ਟਰੰਪ ਕਿਸ ਤਰ੍ਹਾਂ ਹੰਕਾਰੇ ਹੋਏ ਹਨ, ਇਸ ਦਾ ਪਤਾ ਉਨ੍ਹਾਂ ਦੇ ਇਸ ਕਥਨ ਤੋਂ ਲੱਗਦਾ ਹੈ ਕਿ ਉਨ੍ਹਾਂ ਦੇ ਹਮਲਾਵਰ ਰੌਂਅ ਨੂੰ ਸਿਰਫ਼ ਉਹੀ ਰੋਕ ਸਕਦੇ ਹਨ।

ਨਵੇਂ ਸਾਲ ਦੇ ਆਗਮਨ ਨਾਲ ਹੀ ਇਕ ਅਣਕਿਆਸੇ ਘਟਨਾਕ੍ਰਮ ਵਿਚ ਅਮਰੀਕੀ ਫ਼ੌਜ ਵੈਨੇਜ਼ੁਏਲਾ ’ਤੇ ਹਮਲਾ ਕਰ ਕੇ ਉੱਥੋਂ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਨੂੰ ਉਨ੍ਹਾਂ ਦੀ ਪਤਨੀ ਸਮੇਤ ਚੁੱਕ ਕੇ ਅਮਰੀਕਾ ਲੈ ਆਈ। ਦੁਨੀਆ ਨੂੰ ਹੈਰਾਨ ਕਰਨ ਵਾਲੀ ਇਸ ਘਟਨਾ ਨੂੰ ਪਹਿਲਾਂ ਤਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਦੀ ਕਥਿਤ ਸ਼ਹਿ ’ਤੇ ਚੱਲ ਰਹੇ ਨਾਰਕੋਟਿਕਸ ਅੱਤਵਾਦ ਨਾਲ ਜੋੜਿਆ ਪਰ ਜਲਦੀ ਹੀ ਇਹ ਸਾਫ਼ ਹੋ ਗਿਆ ਕਿ ਇਸ ਹਮਲੇ ਦਾ ਮੁੱਖ ਮਕਸਦ ਵੈਨੇਜ਼ੁਏਲਾ ਦੇ ਤੇਲ ਦੇ ਭੰਡਾਰਾਂ ’ਤੇ ਕਬਜ਼ਾ ਕਰਨਾ ਸੀ।
ਵੈਨੇਜ਼ੁਏਲਾ ਵਿਚ ਕੱਚੇ ਤੇਲ ਦੇ ਸਭ ਤੋਂ ਵੱਧ ਭੰਡਾਰ ਹਨ। ਟਰੰਪ ਨੇ ਜਿਸ ਤਰ੍ਹਾਂ ਕਿਹਾ ਕਿ ਹੁਣ ਵੈਨੇਜ਼ੁਏਲਾ ਦੇ ਤੇਲ ਨੂੰ ਅਮਰੀਕਾ ਵੇਚੇਗਾ ਅਤੇ ਉੱਥੋਂ ਦੀ ਅੰਤਰਿਮ ਰਾਸ਼ਟਰਪਤੀ ਨੂੰ ਉਨ੍ਹਾਂ ਦਾ ਸਹਿਯੋਗ ਕਰਨਾ ਹੋਵੇਗਾ, ਉਸ ਤੋਂ ਸਾਫ਼ ਹੈ ਕਿ ਅਮਰੀਕੀ ਰਾਸ਼ਟਰਪਤੀ ਦਾਦਾਗੀਰੀ ’ਤੇ ਉਤਰ ਆਏ ਹਨ। ਉਹ ਸੰਯੁਕਤ ਰਾਸ਼ਟਰ ਦੇ ਚਾਰਟਰ ਅਤੇ ਅੰਤਰਰਾਸ਼ਟਰੀ ਨਿਯਮਾਂ ਦੀਆਂ ਧੱਜੀਆਂ ਉਡਾ ਰਹੇ ਹਨ। ਇਸ ਦੀ ਕਲਪਨਾ ਕਰਨੀ ਮੁਸ਼ਕਲ ਸੀ ਕਿ ਲੋਕਤੰਤਰ ਦੀ ਦੁਹਾਈ ਦੇਣ ਵਾਲਾ ਅਮਰੀਕਾ ਕਿਸੇ ਦੇਸ਼ ਦੇ ਰਾਸ਼ਟਰਪਤੀ ਨੂੰ ਅਗਵਾ ਕਰ ਲਵੇਗਾ ਪਰ ਟਰੰਪ ਦੀ ਅਗਵਾਈ ਵਿਚ ਅਮਰੀਕਾ ਨੇ ਅਜਿਹਾ ਹੀ ਕੀਤਾ। ਇਹ ਚੋਰੀ ਅਤੇ ਸੀਨਾਜ਼ੋਰੀ ਹੀ ਹੈ।
ਅਮਰੀਕਾ ਅਜਿਹੀਆਂ ਹਰਕਤਾਂ ਪਹਿਲਾਂ ਵੀ ਕਰਦਾ ਰਿਹਾ ਹੈ। ਦੂਜੇ ਵਿਸ਼ਵ ਯੁੱਧ ਤੋਂ ਬਾਅਦ ਉਸ ਨੇ ਆਪਣੇ ਸੌੜੇ ਸਵਾਰਥਾਂ ਨੂੰ ਪੂਰਾ ਕਰਨ ਲਈ ਅਨੇਕ ਦੇਸ਼ਾਂ ’ਤੇ ਹਮਲੇ ਕੀਤੇ ਜਾਂ ਉੱਥੇ ਛਲ-ਕਪਟ ਨਾਲ ਤਖ਼ਤਾਪਲਟ ਕਰਵਾਏ। ਇਸ ਕੋਸ਼ਿਸ਼ ਵਿਚ ਉਸ ਨੂੰ ਕਈ ਵਾਰ ਮੂੰਹ ਦੀ ਖਾਣੀ ਪਈ ਪਰ ਉਹ ਸਬਕ ਸਿੱਖਣ ਲਈ ਤਿਆਰ ਨਹੀਂ।
ਅਮਰੀਕਾ ਨੂੰ ਵੀਆਤਨਾਮ ਵਿਚ ਮਾਤ ਮਿਲੀ। ਇਸ ਤੋਂ ਬਾਅਦ ਅਫ਼ਗਾਨਿਸਤਾਨ, ਇਰਾਕ ਅਤੇ ਲੀਬੀਆ ਵਿਚ ਵੀ ਉਹ ਉਨ੍ਹਾਂ ਕਾਰਵਾਈਆਂ ਨੂੰ ਅੰਜਾਮ ਨਹੀਂ ਦੇ ਸਕਿਆ ਜਿਨ੍ਹਾਂ ਦਾ ਦਾਅਵਾ ਕਰ ਕੇ ਉਸ ਨੇ ਇਨ੍ਹਾਂ ਦੇਸ਼ਾਂ ’ਤੇ ਹਮਲਾ ਕੀਤਾ ਸੀ। ਉਹ ਇਨ੍ਹਾਂ ਦੇਸ਼ਾਂ ਵਿਚ ਕੁੱਲ ਮਿਲਾ ਕੇ ਨਾਕਾਮ ਹੀ ਰਿਹਾ। ਉਸ ਦੀ ਇਸ ਨਾਕਾਮੀ ਦਾ ਮਾੜਾ ਨਤੀਜਾ ਇਨ੍ਹਾਂ ਦੇਸ਼ਾਂ ਨੇ ਅਸਥਿਰਤਾ ਅਤੇ ਅਸ਼ਾਂਤੀ ਦੇ ਰੂਪ ਵਿਚ ਭੁਗਤਿਆ।
ਵੈਨੇਜ਼ੁਏਲਾ ’ਤੇ ਅਮਰੀਕੀ ਹਮਲੇ ਦੀ ਦੁਨੀਆ ਦੇ ਕਈ ਦੇਸ਼ਾਂ ਨੇ ਨਿੰਦਾ ਕੀਤੀ ਪਰ ਕਈ ਦੇਸ਼ ਅਜਿਹੇ ਵੀ ਰਹੇ ਜਿਨ੍ਹਾਂ ਨੇ ਟਰੰਪ ਦੀ ਫ਼ੌਜੀ ਕਾਰਵਾਈ ਦਾ ਸਮਰਥਨ ਕੀਤਾ ਜਾਂ ਜੋ ਮੌਨ ਰਹੇ। ਅਮਰੀਕਾ ਕਿਉਂਕਿ ਇਕ ਵੱਡੀ ਆਰਥਿਕ ਅਤੇ ਫ਼ੌਜੀ ਸ਼ਕਤੀ ਹੈ, ਇਸ ਲਈ ਕੋਈ ਵੀ ਦੇਸ਼ ਇਕ ਹੱਦ ਤੋਂ ਵੱਧ ਉਸ ਦਾ ਵਿਰੋਧ ਕਰਨ ਦੀ ਸਥਿਤੀ ਵਿਚ ਨਹੀਂ ਹੈ। ਟਰੰਪ ਇਸ ਦਾ ਲਾਭ ਚੁੱਕ ਕੇ ਮਨਮਾਨੀ ਕਰ ਰਹੇ ਹਨ।
