ਸਾਬਕਾ ਆਈਜੀ ਨਾਲ ਸਾਈਬਰ ਠੱਗੀ ਦੀ ਅਸਲ ਵਜ੍ਹਾ ਕੀ ਹੈ, ਇਹ ਜਾਂਚ ਦਾ ਵਿਸ਼ਾ ਹੈ ਤੇ ਇਸ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ। ਇਸ ਤਰ੍ਹਾਂ ਦੀ ਠੱਗੀ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਨੈਸ਼ਨਲ ਕ੍ਰਾਈਮ ਰਿਕਾਰਡਜ਼ ਬਿਊਰੋ ਦੀ 2023 ਦੀ ਰਿਪੋਰਟ ਮੁਤਾਬਕ 86 ਹਜ਼ਾਰ ਮਾਮਲੇ ਸਾਹਮਣੇ ਆਏ ਜਦਕਿ 2021 ’ਚ ਇਨ੍ਹਾਂ ਦੀ ਗਿਣਤੀ 52 ਹਜ਼ਾਰ ਸੀ ਤੇ ਤਿੰਨ ਸਾਲਾਂ ਅੰਦਰ ਇਹ ਗਿਣਤੀ ਚੋਖੀ ਵਧੀ ਹੈ।

ਡਿਜੀਟਲ ਗ੍ਰਿਫ਼ਤਾਰੀਆਂ ਅਤੇ ਸਾਈਬਰ ਠੱਗਾਂ ਕਾਰਨ ਲੋਕਾਂ ਦੀ ਖ਼ੂਨ-ਪਸੀਨੇ ਦੀ ਕਮਾਈ ਰੋਜ਼ਾਨਾ ਹੀ ਕਿਤੇ ਨਾ ਕਿਤੇ ਅੱਖ ਝਪਕਦਿਆਂ ਹੀ ਉੱਡ ਰਹੀ ਹੈ। ਇਹ ਵਾਰਦਾਤਾਂ ਪੁਲਿਸ ਪ੍ਰਸ਼ਾਸਨ ਤੇ ਦੇਸ਼ ਦੀਆਂ ਖ਼ੁਫ਼ੀਆ ਏਜੰਸੀਆਂ ਲਈ ਸਿਰਦਰਦੀ ਬਣੀਆਂ ਹੋਈਆਂ ਹਨ। ਤਾਜ਼ਾ ਘਟਨਾ ’ਚ ਇੰਡੀਅਨ ਰਿਜ਼ਰਵ ਬਟਾਲੀਅਨ (ਆਈਆਰਬੀ) ਦੇ ਆਈਜੀ ਰਹੇ ਅਮਰ ਸਿੰਘ ਚਾਹਲ ਸਾਈਬਰ ਠੱਗਾਂ ਦਾ ਨਿਸ਼ਾਨਾ ਬਣੇ ਅਤੇ ਅੱਠ ਕਰੋੜ ਤੋਂ ਵੱਧ ਦੀ ਰਕਮ ਗੁਆ ਬੈਠੇ। ਇਸ ਸਦਮੇ ਨੂੰ ਨਾ ਸਹਾਰਦਿਆਂ ਉਨ੍ਹਾਂ ਨੇ ਖ਼ੁਦ ਨੂੰ ਗੋਲ਼ੀ ਮਾਰ ਕੇ ਜੀਵਨ ਲੀਲ੍ਹਾ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ।
