ਸਾਡੀ ਰਿਹਾਇਸ਼ ਪਿੰਡ ਵਿਚ ਸ਼ੀਸ਼ਪਾਲ ਦੀ ਹਵੇਲੀ ਵਿਚ ਸੀ। ਕਹਿਣ ਨੂੰ ਤਾਂ ਉਹ ਹਵੇਲੀ ਸੀ ਪਰ ਹੈ ਇਕ ਨਿੱਕਾ ਜਿਹਾ ਛੋਟੀਆਂ ਇੱਟਾਂ ਦਾ ਬਣਿਆ ਹੋਇਆ ਚੁਬਾਰਾ ਸੀ। ਪ੍ਰੰਤੂ ਪਿੰਡ ਵਿਚ ਸਾਰੇ ਉਸ ਨੂੰ ਸ਼ੀਸ਼ਪਾਲ ਦੀ ਹਵੇਲੀ ਹੀ ਕਹਿੰਦੇ ਸਨ। ਸ਼ੀਸ਼ਪਾਲ ਦਾ ਨੀਚੇ ਹੀ ਆਪਣਾ ਮਕਾਨ ਸੀ ਜਿਸ ਵਿਚ ਉਸ ਨੇ ਦੁਕਾਨ ਵੀ ਕੀਤੀ ਹੋਈ ਸੀ।

ਮੈਂ 13 ਅਕਤੂਬਰ 1982 ਨੂੰ ਸੰਗਰੂਰ ਜ਼ਿਲ੍ਹੇ ਦੇ ਪਿੰਡ ਲੇਹਲ ਕਲਾਂ ਵਿਖੇ ਸਿਵਲ ਪਸ਼ੂ ਹਸਪਤਾਲ ਵਿਚ ਆਪਣੀ ਪਹਿਲੀ ਹਾਜ਼ਰੀ ਲਗਾਈ ਸੀ। ਉਨ੍ਹਾਂ ਵੇਲਿਆਂ ਵਿਚ ਆਵਾਜਾਈ ਦੇ ਸਾਧਨ ਬਹੁਤ ਹੀ ਸੀਮਤ ਸਨ। ਮੈਨੂੰ ਲੇਹਲ ਕਲਾਂ ਵਿਖੇ ਹੀ ਰਿਹਾਇਸ਼ ਰੱਖਣੀ ਪੈਣੀ ਸੀ। ਮੇਰੇ ਲਈ ਪਿੰਡ ਪੂਰੀ ਤਰ੍ਹਾਂ ਓਪਰਾ ਸੀ। ਉਨ੍ਹਾਂ ਦੀ ਬੋਲੀ ਵੀ ਅਲੱਗ ਸੀ। ਹਸਪਤਾਲ ਵਿਚ ਉਸ ਵੇਲੇ ਡਾਕਟਰ ਮੋਹਨ ਸਿੰਘ ਲਿੱਦੜਾਂ ਇੰਚਾਰਜ ਸਨ। ਉਨ੍ਹਾਂ ਨੇ ਇਹ ਕਹਿ ਕੇ ਮੇਰਾ ਮਸਲਾ ਹੱਲ ਕਰ ਦਿੱਤਾ ਕਿ ਤੂੰ ਸਾਡੇ ਨਾਲ ਹੀ ਰਹਿ ਲਵੀਂ। ਉਨ੍ਹਾਂ ਨਾਲ ਹਰਦੇਵ ਸਿੰਘ ਡਰਾਇੰਗ ਮਾਸਟਰ ਵੀ ਰਹਿੰਦੇ ਸਨ।
ਮੈਂ ਉਨ੍ਹਾਂ ਦੇ ਨਾਲ ਹੀ ਰਹਿਣਾ ਸ਼ੁਰੂ ਕਰ ਦਿੱਤਾ। ਮੈਂ ਸਾਰਿਆਂ ਵਿੱਚੋਂ ਛੋਟੀ ਉਮਰ ਦਾ ਸਾਂ। ਪਿੰਡ ਦਾ ਇਕ ਗੁੱਡੂ ਨਾਂ ਦਾ ਵਿਅਕਤੀ ਵੀ ਸਾਡੇ ਕੋਲ ਹਰ ਰੋਜ਼ ਆਉਂਦਾ। ਉੱਥੇ ਹੀ ਰੋਟੀ-ਪਾਣੀ ਖਾ-ਪੀ ਲੈਂਦਾ। ਕਈ ਵਾਰ ਸਾਡੇ ਕੋਲ ਹੀ ਰਾਤ ਰਹਿ ਜਾਂਦਾ। ਉਹ ਮੈਨੂੰ ਬਹੁਤ ਟਿੱਚਰਾਂ ਕਰਦਾ। ਸ਼ੁਰੂ-ਸ਼ੁਰੂ ਵਿਚ ਮੈਂ ਕਾਫ਼ੀ ਪਰੇਸ਼ਾਨੀ ਮਹਿਸੂਸ ਕੀਤੀ ਪਰ ਜਲਦ ਹੀ ਮਾਹੌਲ ਵਿਚ ਰਚ-ਮਿਚ ਗਿਆ ਕਿਉਂਕਿ ਉਹ ਸਾਰੇ ਮੈਨੂੰ ਮੋਹ ਬਹੁਤ ਕਰਦੇ ਸਨ। ਅਸੀਂ ਕਈ ਵਾਰ ਸਾਰੇ ਦੇ ਸਾਰੇ ਗੁੱਡੂ ਦੇ ਘਰ ਵੀ ਰੋਟੀ ਖਾਣ ਚਲੇ ਜਾਂਦੇ। ਬਾਅਦ ਵਿਚ ਗੁੱਡੂ ਵੋਟਾਂ ਦੇ ਭਾਰੀ ਫ਼ਰਕ ਨਾਲ ਪਿੰਡ ਦਾ ਸਰਪੰਚ ਵੀ ਬਣਿਆ।
ਲੇਹਲ ਕਲਾਂ ਦਾ ਪਸ਼ੂ ਹਸਪਤਾਲ ਉਨ੍ਹਾਂ ਵੇਲਿਆਂ ਵਿਚ ਡਾਕਟਰ ਮੋਹਨ ਸਿੰਘ ਦੀਆਂ ਵਧੀਆ ਸੇਵਾਵਾਂ ਕਾਰਨ ਬਹੁਤ ਮਸ਼ਹੂਰ ਸੀ। ਆਲੇ-ਦੁਆਲੇ ਦੇ ਸਾਰੇ ਪਿੰਡਾਂ ਦੇ ਲੋਕ ਇਲਾਜ ਲਈ ਆਪਣੇ ਪਸ਼ੂਆਂ ਨੂੰ ਲੇਹਲ ਕਲਾਂ ਹਸਪਤਾਲ ਵਿਚ ਲੈ ਕੇ ਆਉਂਦੇ। ਹਸਪਤਾਲ ਵਿਚ ਸਾਰਾ ਦਿਨ ਮੇਲਾ ਲੱਗਿਆ ਰਹਿੰਦਾ।
ਲੋਕਾਂ ਨਾਲ ਸੁਰ ਮਿਲਦੀ ਹੋਣ ਕਾਰਨ ਸਾਰਾ ਦਿਨ ਹਾਸਾ-ਠੱਠਾ, ਟਿੱਚਰਾਂ, ਮਖੌਲ ਚੱਲਦੇ ਰਹਿੰਦੇ। ਲਹਿਲ ਕਲਾਂ ਦਾ ਬਾਸ਼ਿੰਦਾ ਜੋ ਵੀ ਕੋਈ ਆਪਣਾ ਪਸ਼ੂ ਹਸਪਤਾਲ ਲੈ ਕੇ ਆਉਂਦਾ, ਉਸ ਦੇ ਹੱਥ ਵਿਚ ਚਾਹ, ਦੁੱਧ ਜਾਂ ਲੱਸੀ ਦਾ ਡੋਲੂ ਜ਼ਰੂਰ ਹੁੰਦਾ ਤੇ ਬਾਹਰੋਂ ਆਏ ਪਸ਼ੂ ਪਾਲਕ ਵੀ ਅਕਸਰ ਉਹ ਛੱਕ ਕੇ ਜਾਂਦੇ।