ਉਨ੍ਹਾਂ ਦੇ ਬੇਲਗਾਮ ਹੋਣ ਦਾ ਇਕ ਕਾਰਨ ਇਹ ਵੀ ਹੈ ਕਿ ਉਨ੍ਹਾਂ ਨੂੰ ਚੁਣੌਤੀ ਦੇ ਸਕਣ ਵਾਲਾ ਰੂਸ ਯੂਕਰੇਨ ਯੁੱਧ ਵਿਚ ਉਲਝਿਆ ਹੋਇਆ ਹੈ। ਲਗਪਗ ਚਾਰ ਸਾਲ ਪਹਿਲਾਂ ਯੂਕਰੇਨ ’ਤੇ ਰੂਸ ਦਾ ਹਮਲਾ ਉਸ ਦੀ ਮਨਮਾਨੀ ਹੀ ਸੀ। ਲੱਗਦਾ ਹੈ ਕਿ ਉਸ ਦੀ ਇਸ ਕਾਰਵਾਈ ਨੇ ਟਰੰਪ ਨੂੰ ਵੀ ਮਨਮਾਨੀ ਕਰਨ ਦਾ ਮੌਕਾ ਦਿੱਤਾ। ਹੁਣ ਉਹ ਬੇਲਗਾਮ ਹਨ। ਵੈਨੇਜ਼ੁਏਲਾ ’ਤੇ ਹਮਲੇ ਤੋਂ ਬਾਅਦ ਉਹ ਡੈਨਮਾਰਕ ਦੇ ਖ਼ੁਦਮੁਖਤਾਰ ਖੇਤਰ ਗ੍ਰੀਨਲੈਂਡ ’ਤੇ ਕਬਜ਼ਾ ਕਰਨ ਦੀ ਗੱਲ ਕਹਿ ਰਹੇ ਹਨ। ਗ੍ਰੀਨਲੈਂਡ ਦੁਨੀਆ ਦਾ ਸਭ ਤੋਂ ਵੱਡਾ ਟਾਪੂ ਹੈ।
ਟਰੰਪ ਇਸ ਬਹਾਨੇ ਗ੍ਰੀਨਲੈਂਡ ’ਤੇ ਕਬਜ਼ਾ ਕਰਨਾ ਚਾਹੁੰਦੇ ਹਨ ਕਿ ਉੱਥੇ ਰੂਸ ਅਤੇ ਚੀਨ ਦੀ ਨਿਗ੍ਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਮਰੀਕੀ ਹਿੱਤਾਂ ਦੀ ਰੱਖਿਆ ਲਈ ਗ੍ਰੀਨਲੈਂਡ ਅਮਰੀਕਾ ਦਾ ਹਿੱਸਾ ਹੋਣਾ ਚਾਹੀਦਾ ਹੈ। ਗ੍ਰੀਨਲੈਂਡ ਵਿਚ ਅਦੁੱਤੀ ਕੁਦਰਤੀ ਸੰਪਤੀ ਹੈ ਜਿਸਦਾ ਹੁਣ ਤੱਕ ਦੋਹਨ ਨਹੀਂ ਕੀਤਾ ਗਿਆ ਹੈ। ਅਮਰੀਕਾ ਦੇ ਅੰਦਰ ਇਹ ਵਿਚਾਰ ਪਹਿਲਾਂ ਵੀ ਰਿਹਾ ਹੈ ਕਿ ਜਿਸ ਤਰ੍ਹਾਂ ਅਲਾਸਕਾ ਉਸ ਦੇ ਨਿਯੰਤਰਣ ਵਿਚ ਆਇਆ, ਉਸੇ ਤਰ੍ਹਾਂ ਗ੍ਰੀਨਲੈਂਡ ਵੀ ਆਵੇ। ਟਰੰਪ ਉਸ ’ਤੇ ਫ਼ੌਜੀ ਕਾਰਵਾਈ ਜ਼ਰੀਏ ਕਬਜ਼ਾ ਕਰਨ ਦੇ ਨਾਲ-ਨਾਲ ਉਸ ਨੂੰ ਖ਼ਰੀਦਣ ਦੀ ਗੱਲ ਵੀ ਕਹਿ ਰਹੇ ਹਨ। ਹਾਲਾਂਕਿ ਉੱਥੋਂ ਦੇ ਲੋਕ ਇਸ ਦਾ ਵਿਰੋਧ ਕਰ ਰਹੇ ਹਨ ਪਰ ਟਰੰਪ ਬੇਪਰਵਾਹ ਹਨ। ਉਨ੍ਹਾਂ ਨੂੰ ਡੈਨਮਾਰਕ ਦੇ ਨਾਲ-ਨਾਲ ਯੂਰਪੀ ਦੇਸ਼ਾਂ ਦੀ ਨਾਰਾਜ਼ਗੀ ਦੀ ਵੀ ਚਿੰਤਾ ਨਹੀਂ ਹੈ ਜਦਕਿ ਉਹ ਨਾਟੋ ਦੇ ਭਵਿੱਖ ਨੂੰ ਖ਼ਤਰੇ ਵਿਚ ਦੱਸ ਰਹੇ ਹਨ।
ਟਰੰਪ ਕਿਸ ਤਰ੍ਹਾਂ ਹੰਕਾਰ ਨਾਲ ਭਰੇ ਹੋਏ ਹਨ, ਇਸ ਦਾ ਪਤਾ ਉਨ੍ਹਾਂ ਦੇ ਇਸ ਕਥਨ ਤੋਂ ਲੱਗਦਾ ਹੈ ਕਿ ਉਨ੍ਹਾਂ ਦੇ ਹਮਲਾਵਰ ਰੌਂਅ ਨੂੰ ਸਿਰਫ਼ ਉਹੀ ਰੋਕ ਸਕਦੇ ਹਨ ਅਤੇ ਅਮਰੀਕੀ ਹਿੱਤਾਂ ਦੇ ਅੱਗੇ ਕਿਸੇ ਅੰਤਰਰਾਸ਼ਟਰੀ ਨਿਯਮ-ਕਾਨੂੰਨ ਦਾ ਕੋਈ ਮਹੱਤਵ ਨਹੀਂ। ਇਹ ਤਾਨਾਸ਼ਾਹੀ ਵਾਲਾ ਰਵੱਈਆ ਹੈ। ਟਰੰਪ ਹਮਲਾਵਰ ਰਣਨੀਤੀ ’ਤੇ ਇਸ ਲਈ ਚੱਲ ਰਹੇ ਹਨ ਕਿਉਂਕਿ ਅਮਰੀਕੀ ਆਰਥਿਕਤਾ ਬੁਰੇ ਦੌਰ ’ਚੋਂ ਗੁਜ਼ਰ ਰਹੀ ਹੈ।
ਉਸ ਨੂੰ ਪਟੜੀ ’ਤੇ ਲਿਆਉਣ ਲਈ ਉਨ੍ਹਾਂ ਨੇ ਅਮਰੀਕਾ ਵਿਚ ਆਉਣ ਵਾਲੀਆਂ ਵਸਤਾਂ ’ਤੇ ਟੈਰਿਫ ਵਧਾ ਦਿੱਤਾ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਉਨ੍ਹਾਂ ਦੀ ਟੈਰਿਫ ਨੀਤੀ ਨਾਲ ਅਮਰੀਕਾ ਦੀ ਆਮਦਨ ਵਧੀ ਹੈ ਪਰ ਸੱਚਾਈ ਕੁਝ ਹੋਰ ਹੈ। ਟਰੰਪ ਇਸ ਲਈ ਵੀ ਬੌਖਲਾਏ ਹੋਏ ਹਨ ਕਿਉਂਕਿ ਡਾਲਰ ਦੀ ਚੜ੍ਹਤ ਕਮਜ਼ੋਰ ਹੋ ਰਹੀ ਹੈ। ਡਾਲਰ ਦੀ ਚੜ੍ਹਤ ਉਦੋਂ ਸ਼ੁਰੂ ਹੋਈ ਸੀ ਜਦੋਂ ਅਮਰੀਕਾ ਨੇ 1970 ਦੇ ਦਹਾਕੇ ਵਿਚ ਸਾਊਦੀ ਅਰਬ ਨਾਲ ਸਮਝੌਤਾ ਕੀਤਾ ਕਿ ਤੇਲ ਦਾ ਵਪਾਰ ਡਾਲਰ ਵਿਚ ਹੋਵੇਗਾ।
