ਰਾਸ਼ਟਰਪਤੀ ਡੋਨਾਲਡ ਟਰੰਪ ਦੀ ਇਕ ਖ਼ਾਸੀਅਤ ਇਹ ਹੈ ਕਿ ਉਹ ਕਮਜ਼ੋਰ ਪਹਿਲੂਆਂ ਨੂੰ ਨਿਸ਼ਾਨਾ ਬਣਾਉਣ ਵਿਚ ਪਿੱਛੇ ਨਹੀਂ ਰਹਿੰਦੇ ਅਤੇ ਦ੍ਰਿੜਤਾ ਦੇ ਸਾਹਮਣੇ ਠਹਿਰ ਜਾਂਦੇ ਹਨ। ਯੂਰਪ ਅੱਜ ਜਿਨ੍ਹਾਂ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਹੈ, ਉਨ੍ਹਾਂ ਵਿੱਚੋਂ ਇਕ ਮੁੱਖ ਕਾਰਨ ਇਹ ਹੈ ਕਿ ਲੰਬੇ ਸਮੇਂ ਤੋਂ ਉਹ ਪੂਰਬ ਵਿਚ ਰੂਸ ਅਤੇ ਪੱਛਮ ਵੱਲੋਂ ਆਉਣ ਵਾਲੀਆਂ ਚੁਣੌਤੀਆਂ ਪ੍ਰਤੀ ਬੇਪਰਵਾਹ ਰਿਹਾ।

ਰਾਸ਼ਟਰਪਤੀ ਡੋਨਾਲਡ ਟਰੰਪ ਦੀ ਇਕ ਖ਼ਾਸੀਅਤ ਇਹ ਹੈ ਕਿ ਉਹ ਕਮਜ਼ੋਰ ਪਹਿਲੂਆਂ ਨੂੰ ਨਿਸ਼ਾਨਾ ਬਣਾਉਣ ਵਿਚ ਪਿੱਛੇ ਨਹੀਂ ਰਹਿੰਦੇ ਅਤੇ ਦ੍ਰਿੜਤਾ ਦੇ ਸਾਹਮਣੇ ਠਹਿਰ ਜਾਂਦੇ ਹਨ। ਯੂਰਪ ਅੱਜ ਜਿਨ੍ਹਾਂ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਹੈ, ਉਨ੍ਹਾਂ ਵਿੱਚੋਂ ਇਕ ਮੁੱਖ ਕਾਰਨ ਇਹ ਹੈ ਕਿ ਲੰਬੇ ਸਮੇਂ ਤੋਂ ਉਹ ਪੂਰਬ ਵਿਚ ਰੂਸ ਅਤੇ ਪੱਛਮ ਵੱਲੋਂ ਆਉਣ ਵਾਲੀਆਂ ਚੁਣੌਤੀਆਂ ਪ੍ਰਤੀ ਬੇਪਰਵਾਹ ਰਿਹਾ। ਟਰੰਪ ਇਹੀ ਮੰਨਦੇ ਹਨ ਕਿ ਯੂਰਪੀ ਆਗੂ ਕਮਜ਼ੋਰ ਹਨ। ਉਨ੍ਹਾਂ ਨੇ ਯੂਰਪੀ ਨੇਤਾਵਾਂ ਨੂੰ ਟੈਰਿਫ ਦੀ ਧਮਕੀ ਦਿੱਤੀ ਤਾਂ ਉਹ ਉਨ੍ਹਾਂ ਦੇ ਸਾਹਮਣੇ ਝੁਕ ਵੀ ਗਏ। ਇਸ ਨੂੰ ਆਪਣੇ ਲਈ ਮੌਕਾ ਸਮਝਦਿਆਂ ਟਰੰਪ ਨੇ ਗ੍ਰੀਨਲੈਂਡ ’ਤੇ ਕਬਜ਼ੇ ਅਤੇ ਇਕ ਤਰ੍ਹਾਂ ਨਾਲ ਨਾਟੋ ਨੂੰ ਖ਼ਤਮ ਕਰਨ ਦਾ ਸ਼ਿਗੂਫਾ ਛੱਡਿਆ ਅਤੇ ਯੂਰਪ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਇਸ ਰਾਹ ਵਿਚ ਰੁਕਾਵਟ ਖੜ੍ਹੀ ਕੀਤੀ ਤਾਂ ਨਵੇਂ ਵਪਾਰ ਯੁੱਧ ਲਈ ਤਿਆਰ ਰਹੋ। ਦਾਵੋਸ ਵਿਚ ਯੂਰਪੀ ਵਿਰੋਧ ’ਤੇ ਪ੍ਰਤੀਕਿਰਿਆ ਦੌਰਾਨ ਗ੍ਰੀਨਲੈਂਡ ਦੇ ਮਾਮਲੇ ’ਤੇ ਉਨ੍ਹਾਂ ਨੇ ਇਹੀ ਕਿਹਾ ਕਿ ਉਸ ਨੂੰ ਹਾਸਲ ਕਰਨ ਲਈ ਉਹ ਤਾਕਤ ਦੀ ਵਰਤੋਂ ਨਹੀਂ ਕਰਨਗੇ। ਹਾਲਾਂਕਿ, ਹਾਲ-ਫ਼ਿਲਹਾਲ ਉਨ੍ਹਾਂ ਨੇ ਨਵੇਂ ਟੈਰਿਫ ਨੂੰ ਵੀ ਅਜੇ ਟਾਲਣ ਦੇ ਸੰਕੇਤ ਦਿੱਤੇ ਹਨ। ਇਸ ਤੋਂ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਨੇ ਇਕ ਨਕਸ਼ੇ ਵਿਚ ਗ੍ਰੀਨਲੈਂਡ, ਕੈਨੇਡਾ ਅਤੇ ਵੈਨੇਜ਼ੁਏਲਾ ਨੂੰ ਅਮਰੀਕਾ ਦਾ ਹਿੱਸਾ ਦਿਖਾਇਆ ਸੀ।
ਗ੍ਰੀਨਲੈਂਡ ’ਤੇ ਟਰੰਪ ਵੱਲੋਂ ਰਾਗ ਅਲਾਪਣ ਨੇ ਅਖ਼ੀਰ ਵਿਸ਼ਵ ਨੇਤਾਵਾਂ ਨੂੰ ਅਮਰੀਕੀ ਖ਼ਤਰੇ ਪ੍ਰਤੀ ਜਾਗਰੂਕ ਕਰਨ ਦਾ ਕੰਮ ਕੀਤਾ ਹੈ। ਇਸ ਸਬੰਧ ਵਿਚ ਬੈਲਜੀਅਮ ਦੇ ਪ੍ਰਧਾਨ ਮੰਤਰੀ ਬਾਰਟ ਡੀ. ਵੇਵਰ ਨੇ ਕਿਹਾ, ‘‘ਹੁਣ ਤੱਕ ਅਸੀਂ ਵ੍ਹਾਈਟ ਹਾਊਸ ਵਿਚ ਨਵੇਂ ਰਾਸ਼ਟਰਪਤੀ ਦੀ ਸੰਤੁਸ਼ਟੀ ਲਈ ਪੂਰੇ ਯਤਨ ਕੀਤੇ। ਇੱਥੇ ਤੱਕ ਕਿ ਟੈਰਿਫ ਦੇ ਮਾਮਲੇ ਵਿਚ ਵੀ ਅਸੀਂ ਇਸ ਉਮੀਦ ਨਾਲ ਉਦਾਰ ਰਹੇ ਕਿ ਚਲੋ ਯੂਕਰੇਨ ਯੁੱਧ ਵਿਚ ਉਨ੍ਹਾਂ ਦੀ ਮਦਦ ਮਿਲੇਗੀ।’’ ਹੁਣ ਅਜਿਹੀਆਂ ਉਮੀਦਾਂ ਨਿਰਾਸ਼ਾ ਵਿਚ ਬਦਲਦੀਆਂ ਜਾ ਰਹੀਆਂ ਹਨ। ਵੇਵਰ ਦੇ ਕਹਿਣ ਦਾ ਮਤਲਬ ਇਹੀ ਹੈ ਕਿ ਹੁਣ ਸਾਰੀਆਂ ਲਛਮਣ ਰੇਖਾਵਾਂ ਲੰਘੀਆਂ ਜਾ ਰਹੀਆਂ ਹਨ ਅਤੇ ਸਮਝਣਾ ਚਾਹੀਦਾ ਹੈ ਕਿ ਖ਼ੁਸ਼ੀ-ਖ਼ੁਸ਼ੀ ਕਿਸੇ ਦੇ ਖੇਮੇ ਵਿਚ ਰਹਿਣ ਅਤੇ ਬਦਹਾਲ ਦਸ਼ਾ ਵਾਲੇ ਗੁਲਾਮ ਵਾਲੀ ਸਥਿਤੀ ਵਿਚ ਜ਼ਮੀਨ-ਅਸਮਾਨ ਦਾ ਫ਼ਰਕ ਹੈ। ਪੋਲੈਂਡ ਦੇ ਪ੍ਰਧਾਨ ਮੰਤਰੀ ਡੋਨਾਲਡ ਟਸਕ ਨੇ ਵੀ ਕਿਹਾ ਕਿ ਕਿਸੇ ਨੂੰ ਖ਼ੁਸ਼ ਕਰਨਾ ਸਿਰਫ਼ ਕਮਜ਼ੋਰੀ ਦਾ ਸੰਕੇਤ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਯੂਰਪ ਕਮਜ਼ੋਰ ਹੋਣਾ ਗਵਾਰਾ ਨਹੀਂ ਕਰ ਸਕਦਾ, ਨਾ ਹੀ ਆਪਣੇ ਸਹਿਯੋਗੀਆਂ ਅਤੇ ਨਾ ਹੀ ਵਿਰੋਧੀਆਂ ਦੇ ਸਾਹਮਣੇ। ਉਨ੍ਹਾਂ ਦਾ ਮੰਨਣਾ ਹੈ ਕਿ ਤੁਸ਼ਟੀਕਰਨ ਦਾ ਕੋਈ ਨਤੀਜਾ ਨਹੀਂ ਮਿਲਦਾ ਅਤੇ ਸਿਰਫ਼ ਅਪਮਾਨ ਤੇ ਤੰਗੀ ਸਹਿਣੀ ਪੈਂਦੀ ਹੈ। ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨੇ ਵੀ ਟਰੰਪ ਦੀਆਂ ਤਾਜ਼ਾ ਟੈਰਿਫ ਵਾਲੀਆਂ ਧਮਕੀਆਂ ਨੂੰ ਅਸਵੀਕਾਰ ਕੀਤਾ ਹੈ। ਇਕ ਤਰ੍ਹਾਂ ਨਾਲ ਉਨ੍ਹਾਂ ਨੇ ਟਰੰਪ ਨੂੰ ਪੁਤਿਨ ਦੇ ਖ਼ਤਰੇ ਵਾਂਗ ਮੰਨਦੇ ਹੋਏ ਕਿਹਾ ਕਿ ਕੋਈ ਵੀ ਧਮਕੀ ਜਾਂ ਡਰ ਸਾਨੂੰ ਹੈਰਾਨ-ਪਰੇਸ਼ਾਨ ਨਹੀਂ ਕਰ ਸਕਦਾ, ਨਾ ਯੂਕਰੇਨ ਵਿਚ ਅਤੇ ਨਾ ਗ੍ਰੀਨਲੈਂਡ ਵਿਚ। ਯੂਰਪ ਦੇ ਮੁਕਾਬਲੇ, ਉਸ ਤੋਂ ਬਾਹਰ ਦੇ ਆਗੂ ਟਰੰਪ ਖ਼ਿਲਾਫ਼ ਡਟ ਕੇ ਖੜ੍ਹੇ ਹੋਣ ਵਿਚ ਖ਼ਾਸੇ ਪ੍ਰਭਾਵਸ਼ਾਲੀ ਰਹੇ।
