ਮੈਕਰੋਂ ‘ਐਂਟੀ ਕੋਸਿਅਨ ਇੰਸਟੂਮੇਟ’ (ਏਸੀਆਈ) ਨੂੰ ਲਾਗੂ ਕਰਨ ਦਾ ਸੁਝਾਅ ਦੇ ਰਹੇ ਹਨ। ਇਸ ਤਰ੍ਹਾਂ ਈਯੂ ਵੱਲੋਂ ਅਮਰੀਕੀ ਕਾਰੋਬਾਰੀਆਂ ਜਾਂ ਸੰਸਥਾਵਾਂ ’ਤੇ ਪਾਬੰਦੀਆਂ ਲਗਾਈਆਂ ਜਾ ਸਕਦੀਆਂ ਹਨ। ਇਨ੍ਹਾਂ ਪਾਬੰਦੀਆਂ ਨਾਲ ਯੂਰਪੀ ਸੰਘ ਦੇ ਬਾਜ਼ਾਰਾਂ ਤੱਕ ਅਮਰੀਕੀ ਕੰਪਨੀਆਂ ਦੀ ਪਹੁੰਚ ਸੀਮਤ ਹੋ ਸਕਦੀ ਹੈ।

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੀਤੇ ਦਿਨੀਂ ਦਾਵੋਸ ਵਿਚ ਵਿਸ਼ਵ ਆਰਥਿਕ ਫੋਰਮ ਦੀ ਸਾਲਾਨਾ ਮੀਟਿੰਗ ਵਿਚ ਆਪਣੇ ਸੰਬੋਧਨ ਵਿਚ ਕਿਹਾ ਕਿ ਉਹ ਗ੍ਰੀਨਲੈਂਡ ਨੂੰ ਹਾਸਲ ਕਰਨ ਲਈ ਤਾਕਤ ਦੀ ਵਰਤੋਂ ਨਹੀਂ ਕਰਨਗੇ। ਟਰੰਪ ਨੇ ਕਿਹਾ ਉਨ੍ਹਾਂ ਨੂੰ ਰਣਨੀਤਕ ਕਾਰਨਾਂ ਕਰਕੇ ਗ੍ਰੀਨਲੈਂਡ ਦੀ ਲੋੜ ਹੈ। ‘ਸਾਨੂੰ ਵਿਸ਼ਵ ਦੀ ਰੱਖਿਆ ਲਈ ਹਿਮਖੰਡ ਦਾ ਇਕ ਟੁਕੜਾ ਚਾਹੀਦਾ ਹੈ, ਉਹ ਇਸ ਨੂੰ ਨਹੀਂ ਦੇਣਗੇ। ਡੈਨਮਾਰਕ ਅਹਿਸਾਨ-ਫਰਾਮੋਸ਼ ਦੇਸ਼ ਹੈ। ਕੈਨੇਡਾ ਸਾਡੇ ’ਤੇ ਨਿਰਭਰ ਹੈ। ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਯੂਰਪੀ ਸੰਘ ਸਹੀ ਦਿਸ਼ਾ ’ਚ ਨਹੀਂ ਜਾ ਰਿਹਾ ਹੈ। ਉਨ੍ਹਾਂ ਨੇ ਤਤਕਾਲ ਗੱਲਬਾਤ ਦਾ ਪ੍ਰਸਤਾਵ ਰੱਖਿਆ। ਓਧਰ ਪਿਛਲੇ ਕੁਝ ਦਿਨਾਂ ਤੋਂ ਗ੍ਰੀਨਲੈਂਡ ਨੂੰ ਲੈ ਕੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਧਮਕੀਆਂ ਤੋਂ ਚਿੰਤਤ ਯੂਰਪੀ ਸੰਘ ਅਮਰੀਕਾ ਖ਼ਿਲਾਫ਼ ਜਵਾਬੀ ਕਾਰਵਾਈ ’ਤੇ ਵਿਚਾਰ ਕਰ ਸਕਦਾ ਹੈ। ਉਹ ਅਮਰੀਕੀ ਸਾਮਾਨ ’ਤੇ ਭਾਰੀ ਟੈਰਿਫ ਨੂੰ ਲੈ ਕੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਦੇ ਸੁਝਾਏ ਗਏ ਤਰੀਕਿਆਂ ਨੂੰ ਅਪਣਾ ਸਕਦਾ ਹੈ।
ਮੈਕਰੋਂ ‘ਐਂਟੀ ਕੋਸਿਅਨ ਇੰਸਟੂਮੇਟ’ (ਏਸੀਆਈ) ਨੂੰ ਲਾਗੂ ਕਰਨ ਦਾ ਸੁਝਾਅ ਦੇ ਰਹੇ ਹਨ। ਇਸ ਤਰ੍ਹਾਂ ਈਯੂ ਵੱਲੋਂ ਅਮਰੀਕੀ ਕਾਰੋਬਾਰੀਆਂ ਜਾਂ ਸੰਸਥਾਵਾਂ ’ਤੇ ਪਾਬੰਦੀਆਂ ਲਗਾਈਆਂ ਜਾ ਸਕਦੀਆਂ ਹਨ। ਇਨ੍ਹਾਂ ਪਾਬੰਦੀਆਂ ਨਾਲ ਯੂਰਪੀ ਸੰਘ ਦੇ ਬਾਜ਼ਾਰਾਂ ਤੱਕ ਅਮਰੀਕੀ ਕੰਪਨੀਆਂ ਦੀ ਪਹੁੰਚ ਸੀਮਤ ਹੋ ਸਕਦੀ ਹੈ। ਪਿਛਲੇ ਦਿਨੀਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਗ੍ਰੀਨਲੈਂਡ ਨੂੰ ਕਬਜ਼ੇ ਵਿਚ ਲੈਣ ਦੀ ਦਿੱਤੀ ਧਮਕੀ ਦਿੱਤੀ ਸੀ ਜਿਸ ਦਾ ਵਿਆਪਕ ਵਿਰੋਧ ਹੋਇਆ ਹੈ। ਖ਼ਾਸ ਕਰਕੇ ਯੂਰਪੀ ਯੂਨੀਅਨ ਦੇ ਦੇਸ਼ਾਂ ਡੈਨਮਾਰਕ, ਫਰਾਂਸ, ਜਰਮਨੀ ਆਦਿ ਵੱਲੋਂ ਧਮਕੀ ਨੂੰ ਨਕਾਰਿਆ ਗਿਆ ਹੈ। ਡੈਨਮਾਰਕ ਦੇ ਪ੍ਰਧਾਨ ਮੰਤਰੀ ਮੈਟ ਟਰੈਡ ਰਿਕਸਨ ਨੇ ਚੇਤਾਵਨੀ ਦਿੱਤੀ ਕਿ ਜੇ ਅਮਰੀਕਾ ਨੇ ਗ੍ਰੀਨਲੈਂਡ ’ਤੇ ਕਬਜ਼ਾ ਕਰ ਲਿਆ ਤਾਂ ਨਾਟੋ ਦੇ ਖ਼ਾਤਮੇ ਦੀ ਸ਼ੁਰੂਆਤ ਹੋ ਜਾਵੇਗੀ।
