ਗੁਰੂ ਜੀ ਕਹਿੰਦੇ ਹਨ-ਈਸ਼ਵਰ ਦੀ ਕਿਰਪਾ ਹੋਈ। ਉਨ੍ਹਾਂ ਨੇ ਦਰਿੱਦਰ ਦਸ਼ਾ ’ਚੋਂ ਨਿਕਲਣ ਦਾ ਯਤਨ ਕੀਤਾ। ਕਿਰਤ ਕਰ ਕੇ ਉਨ੍ਹਾਂ ਨੇ ਆਪਣਾ ਹੀ ਕੁੱਲ ਨਹੀਂ ਸੰਵਾਰਿਆ, ਪੂਰੀ ਸ਼ੂਦਰ ਜਾਤੀ ਦਾ ਉੱਥਾਨ ਕੀਤਾ। ਗਾਂਧੀ ਜੀ ਨੇ ਕਥਿਤ ਅਛੂਤ ਭਾਈਚਾਰੇ ਨੂੰ ‘ਹਰੀਜਨ’ ਦਾ ਨਾਂ ਦਿੱਤਾ। ਫਿਰ ਸਮਾਂ ਬਦਲਿਆ, ਹੁਣ ਸ਼ੂਦਰ ‘ਦਲਿਤ’ ਬਣ ਗਏ ਹਨ। ਰਵਿਦਾਸ ਬਾਣੀ ਕਰਕੇ ਦਲਿਤਾਂ ਦਾ ਉਥਾਨ ਹੋਇਆ ਹੈ।

ਗੁਰੂ ਰਵਿਦਾਸ ਜੀ ਦੀ ਲਿਖੀ ਹੋਈ ਬਾਣੀ ਅਮਰ ਹੈ। ਬਾਣੀ ਵਿਚ ਸੱਚ ਦਾ ਸੰਦੇਸ਼ ਹੈ-ਸਿੱਖਿਆ ਹੈ, ਉਪਦੇਸ਼ ਹੈ। ਉਨ੍ਹਾਂ ਦੀ ਰਚੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਲ ਹੈ। ਇਸ ਕਰਕੇ, ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਸੰਦੇਸ਼ ਸਰਬੱਤ ਦਾ ਭਲਾ ਹੈ। ਗੁਰੂ ਰਵਿਦਾਸ ਵੀ ਸਰਬੱਤ ਦਾ ਭਲਾ ਲੋਚਦੇ ਹਨ। ਸਰਬੱਤ ਵਿਚ ਸਭ ਵਰਗ ਸ਼ਾਮਲ ਹਨ। ਗੁਰੂ ਜੀ ਬਰਾਬਰੀ ਦਾ ਸਮਾਜ ਚਾਹੁੰਦੇ ਸਨ। ਜਾਤ ਜਾਂ ਜਨਮ ਦੇ ਆਧਾਰ ’ਤੇ ਕੋਈ ਵੱਡਾ-ਛੋਟਾ ਨਹੀਂ, ‘ਸਭ ਕੋ ਅੰਨ ਮਿਲੇ, ਸਿੱਖਿਆ ਮਿਲੇ, ਲੋਕਾਈ ਵੇਗਮ ਹੋਏ’। ਰਵਿਦਾਸ ਜੀ ਉਸ ਜਾਤੀ ਵਿਚ ਪੈਦਾ ਹੋਏ ਜਿਹੜੀ ਕਿ ਉਦੋਂ ਕਥਿਤ ਤੌਰ ’ਤੇ ਸ਼ੂਦਰ ਮੰਨੀ ਜਾਂਦੀ ਸੀ ਅਤੇ ਸ਼ੂਦਰਾਂ ਦਾ ਮੰਦਰਾਂ ਵਿਚ ਪ੍ਰਵੇਸ਼ ਮਨ੍ਹਾ ਸੀ। ਧਾਰਮਿਕ ਕੱਟੜਵਾਦ ਸੀ, ਸ਼ੂਦਰ ਚੌਥੇ ਦਰਜੇ ਵਿਚ ਰੱਖੇ ਗਏ ਸਨ। ਗੁਰਬਾਣੀ ਵਿਚ ਉਨ੍ਹਾਂ ਫੁਰਮਾਇਆ :- ‘‘ਦਾਰਿਦੂ ਦੇਖਿ ਸਭ ਕੋ ਹਸੈ ਐਸੀ ਦਸਾ ਹਮਾਰੀ, ਅਸਟ ਦਸਾ ਸਿਧਿ ਕਰ ਤਲੈ ਸਭ ਕਿਰਪਾ ਤੁਮਾਰੀ’’ ਸ਼ੂਦਰ ਸਮਾਜ ਦੀ ਦਰਿੱਦਰ ਦਸ਼ਾ ਦੇਖ ਕੇ ਹਰ ਕੋਈ ਹੱਸਦਾ ਸੀ।
ਗੁਰੂ ਜੀ ਕਹਿੰਦੇ ਹਨ-ਈਸ਼ਵਰ ਦੀ ਕਿਰਪਾ ਹੋਈ। ਉਨ੍ਹਾਂ ਨੇ ਦਰਿੱਦਰ ਦਸ਼ਾ ’ਚੋਂ ਨਿਕਲਣ ਦਾ ਯਤਨ ਕੀਤਾ। ਕਿਰਤ ਕਰ ਕੇ ਉਨ੍ਹਾਂ ਨੇ ਆਪਣਾ ਹੀ ਕੁੱਲ ਨਹੀਂ ਸੰਵਾਰਿਆ, ਪੂਰੀ ਸ਼ੂਦਰ ਜਾਤੀ ਦਾ ਉੱਥਾਨ ਕੀਤਾ। ਗਾਂਧੀ ਜੀ ਨੇ ਕਥਿਤ ਅਛੂਤ ਭਾਈਚਾਰੇ ਨੂੰ ‘ਹਰੀਜਨ’ ਦਾ ਨਾਂ ਦਿੱਤਾ। ਫਿਰ ਸਮਾਂ ਬਦਲਿਆ, ਹੁਣ ਸ਼ੂਦਰ ‘ਦਲਿਤ’ ਬਣ ਗਏ ਹਨ। ਰਵਿਦਾਸ ਬਾਣੀ ਕਰਕੇ ਦਲਿਤਾਂ ਦਾ ਉਥਾਨ ਹੋਇਆ ਹੈ। ਦਲਿਤਾਂ ਦਾ ਉੱਥਾਨ ਹੀ ਰਵਿਦਾਸ ਬਾਣੀ ਦਾ ਮੁੱਖ ਉਦੇਸ਼ ਹੈ। ਗੁਰੂ ਰਵਿਦਾਸ ਜੀ ਦੀ ਸਮੁੱਚੀ ਬਾਣੀ ਦੇ ਅਧਿਐਨ ਤੋਂ ਬਾਅਦ ਮਹਿਸੂਸ ਕੀਤਾ ਜਾਂਦਾ ਹੈ ਕਿ ਇਹ ਬਾਣੀ ਜੀਣ ਭਾਵਨਾ ਸਿਖਾਉਂਦੀ ਹੈ। ਇਕ ਜੀਣ ਭਾਵਨਾ ਹੈ ਤੇ ਇਸ ਦੇ ਨਾਲ ਹੀ ਹੀਣ ਭਾਵਨਾ ਹੈ। ਜੀਣ ਭਾਵਨਾ ਤੇ ਹੀਣ ਭਾਵਨਾ ਨਾਲ-ਨਾਲ ਚੱਲਦੀਆਂ ਹਨ। ਰਵਿਦਾਸ ਜੀ ਦੇ ਜੀਵਨ ਕਾਲ ਸਮੇਂ ਉੱਚ ਜਾਤੀਆਂ ਦੇ ਜ਼ੁਲਮ ਭਾਰੂ ਸਨ ਜਿਸ ਕਰਕੇ ਨੀਵੀਆਂ ਕਹੀਆਂ ਜਾਂਦੀਆਂ ਜਾਤੀਆਂ ‘ਹੀਣ ਭਾਵਨਾ’ ਦਾ ਸ਼ਿਕਾਰ ਰਹੀਆਂ ਪਰ ਗੁਰੂ ਰਵਿਦਾਸ ਜੀ ਇਸ ‘ਹੀਣ ਭਾਵਨਾ’ ਦਾ ਸ਼ਿਕਾਰ ਨਹੀਂ ਹੋਏ। ਉਹ ਉਸ ਸਮੇਂ ਦੇ ਰਹਿਣ-ਸਹਿਣ ਬਾਰੇ ਲਿਖਦੇ ਹਨ ਕਿ ਇਕ ਪਾਸੇ ਤਾਂ ਉੱਚੇ ਮੰਦਰ ਹਨ, ਮਕਾਨ ਹਨ, ਸੋਹਣੀਆਂ ਰਸੋਈਆਂ ਹਨ, ਦੂਜੇ ਪਾਸੇ ਘਾਹ ਦੀਆਂ ਕੁੱਲੀਆਂ ਹਨ। ਲੋਕ ਅਨਪੜ੍ਹ ਹਨ। ਉਨ੍ਹਾਂ ਨੇ ਇਸ ਤਰ੍ਹਾਂ ਦੀ ਦੁਰਦਸ਼ਾ ਨੂੰ ‘‘ਐਸੀ ਦਸ਼ਾ ਹਮਾਰੀ’’ ਲਿਖਿਆ। ਇਨ੍ਹਾਂ ਬੁਰਾਈਆਂ ਨੂੰ ਦੂਰ ਕਰਨ ਲਈ ਆਪਣੀ ਬਾਣੀ ਵਿਚ ਹੀ ਸ਼ੂਦਰ ਦੁਰਦਸ਼ਾ ਨੂੰ ਸਮਾਜ ਸੁਧਾਰ ਦਾ ਨਾਂ ਦੇ ਕੇ ਟੀਚਾ ਮਿੱਥਿਆ। ਉਨ੍ਹਾਂ ਨੇ ਰਾਜਾ ਨਾਗਰ ਮੱਲ ਅਤੇ ਨਗਰ ਦੇ ਲੋਕਾਂ ਨੂੰ ਕਿਹਾ ਕਿ ਮੇਰੀ ਜਾਤ ਚਮਾਰ ਹੈ। ਇਥੇ ਹੀ ਬਸ ਨਹੀਂ, ਉਨ੍ਹਾਂ ਇਹ ਵੀ ਲਿਖਆ ਕਿ :- ਤੁਮ ਸ਼ਰਨਾਗਤ, ‘ਰਾਜਾ ਰਾਮ ਚੰਦ’ ਕਹਿ ਰਵਿਦਾਸ ਚਮਾਰਾ। ਰਵੀਦਾਸੀਆ ਭਾਈਚਾਰਾ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸਦਾ ਰਿਣੀ ਰਹੇਗਾ ਜਿਨ੍ਹਾਂ ਨੇ ਰਵਿਦਾਸ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਲ ਕੀਤੀ। ਰਵਿਦਾਸ ਅਤੇ ਕਬੀਰ ਸਮਾਜ ਦੀ ਸੋਚ ’ਚ ਤਬਦੀਲੀ ਚਾਹੁੰਦੇ ਸਨ। ਗੱਲ ਦਲਿਤਾਂ ਦੇ ਉਥਾਨ ਦੀ ਸੀ- ਰਵਿਦਾਸ ਬਾਣੀ ਵਿਚ ਸਭ ਤੋਂ ਪਹਿਲੀ ਧਾਰਨਾ ਸੀ : ‘ਐਸਾ ਚਾਹੂ ਰਾਜ ਮੈਂ ਯਹਾਂ ਮਿਲੇ ਸਭਨ ਕੋ ਅੰਨ- ਛੋਟੇ ਬੜੇ ਸਭ ਸਮ ਵਸੇ ਰਵਿਦਾਸ ਰਹੇ ਪ੍ਰਸੰਨ।’ ਅਜੋਕੇ ਦੌਰ ਵਿਚ ਇਸ ਸੰਕਲਪ ਨੂੰ ਅਮਲੀ ਰੂਪ ਦਿੱਤਾ ਜਾ ਰਿਹਾ ਹੈ। ਸਰਕਾਰ ਵੱਲੋਂ ਦੋ ਰੁਪਏ ਕਿੱਲੋ ਕਣਕ ਦਿੱਤੀ ਜਾ ਰਹੀ ਹੈ।
ਸਕੂਲਾਂ ਵਿਚ ਵੀ ਗ਼ਰੀਬ ਬੱਚਿਆਂ ਨੂੰ ਬਰਾਬਰ ਦਾ ਭੋਜਨ ਦਿੱਤਾ ਜਾਂਦਾ ਹੈ। ਇਹ ਰਵਿਦਾਸ ਬਾਣੀ ਦਾ ਅਸਰ ਹੈ। ਗੁਰੂ ਜੀ ਫੁਰਮਾਉਂਦੇ ਹਨ : ‘‘ਤੋਹੀ ਮੋਹੀ, ਮੋਹੀ ਤੋਹੀ ਅੰਤਰ ਕੈਸਾ’’ ਇਸ ਕਥਨ ਨੂੰ ਵੀ ਪ੍ਰਭੂ ਭਗਤੀ ਨਾਲ ਜੋੜ ਕੇ ਪਰਮਾਤਮਾ ਨਾਲ ਇਕਮਿਕ ਹੋਣ ਦਾ ਯਤਨ ਹੀ ਬਣਾ ਦਿੱਤਾ ਗਿਆ। ਅਸਲ ਵਿਚ ਬਾਣੀ ਦੀ ਇਸ ਤੁਕ ਦਾ ਅਰਥ ਇਹ ਵੀ ਹੈ ਕਿ ਸਾਰੇ ਬਰਾਬਰ ਹਨ। ਹਰ ਮਨੁੱਖ ਮਾਂ ਦੇ ਪੇਟ ’ਚੋਂ ਹੀ ਜਨਮ ਲੈਂਦਾ ਹੈ-ਚਾਹੇ ਉਹ ਗ਼ਰੀਬ ਹੈ, ਅਮੀਰ ਜਾਂ ਸ਼ੂਦਰ-ਕਸ਼ੱਤਰੀ, ਬ੍ਰਾਹਮਣ। ਗੱਲ ਤਾਂ ਅੰਤਰ ਦੀ ਸੀ ਵਿਤਕਰੇ ਦੀ ਸੀ ਜਿਸ ਨੂੰ ਮਿਟਾਉਣ ਦਾ ਯਤਨ ਗੁਰੂ ਰਵਿਦਾਸ ਜੀ ਨੇ ਕੀਤਾ ਸੀ। ਗੁਰੂ ਰਵਿਦਾਸ ਜਾਂ ਸੰਤ ਕਬੀਰ ਦੀ ਬਾਣੀ ਨੇ ਪ੍ਰਭੂ ਪ੍ਰਾਪਤੀ ਦੀ ਵਿਧਾ ਨਾਲ ਜੋੜੀ ਰੱਖਿਆ। ਕਦੇ ਵੀ ਇਸ ਬਾਣੀ ਨੂੰ ਵਿਗਿਆਨਕ ਦਿ੍ਸ਼ਟੀ ਤੋਂ ਨਹੀਂ ਵਿਚਾਰਿਆ ਗਿਆ। ਤੋਹੀ-ਮੋਹੀ ਦੇ ਅੰਤਰ ਦੀ ਗੱਲ ਕਰੀਏ ਤਾਂ ਇਸ ਦਾ ਭਾਵ ਕੇਵਲ ਇਹ ਹੈ ਕਿ ਹਰ ਪ੍ਰਕਾਰ ਦਾ ਅੰਤਰ ਜਾਂ ਵਿਤਕਰਾ ਖ਼ਤਮ ਹੋਣਾ ਚਾਹੀਦਾ ਹੈ। ਚੌਦਵੀਂ-ਪੰਦਰਵੀਂ ਸਦੀ ਦਾ ਸਮਾਂ ਗੁਰੂ ਰਵਿਦਾਸ ਤੇ ਕਬੀਰ ਦਾ ਹੈ। ਦੋਵੇਂ ਮਹਾਪੁਰਸ਼ ਬਨਾਰਸ ਵਿਚ ਪੈਦਾ ਹੋਏ। ਬਨਾਰਸ ਹਿੰਦੂ ਧਰਮ ਦੀ ਰਾਜਧਾਨੀ ਸੀ ਜਿੱਥੋਂ ਹਿੰਦੂ ਧਰਮ ਨੂੰ ਹੀ ਪ੍ਰਚਾਰਿਆ ਜਾਂਦਾ ਸੀ। ਮਨੂ ਸਮ੍ਰਿਤੀ ਹੀ ਉਨ੍ਹਾਂ ਦਾ ਪ੍ਰੇਰਕ ਗ੍ਰੰਥ ਸੀ। ਰਵਿਦਾਸ ਜੀ ਨੀਚ ਤੋਂ ਊਚ ਕਰਨ ਦੀ ਤਬਦੀਲੀ ਚਾਹੁੰਦੇ ਸਨ। ਉਨ੍ਹਾਂ ਨੇ ਆਪਣੀ ਬਾਣੀ ਵਿਚ ‘ਬੇਗਮਪੁਰਾ’ ਦਾ ਫ਼ਲਸਫ਼ਾ ਉਲੀਕਿਆ। ਬੇਗਮਪੁਰਾ ਦੇ ਵਿਸ਼ਾਲ ਅਰਥ ਇਹੀ ਦੱਸਦੇ ਹਨ ਕਿ ਸਭ ਬਰਾਬਰ ਹੋਣ, ਗਮਾਂ ਤੋਂ ਰਹਿਤ ਰਹਿਣ ਲਈ ਘਰ ਹੋਵੇ, ਸਿੱਖਿਆ ਸਭ ਨੂੰ ਮਿਲੇ। ਰਵਿਦਾਸ ਬਾਣੀ ਨੇ ਲੋਕਾਈ ਦੀ ਸੋਚ ਬਦਲੀ ਜਿਸ ਨੂੰ ਦਲਿਤ ਚੇਤਨਾ ਕਿਹਾ ਗਿਆ ਅਤੇ ਦਲਿਤ ਕਰਾਂਤੀ ਲਿਆਉਣ ਵਿਚ ਸਹਾਇਕ ਹੋਈ। ਰਵਿਦਾਸ ਅਤੇ ਕਬੀਰ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਲ ਕੀਤੀ ਗਈ। ਦੋਵੇਂ ਮਹਾਪੁਰਸ਼ ਜਾਤ-ਪਾਤ ਖ਼ਤਮ ਕਰਨ ਦਾ ਸੰਦੇਸ਼ ਦਿੰਦੇ ਸਨ ਪਰ ਇਹ ਬੁਰਾਈ ਮੌਜੂਦਾ ਸੰਵਿਧਾਨ ਦੇ ਹੋਂਦ ਵਿਚ ਆਉਣ ਤੱਕ ਖ਼ਤਮ ਨਹੀਂ ਹੋ ਸਕੀ। ਇਸ ਦਾ ਕਾਰਨ ਇਹ ਵੀ ਰਿਹਾ ਕਿ ਰਵਿਦਾਸ ਜੀ ਜਾਂ ਕਬੀਰ ਸਾਹਿਬ ਦੇ ਜਾਣ ਤੋਂ ਬਾਅਦ ਡਾ. ਭੀਮ ਰਾਓ ਅੰਬੇਡਕਰ (1891-1956) ਤੱਕ ਕੋਈ ਹੋਰ ਮਹਾਪੁਰਸ਼ ਪੈਦਾ ਨਹੀਂ ਹੋਇਆ। ਮੌਜੂਦਾ ਦੌਰ ਵਿਚ ਦਲਿਤਾਂ ਦੇ ਉਥਾਨ ਲਈ ‘ਬੇਗਮਪੁਰਾ’ ਸ਼ਬਦ ਦੇ ਸੰਕਲਪ ਨੂੰ ਅਮਲ ਵਿਚ ਲਿਆਉਣਾ ਹੀ ਕਾਫ਼ੀ ਹੈ ਤੇ ਇੰਜ ਹੀ ਹੋਇਆ। ਜਦੋਂ ਡਾ. ਭੀਮ ਰਾਓ ਅੰਬੇਡਕਰ ਨੂੰ ਸੰਵਿਧਾਨ ਲਿਖਣ ਦਾ ਮੌਕਾ ਮਿਲਿਆ ਤਾਂ ਉਨ੍ਹਾਂ ਨੇ ਸਾਰਿਆਂ ਨੂੰ ਵੋਟ ਦਾ ਅਧਿਕਾਰ ਦਿੱਤਾ। ਭਾਰਤ ਦੇ ਸੰਵਿਧਾਨ ਵਿਚ ਆਰਟੀਕਲ 14-17 ਅਤੇ 32 ਜੋੜ ਕੇ ਸ਼ੂਦਰਾਂ ਦੇ ਅਧਿਕਾਰਾਂ ਦੀ ਗਾਰੰਟੀ ਦਿੱਤੀ ਗਈ ਤੇ ਛੁਆਛਾਤ ਕਾਨੂੰਨੀ ਤੌਰ ’ਤੇ ਖ਼ਤਮ ਕੀਤੀ ਗਈ।