ਫ਼ਿਲਹਾਲ ਉਹ ਜ਼ੇਰੇ ਇਲਾਜ ਹਨ। ਚਾਹਲ ਨੇ ਆਪਣੇ ਖ਼ੁਦਕੁਸ਼ੀ ਨੋਟ ’ਚ ਸਾਈਬਰ ਠੱਗਾਂ ਦਾ ਸ਼ਿਕਾਰ ਬਣਨ ਦੀ ਪੂਰੀ ਘਟਨਾ ਬਾਰੇ ਲਿਖਿਆ ਹੈ। ਉਨ੍ਹਾਂ ਦੱਸਿਆ ਕਿ ਉਹ ‘ਡੀਬੀਐੱਸ ਵੈਲਥ ਇਕੁਇਟੀ ਰਿਸਰਚ ਗਰੁੱਪ’ ਦੇ ਚੱਕਰ ’ਚ ਫਸ ਕੇ ਪੈਸੇ ਗੁਆ ਚੁੱਕੇ ਹਨ। ਉਨ੍ਹਾਂ ਨੂੰ ਵ੍ਹਟਸਐਪ ਗਰੁੱਪ ਰਾਹੀਂ ‘ਵੈਲਥ ਮੈਨੇਜਮੈਂਟ’ ਸਿਖਾਉਣ ਦੇ ਬਹਾਨੇ ਫਸਾਇਆ ਗਿਆ ਸੀ। ਆਈਆਰਬੀ ਦੇ ਜਿਹੜੇ ਸਾਬਕਾ ਅਧਿਕਾਰੀ ਨੂੰ ਸਾਈਬਰ ਠੱਗਾਂ ਨੇ ਚੋਪੜੀਆਂ ਗੱਲਾਂ ਕਰ ਕੇ ਫਸਾਇਆ, ਉਸ ਨੇ ਆਪਣੀ ਨੌਕਰੀ ਦੌਰਾਨ ਅਜਿਹੇ ਕਈ ਮਾਮਲਿਆਂ ਨੂੰ ਨੇੜਿਓਂ ਤੱਕਿਆ ਹੋਵੇਗਾ।
ਅਪਰਾਧੀਆਂ ’ਤੇ ਨਿੱਤ ਨਜ਼ਰ ਰੱਖਣ ਵਾਲਾ ਇਹ ਸਾਬਕਾ ਆਈਪੀਐੱਸ ਅਧਿਕਾਰੀ ਸਾਈਬਰ ਠੱਗਾਂ ਦੇ ਚੁੰਗਲ ’ਚ ਕਿਵੇਂ ਫਸ ਗਿਆ, ਇਹ ਵੀ ਘੋਖ-ਪੜਤਾਲ ਦਾ ਵਿਸ਼ਾ ਹੈ। ਉਸ ਨੇ ਖ਼ੁਦਕੁਸ਼ੀ ਨੋਟ ’ਚ ਇਸ ਗੱਲ ਨੂੰ ਸਵੀਕਾਰ ਕੀਤਾ ਹੈ ਕਿ ਇਹ ਸਾਰਾ ਕੁਝ ਉਸ ਦੀ ਬੇਸਮਝੀ ਕਾਰਨ ਵਾਪਰਿਆ ਹੈ। ਇੱਥੇ ਇਸ ਗੱਲ ਦਾ ਵੀ ਅੰਦਾਜ਼ਾ ਲੱਗਦਾ ਹੈ ਕਿ ਸਾਈਬਰ ਠੱਗੀਆਂ ਮਾਰਨ ਵਾਲੇ ਲੋਕ ਹੱਦੋਂ ਵੱਧ ਪੇਸ਼ੇਵਰ ਤਰੀਕੇ ਨਾਲ ਅਜਿਹੀਆਂ ਜਾਅਲਸਾਜ਼ੀ ਦੀਆਂ ਘਟਨਾਵਾਂ ਨੂੰ ਸਿਰੇ ਚਾੜ੍ਹਦੇ ਹਨ। ਹੋ ਸਕਦਾ ਹੈ ਕਿ ਉਨ੍ਹਾਂ ਦੀ ਕਿਤੇ ਨਾ ਕਿਤੇ ਵਿਸ਼ੇਸ਼ ਸਿਖਲਾਈ ਵੀ ਕਰਵਾਈ ਜਾਂਦੀ ਹੋਵੇ। ਕਿਸੇ ਨੂੰ ਝਾਂਸੇ ’ਚ ਲੈਣ ਦੇ ਢੰਗ-ਤਰੀਕੇ, ਗੱਲ ਕਰਨ ਦਾ ਲਹਿਜ਼ਾ, ਠੱਗੀ ਦਾ ਪੈਸਾ ਇਕੱਠਾ ਕਰਨ ਲਈ ਖਾਤਿਆਂ ਦੀ ਪਾਰਦਰਸ਼ਤਾ ਦਰਸਾਉਣਾ ਤੇ ਤਕਨੀਕ ਦੀ ਵਰਤੋਂ ਕਿਵੇਂ ਕਰਨੀ ਹੈ, ਇਸ ਬਾਰੇ ਇਨ੍ਹਾਂ ਨੂੰ ਸਪਸ਼ਟ ਪਤਾ ਹੁੰਦਾ ਹੈ।