ਉਨ੍ਹਾਂ ਵੇਲਿਆਂ ਵਿਚ ਹਸਪਤਾਲ ਵਿਚ ਦਵਾਈਆਂ ਵੀ ਕਾਫ਼ੀ ਮਾਤਰਾ ਵਿਚ ਉਪਲਬਧ ਹੁੰਦੀਆਂ ਸਨ। ਬਹੁਤੇ ਪਸ਼ੂ ਹਸਪਤਾਲ ਦੀ ਦਵਾਈ ਨਾਲ ਹੀ ਸੌਰ ਜਾਂਦੇ। ਕਦੇ-ਕਦਾਈਂ ਹੀ ਕਿਸੇ ਕੇਸ ਵਿਚ ਸ਼ਹਿਰੋਂ ਲਿਆਉਣ ਲਈ ਦਵਾਈ ਲਿਖਦੇ। ਇਸ ਤਰ੍ਹਾਂ ਕਿਸੇ ਦਾ ਪਰਚੀ ਫੀਸ (ਜੋ ਕਿ ਪਹਿਲਾਂ 25 ਪੈਸੇ, ਫਿਰ 50 ਪੈਸੇ ਹੋ ਗਈ ਸੀ) ਤੋਂ ਬਿਨਾਂ ਕੋਈ ਖ਼ਰਚਾ ਨਾ ਹੁੰਦਾ। ਹੁਣ ਜਗਦੀਸ਼ ਪਾਪੜਾ ਵੀ ਲਹਿਲ ਕਲਾਂ ਆ ਹਾਜ਼ਰ ਹੋਇਆ ਸੀ।
ਉਸ ਦਾ ਪਿੰਡ ਪਾਪੜਾ ਲਹਿਲ ਕਲਾਂ ਦਾ ਗੁਆਂਢੀ ਪਿੰਡ ਹੈ। ਲਹਿਲ ਕਲਾਂ ਵਿਚ ਪੰਡਿਤਾਂ ਦੇ ਦੋ ਘਰਾਂ ਦੇ ਮੁੰਡਿਆਂ ਦੇ ਨਾਂ ਵੀ ਜਗਦੀਸ਼ ਸਨ। ਲਹਿਲ ਕਲਾਂ ਦੇ ਲੋਕ ਜਗਦੀਸ਼ ਨੂੰ ਵੀ ਪੰਡਿਤ ਸਮਝ ਕੇ ਸਤਿ ਸ੍ਰੀ ਅਕਾਲ ਦੀ ਥਾਂ ਪੰਡਿਤ ਜੀ ਮਹਾਰਾਜ ਬੁਲਾ ਦਿੰਦੇ। ਡਾਕਟਰ ਮੋਹਨ ਸਿੰਘ ਤੇ ਜਗਦੀਸ਼ ਪਾਪੜਾ ਯੂਨੀਵਰਸਿਟੀ ਵੇਲੇ ਦੇ ਆੜੀ ਸਨ।
ਸੋ, ਇਸ ਤਰ੍ਹਾਂ ਹਸਪਤਾਲ ਦਾ ਮਾਹੌਲ ਬਹੁਤ ਹੀ ਖ਼ੁਸ਼ਗਵਾਰ ਬਣਿਆ ਹੋਇਆ ਸੀ। ਹਸਪਤਾਲ ਦਾ ਖੁੱਲ੍ਹਣ ਦਾ ਸਮਾਂ ਤਾਂ ਸੀ ਪਰ ਬੰਦ ਹੋਣ ਦਾ ਕੋਈ ਸਮਾਂ ਨਹੀਂ ਸੀ। ਸ਼ਾਮ ਤੱਕ ਲੋਕ ਪਸ਼ੂ ਲੈ ਕੇ ਆਈ ਜਾਂਦੇ। ਅਸੀਂ ਵੀ ਕਿਤੇ ਨਹੀਂ ਸਾਂ ਜਾਂਦੇ। ਹਸਪਤਾਲ ਦੇ ਸਾਹਮਣੇ ਵਾਲੀਬਾਲ ਦਾ ਨੈੱਟ ਲਗਾਇਆ ਹੁੰਦਾ ਸੀ।