ਸੰਵਿਧਾਨ ਦੀ ਪ੍ਰਸਤਾਵਨਾ ਵਿਚ ਹੀ ਨਿਆਂ-ਆਜ਼ਾਦੀ-ਬਰਾਬਰੀ ਅਤੇ ਭਾਈਚਾਰੇ ਦਾ ਸੰਕਲਪ ਲਿਆ ਗਿਆ। ਇਹ ਸਾਰਾ ਕੁਝ ਉਹੀ ਹੈ ਜਿਸ ਨੂੰ ਗੁਰੂ ਰਵਿਦਾਸ ਜੀ ਨੇ ਆਪਣੇ ਸਮੇਂ ਬਾਣੀ ਵਿਚ ਉਲੀਕਿਆ ਤੇ ਚਿਤਵਿਆ ਸੀ। ਰਵਿਦਾਸ ਬਾਣੀ ਨੇ ਸੁੱਤੀ ਪਈ ਮਾਨਵਤਾ ਨੂੰ ਜਗਾਇਆ। ‘ਰਵਿਦਾਸ ਬਾਣੀ’-ਵਿਚ ਕੱਟੜ ਯਥਾਰਥ ਹੈ, ਨਿਰੋਲ ਸੱਚਾਈ ਹੈ ਜੋ ਪੀੜਤਾਂ ਨੂੰ ਉਤਸ਼ਾਹਤ ਕਰਦੀ ਰਹੇਗੀ। ਇਹ ਬਾਣੀ ਪੀੜਤਾਂ ਦੇ ਹੱਕਾਂ ਦੀ ਆਵਾਜ਼ ਹੈ। ਪੀੜਤ ਵਿਅਕਤੀ ਨੇ ਇਸ ਬਾਣੀ ਨੂੰ ਪੜ੍ਹਨ ਤੇ ਵਿਚਾਰਨ ਤੋਂ ਬਾਅਦ ਹੀ ਆਪਣੇ ਹੱਕਾਂ ਦੀ ਆਵਾਜ਼ ਬੁਲੰਦ ਕੀਤੀ ਹੈ ਅਤੇ ਪੀੜਤਾਂ ਨੇ ਹੀਣ ਭਾਵਨਾ ਉੱਤੇ ਜਿੱਤ ਪ੍ਰਾਪਤ ਕੀਤੀ ਹੈ। ਸੰਖੇਪ ਵਿਚ ਉਨ੍ਹਾਂ ਨੇ ਲਿਖਿਆ, ਉਪਜਿਓ ਗਿਆਨ ਹੂਆ ਪਰਗਾਸ। ਇਹ ਜੋ ਵੀ ਹੁਣ ਤੱਕ ਧਾਰਮਿਕ ਸਮਾਜਿਕ, ਸਿਆਸੀ ਤੇ ਸੱਭਿਆਚਾਰਕ ਤਬਦੀਲੀਆਂ ਭਾਰਤੀ ਸਮਾਜ ’ਚ ਆਈਆਂ ਹਨ, ਇਹ ਸਾਰੀ ਸ੍ਰੀ ਗੁਰੂ ਰਵਿਦਾਸ ਬਾਣੀ ਦੀ ਦੇਣ ਹੈ, ਦਲਿਤਾਂ ਦੀ ਬੌਧਿਕ ਸ਼ਕਤੀ ਵਿਚ ਵਾਧਾ ਹੋਇਆ ਹੈ। ਹੀਣ ਭਾਵਨਾ ’ਤੇ ਕਾਬੂ ਕੀਤਾ ਜਾ ਰਿਹਾ ਹੈ ਅਤੇ ਜੀਣ ਭਾਵਨਾ ਦਾ ਪਰਗਾਸ ਅਜੇ ਹੋਰ ਹੋਣਾ ਹੈ। ਰਵਿਦਾਸ ਜੀ ਕੀ ਬਾਣੀ ਨੂੰ ਵਿਚਾਰਨ ਤੇ ਪ੍ਰਚਾਰਨ ਦੀ ਜ਼ਰੂਰਤ ਹੈ।
-ਮੋਹਨ ਲਾਲ ਫਿਲੌਰੀਆ
-ਮੋਬਾਈਲ : 98884-05888