ਇਸ ਨਾਲ ਅਮਰੀਕਾ ਨੂੰ ਲਾਭ ਮਿਲਿਆ ਅਤੇ ਡਾਲਰ ਦੀ ਚੜ੍ਹਤ ਵਧਣ ਲੱਗੀ ਪਰ ਪਿਛਲੇ ਕੁਝ ਸਾਲਾਂ ਵਿਚ ਇਸ ਨੂੰ ਠਿੱਬੀ ਲੱਗਣੀ ਸ਼ੁਰੂ ਹੋਈ ਹੈ।
ਇਸ ਦਾ ਕਾਰਨ ਦੁਨੀਆ ਦੇ ਕਈ ਦੇਸ਼ਾਂ ਦਾ ਡਾਲਰ ਤੋਂ ਇਲਾਵਾ ਹੋਰ ਕਰੰਸੀਆਂ ਵਿਚ ਵਪਾਰ ਕਰਨਾ ਹੈ। ਰੂਸ, ਵੈਨੇਜ਼ੁਏਲਾ ਤੇ ਈਰਾਨ ਆਦਿ ਦੇਸ਼ ਤਾਂ ਆਪਣਾ ਤੇਲ ਡਾਲਰ ਦੀ ਬਜਾਏ ਹੋਰ ਮੁਦਰਾ ਵਿਚ ਵੇਚ ਰਹੇ ਹਨ। ਅਮਰੀਕਾ ਤੋਂ ਤੰਗ-ਪਰੇਸ਼ਾਨ ਕਈ ਹੋਰ ਦੇਸ਼ ਵੀ ਡਾਲਰ ਦੀ ਬਜਾਏ ਹੋਰ ਕਰੰਸੀ ਵਿਚ ਵਪਾਰ ਕਰਨ ਦਾ ਰਾਹ ਤਲਾਸ਼ ਰਹੇ ਹਨ। ਟਰੰਪ ਨੂੰ ਇਹ ਰਾਸ ਨਹੀਂ ਆ ਰਿਹਾ ਹੈ। ਉਨ੍ਹਾਂ ਨੂੰ ਲੱਗਦਾ ਹੈ ਕਿ ਉਹ ਦੁਨੀਆ ਨੂੰ ਦਾਬਾ ਮਾਰ ਕੇ ਉਸ ਨੂੰ ਡਾਲਰ ਵਿਚ ਵਪਾਰ ਕਰਨ ਲਈ ਮਜਬੂਰ ਕਰ ਲੈਣਗੇ ਪਰ ਇਸ ਦੇ ਉਲਟ ਨਤੀਜੇ ਆਉਣ ਤਾਂ ਹੈਰਾਨੀ ਨਹੀਂ ਹੋਣੀ ਚਾਹੀਦੀ।
ਟਰੰਪ ਨੇ ਹਾਲ ਹੀ ਵਿਚ ਉਸ ਬਿੱਲ ’ਤੇ ਸਹਿਮਤੀ ਦਿੱਤੀ ਜੋ ਉਨ੍ਹਾਂ ਨੂੰ ਉਨ੍ਹਾਂ ਦੇਸ਼ਾਂ ’ਤੇ 500 ਫ਼ੀਸਦੀ ਟੈਰਿਫ ਲਗਾਉਣ ਦੀ ਆਗਿਆ ਦੇਵੇਗਾ ਜੋ ਰੂਸ ਤੋਂ ਤੇਲ ਖ਼ਰੀਦਦੇ ਹਨ। ਇਨ੍ਹਾਂ ਦੇਸ਼ਾਂ ਵਿਚ ਚੀਨ, ਭਾਰਤ ਅਤੇ ਬ੍ਰਾਜ਼ੀਲ ਮੁੱਖ ਹਨ। ਟਰੰਪ ਦਾ ਮੰਨਣਾ ਹੈ ਕਿ ਰੂਸ ਤੋਂ ਤੇਲ ਖ਼ਰੀਦਣ ਵਾਲੇ ਦੇਸ਼ ਉਸ ਨੂੰ ਯੂਕਰੇਨ ਖ਼ਿਲਾਫ਼ ਯੁੱਧ ਜਾਰੀ ਰੱਖਣ ਵਿਚ ਮਦਦ ਕਰ ਰਹੇ ਹਨ। ਜੇ ਟਰੰਪ ਰੂਸ ਤੋਂ ਤੇਲ ਖ਼ਰੀਦਣ ਵਾਲੇ ਦੇਸ਼ਾਂ ’ਤੇ ਸੱਚਮੁੱਚ 500 ਫ਼ੀਸਦੀ ਟੈਰਿਫ ਲਗਾਉਂਦੇ ਹਨ ਤਾਂ ਇਸ ਨਾਲ ਭਾਰਤ ਸਮੇਤ ਹੋਰ ਦੇਸ਼ਾਂ ਦੀਆਂ ਮੁਸ਼ਕਲਾਂ ਵਧ ਜਾਣਗੀਆਂ।
ਟਰੰਪ ਨੇ ਭਾਰਤ ’ਤੇ ਪਹਿਲਾਂ ਹੀ ਸਭ ਤੋਂ ਵੱਧ 50 ਫ਼ੀਸਦੀ ਟੈਰਿਫ ਲਗਾ ਰੱਖਿਆ ਹੈ। ਇਸ ਵਿਚ 25 ਫ਼ੀਸਦ ਵਪਾਰ ਸਮਝੌਤਾ ਨਾ ਹੋਣ ਅਤੇ 25 ਪ੍ਰਤੀਸ਼ਤ ਰੂਸ ਤੋਂ ਤੇਲ ਖ਼ਰੀਦਣ ਕਾਰਨ ਹੈ। ਟਰੰਪ ਪ੍ਰਧਾਨ ਮੰਤਰੀ ਮੋਦੀ ਨੂੰ ਮਹਾਨ ਆਗੂ ਅਤੇ ਆਪਣਾ ਦੋਸਤ ਤਾਂ ਦੱਸਦੇ ਹਨ ਪਰ ਉਨ੍ਹਾਂ ਪ੍ਰਤੀ ਤਨਜ਼ ਭਰਪੂਰ ਭਾਸ਼ਾ ਦਾ ਇਸਤੇਮਾਲ ਕਰਨ ਤੋਂ ਵੀ ਨਹੀਂ ਝਿਜਕਦੇ। ਉਹ ਅਜਿਹਾ ਇਸ ਲਈ ਕਰ ਰਹੇ ਹਨ ਕਿਉਂਕਿ ਮੋਦੀ ਉਨ੍ਹਾਂ ਦੀ ਮਨਮਾਨੀ ਸਾਹਮਣੇ ਝੁਕਣ ਨੂੰ ਤਿਆਰ ਨਹੀਂ ਹਨ।
ਟਰੰਪ ਆਪਣੀ ਮਨਮਾਨੀ ਨਾਲ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਬਣੀ ਅੰਤਰਰਾਸ਼ਟਰੀ ਵਿਵਸਥਾ ਨੂੰ ਤਹਿਸ-ਨਹਿਸ ਕਰਨ ਵਿਚ ਰੁੱਝੇ ਹੋਏ ਹਨ। ਉਨ੍ਹਾਂ ਦੀ ਮਨਮਾਨੀ ਕਾਰਨ ਸੰਯੁਕਤ ਰਾਸ਼ਟਰ ਗ਼ੈਰ-ਪ੍ਰਸੰਗਿਕ ਹੋ ਗਿਆ ਹੈ। ਹਾਲਾਂਕਿ ਅਮਰੀਕਾ ਵਿਚ ਕਈ ਮੰਨੇ-ਪ੍ਰਮੰਨੇ ਲੋਕ ਇਹ ਚੇਤਾਵਨੀ ਦੇ ਰਹੇ ਹਨ ਕਿ ਉਨ੍ਹਾਂ ਦੀ ਮਨਮਾਨੀ ਦੇ ਮਾੜੇ ਨਤੀਜੇ ਅਮਰੀਕਾ ਨੂੰ ਉਨ੍ਹਾਂ ਦੇ ਸੱਤਾ ਤੋਂ ਹਟਣ ਤੋਂ ਬਾਅਦ ਵੀ ਭੁਗਤਣੇ ਪੈਣਗੇ ਪਰ ਉਹ ਕਿਸੇ ਦੀ ਵੀ ਸੁਣਨ ਲਈ ਤਿਆਰ ਨਹੀਂ ਹਨ।
-ਸੰਜੇ ਗੁਪਤ
-response@jagran.com