ਸਿੱਖ ਧਰਮ ਦੇ ਬਾਨੀ, ਜਗਤ ਗੁਰੂ, ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਮੁੱਚੀ ਲੋਕਾਈ ਨੂੰ ਕਲਾਵੇ ਵਿਚ ਲੈਂਦਿਆਂ ‘ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ’ ਦਾ ਵਿਲੱਖਣ ਸਿਧਾਂਤ ਦੇ ਕੇ ਕੁਰਾਹੇ ਪਏ ਸਮਾਜ ਦਾ ਮਾਰਗਦਰਰਸ਼ਨ ਕੀਤਾ। ਆਪ ਜੀ ਨੇ ‘‘ਜਉ ਤਉ ਪ੍ਰੇਮ ਖੇਲਣ ਕਾ ਚਾਉ।। ਸਿਰੁ ਧਰਿ ਗਲੀ ਮੇਰੀ ਆਉ।।’’

-ਗਿਆਨੀ ਕੁਲਦੀਪ ਸਿੰਘ ਗੜਗੱਜ
ਸਿੱਖ ਧਰਮ ਦੇ ਬਾਨੀ, ਜਗਤ ਗੁਰੂ, ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਮੁੱਚੀ ਲੋਕਾਈ ਨੂੰ ਕਲਾਵੇ ਵਿਚ ਲੈਂਦਿਆਂ ‘ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ’ ਦਾ ਵਿਲੱਖਣ ਸਿਧਾਂਤ ਦੇ ਕੇ ਕੁਰਾਹੇ ਪਏ ਸਮਾਜ ਦਾ ਮਾਰਗਦਰਰਸ਼ਨ ਕੀਤਾ। ਆਪ ਜੀ ਨੇ ‘‘ਜਉ ਤਉ ਪ੍ਰੇਮ ਖੇਲਣ ਕਾ ਚਾਉ।। ਸਿਰੁ ਧਰਿ ਗਲੀ ਮੇਰੀ ਆਉ।।’’
ਮਹਾਵਾਕ ਰਾਹੀਂ ਸ਼ਹਾਦਤ ਦੀ ਅਸਲੋਂ ਨਵੀਂ ਪਰਿਭਾਸ਼ਾ ਦਿੱਤੀ। ਗੁਰੂ ਸਾਹਿਬ ਦੀ ਕ੍ਰਾਂਤੀਕਾਰੀ ਬਾਣੀ ਵਿਚ ਹਾਕਮਾਂ ਨੂੰ ਸ਼ੀਂਹ ਤੇ ਉਨ੍ਹਾਂ ਦੇ ਅਹਿਲਕਾਰਾਂ ਨੂੰ ਕੁੱਤੇ ਕਹਿ ਕੇ ਸੰਬੋਧਨ ਕੀਤਾ ਜੋ ਲੋਕਾਈ ’ਤੇ ਅਕਹਿ ਅਤੇ ਅਸਹਿ ਜ਼ੁਲਮ ਢਾਹੁੰਦੇ ਸਨ, ‘‘ਰਾਜੇ ਸੀਂਹ ਮੁਕਦਮ ਕੁਤੇ।।
ਜਾਇ ਜਗਾਇਨਿ ਬੈਠੇ ਸੁਤੇ।।
ਚਾਕਰ ਨਹਦਾ ਪਾਇਨਿ ਘਾਉ।।
ਰਤੁ ਪਿਤੁ ਕੁਤਿਹੋ ਚਟਿ ਜਾਹੁ।।
ਗੁਰੂ ਸਾਹਿਬ ਦੇ ਬਖ਼ਸ਼ੇ ਸਿਧਾਂਤਾਂ ਨੂੰ ਬਾਕੀ ਗੁਰੂ ਸਾਹਿਬਾਨ ਨੇ ਵੀ ਅੱਗੇ ਵਧਾਇਆ ਅਤੇ ਜਦੋਂ ਸਿੱਖੀ ਦੀ ਚੜ੍ਹਦੀ ਕਲਾ ਸਿਖਰਾਂ ਉੱਤੇ ਸੀ ਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਜਹਾਂਗੀਰ ਵੱਲੋਂ ਲਾਹੌਰ ਵਿਚ ਸ਼ਹੀਦ ਕਰਵਾ ਦਿੱਤਾ ਗਿਆ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਚਾਰ ਜੰਗਾਂ ਲੜੀਆਂ। ਸ੍ਰੀ ਗੁਰੂ ਤੇਗ਼ ਬਹਾਦਰ ਨੇ ਉਸ ਵੇਲੇ ਮਜ਼ਲੂਮ ਹਿੰਦੂ ਧਰਮ ਦੇ ਤਿਲਕ ਤੇ ਜੰਞੂ ਦੀ ਰਾਖੀ ਤੇ ਧਾਰਮਿਕ ਆਜ਼ਾਦੀ ਲਈ ਸ਼ਹਾਦਤ ਦਿੱਤੀ। ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਰਣਜੀਤ ਨਗਾਰਾ ਤਿਆਰ ਕਰਵਾਇਆ ਜਿਨ੍ਹਾਂ ਨੇ ਪਹਾੜੀ ਰਾਜਿਆਂ ਤੇ ਮੁਗ਼ਲ ਸਲਤਨਤ ਵਿਰੁੱਧ ਕਈ ਜੰਗਾਂ ਲੜੀਆਂ। ਜਦੋਂ ਸਿੱਖੀ ਦੀ ਚੜ੍ਹਦੀ ਕਲਾ ਬਰਦਾਸ਼ਤ ਨਾ ਹੋਈ ਤਾਂ ਸਾਜ਼ਿਸ਼ਾਂ ਤਹਿਤ ਸ੍ਰੀ ਅਨੰਦਪੁਰ ਸਾਹਿਬ ਨੂੰ ਘੇਰਾ ਪਾਇਆ ਗਿਆ। ਦਸਵੇਂ ਪਾਤਸ਼ਾਹ ਨੇ ਛੇ ਅਤੇ ਸੱਤ ਪੋਹ ਦੀ ਵਿਚਕਾਰਲੀ ਰਾਤ ਨੂੰ ਸ੍ਰੀ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ ਅਤੇ ਸਰਸਾ ਨਦੀ ਦੇ ਕੰਢੇ ਉੱਤੇ ਗੁਰੂ ਸਾਹਿਬ ਦਾ ਪਰਿਵਾਰ ਤਿੰਨ ਹਿੱਸਿਆਂ ਵਿਚ ਵਿਛੜ ਗਿਆ।
ਪਰਿਵਾਰ ਵਿਛੜਨ ਤੋਂ ਬਾਅਦ ਅਦੁੱਤੀ ਸਫ਼ਰ-ਏ-ਸ਼ਹਾਦਤ ਸ਼ੁਰੂ ਹੁੰਦਾ ਹੈ। ਗੁਰੂ ਪਰਿਵਾਰ ਦੀ ਲਾਸਾਨੀ ਸ਼ਹਾਦਤ ਕਾਰਨ ਹੀ ਕਲਗੀਧਰ ਪਾਤਸ਼ਾਹ ਨੂੰ ਸਰਬੰਸਦਾਨੀ ਕਿਹਾ ਜਾਂਦਾ ਹੈ। ਅਜਿਹੀ ਲਹੂ-ਭਿੱਜੀ ਦਾਸਤਾਨ ਦੁਨੀਆ ਦੇ ਇਤਿਹਾਸ ਵਿਚ ਕਿਤੇ ਵੀ ਨਹੀਂ ਮਿਲਦੀ।
ਇੱਥੇ ਅੱਜ ਸਿੱਖਾਂ ਦਾ ਬਹੁਤ ਹੀ ਇਤਿਹਾਸਕ ਤੇ ਮੁਕੱਦਸ ਅਸਥਾਨ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਸਥਿਤ ਹੈ। ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਦਸਮੇਸ਼ ਪਿਤਾ ਤੇ 40 ਸਿੰਘਾਂ ਨਾਲ ਚਮਕੌਰ ਦੀ ਗੜ੍ਹੀ ਵਿਚ ਪਹੁੰਚੇ। ਦਸ ਲੱਖ ਦੀ ਫ਼ੌਜ ਨੇ ਗੁਰੂ ਸਾਹਿਬ ਨੂੰ ਘੇਰਾ ਪਾਇਆ ਅਤੇ ਆਤਮ-ਸਮਰਪਣ ਕਰਨ ਲਈ ਆਖਿਆ। ਗੁਰੂ ਸਾਹਿਬ ਨੇ ਤੀਰਾਂ ਦੀ ਬਰਖਾ ਨਾਲ ਜਵਾਬ ਦਿੱਤਾ, ਇੱਥੇ ਗਹਿਗੱਚ ਜੰਗ ਹੋਈ।
ਪੰਜ-ਪੰਜ ਸਿੰਘਾਂ ਦੇ ਜਥੇ ਗੁਰੂ ਪਿਤਾ ਤੋਂ ਆਗਿਆ ਪਾ ਕੇ ਬਾਹਰ ਨਿਕਲਦੇ ਅਤੇ ਧਾੜਵੀ ਫ਼ੌਜਾਂ ਨਾਲ ਜੂਝਦਿਆਂ ਸ਼ਹੀਦ ਹੁੰਦੇ। ਇੱਥੇ ਹੀ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਵੀ ਗੁਰੂ ਪਿਤਾ ਦੀ ਆਗਿਆ ਲੈ ਕੇ ਜੰਗ ਦੇ ਮੈਦਾਨ ਵਿਚ ਉਤਰੇ ਅਤੇ ਫ਼ੌਜ ਨਾਲ ਲੜਦਿਆਂ ਤੇ ਦੁਸ਼ਮਣਾਂ ਦੇ ਆਹੂ ਲਾਹੁੰਦਿਆਂ ਸ਼ਹੀਦ ਹੋਏ। ਚਮਕੌਰ ਸਾਹਿਬ ਦੀ ਪਵਿੱਤਰ ਧਰਤੀ ਉਹ ਮੁਕੱਦਸ ਅਸਥਾਨ ਹੈ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪੁੱਤਰਾਂ ਦੀ ਸ਼ਹਾਦਤ ਤੋਂ ਬਾਅਦ ਜੈਕਾਰਾ ਲਗਾਇਆ ਅਤੇ ਅਕਾਲ ਪੁਰਖ ਦਾ ਸ਼ੁਕਰਾਨਾ ਵੀ ਕੀਤਾ।
ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਅਤੇ ਚਮਕੌਰ ਦੀ ਗੜ੍ਹੀ ਦੀ ਜੰਗ ਇਕ ਮਿਸਾਲ ਹੈ ਜੋ ਸਦੀਵ ਕਾਲ ਲਈ ਸਿੱਖਾਂ ਨੂੰ ਇਹ ਸੇਧ ਦਿੰਦੀ ਰਹੇਗੀ ਕਿ ਦੁਸ਼ਮਣ ਭਾਵੇਂ ਕਿੰਨਾ ਵੀ ਵੱਡਾ ਹੋਵੇ ਅਤੇ ਉਸ ਕੋਲ ਭਾਵੇਂ ਕਿੰਨੀ ਵੀ ਵੱਡੀ ਤਾਕਤ ਹੋਵੇ, ਅਸੀਂ ਗੁਰੂ ਦਾ ਥਾਪੜਾ ਲੈ ਕੇ ਵੱਡੀਆਂ ਤੋਂ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰ ਸਕਦੇ ਹਾਂ।
ਇਹ ਚਮਕੌਰ ਦੀ ਗੜ੍ਹੀ ਦੀ ਹੀ ਪ੍ਰੇਰਨਾ ਸੀ ਕਿ ਅਗਾਂਹ ਚੱਲ ਕੇ ਸਾਰਾਗੜ੍ਹੀ ਦੀ ਜੰਗ ਵਿਚ 21 ਸਿੱਖ ਹਜ਼ਾਰਾਂ ਪਠਾਣਾਂ ਨਾਲ ਲੜੇ। ਗੁਰਦੁਆਰਾ ਕਤਲਗੜ੍ਹ ਸਾਹਿਬ, ਸ੍ਰੀ ਚਮਕੌਰ ਸਾਹਿਬ ਦੀ ਧਰਤੀ ਸਬੰਧੀ ਜੋਗੀ ਅੱਲ੍ਹਾ ਯਾਰ ਖਾਨ ਦੀ ਲਿਖਤ– ਬਸ ਏਕ ਹਿੰਦ ਮੇਂ ਤੀਰਥ ਹੈ ਯਾਤਰਾ ਕੇ ਲਿਯੇ ਕਟਾਏ ਬਾਪ ਨੇ ਬੱਚੇ ਜਹਾਂ ਖੁਦਾ ਕੇ ਲਿਯੇ।