰਚੇ ਦਾ ਦਸਵੰਧ ਵੀ ਅਜਿਹੇ ਲਾਚਾਰਾਂ ਦੀ ਦਸ਼ਾ ਸੁਧਾਰਨ ’ਤੇ ਲੱਗ ਜਾਵੇ ਤਾਂ ਗਨੀਮਤ ਹੋਵੇਗੀ। ਅਜਿਹੀ ਦਿਆਲੂ ਪਹੁੰਚ ਕਰੋੜਾਂ ਹਾਸ਼ੀਆਗਤ ਲੋਕਾਂ ਦੀ ਤਕਦੀਰ ਬਦਲ ਕੇ ਦੁਨੀਆ ਦੀ ਤਸਵੀਰ ਬਦਲ ਦੇਵੇਗੀ।
ਵਰਿੰਦਰ ਸਿੰਘ ਵਾਲੀਆ
ਸੰਪਾਦਕ