ਟਰੰਪ ਨੇ ਫਿਰ ਦਾਅਵਾ ਕੀਤਾ ਕਿ ਅਸੀਂ ਹਰ ਕੀਮਤ ’ਤੇ ਗ੍ਰੀਨਲੈਂਡ ਨੂੰ ਕਬਜ਼ੇ ’ਚ ਲਵਾਂਗੇ। ਜੇ ਅਸੀਂ ਕਬਜ਼ਾ ਨਹੀਂ ਕਰਾਂਗੇ ਤਾਂ ਰੂਸ ਤੇ ਚੀਨ ਕਰ ਲੈਣਗੇ। ਇਸ ਦੌਰਾਨ ਯੂਰਪੀ ਫ਼ੌਜਾਂ ਗ੍ਰੀਨਲੈਂਡ ਪਹੁੰਚਣੀਆਂ ਸ਼ੁਰੂ ਹੋ ਗਈਆਂ ਹਨ। ਡੈਨਮਾਰਕ, ਗ੍ਰੀਨਲੈਂਡ ਤੇ ਅਮਰੀਕਾ ਦੇ ਪ੍ਰਤੀਨਿਧੀਆਂ ਵਿਚਾਲੇ ਗੱਲਬਾਤ ਦਾ ਕੋਈ ਸਿੱਟਾ ਨਹੀਂ ਨਿਕਲਿਆ। ਇਸ ਤੋਂ ਬਾਅਦ ਫਰਾਂਸ, ਜਰਮਨੀ, ਨਾਰਵੇ ਅਤੇ ਸਵੀਡਨ ਸਮੇਤ ਕਈ ਯੂਰਪੀ ਦੇਸ਼ਾਂ ਦੇ ਫ਼ੌਜੀ ਆਰਕਟਿਕ ਟਾਪੂ ਗ੍ਰੀਨਲੈਂਡ ਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਵਿਚ ਮਦਦ ਲਈ ਉੱਥੇ ਪਹੁੰਚ ਰਹੇ ਹਨ। ਅਮਰੀਕਾ ਦੇ ਰਾਸ਼ਟਰਪਤੀ ਨੇ ਧਮਕਾਇਆ ਕਿ ਗ੍ਰੀਨਲੈਂਡ ਦਾ ਸਾਥ ਦੇਣ ਵਾਲੇ 8 ਯੂਰਪੀ ਦੇਸ਼ਾਂ ’ਤੇ ਟੈਰਿਫ ਲਾਵਾਂਗਾ। ਯੂਰਪੀ ਦੇਸ਼ਾਂ ਨੇ ਪਲਟਵਾਰ ਕਰਦਿਆਂ ਕਿਹਾ ਕਿ ਟਰੰਪ ਦੇ ਟੈਰਿਫ ਤੋਂ ਕੋਈ ਖ਼ਤਰਾ ਨਹੀਂ ਹੈ। ਗ੍ਰੀਨਲੈਂਡ ਉੱਤੇ ਕਬਜ਼ੇ ਨੂੰ ਲੈ ਕੇ ਟਰੰਪ ਦੀ ਪਾਰਟੀ ਦੋਫਾੜ ਹੋਈ ਪਈ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਚੀਨ ਦੇ ਦੌਰੇ ’ਤੇ ਪਹੁੰਚੇ ਅਤੇ ਉਸ ਨਾਲ ਵੱਡਾ ਕਾਰੋਬਾਰੀ ਸਮਝੌਤਾ ਕੀਤਾ। ਚੀਨ ਦੇ ਸਰਕਾਰੀ ਮੀਡੀਆ ਨੇ ਕੈਨੇਡਾ ਸਰਕਾਰ ਨੂੰ ਅਮਰੀਕੀ ਪ੍ਰਭਾਵ ਹੇਠੋਂ ਨਿਕਲਣ ਅਤੇ ਸੁਤੰਤਰ ਵਿਦੇਸ਼ ਨੀਤੀ ਅਪਣਾਉਣ ਦੀ ਅਪੀਲ ਕੀਤੀ। ਟਰੰਪ ਨੇ ਇਕ ਨਕਸ਼ੇ ਵਿਚ ਗ੍ਰੀਨਲੈਂਡ ਦੇ ਨਾਲ-ਨਾਲ ਕੈਨੇਡਾ ਤੇ ਵੈਨੇਜ਼ੁਏਲਾ ਨੂੰ ਵੀ ਅਮਰੀਕਾ ਦਾ ਹਿੱਸਾ ਦਿਖਾਇਆ। ਉਨ੍ਹਾਂ ਨੇ ਇੰਟਰਨੈੱਟ ਮੀਡੀਆ ਪਲੇਟਫਾਰਮ ਟਰੁੱਥ ਸੋਸ਼ਲ ’ਤੇ ਇਹ ਤਸਵੀਰ ਜਾਰੀ ਕੀਤੀ ਹੈ। ਇਕ ਹੋਰ ਪੋਸਟ ’ਚ ਟਰੰਪ, ਉਪ ਰਾਸ਼ਟਰਪਤੀ ਜੇਡੀ ਵੇਂਸ ਤੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਦੇ ਨਾਲ ਗ੍ਰੀਨਲੈਂਡ ’ਚ ਅਮਰੀਕਾ ਦਾ ਝੰਡਾ ਲਹਿਰਾਉਂਦੇ ਦਿਖਾਈ ਦੇ ਰਹੇ ਹਨ। ਤਸਵੀਰ ’ਚ ਇਕ ਮੀਲ ਪੱਥਰ ਲੱਗਾ ਹੈ ਜਿਸ ’ਤੇ ਲਿਖਿਆ ਹੈ ਕਿ ਗ੍ਰੀਨਲੈਂਡ ਅਮਰੀਕੀ ਖੇਤਰ ਹੈ।
ਇਕ ਨਵੇਂ ਸਰਵੇਖਣ ਅਨੁਸਾਰ ਜਰਮਨੀ ਦੇ ਜ਼ਿਆਦਾਤਰ ਲੋਕ ਮੰਨਦੇ ਹਨ ਕਿ ਅਮਰੀਕਾ ਦੇ ਰਾਸ਼ਟਰਪਤੀ ਦੀਆਂ ਨੀਤੀਆਂ ‘ਨਾਟੋ’ ਨੂੰ ਖ਼ਤਰੇ ’ਚ ਪਾ ਰਹੀਆਂ ਹਨ। ‘ਜ਼ੈੱਡਡੀਐੱਫ ਪਾਲਿਟਬੈਰੋਮੀਟਰ’ ਸਰਵੇ ’ਚ ਸ਼ਾਮਲ 78 ਪ੍ਰਤੀਸ਼ਤ ਲੋਕਾਂ ਨੇ ਕਿਹਾ ਕਿ ਟਰੰਪ ਦਾ ਰਵੱਈਆ ਗਠਬੰਧਨ ਲਈ ਖ਼ਤਰਾ ਹੈ। ਜਦਕਿ 18 ਫ਼ੀਸਦੀ ਲੋਕ ਇਸ ਨਾਲ ਸਹਿਮਤ ਨਹੀਂ ਸਨ। ਬਾਕੀ ਲੋਕਾਂ ਨੇ ਕਿਹਾ ਕਿ ਉਹ ਕੁਝ ਨਹੀਂ ਕਹਿ ਸਕਦੇ। ਇਹ ਸਰਵੇ ਉਸ ਵਕਤ ਆਇਆ ਜਦੋਂ ਟਰੰਪ ਗ੍ਰੀਨਲੈਂਡ ’ਤੇ ਅਮਰੀਕਾ ਦੇ ਦਾਅਵਿਆਂ ’ਤੇ ਜ਼ੋਰ ਦੇ ਰਹੇ ਹਨ ਜੋ ਕੁਦਰਤੀ ਸੋਮਿਆਂ ਨਾਲ ਭਰਪੂਰ ਆਰਕਟਿਕ ਟਾਪੂ ਹੈ। ਗ੍ਰੀਨਲੈਂਡ ਨਾਟੋ ਮੈਂਬਰ ਡੈਨਮਾਰਕ ਦਾ ਅਰਧ-ਖ਼ੁਦਮੁਖਤਾਰ ਹਿੱਸਾ ਹੈ। ਯੂਰਪੀ ਸੰਘ ਦੇ 69 ਫ਼ੀਸਦੀ ਲੋਕਾਂ ਦਾ ਕਹਿਣਾ ਹੈ ਕਿ ਈਯੂ ਨੂੰ ਟਰੰਪ ਦੇ ਇਸ ਰੌਂਅ ਦਾ ਵਿਰੋਧ ਕਰਨਾ ਚਾਹੀਦਾ ਹੈ। ਇਹ ਸਵਾਲ ਵੀ ਪੁੱਛਿਆ ਗਿਆ ਕਿ ਜੇਕਰ ਅਮਰੀਕਾ ਆਰਥਿਕ ਸਾਧਨਾਂ ਨੂੰ ਹਾਸਲ ਕਰਨ ਲਈ ਕੌਮਾਂਤਰੀ ਕਾਨੂੰਨਾਂ ਦੀ ਉਲੰਘਣਾ ਕਰਦਾ ਹੈ, ਦੂਸਰੇ ਦੇਸ਼ਾਂ ਦੇ ਅੰਦਰੂਨੀ ਮਾਮਲਿਆਂ ਵਿਚ ਦਖ਼ਲ ਦਿੰਦਾ ਹੈ ਤਾਂ ਯੂਰਪੀ ਸੰਘ ਨੂੰ ਕਿਹੋ ਜਿਹੀ ਪ੍ਰਤੀਕਿਰਿਆ ਦੇਣੀ ਚਾਹੀਦੀ ਹੈ ਤਾਂ 69 ਫ਼ੀਸਦੀ ਲੋਕਾਂ ਨੇ ਸਪਸ਼ਟ ਬਹੁਮਤ ਨਾਲ ਕਿਹਾ ਕਿ ਯੂਰਪੀ ਸੰਘ ਨੂੰ ਵਿਰੋਧ ਕਰਨਾ ਚਾਹੀਦਾ ਹੇ। ਖੇਤਰਫਲ ਦੇ ਲਿਹਾਜ਼ ਨਾਲ ਗ੍ਰੀਨਲੈਂਡ ਨਾਲੋਂ ਅਮਰੀਕਾ, ਰੂਸ, ਕੈਨੇਡਾ ਅਤੇ ਚੀਨ ਕਾਫ਼ੀ ਵੱਡੇ ਹਨ ਪ੍ਰੰਤੂ ਉਹ ਜਰਮਨੀ ਤੋਂ ਲਗਪਗ ਛੇ ਗੁਣਾ ਵੱਡਾ ਅਤੇ ਭਾਰਤ ਨੂੰ ਗ੍ਰੀਨਲੈਂਡ ਤੋਂ ਡੇਢ ਗੁਣਾ ਵੱਡਾ ਮੰਨਿਆ ਜਾ ਸਕਦਾ ਹੈ। ਸਿਰਫ਼ 56 ਹਜ਼ਾਰ ਵਾਸੀਆਂ ਵਾਲਾ ਗ੍ਰੀਨਲੈਂਡ ਸਭ ਤੋਂ ਘੱਟ ਆਬਾਦੀ ਵਾਲਾ ਇਲਾਕਾ ਮੰਨਿਆ ਜਾਂਦਾ ਹੈ। ਇਸ ਟਾਪੂ ਸਮੂਹ ਦਾ 80 ਪ੍ਰਤੀਸ਼ਤ ਹਿੱਸਾ ਲਗਪਗ 30 ਲੱਖ ਸਾਲ ਪਹਿਲਾਂ ਬਣੀ ਬਰਫ਼ ਦੀ ਚਾਦਰ ਨਾਲ ਢਕਿਆ ਹੋਇਆ ਹੈ। ਗ੍ਰੀਨਲੈਂਡ ਦੇ ਪੰਜ ਸ਼ਹਿਰਾਂ ਵਿਚ ਉਸ ਦੀ 65 ਫ਼ੀਸਦੀ ਤੋਂ ਜ਼ਿਆਦਾ ਆਬਾਦੀ ਰਹਿੰਦੀ ਹੈ। ਨੁਕ ਗ੍ਰੀਨਲੈਂਡ ਦੀ ਰਾਜਧਾਨੀ ਹੈ ਜਿੱਥੇ ਸਿਰਫ਼ 19,905 ਲੋਕ ਰਹਿੰਦੇ ਹਨ। ਗ੍ਰੀਨਲੈਂਡ ਦੀ ਰੱਖਿਆ ਦੀ ਜ਼ਿੰਮੇਵਾਰੀ ਡੈਨਮਾਰਕ ਦੀ ਹੈ।
ਤਤਕਲੀ ਅਮਰੀਕੀ ਵਿਦੇਸ਼ ਮੰਤਰੀ ਵਿਲੀਅਮ ਸੇਵਰਡ ਨੇ 1867 ਵਿਚ ਹੀ ਗ੍ਰੀਨਲੈਂਡ ਨੂੰ ਆਪਣੇ ਨਾਲ ਮਿਲਾਉਣ ਦੀ ਗੱਲ ਕੀਤੀ ਸੀ। ਦੂਸਰੇ ਵਿਸ਼ਵ ਯੁੱਧ ਸਮੇਂ ਅਮਰੀਕਾ ਨੇ ਗ੍ਰੀਨਲੈਂਡ ਦੇ ਯੁੱਧਨੀਤਕ ਹਿੱਸਿਆਂ ’ਤੇ ਕਬਜ਼ਾ ਕਰ ਲਿਆ ਸੀ ਤਾਂ ਕਿ ਉਹ ਨਾਜ਼ੀ ਜਰਮਨੀ ਦੇ ਹੱਥ ’ਚ ਨਾ ਜਾਵੇ। ਅਮਰੀਕਾ ਵਰਤਮਾਨ ’ਚ ਉੱਤਰ-ਪੱਛਮੀ ਗ੍ਰੀਨਲੈਂਡ ਦੇ ‘ਪਿਟੂਫਿਕ ਸਪੇਸ ਬੇਸ’ ਦਾ ਸੰਚਾਲਨ ਕਰਦਾ ਹੈ ਜਿਸ ਨੂੰ 1951 ਵਿਚ ਅਮਰੀਕਾ ਅਤੇ ਡੈਨਮਾਰਕ ਦੁਆਰਾ ਗ੍ਰੀਨਲੈਂਡ ਦੀ ਰੱਖਿਆ ਸੰਧੀ ’ਤੇ ਦਸਤਖ਼ਤ ਕਰਨ ਤੋਂ ਬਾਅਦ ਬਣਾਇਆ ਗਿਆ ਸੀ। ਸਾਲ 2023 ਵਿਚ ‘ਥੁਲੇ ਏਅਰ ਬੇਸ’ ਦਾ ਨਾਂ ਬਦਲ ਕੇ ‘ਪਿਟੂਫਿਕ ਸਪੇਸ ਬੇਸ’ ਕਰ ਦਿੱਤਾ ਗਿਆ ਸੀ। ਆਰਕਟਿਕ ਭੂ-ਮੱਧ ਰੇਖਾ ਤੋਂ ਉੱਤਰ ’ਚ ਲਗਪਗ 66.5 ਡਿਗਰੀ ’ਤੇ ਸਥਿਤ ਹੈ। ਇਹ ਰੇਖਾ 8 ਦੇਸ਼ਾਂ ਕੈਨੇਡਾ, ਡੈਨਮਾਰਕ (ਗ੍ਰੀਨਲੈਂਡ), ਫਿਨਲੈਂਡ, ਆਈਸਲੈਂਡ, ਨਾਰਵੇ, ਰੂਸ, ਸਵੀਡਨ ਅਤੇ ਅਮਰੀਕਾ (ਅਲਾਸਕਾ) ਵਿੱਚੋਂ ਦੀ ਹੋ ਕੇ ਲੰਘਦੀ ਹੈ। ਇਸ ਦੇ ਉੱਤਰ ਦਾ ਇਲਾਕਾ ਆਰਕਟਿਕ ਅਖਵਾਉਂਦਾ ਹੈ। ਇਸ ਤਰ੍ਹਾਂ ਲੱਗਦਾ ਹੈ ਕਿ ਅਮਰੀਕਾ ਅੰਤਰਰਾਸ਼ਟਰੀ ਵਪਾਰ ਲਈ ਇਕ ਉੱਤਰ-ਪੱਛਮ ਗਲਿਆਰਾ ਬਣਾਏਗਾ। ਇਸ ਦਾ ਮਤਲਬ ਇਹ ਹੋ ਸਕਦਾ ਹੈ ਕਿ ਅਮਰੀਕਾ ਨੂੰ ਗ੍ਰੀਨਲੈਂਡ ਦੇ ਖਣਿਜ ਸਾਧਨਾਂ ਤੱਕ ਪਹੁੰਚ ਲਈ ਰੂਸ, ਚੀਨ ਤੇ ਦੂਸਰੇ ਦੇਸ਼ਾਂ ਨਾਲ ਮੁਕਾਬਲਾ ਕਰਨਾ ਪਵੇਗਾ।
-ਮੁਖ਼ਤਾਰ ਗਿੱਲ
-ਸੰਪਰਕ : 98140-82217