-ਦਰਸਾਉਂਦੀਆਂ ਹਨ ਕਿ ਚਮਕੌਰ ਦੀ ਗੜ੍ਹੀ ਦਾ ਸਾਕਾ ਲਾਸਾਨੀ ਹੈ। ਇਸੇ ਤਰ੍ਹਾਂ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫ਼ਤਿਹ ਸਿੰਘ ਦੀ ਸ਼ਹਾਦਤ ਵੀ ਬਹੁਤ ਅਦੁੱਤੀ ਹੈ ਜੋ ਨੌਂ ਤੇ ਸੱਤ ਸਾਲਾਂ ਦੀ ਛੋਟੀ ਉਮਰ ਵਿਚ ਸਰਹਿੰਦ ਦੇ ਸੂਬਾ ਵਜ਼ੀਰ ਖ਼ਾਨ ਦੀ ਕਚਹਿਰੀ ਦੇ ਅੰਦਰ ਦਿੱਤੇ ਗਏ ਡਰਾਵਿਆਂ ਤੇ ਲਾਲਚਾਂ ਦੇ ਬਾਵਜੂਦ ਸਿੱਖੀ ਵਿਚ ਅਡੋਲ ਤੇ ਪਰਪੱਕ ਰਹੇ। ਮਾਤਾ ਗੁਜਰ ਕੌਰ ਜੀ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਠੰਢੇ ਬੁਰਜ ਦੇ ਅੰਦਰ ਗੁਰੂ ਦੀਆਂ ਸਾਖੀਆਂ ਨਾਲ ਜੋੜ ਕੇ ਉਨ੍ਹਾਂ ਨੂੰ ਹੋਰ ਤਕੜਾ ਕੀਤਾ।
ਜਿੱਥੇ ਭਾਈ ਮੋਤੀ ਰਾਮ ਮਹਿਰਾ ਦਾ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰ ਕੌਰ ਨੂੰ ਦੁੱਧ ਪਿਆਉਣਾ ਸੇਵਾ ਦਾ ਸਿਖਰ ਹੈ ਤਾਂ ਉੱਥੇ ਹੀ ਦੀਵਾਨ ਸੁੱਚਾ ਨੰਦ ਖੱਤਰੀ ਵੱਲੋਂ ਵਜ਼ੀਰ ਖ਼ਾਨ ਦੀ ਕਚਹਿਰੀ ਵਿਚ ਦਸਮੇਸ਼ ਪਿਤਾ ਦੇ ਸਾਹਿਬਜ਼ਾਦਿਆਂ ਨੂੰ ਸੱਪ ਦੇ ਬੱਚੇ ਕਹਿਣਾ ਅਕ੍ਰਿਤਘਣਤਾ ਦੀ ਸਿਖਰ ਹੈ। ਮਲੇਰਕੋਟਲਾ ਦੇ ਨਵਾਬ ਸ਼ੇਰ ਮੁਹੰਮਦ ਖ਼ਾਨ ਵੱਲੋਂ ਸਾਹਿਬਜ਼ਾਦਿਆਂ ਦੇ ਹੱਕ ਵਿਚ ਮਾਰੇ ਹਾਅ ਦੇ ਨਾਅਰੇ ਨੂੰ ਸਿੱਖ ਕਦੇ ਨਹੀਂ ਭੁੱਲ ਸਕਦੇ।
ਸੰਨ ਸੰਤਾਲੀ ਵਿਚ ਦੇਸ਼ ਦੀ ਵੰਡ ਹੋਈ ਤਾਂ ਫ਼ਿਰਕੂ ਝੱਖੜ ਵਿਚ ਲੱਖਾਂ ਦੀ ਤਾਦਾਦ ਵਿਚ ਲੋਕ ਮਾਰੇ ਗਏ ਸਨ ਪਰ ਮਲੇਰਕੋਟਲਾ ਦੇ ਕਿਸੇ ਵੀ ਬਾਸ਼ਿੰਦੇ ਦਾ ਵਾਲ ਵਿੰਙਾ ਨਾ ਹੋਣ ਦਾ ਕਾਰਨ ‘ਹਾਅ ਦਾ ਨਾਅਰਾ’ ਹੀ ਸੀ।
ਜੱਲਾਦ ਸਾਸਲ ਬੇਗ ਤੇ ਬਾਸਲ ਬੇਗ ਵੱਲੋਂ ਸਾਹਿਜ਼ਾਦਿਆਂ ਦੀ ਜਿਉਂਦਿਆਂ ਨੀਹਾਂ ਵਿਚ ਚਿਣ ਕੇ ਕੀਤੀ ਗਈ ਸ਼ਹਾਦਤ ਸਿੱਖਾਂ ਲਈ ਸਦੀਵ ਕਾਲ ਵਾਸਤੇ ਪ੍ਰੇਰਨਾ ਸਰੋਤ ਹੈ ਕਿ ਜ਼ੁਲਮ ਅੱਗੇ ਸਿਰ ਕਦੇ ਨਹੀਂ ਝੁਕਾਉਂਦਾ। ਸਾਹਿਬਜ਼ਾਦਿਆਂ ਦੀਆਂ ਪਾਈਆਂ ਪੈੜਾਂ-ਹਮਰੇ ਬੰਸ ਰੀਤ ਇਮ ਮਾਈ ਸੀਸ ਦੇਤ ਪਰ ਧਰਮ ਨਾ ਜਾਈ।-ਅੱਜ ਵੀ ਸਾਨੂੰ ਸਿੱਖੀ ਵਿਚ ਪਰਪੱਕ ਰਹਿਣ ਦੀ ਸਿੱਖਿਆ ਦਿੰਦੀਆਂ ਹਨ। ਬਾਬਾ ਬੰਦਾ ਸਿੰਘ ਬਹਾਦਰ ਨੇ ਵਜ਼ੀਰ ਖ਼ਾਨ ਨੂੰ ਚੱਪੜਚਿੜੀ ਦੇ ਮੈਦਾਨ ਵਿਚ ਹਰਾਉਣ ਤੋਂ ਬਾਅਦ ਜਿੱਥੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਗਿਆ ਸੀ, ਉਸ ਥਾਂ ਦਾ ਨਾਂ ਸ੍ਰੀ ਫ਼ਤਿਹਗੜ੍ਹ ਸਾਹਿਬ ਰੱਖ ਕੇ ਸਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਦਾ ਪੈਗਾਮ ਦਿੱਤਾ।
ਅੱਜ ਵੀ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਸਿੱਖ ਕੌਮ ਵਿਚ ਚੜ੍ਹਦੀ ਕਲਾ, ਸਿੱਖੀ ਤੇ ਗੁਰੂ ਪ੍ਰਤੀ ਸਮਰਪਣ ਭਾਵ ਨੂੰ ਦਰਸਾਉਂਦੀਆਂ ਹਨ, ਜਾਬਰ ਤੇ ਜਰਵਾਣੇ ਨੂੰ ਲਲਕਾਰਦੀਆਂ ਹਨ। ਪਹਿਲੇ ਸਮਿਆਂ ਵਿਚ ਬਜ਼ੁਰਗ ਸਿੱਖ ਤੇ ਮਾਪੇ ਆਪਣੇ ਬੱਚਿਆਂ ਅਤੇ ਪੋਤੇ-ਪੋਤੀਆਂ ਨੂੰ ਇਨ੍ਹਾਂ ਦਿਨਾਂ ਵਿਚ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤਾਂ, ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਦੇ ਕਿਲ੍ਹੇ ਨੂੰ ਛੱਡਣ, ਗੁਰੂ ਸਾਹਿਬ ਦੇ ਪਰਿਵਾਰ ਵਿਛੋੜੇ ਤੇ ਗੰਗੂ ਦੀ ਗ਼ਦਾਰੀ ਦੀਆਂ ਸਾਖੀਆਂ ਸੁਣਾ ਕੇ ਇਤਿਹਾਸ ਨਾਲ ਜੋੜਦੇ ਸਨ।
ਸਿੱਖੀ ਅੰਦਰ ਸਾਖੀ ਸੁਣਾਉਣ ਦੀ ਪਰੰਪਰਾ ਹੈ ਅਤੇ ਜਿਵੇਂ ਮੌਜੂਦਾ ਤਕਨਾਲੋਜੀ ਦੇ ਦੌਰ ਵਿਚ ਝਾਕੀ ਨੂੰ ਪ੍ਰਚਲਿਤ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ, ਇਹ ਸਿੱਖੀ ਸਿਧਾਂਤ ਨਹੀਂ। ਇਸ ਲਈ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਸਿੱਖ ਇਤਿਹਾਸ ਦੀਆਂ ਸਾਖੀਆਂ ਸੁਣਾਉਣੀਆਂ ਚਾਹੀਦੀਆਂ ਹਨ ਤਾਂ ਜੋ ਉਹ ਪ੍ਰੇਰਨਾ ਲੈ ਕੇ ਪਰਪੱਕ ਹੋ ਸਕਣ। ਛੋਟੇ ਸਾਹਿਬਜ਼ਾਦਿਆਂ ਨੂੰ ਸਿੱਖ ਤਵਾਰੀਖ਼ ਦੇ ਅੰਦਰ ਬਾਬੇ ਆਖਿਆ ਜਾਂਦਾ ਹੈ, ਇਸ ਕਰਕੇ ਸਾਲ 2022 ਤੋਂ ਭਾਰਤ ਸਰਕਾਰ ਵੱਲੋਂ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਵੀਰ ਬਾਲ ਦਿਵਸ ਵਜੋਂ ਦੇਸ਼ ਭਰ ਅੰਦਰ ਯਾਦ ਕਰਨਾ ਸਿੱਖ ਭਾਵਨਾਵਾਂ ਅਤੇ ਮਨਾਂ ਨੂੰ ਪ੍ਰਵਾਨ ਨਹੀਂ ਹੈ।
ਇਸ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਉਪਰੰਤ ਨੁਮਾਇੰਦਾ ਸਿੱਖ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੇਂਦਰ ਸਰਕਾਰ ਕੋਲ ਇਤਰਾਜ਼ ਵੀ ਦਰਜ ਕਰਵਾਏ ਗਏ ਹਨ। ਭਾਵੇਂ ਕਿ ਭਾਰਤ ਸਰਕਾਰ ਦਾ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਦੇਸ਼ ਭਰ ਵਿਚ ਪੱਕੇ ਤੌਰ ਉੱਤੇ ਯਾਦ ਕਰਨ ਦਾ ਉਪਰਾਲਾ ਚੰਗਾ ਹੈ।
ਪਰ ਇਸ ਦੇ ਇਵਜ਼ ਵਿਚ ਸਿੱਖਾਂ ਉੱਤੇ ਸਰਕਾਰ ਨੂੰ ਆਪਣੀ ਸ਼ਬਦਾਵਲੀ ਥੋਪਣੀ ਨਹੀਂ ਚਾਹੀਦੀ ਬਲਕਿ ਸਿੱਖ ਰਵਾਇਤਾਂ ਤੇ ਸਿਧਾਂਤਾਂ ਦਾ ਸਤਿਕਾਰ ਕਰਦਿਆਂ ‘ਵੀਰ ਬਾਲ ਦਿਵਸ’ ਦਾ ਨਾਂ ਤਬਦੀਲ ਕਰ ਕੇ ਇਸ ਨੂੰ ‘ਸਾਹਿਬਜ਼ਾਦੇ ਸ਼ਹਾਦਤ ਦਿਵਸ’ ਵਜੋਂ ਅਧਿਕਾਰਤ ਰੂਪ ਵਿਚ ਪਾਸ ਕਰਨਾ ਚਾਹੀਦਾ ਹੈ। ਜੋ ਸੋਚ ਸਾਹਿਬਜ਼ਾਦਿਆਂ ਨੂੰ ਸਿੱਖ ਸਰੋਤਾਂ ਵਿਚ ਯਾਦ ਕਰਦੀ ਹੈ, ਉਸ ਨੂੰ ਹੀ ਅੱਗੇ ਵਧਾਉਣਾ ਚਾਹੀਦਾ ਹੈ। ਚਾਰੇ ਸਾਹਿਬਜ਼ਾਦਿਆਂ ਦੀ ਅਦੁੱਤੀ ਸ਼ਹਾਦਤ ਨੂੰ ਕੋਟ-ਕੋਟ ਪ੍ਰਣਾਮ।
-(ਕਾਰਜਕਾਰੀ ਜਥੇਦਾਰ,
ਸ੍ਰੀ ਅਕਾਲ ਤਖ਼ਤ ਸਾਹਿਬ ਤੇ ਜਥੇਦਾਰ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ)।