ਉੱਥੇ ਹੀ ਵਾਲੀਬਾਲ ਖੇਡਦੇ। ਸਕੂਲ ਦੇ ਬੱਚੇ ਆ ਜਾਂਦੇ ਖੇਡਣ ਲਈ। ਕੁਝ ਬੱਚੇ ਪੜ੍ਹਨ ਲਈ ਵੀ ਆ ਜਾਂਦੇ। ਡਾਕਟਰ ਮੋਹਨ ਸਿੰਘ ਜਾਂ ਫਿਰ ਜਗਦੀਸ਼ ਸਿੰਘ ਉਨ੍ਹਾਂ ਨੂੰ ਪੜ੍ਹਾ ਦਿੰਦੇ। ਕੁਝ ਬੱਚੇ ਤਾਂ ਬਿਨਾਂ ਨਾਗਾ ਟਿਊਸ਼ਨ ਪੜ੍ਹਨ ਦੀ ਤਰ੍ਹਾਂ ਸਾਡੇ ਹਸਪਤਾਲ ਵਿਚ ਪੜ੍ਹਨ ਲਈ ਆਉਂਦੇ। ਡਾਕਟਰ ਮੋਹਨ ਸਿੰਘ ਦਾ ਪਸ਼ੂਆਂ ਦੇ ਇਲਾਜ ਦੇ ਨਾਲ-ਨਾਲ ਉਨ੍ਹਾਂ ਦੀ ਸਰਜਰੀ ਵਿਚ ਵੀ ਹੱਥ ਸਾਫ਼ ਸੀ ਜਿਸ ਕਾਰਨ ਪਿੰਡ ਅਤੇ ਬਾਹਰਲੇ ਪਿੰਡਾਂ ਦੇ ਅਨੇਕ ਲਾਚਾਰ ਪਸ਼ੂਆਂ ਦਾ ਇਲਾਜ ਹਸਪਤਾਲ ਵਿਚ ਹੀ ਹੋ ਜਾਂਦਾ।
ਵਧੀਆ ਕੰਮ ਅਤੇ ਵਰਤਾਅ ਕਾਰਨ ਹਸਪਤਾਲ ਦਾ ਸੋਸ਼ਲ ਔਰਾ ਬਹੁਤ ਹੀ ਪ੍ਰਭਾਵਸ਼ਾਲੀ ਬਣਿਆ ਹੋਇਆ ਸੀ। ਜਦੋਂ ਕਿਸੇ ਮਰਨ ਕਿਨਾਰੇ ਪਸ਼ੂ ਨੂੰ ਇਲਾਜ ਨਾਲ ਬਚਾ ਲਿਆ ਜਾਂਦਾ ਤਾਂ ਲੋਕ ਚਰਚਾ ਕਰਦੇ ‘ਬਾਈ ਡਾਕਟਰ ਮੋਹਨ ਸੂੰ ਤਾਂ ਦੂਸਰਾ ਰੱਬ ਐ।’ ਇਲਾਕੇ ਦੇ ਸਾਰੇ ਰਸੂਖਵਾਨ ਬੰਦੇ ਡਾਕਟਰ ਸਾਹਿਬ ਕੋਲ ਹਸਪਤਾਲ ਵਿਚ ਅਕਸਰ ਆਉਂਦੇ-ਜਾਂਦੇ ਰਹਿੰਦੇ ਸਨ। ਇਸ ਤਰ੍ਹਾਂ ਉਨ੍ਹਾਂ ਦਾ ਲੋਕਾਂ ਵਿਚ ਬਹੁਤ ਹੀ ਸਤਿਕਾਰ ਵਾਲਾ ਅਤੇ ਡਾਕਟਰੀ ਪੇਸ਼ੇ ਕਾਰਨ ਰੱਬੀ ਪ੍ਰਭਾਵ ਬਣਿਆ ਹੋਇਆ ਸੀ।