ਇਨ੍ਹਾਂ ਵਿੱਚੋਂ ਇਕ ਹਨ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ। ਉਨ੍ਹਾਂ ਨੇ ਟਰੰਪ ਦੇ ਸਖ਼ਤ ਟੈਰਿਫ ਦੇ ਜਵਾਬ ਵਿਚ ਦੁਰਲਭ ਖਣਿਜਾਂ ਦੇ ਨਿਰਯਾਤ ’ਤੇ ਪਾਬੰਦੀ ਲਗਾ ਕੇ ਅਮਰੀਕਾ ਨੂੰ ਕਰਾਰਾ ਜਵਾਬ ਦਿੱਤਾ ਜਿਸ ਕਾਰਨ ਉਸ ਨੂੰ ਆਪਣਾ ਰੁਖ਼ ਬਦਲਣ ਲਈ ਮਜਬੂਰ ਕਰ ਦਿੱਤਾ। ਅਸਲ ਵਿਚ, ਉਸ ਤੋਂ ਬਾਅਦ ਤੋਂ ਬੀਜਿੰਗ ਨੂੰ ਲੈ ਕੇ ਟਰੰਪ ਦੇ ਤੇਵਰ ਕਈ ਮਾਮਲਿਆਂ ਵਿਚ ਨਰਮ ਦਿਸੇ ਹਨ। ਫਿਰ ਚਾਹੇ ਚੀਨ ਨੂੰ ਅਤਿ-ਆਧੁਨਿਕ ਚਿਪ ਦੀ ਸਪਲਾਈ ਹੋਵੇ ਜਾਂ ਜਾਪਾਨ-ਤਾਇਵਾਨ ਨੂੰ ਡਰਾਉਣ-ਧਮਕਾਉਣ ਵਾਲੇ ਉਸ ਦੇ ਤੌਰ-ਤਰੀਕਿਆਂ ਨੂੰ ਲੈ ਕੇ ਮੌਨ ਧਾਰਨ ਕਰਨਾ ਹੋਵੇ। ਦੂਜੇ ਆਗੂ ਹਨ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ। ਉਨ੍ਹਾਂ ਦੇ ਪਹਿਲਾਂ ਵਾਲੇ ਹਮਰੁਤਬਾ ਜਸਟਿਨ ਟਰੂਡੋ ਨੇ ਟਰੰਪ ਪ੍ਰਤੀ ਨਰਮੀ ਦਿਖਾਈ ਤਾਂ ਬਦਲੇ ਵਿਚ ਟਰੰਪ ਨੇ ਉਨ੍ਹਾਂ ਨੂੰ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਰਾਜ ਬਣਾਉਣ ਦੀ ਗੱਲ ਆਖੀ। ਇਸ ਦੇ ਉਲਟ, ਸ਼ੁਰੂ ਤੋਂ ਹੀ ਕਾਰਨੀ ਨੇ ਨਿਮਰਤਾ ਦੇ ਨਾਲ-ਨਾਲ ਓਨੀ ਹੀ ਦ੍ਰਿੜਤਾ ਵੀ ਦਿਖਾਈ ਜਿਸ ਦਾ ਨਤੀਜਾ ਇਹ ਨਿਕਲਿਆ ਕਿ ਟਰੰਪ ਦਾ ਲਹਿਜ਼ਾ ਵੀ ਕੁਝ ਸਨਮਾਨਜਨਕ ਹੋਇਆ ਹੈ। ਓਟਾਵਾ ਨੇ ਹਾਲ ਹੀ ਵਿਚ ਬੀਜਿੰਗ ਨਾਲ ਇਕ ਵੱਡਾ ਵਪਾਰ ਸਮਝੌਤਾ ਵੀ ਕੀਤਾ ਅਤੇ ਕਿਹਾ ਕਿ ਅਮਰੀਕਾ ਦੀ ਤੁਲਨਾ ਵਿਚ ਚੀਨ ਹੁਣ ਕਿਤੇ ਘੱਟ ਅਨਿਸ਼ਚਿਤਤਾਵਾਂ ਵਾਲਾ ਜੋਟੀਦਾਰ ਹੈ। ਦਾਵੋਸ ਵਿਚ ਵੀ ਉਨ੍ਹਾਂ ਦਾ ਸੰਬੋਧਨ ਬਹੁਤ ਚਰਚਿਤ ਰਿਹਾ, ਜਿਸ ਵਿਚ ਉਨ੍ਹਾਂ ਨੇ ਕਿਹਾ ਕਿ ਅਮਰੀਕਾ ਹੁਣ ਓਨਾ ਭਰੋਸੇਯੋਗ ਨਹੀਂ ਰਿਹਾ, ਇਸ ਲਈ ਕੈਨੇਡਾ ਨੂੰ ਨਵੀਂ ਰਾਹ ਤਲਾਸ਼ਣੀ ਹੀ ਹੋਵੇਗੀ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਵਿਵਸਥਾ ਤੁਹਾਡੀ ਸੁਰੱਖਿਆ ਨਹੀਂ ਕਰਦੀ ਤਾਂ ਆਪਣੀ ਰੱਖਿਆ ਦੇ ਉਪਾਅ ਖ਼ੁਦ ਕਰਨੇ ਹੋਣਗੇ। ਇਹ ਗੱਲਾਂ ਪੂਰੀ ਤਰ੍ਹਾਂ ਸੱਚ ਹਨ। ਟਰੰਪ ਇਸੇ ਤਰ੍ਹਾਂ ਦੀ ਦੁਨੀਆ ਬਣਾ ਰਹੇ ਹਨ। ਇਹ ਅਮਰੀਕਾ ਅਤੇ ਉਸ ਦੇ ਪੁਰਾਣੇ ਸਹਿਯੋਗੀਆਂ ਲਈ ਕਿਸੇ ਤ੍ਰਾਸਦੀ ਤੋਂ ਘੱਟ ਨਹੀਂ ਹੈ। ਇਸ ਲਈ ਇਹ ਮਹੱਤਵਪੂਰਨ ਹੋਵੇਗਾ ਕਿ ਟਰੰਪ ਜੇ ਨਵੇਂ ਟੈਰਿਫ ਲਗਾਉਣ ਤਾਂ ਯੂਰਪ ਨੂੰ ਇਸ ਦਾ ਸਖ਼ਤੀ ਨਾਲ ਜਵਾਬ ਦੇਣਾ ਚਾਹੀਦਾ ਹੈ।
ਵਿਡੰਬਣਾ ਇਹ ਹੈ ਕਿ ਟਰੰਪ ਰਾਸ਼ਟਰੀ ਸੁਰੱਖਿਆ ਦੇ ਨਜ਼ਰੀਏ ਤੋਂ ਗ੍ਰੀਨਲੈਂਡ ਨੂੰ ਲੈ ਕੇ ਉਸ ’ਤੇ ਰੂਸ ਅਤੇ ਚੀਨ ਦੇ ਕਬਜ਼ੇ ਦੀ ਚਿੰਤਾ ਦਾ ਪਾਖੰਡ ਕਰ ਰਹੇ ਹਨ ਜਦਕਿ ਅਸਲੀਅਤ ਇਹ ਹੈ ਕਿ ਪੁਤਿਨ ਦੀ ਇੱਛਾ ਗ੍ਰੀਨਲੈਂਡ ਤੋਂ ਵੱਧ ਨਾਟੋ ਦੀ ਹੋਂਦ ਨੂੰ ਖ਼ਤਮ ਕਰਨ ਦੀ ਹੋਵੇਗੀ ਜਿਸ ਨੂੰ ਟਰੰਪ ਸਾਕਾਰ ਵੀ ਕਰ ਸਕਦੇ ਹਨ। ਕੁੱਲ ਮਿਲਾ ਕੇ, ਅੱਜ ਨਾ ਸਿਰਫ਼ ਰੂਸੀ ਬਲਕਿ ਅਮਰੀਕੀ ਰਾਸ਼ਟਰਪਤੀ, ਦੋਵੇਂ ਮਿਲ ਕੇ ਨਾਟੋ ਅਤੇ ਅਮਰੀਕਾ ਦੀ ਬਣਾਈ ਹੋਈ ਉਸ ਵਿਵਸਥਾ ਨੂੰ ਖੰਡਿਤ ਕਰਨ ’ਤੇ ਉਤਾਰੂ ਹਨ ਜਿਸ ਨੇ 1945 ਤੋਂ ਬਾਅਦ ਤੋਂ ਹੀ ਸਾਰਿਆਂ ਨੂੰ ਬਹੁਤ ਫ਼ਾਇਦਾ ਪਹੁੰਚਾਇਆ ਹੈ। ਇਕ ਅਮਰੀਕੀ ਦੇ ਤੌਰ ’ਤੇ ਇਹ ਮੈਨੂੰ ਚੰਗਾ ਨਹੀਂ ਲੱਗਦਾ ਕਿ ਮੈਂ ਨੇਤਾਵਾਂ ਨੂੰ ਆਪਣੇ ਹੀ ਦੇਸ਼ ਖ਼ਿਲਾਫ਼ ਬਗਾਵਤ ਦਾ ਬਿਗੁਲ ਵਜਾਉਣ ਲਈ ਉਤਸ਼ਾਹਤ ਕਰਾਂ ਅਤੇ ਇਹ ਰਾਸ਼ਟਰ ਪ੍ਰਤੀ ਵਫ਼ਾਦਾਰੀ ਵੀ ਨਹੀਂ ਕਹੀ ਜਾਵੇਗੀ ਪਰ ਹਕੀਕਤ ਵਿਚ ਅਜਿਹਾ ਨਹੀਂ ਹੈ। ਗ੍ਰੀਨਲੈਂਡ ’ਤੇ ਕਬਜ਼ੇ ਨਾਲ ਅਮਰੀਕਾ ਨੂੰ ਅਜਿਹਾ ਕੋਈ ਫ਼ਾਇਦਾ ਨਹੀਂ ਹੋਣ ਵਾਲਾ, ਜਿਹੋ ਜਿਹਾ ਇਰਾਕ ਦੇ ਮਾਮਲੇ ਵਿਚ ਹੋਇਆ ਸੀ। ਅਸੀਂ ਨਹੀਂ ਚਾਹੁੰਦੇ ਕਿ ਸਾਡੇ ਬੱਚੇ ਫਜੁੱਲਾ ਜਾਂ ਕੰਧਾਰ ਦੀ ਤਰ੍ਹਾਂ ਨੂਕ ਜਾਂ ਟੋਰਾਂਟੋ ਵਿਚ ਗਸ਼ਤ ਕਰਦੇ ਦਿਖਾਈ ਦੇਣ। ਸਮੇਂ ਦੀ ਮੰਗ ਇਹੀ ਹੈ ਕਿ ਸਾਡੇ ਮਿੱਤਰ ਅਤੇ ਸਹਿਯੋਗੀ ਦੇਸ਼ ਅਮਰੀਕੀ ਰਾਸ਼ਟਰਪਤੀ ਦੀ ਸਨਕ ਦੇ ਅੱਗੇ ਸਮਰਪਣ ਕਰਨਾ ਬੰਦ ਕਰਨ।
-ਨਿਕੋਲਸ ਕ੍ਰਿਸਟੋਫ
-(ਲੇਖਕ ‘ਨਿਊਯਾਰਕ ਟਾਈਮਜ਼’ ਦਾ ਕਾਲਮ-ਨਵੀਸ ਹੈ)।