ਸਾਬਕਾ ਆਈਜੀ ਨਾਲ ਸਾਈਬਰ ਠੱਗੀ ਦੀ ਅਸਲ ਵਜ੍ਹਾ ਕੀ ਹੈ, ਇਹ ਜਾਂਚ ਦਾ ਵਿਸ਼ਾ ਹੈ ਤੇ ਇਸ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ। ਇਸ ਤਰ੍ਹਾਂ ਦੀ ਠੱਗੀ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਨੈਸ਼ਨਲ ਕ੍ਰਾਈਮ ਰਿਕਾਰਡਜ਼ ਬਿਊਰੋ ਦੀ 2023 ਦੀ ਰਿਪੋਰਟ ਮੁਤਾਬਕ 86 ਹਜ਼ਾਰ ਮਾਮਲੇ ਸਾਹਮਣੇ ਆਏ ਜਦਕਿ 2021 ’ਚ ਇਨ੍ਹਾਂ ਦੀ ਗਿਣਤੀ 52 ਹਜ਼ਾਰ ਸੀ ਤੇ ਤਿੰਨ ਸਾਲਾਂ ਅੰਦਰ ਇਹ ਗਿਣਤੀ ਚੋਖੀ ਵਧੀ ਹੈ।
ਇਸ ਰਿਪੋਰਟ ਮੁਤਾਬਕ ਹਰਿਆਣਾ ’ਚ 751, ਹਿਮਾਚਲ ’ਚ 127, ਦਿੱਲੀ ਤੇ ਯੂਟੀ ’ਚ 407 ਅਤੇ ਜੰਮੂ-ਕਸ਼ਮੀਰ ’ਚ 185 ਕੇਸ ਦਰਜ ਕੀਤੇ ਗਏ ਹਨ। ਕਰਨਾਟਕ ’ਚ ਪਿਛਲੇ ਤਿੰਨ ਸਾਲਾਂ ’ਚ ਸਾਈਬਰ ਠੱਗਾਂ ਨੇ 5474 ਕਰੋੜ ਰੁਪਏ ਦੀ ਠੱਗੀ ਮਾਰੀ ਹੈ। ਪੰਜਾਬ ਪੁਲਿਸ ਦੇ ਤਾਜ਼ਾ ਅੰਕੜਿਆਂ ਮੁਤਾਬਕ ਸੂਬੇ ਵਿਚ ਸਾਲ 2024 ਦੌਰਾਨ ਸਾਈਬਰ ਠੱਗੀ ਦੇ 1200 ਮਾਮਲੇ ਦਰਜ ਕੀਤੇ ਗਏ। ਇਨ੍ਹਾਂ ’ਚ ਸੇਵਾ ਮੁਕਤ ਅਫ਼ਸਰਾਂ, ਡਾਕਟਰਾਂ ਅਤੇ ਉਦਯੋਗਪਤੀਆਂ ਨਾਲ ਜ਼ਿਆਦਾ ਠੱਗੀਆਂ ਵੱਜੀਆਂ ਹਨ।
ਹਾਲ ਹੀ ਵਿਚ ਚੰਡੀਗੜ੍ਹ ਸਾਈਬਰ ਕ੍ਰਾਈਮ ਵਿੰਗ ਨੇ 85 ਲੱਖ ਰੁਪਏ ਦੇ ਡਿਜੀਟਲ ਅਰੈਸਟ ਦੇ ਮਾਮਲੇ ਵਿਚ ਇੰਦੌਰ ਤੋਂ ਅੰਕਿਤ ਗੁਪਤਾ ਨਾਂ ਦੇ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਮਾਮਲਿਆਂ ਦੀ ਗੰਭੀਰਤਾ ਨੂੰ ਦੇਖਦਿਆਂ ਸਾਈਬਰ ਠੱਗੀ ਦੇ ਮਾਮਲਿਆਂ ’ਚ ਫੜੇ ਜਾਣ ਵਾਲੇ ਮੁਲਜ਼ਮਾਂ ਰਾਹੀਂ ਇਸ ਦੀਆਂ ਅਸਲ ਜੜ੍ਹਾਂ ਤੱਕ ਪੁੱਜਣ ਦੀ ਲੋੜ ਹੈ।