ਸਾਡੀ ਰਿਹਾਇਸ਼ ਪਿੰਡ ਵਿਚ ਸ਼ੀਸ਼ਪਾਲ ਦੀ ਹਵੇਲੀ ਵਿਚ ਸੀ। ਕਹਿਣ ਨੂੰ ਤਾਂ ਉਹ ਹਵੇਲੀ ਸੀ ਪਰ ਹੈ ਇਕ ਨਿੱਕਾ ਜਿਹਾ ਛੋਟੀਆਂ ਇੱਟਾਂ ਦਾ ਬਣਿਆ ਹੋਇਆ ਚੁਬਾਰਾ ਸੀ। ਪ੍ਰੰਤੂ ਪਿੰਡ ਵਿਚ ਸਾਰੇ ਉਸ ਨੂੰ ਸ਼ੀਸ਼ਪਾਲ ਦੀ ਹਵੇਲੀ ਹੀ ਕਹਿੰਦੇ ਸਨ। ਸ਼ੀਸ਼ਪਾਲ ਦਾ ਨੀਚੇ ਹੀ ਆਪਣਾ ਮਕਾਨ ਸੀ ਜਿਸ ਵਿਚ ਉਸ ਨੇ ਦੁਕਾਨ ਵੀ ਕੀਤੀ ਹੋਈ ਸੀ।
ਉਸ ਨੇ ਆਟਾ ਚੱਕੀ ਵੀ ਲਗਾਈ ਹੋਈ ਸੀ। ਹਵੇਲੀ ਨੂੰ ਚੜ੍ਹਨ ਵਾਲੀਆਂ ਪੌੜੀਆਂ ਦਾ ਦਰਵਾਜ਼ਾ ਗਲੀ ਵਿਚ ਸੀ। ਪੌੜੀਆਂ ਘੁੰਮ ਕੇ ਚੜ੍ਹਦੀਆਂ ਸਨ ਅਤੇ ਰਸਤੇ ਵਿਚ ਇਕ ਮੋੜ ਪੈਂਦਾ ਸੀ। ਪੌੜੀਆਂ ਵਿਚ ਦਿਨ ਵੇਲੇ ਵੀ ਹਨੇਰਾ ਰਹਿੰਦਾ ਸੀ। ਇਕ ਨੁੱਕਰੇ ਹੋਣ ਕਾਰਨ ਚੁਬਾਰੇ ਅੱਗੇ ਥੋੜ੍ਹਾ ਜਿਹਾ ਛੱਤ ਦਾ ਵਿਹੜਾ ਵੀ ਸੀ ਜਿੱਥੇ ਅਸੀਂ ਰੋਟੀ-ਟੁੱਕ ਕਰ ਲੈਂਦੇ। ਪੌੜੀਆਂ ਨੂੰ ਗਲੀ ਵਿਚ ਕੋਈ ਤਖਤਾ ਨਹੀਂ ਸੀ ਲੱਗਿਆ ਹੋਇਆ।
ਉੱਪਰ ਇਕ ਲੱਕੜ ਦਾ ਹਲਕਾ ਜਿਹਾ ਤਖਤਾ ਲੱਗਿਆ ਹੋਇਆ ਸੀ ਜਿਸ ਵਿਚ ਸੰਗਲੀ ਵਾਲਾ ਕੁੰਡਾ ਸੀ। ਉਸ ਨੂੰ ਅਸੀਂ ਕਦੇ ਵੀ ਜਿੰਦਾ ਨਹੀਂ ਸਾਂ ਲਾਉਂਦੇ। ਇਸ ਤਰ੍ਹਾਂ ਹੀ ਕੁੰਡਾ ਅੜਾ ਕੇ ਆ ਜਾਂਦੇ। ਇਕ ਦਿਨ ਜਦੋਂ ਅਸੀਂ ਡਿਊਟੀ ਤੋਂ ਵਾਪਸ ਹਵੇਲੀ ਆਏ ਤਾਂ ਡਾਕਟਰ ਮੋਹਨ ਸਿੰਘ ਦਾ ਤੇੜ ਦਾ ਕੱਪੜਾ ਗਾਇਬ ਮਿਲਿਆ। ਡਾਕਟਰ ਸਾਹਿਬ ਨੇ ਸੁਭਾਵਿਕ ਹੀ ਗੱਲ ਸ਼ੀਸ਼ਪਾਲ ਕੋਲ਼ ਕਰ ਦਿੱਤੀ ਕਿ ਉਨ੍ਹਾਂ ਦਾ ