ਉਹ ਭਾਰਤ ਦੇ ਹਾਈ ਕਮਿਸ਼ਨ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕਰਨ ਦੇ ਨਾਲ-ਨਾਲ ਹਿੰਦੂਆਂ ’ਤੇ ਹਮਲੇ ਕਰਨ ਵਿਚ ਲੱਗੇ ਹੋਏ ਹਨ ਜਦਕਿ ਹਾਦੀ ਦੇ ਭਰਾ ਨੇ ਉਸ ਦੀ ਹੱਤਿਆ ਲਈ ਮੁਹੰਮਦ ਯੂਨਸ ਸਰਕਾਰ ਨੂੰ ਕਟਹਿਰੇ ਵਿਚ ਖੜ੍ਹਾ ਕੀਤਾ ਹੈ। ਬੀਤੇ ਦਿਨੀਂ ਉੱਥੇ ਇਕ ਹੋਰ ਹਿੰਦੂ ਨੌਜਵਾਨ ਦੀ ਜਾਨ ਲੈ ਲਈ ਗਈ। ਇਸ ਤੋਂ ਇਲਾਵਾ ਹਿੰਦੂਆਂ ਦੇ ਘਰਾਂ ਵਿਚ ਅੱਗਜ਼ਨੀ ਕੀਤੀ ਜਾ ਰਹੀ ਹੈ।

ਬੰਗਲਾਦੇਸ਼ ਵਿਚ ਪਿਛਲੇ ਸਾਲ ਜੁਲਾਈ ਵਿਚ ਸ਼ੇਖ ਹਸੀਨਾ ਸਰਕਾਰ ਖ਼ਿਲਾਫ਼ ਵਿੱਢੇ ਗਏ ਵਿਦਿਆਰਥੀ ਅੰਦੋਲਨ ਕਾਰਨ ਜੋ ਅਸ਼ਾਂਤੀ ਅਤੇ ਅਸਥਿਰਤਾ ਦਾ ਦੌਰ ਸ਼ੁਰੂ ਹੋਇਆ, ਉਹ ਖ਼ਤਮ ਹੋਣ ਦਾ ਨਾਂ ਨਹੀਂ ਲੈ ਰਿਹਾ ਹੈ। ਇਸ ਅੰਦੋਲਨ ਕਾਰਨ ਸ਼ੇਖ ਹਸੀਨਾ ਨੂੰ ਸੱਤਾ ਤੋਂ ਬਾਹਰ ਤਾਂ ਹੋਣਾ ਹੀ ਪਿਆ, ਨਾਲ ਹੀ ਜਾਨ ਬਚਾਉਣ ਲਈ ਭਾਰਤ ਵਿਚ ਸ਼ਰਨ ਵੀ ਲੈਣੀ ਪਈ।
ਉਨ੍ਹਾਂ ਦੇ ਤਖ਼ਤਾਪਲਟ ਤੋਂ ਬਾਅਦ ਫ਼ੌਜ ਦੀ ਦਖ਼ਲਅੰਦਾਜ਼ੀ ਨਾਲ ਉੱਥੇ ਬਣੀ ਅੰਤਰਿਮ ਸਰਕਾਰ ਦੀ ਕਮਾਨ ਜਦੋਂ ਨੋਬਲ ਪੁਰਸਕਾਰ ਜੇਤੂ ਮੁਹੰਮਦ ਯੂਨਸ ਨੇ ਸੰਭਾਲੀ ਤਾਂ ਮੰਨਿਆ ਇਹ ਗਿਆ ਸੀ ਕਿ ਉਹ ਅਸ਼ਾਂਤੀ ਅਤੇ ਅਸਥਿਰਤਾ ਨੂੰ ਦੂਰ ਕਰ ਕੇ ਉੱਥੇ ਬਣ ਰਹੇ ਭਾਰਤ ਵਿਰੋਧੀ ਮਾਹੌਲ ’ਤੇ ਵੀ ਲਗਾਮ ਲਗਾਉਣ ਦਾ ਕੰਮ ਕਰਨਗੇ ਪਰ ਉਨ੍ਹਾਂ ਨੇ ਅਜਿਹਾ ਕੁਝ ਵੀ ਨਹੀਂ ਕੀਤਾ।
ਸੌਲਾਂ ਮਹੀਨਿਆਂ ਬਾਅਦ ਵੀ ਬੰਗਲਾਦੇਸ਼ ਅਸ਼ਾਂਤ ਅਤੇ ਅਸਥਿਰ ਹੈ ਅਤੇ ਉੱਥੇ ਭਾਰਤ ਵਿਰੋਧੀ ਤੱਤ ਵੀ ਬੇਲਗਾਮ ਹਨ। ਬੀਤੇ ਦਿਨੀਂ ਉੱਥੇ ਜਦ ਇਕ ਕੱਟੜਪੰਥੀ ਵਿਦਿਆਰਥੀ ਆਗੂ ਉਸਮਾਨ ਹਾਦੀ ਦੀ ਹੱਤਿਆ ਕਰ ਦਿੱਤੀ ਗਈ ਤਾਂ ਇਹ ਅਫ਼ਵਾਹ ਫੈਲਾਈ ਗਈ ਕਿ ਉਸ ਦਾ ਕਾਤਲ ਭਾਰਤ ਭੱਜ ਗਿਆ ਹੈ। ਉਸ ਦੇ ਨਾਲ-ਨਾਲ ਸ਼ੇਖ ਹਸੀਨਾ ਨੂੰ ਵੀ ਸੌਂਪਣ ਦੀ ਮੰਗ ਕਰ ਕੇ ਉੱਥੇ ਨਵੇਂ ਸਿਰੇ ਤੋਂ ਭਾਰਤ ਵਿਰੋਧੀ ਮਾਹੌਲ ਬਣਾਇਆ ਜਾਣ ਲੱਗਾ। ਇਸੇ ਮਾਹੌਲ ਵਿਚ ਉੱਥੇ ਇਕ ਹਿੰਦੂ ਨੌਜਵਾਨ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ ਗਈ ਅਤੇ ਫਿਰ ਉਸ ਦੀ ਲਾਸ਼ ਨੂੰ ਸਾਰਿਆਂ ਦੇ ਸਾਹਮਣੇ ਸਾੜ ਦਿੱਤਾ ਗਿਆ। ਇਸ ਤੋਂ ਬਾਅਦ ਪੁਲਿਸ ਨੇ ਸਪਸ਼ਟ ਕੀਤਾ ਕਿ ਵਿਦਿਆਰਥੀ ਆਗੂ ਦੇ ਕਾਤਲ ਦੇ ਭਾਰਤ ਭੱਜ ਜਾਣ ਦੀ ਕਿਤੇ ਕੋਈ ਸੂਚਨਾ ਨਹੀਂ ਹੈ। ਇਸ ਤੋਂ ਬਾਅਦ ਵੀ ਉੱਥੇ ਭਾਰਤ ਵਿਰੋਧੀ ਅਨਸਰ ਹੁੱਲੜਬਾਜ਼ੀ ਕਰ ਰਹੇ ਹਨ।
ਉਹ ਭਾਰਤ ਦੇ ਹਾਈ ਕਮਿਸ਼ਨ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕਰਨ ਦੇ ਨਾਲ-ਨਾਲ ਹਿੰਦੂਆਂ ’ਤੇ ਹਮਲੇ ਕਰਨ ਵਿਚ ਲੱਗੇ ਹੋਏ ਹਨ ਜਦਕਿ ਹਾਦੀ ਦੇ ਭਰਾ ਨੇ ਉਸ ਦੀ ਹੱਤਿਆ ਲਈ ਮੁਹੰਮਦ ਯੂਨਸ ਸਰਕਾਰ ਨੂੰ ਕਟਹਿਰੇ ਵਿਚ ਖੜ੍ਹਾ ਕੀਤਾ ਹੈ। ਬੀਤੇ ਦਿਨੀਂ ਉੱਥੇ ਇਕ ਹੋਰ ਹਿੰਦੂ ਨੌਜਵਾਨ ਦੀ ਜਾਨ ਲੈ ਲਈ ਗਈ। ਇਸ ਤੋਂ ਇਲਾਵਾ ਹਿੰਦੂਆਂ ਦੇ ਘਰਾਂ ਵਿਚ ਅੱਗਜ਼ਨੀ ਕੀਤੀ ਜਾ ਰਹੀ ਹੈ।
ਇਸੇ ਤਰ੍ਹਾਂ ਦੀਆਂ ਘਟਨਾਵਾਂ ਉਦੋਂ ਵੀ ਹੋਈਆਂ ਸਨ ਜਦ ਸ਼ੇਖ ਹਸੀਨਾ ਦਾ ਤਖ਼ਤਾ ਪਲਟਿਆ ਗਿਆ ਸੀ। ਭਾਰਤ ਤੇ ਬੰਗਲਾਦੇਸ਼ ਵਿਚਾਲੇ ਵਿਗੜਦੇ ਰਿਸ਼ਤਿਆਂ ਦੌਰਾਨ ਉੱਥੋਂ ਦੀ ਸਭ ਤੋਂ ਵੱਡੀ ਸਿਆਸੀ ਪਾਰਟੀ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (ਬੀਐੱਨਪੀ) ਦੇ ਕੰਮ ਚਲਾਊ ਪ੍ਰਧਾਨ ਤਾਰਿਕ ਰਹਿਮਾਨ ਜ਼ਿਆ ਦਾ 17 ਸਾਲਾਂ ਬਾਅਦ ਲੰਡਨ ਤੋਂ ਪਰਤਣਾ ਇਕ ਵੱਡਾ ਘਟਨਾਚੱਕਰ ਹੈ। ਉਹ ਸਾਬਕਾ ਰਾਸ਼ਟਰਪਤੀ ਜ਼ਿਆਉਰ ਰਹਿਮਾਨ ਅਤੇ ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜ਼ਿਆ ਦੇ ਬੇਟੇ ਹਨ।
ਇਸ ਸਮੇਂ ਖਾਲਿਦਾ ਜ਼ਿਆ ਗੰਭੀਰ ਰੂਪ ਵਿਚ ਬਿਮਾਰ ਹੈ ਅਤੇ ਹਸਪਤਾਲ ਵਿਚ ਭਰਤੀ ਹੈ। ਜੇ ਫਰਵਰੀ ਵਿਚ ਹੋਣ ਵਾਲੀਆਂ ਆਮ ਚੋਣਾਂ ਵਿਚ ਬੀਐੱਨਪੀ ਜਿੱਤ ਹਾਸਲ ਕਰਦੀ ਹੈ ਤਾਂ ਤਾਰਿਕ ਰਹਿਮਾਨ ਦੇਸ਼ ਦੀ ਕਮਾਨ ਸੰਭਾਲ ਸਕਦੇ ਹਨ ਪਰ ਇਨ੍ਹਾਂ ਚੋਣਾਂ ਨੂੰ ਸੁਤੰਤਰ ਅਤੇ ਨਿਰਪੱਖ ਕਹਿਣਾ ਕਠਿਨ ਹੈ। ਇਸ ਦਾ ਵੱਡਾ ਕਾਰਨ ਇਹ ਹੈ ਕਿ ਅੰਤਰਿਮ ਸਰਕਾਰ ਨੇ ਸ਼ੇਖ ਹਸੀਨਾ ਦੀ ਪਾਰਟੀ ਅਵਾਮੀ ਲੀਗ ਨੂੰ ਪਾਬੰਦੀਸ਼ੁਦਾ ਕਰ ਕੇ ਉਸ ਨੂੰ ਚੋਣ ਲੜਨ ਤੋਂ ਰੋਕ ਦਿੱਤਾ ਹੈ। ਇੰਨਾ ਹੀ ਨਹੀਂ, ਉਸ ਜਮਾਤ-ਏ-ਇਸਲਾਮੀ ਨੂੰ ਚੋਣ ਲੜਨ ਦਿੱਤੀ ਜਾ ਰਹੀ ਹੈ ਜਿਸ ’ਤੇ ਸ਼ੇਖ ਹਸੀਨਾ ਨੇ ਇਸ ਲਈ ਪਾਬੰਦੀ ਲਗਾ ਰੱਖੀ ਸੀ ਕਿਉਂਕਿ ਉਹ ਪਾਕਿਸਤਾਨ ਸਮਰਥਕ ਹੈ। ਜਮਾਤ ਨੇ ਬੰਗਲਾਦੇਸ਼ ਦੀ ਲੜਾਈ ਦੇ ਸਮੇਂ ਪਾਕਿਸਤਾਨ ਦਾ ਸਾਥ ਦਿੱਤਾ ਸੀ। ਜਮਾਤ-ਏ-ਇਸਲਾਮੀ ਦੇ ਨਾਲ ਹੀ ਬੰਗਲਾਦੇਸ਼ ਵਿਚ ਹੋਰ ਅਜਿਹੇ ਕੱਟੜਪੰਥੀ ਅਨਸਰ ਬੇਲਗਾਮ ਹਨ ਜੋ ਭਾਰਤ ਵਿਰੋਧ ਦੇ ਨਾਲ-ਨਾਲ ਹਿੰਦੂਆਂ ’ਤੇ ਅੱਤਿਆਚਾਰ ਕਰਨ ਲਈ ਬਦਨਾਮ ਹਨ। ਮੁਹੰਮਦ ਯੂਨਸ ਉਨ੍ਹਾਂ ’ਤੇ ਲਗਾਮ ਲਗਾਉਣ ਦੀ ਕਿਤੇ ਕੋਈ ਕੋਸ਼ਿਸ਼ ਕਰਦੇ ਦਿਸ ਨਹੀਂ ਰਹੇ ਹਨ।
ਬੰਗਲਾਦੇਸ਼ ਦਾ ਜਨਮ ਭਾਰਤ ਦੀ ਮਦਦ ਨਾਲ ਹੋਇਆ ਸੀ। ਉਦੋਂ ਭਾਰਤੀ ਫ਼ੌਜ ਨੇ ਬੜੀ ਬਹਾਦਰੀ ਨਾਲ ਉੱਥੇ ਭਾਰੀ ਤਾਦਾਦ ਵਿਚ ਪਾਕਿਸਤਾਨੀ ਫ਼ੌਜੀਆਂ ਨੂੰ ਹਥਿਆਰ ਸੁੱਟਣ ਲਈ ਮਜਬੂਰ ਕਰ ਦਿੱਤਾ ਸੀ। ਬੀਤੇ ਕੁਝ ਸਾਲਾਂ ਤੋਂ ਬੰਗਲਾਦੇਸ਼ ਭਾਰਤ ਵੱਲੋਂ ਕੀਤੀ ਗਈ ਮਦਦ ਨੂੰ ਵਿਸਾਰ ਕੇ ਪਾਕਿਸਤਾਨ ਤੇ ਪੱਛਮੀ ਮੁਲਕਾਂ ਦੇ ਇਸ਼ਾਰਿਆਂ ’ਤੇ ਨੱਚ ਰਿਹਾ ਹੈ। ਉੱਥੇ ਲੰਬੇ ਸਮੇਂ ਤੱਕ ਸੱਤਾ ਵਿਚ ਰਹੀ ਸ਼ੇਖ ਹਸੀਨਾ ਭਾਰਤ ਦੀ ਦੋਸਤ ਸੀ।
ਉਸ ਦੇ ਸਮੇਂ ਵਿਚ ਦੋਵਾਂ ਦੇਸ਼ਾਂ ਦੇ ਸਬੰਧਾਂ ਵਿਚ ਮਜ਼ਬੂਤੀ ਆਈ ਪਰ ਹੁਣ ਉੱਥੇ ਭਾਰਤ ਵਿਰੋਧੀ ਮਾਹੌਲ ਹੈ। ਇਸ ਦਾ ਵੱਡਾ ਕਾਰਨ ਮੁਹੰਮਦ ਯੂਨਸ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਭਾਰਤ ਵਿਰੋਧੀ ਅਨਸਰਾਂ ਦੀ ਅਣਦੇਖੀ ਕੀਤੀ ਜਾਣੀ ਹੈ। ਉਹ ਨਾ ਤਾਂ ਕੱਟੜਪੰਥੀ ਅਨਸਰਾਂ ’ਤੇ ਲਗਾਮ ਲਗਾਉਣ ਵਿਚ ਦਿਲਚਸਪੀ ਦਿਖਾ ਰਹੇ ਹਨ ਅਤੇ ਨਾ ਹੀ ਭਾਰਤ ਨਾਲ ਸਬੰਧ ਸੁਧਾਰਨ ਵਿਚ। ਅਜਿਹਾ ਲੱਗਦਾ ਹੈ ਕਿ ਸ਼ੇਖ ਹਸੀਨਾ ਪ੍ਰਤੀ ਉਨ੍ਹਾਂ ਦੀ ਨਾਰਾਜ਼ਗੀ ਭਾਰਤ ਵਿਰੋਧ ਵਿਚ ਤਬਦੀਲ ਹੋ ਗਈ ਹੈ। ਉਹ ਭਾਰਤ ਦੇ ਹਿੱਤਾਂ ਨੂੰ ਨੁਕਸਾਨ ਪਹੁੰਚਾ ਕੇ ਆਪਣੇ ਹਿੱਤ ਸੇਧਣੇ ਚਾਹੁੰਦੇ ਹਨ। ਇਸੇ ਲਈ ਉਹ ਭਾਰਤ ਵਿਰੋਧੀ ਮੁਲਕਾਂ ਦੇ ਆਖੇ ਲੱਗ ਕੇ ਉਹ ਸਭ ਕੰਮ ਕਰ ਰਹੇ ਹਨ ਜਿਨ੍ਹਾਂ ਕਾਰਨ ਭਾਰਤ ਲਈ ਦੁਸ਼ਵਾਰੀਆਂ ਵਧਦੀਆਂ ਜਾਣ।
ਉਹ ਭਾਰਤ ਦੀਆਂ ਚਿੰਤਾਵਾਂ ਦਾ ਹੱਲ ਕਰਨ ਦੀ ਥਾਂ ਉਨ੍ਹਾਂ ਨੂੰ ਵਧਾਉਣ ਦਾ ਕੰਮ ਕਰਦੇ ਦਿਸ ਰਹੇ ਹਨ। ਬੰਗਲਾਦੇਸ਼ ਨੂੰ ਲੈ ਕੇ ਭਾਰਤ ਦੀ ਚਿੰਤਾ ਇਸ ਲਈ ਹੋਰ ਵਧ ਗਈ ਹੈ ਕਿਉਂਕਿ ਮੁਹੰਮਦ ਯੂਨਸ ਉਸ ਪਾਕਿਸਤਾਨ ਨਾਲ ਸਬੰਧ ਵਧਾਉਣ ਵਿਚ ਲੱਗੇ ਹੋਏ ਹਨ ਜਿਸ ਨੇ ਉੱਥੋਂ ਦੇ ਲੋਕਾਂ ’ਤੇ ਕਹਿਰ ਢਾਹਿਆ ਸੀ। ਕਦੇ-ਕਦੇ ਤਾਂ ਅਜਿਹਾ ਲੱਗਦਾ ਹੈ ਕਿ ਉਹ ਭਾਰਤ ਨੂੰ ਤੰਗ-ਪਰੇਸ਼ਾਨ ਕਰਨ ਲਈ ਹੀ ਪਾਕਿਸਤਾਨ ਨੂੰ ਅਹਿਮੀਅਤ ਦੇ ਰਹੇ ਹਨ। ਬੰਗਲਾਦੇਸ਼ ਵਿਚ ਸਿਰਫ਼ ਪਾਕਿਸਤਾਨ ਦੀ ਹੀ ਦਖ਼ਲਅੰਦਾਜ਼ੀ ਵਧਦੀ ਨਹੀਂ ਦਿਸ ਰਹੀ, ਚੀਨ ਦਾ ਪ੍ਰਭਾਵ ਵੀ ਵਧ ਰਿਹਾ ਹੈ। ਮੁਹੰਮਦ ਯੂਨਸ ਪਾਕਿਸਤਾਨ ਦੇ ਨਾਲ-ਨਾਲ ਚੀਨ ਨੂੰ ਵੀ ਤਰਜੀਹ ਦੇ ਰਹੇ ਹਨ। ਉਨ੍ਹਾਂ ਦੇ ਵਤੀਰੇ ਤੋਂ ਲੱਗਦਾ ਹੈ ਕਿ ਭਾਰਤ ਨਾਲ ਦੋਸਤੀ ਉਨ੍ਹਾਂ ਨੂੰ ਪਸੰਦ ਨਹੀਂ ਹੈ। ਭਾਰਤ ਨਾਲ ਸਬੰਧ ਸੁਧਾਰਨ ਵਿਚ ਉਨ੍ਹਾਂ ਦੀ ਦਿਲਚਸਪੀ ਨਾ ਹੋਣ ਕਾਰਨ ਪ੍ਰਤੀਤ ਹੁੰਦਾ ਹੈ ਕਿ ਉਹ ਬੰਗਲਾਦੇਸ਼ ਵਿਚ ਭਾਰਤ ਖ਼ਿਲਾਫ਼ ਮਾਹੌਲ ਬਣਾਉਣ ਲਈ ਕੁਝ ਹੋਰ ਕੌਮਾਂਤਰੀ ਤਾਕਤਾਂ ਨੂੰ ਵੀ ਮੌਕੇ ਦੇ ਰਹੇ ਹਨ। ਧਿਆਨ ਰਹੇ ਕਿ ਸ਼ੇਖ ਹਸੀਨਾ ਸਰਕਾਰ ਦੇ ਤਖ਼ਤਾਪਲਟ ਦੇ ਸਮੇਂ ਪੱਛਮੀ ਤਾਕਤਾਂ ਦਾ ਹੱਥ ਦੇਖਿਆ ਗਿਆ ਸੀ। ਸੱਚ ਜੋ ਵੀ ਹੋਵੇ, ਭਾਰਤ ਲਈ ਇਹ ਠੀਕ ਨਹੀਂ ਕਿ ਬੰਗਲਾਦੇਸ਼ ਵਿਚ ਪਾਕਿਸਤਾਨ ਦੇ ਨਾਲ-ਨਾਲ ਹੋਰ ਕੌਮਾਂਤਰੀ ਤਾਕਤਾਂ ਦੀ ਵੀ ਭੂਮਿਕਾ ਵਧਦੀ ਦਿਖਾਈ ਦੇ ਰਹੀ ਹੈ।
ਭਾਰਤ ਨੂੰ ਨਾ ਸਿਰਫ਼ ਬੰਗਲਾਦੇਸ਼ ਵਿਚ ਖ਼ਤਰੇ ਦਾ ਸਾਹਮਣਾ ਕਰ ਰਹੇ ਹਿੰਦੂਆਂ ਬਾਰੇ ਸੋਚਣਾ ਹੋਵੇਗਾ ਸਗੋਂ ਇਸ ਦੇਸ਼ ਵਿਚ ਆਪਣੇ ਹਿੱਤਾਂ ਦੀ ਰੱਖਿਆ ਲਈ ਵੀ ਕੂਟਨੀਤਕ ਕੌਸ਼ਲ ਦਾ ਮੁਜ਼ਾਹਰਾ ਕਰਨਾ ਹੋਵੇਗਾ। ਭਾਰਤ ਦੀ ਅੰਦਰੂਨੀ ਸੁਰੱਖਿਆ ਲਈ ਇਹ ਜ਼ਰੂਰੀ ਹੈ ਕਿ ਬੰਗਲਾਦੇਸ਼ ਵਿਚ ਪਾਕਿਸਤਾਨ ਦੀ ਭੂਮਿਕਾ ਵਧ ਨਾ ਸਕੇ। ਭਾਰਤ ਨੂੰ ਬੰਗਲਾਦੇਸ਼ ਦੇ ਹਾਲਾਤ ’ਤੇ ਨੇੜਿਓਂ ਨਜ਼ਰ ਰੱਖਣ ਦੇ ਨਾਲ ਹੀ ਉੱਥੇ ਚੋਣਾਂ ਤੋਂ ਬਾਅਦ ਬਣਨ ਵਾਲੇ ਕਿਸੇ ਵੀ ਹਾਲਾਤ ਲਈ ਆਪਣੇ-ਆਪ ਨੂੰ ਤਿਆਰ ਰੱਖਣਾ ਹੋਵੇਗਾ। ਕਹਿਣਾ ਮੁਸ਼ਕਲ ਹੈ ਕਿ ਚੋਣਾਂ ਵਿਚ ਕੀ ਹੋਵੇਗਾ ਪਰ ਇਸ ਦੀ ਅਣਦੇਖੀ ਨਹੀਂ ਕੀਤੀ ਜਾ ਸਕਦੀ ਕਿ ਲੋਕਤੰਤਰ ਦੇ ਮਾਮਲੇ ਵਿਚ ਬੰਗਲਾਦੇਸ਼ ਪਾਕਿਸਤਾਨ ਵਾਲੇ ਰਸਤੇ ’ਤੇ ਜਾਂਦਾ ਹੋਇਆ ਦਿਖਾਈ ਦੇ ਰਿਹਾ ਹੈ।
ਜਿਵੇਂ ਉੱਥੇ ਜੋ ਸੱਤਾ ਵਿਚ ਆ ਜਾਂਦਾ ਹੈ, ਉਹ ਆਪਣੇ ਸਿਆਸੀ ਵਿਰੋਧੀਆਂ ਦੇ ਦਮਨ ਵਿਚ ਰੁੱਝ ਜਾਂਦਾ ਹੈ, ਤਿਵੇਂ ਹੀ ਬੰਗਲਾਦੇਸ਼ ਵਿਚ ਵੀ ਹੁੰਦਾ ਹੈ। ਪਿਛਲੀਆਂ ਚੋਣਾਂ ਵਿਚ ਸ਼ੇਖ ਹਸੀਨਾ ਨੇ ਅਜਿਹੇ ਹਾਲਾਤ ਪੈਦਾ ਕਰ ਦਿੱਤੇ ਸਨ ਜਿਸ ਨਾਲ ਖਾਲਿਦਾ ਜ਼ਿਆ ਨੂੰ ਚੋਣਾਂ ਦਾ ਬਾਈਕਾਟ ਕਰਨ ਲਈ ਮਜਬੂਰ ਹੋਣਾ ਪਿਆ ਸੀ। ਹੁਣ ਸ਼ੇਖ ਹਸੀਨਾ ਦੀ ਪਾਰਟੀ ਚਾਹ ਕੇ ਵੀ ਚੋਣ ਨਹੀਂ ਲੜ ਸਕਦੀ।
ਇਨ੍ਹਾਂ ਹਾਲਤਾਂ ਵਿਚ ਭਾਰਤ ਨੂੰ ਬੰਗਲਾਦੇਸ਼ ਸਬੰਧੀ ਆਪਣੀ ਕੂਟਨੀਤੀ ’ਤੇ ਨਵੇਂ ਸਿਰੇ ਤੋਂ ਵਿਚਾਰ ਕਰਨਾ ਹੋਵੇਗਾ। ਦਰਅਸਲ, ਬੰਗਲਾਦੇਸ਼ ਹੋਵੇ ਜਾਂ ਹੋਰ ਕੋਈ ਮੁਲਕ, ਭਾਰਤ ਨੂੰ ਕਿਸੇ ਇਕ ਪੱਖ ਜਾਂ ਸਿਆਸੀ ਤਾਕਤ ਪ੍ਰਤੀ ਹੀ ਨਿਰਭਰ ਰਹਿਣ ਤੋਂ ਬਚਣਾ ਹੋਵੇਗਾ। ਇਸ ਤੋਂ ਇਲਾਵਾ ਇਹ ਵੀ ਧਿਆਨ ਦੇਣਾ ਹੋਵੇਗਾ ਕਿ ਉਸ ਦੇ ਗੁਆਂਢ ਵਿਚ ਲੋਕਤੰਤਰੀ ਸ਼ਕਤੀਆਂ ਨੂੰ ਤਾਕਤ ਮਿਲੇ।
-ਸੰਜੇ ਗੁਪਤ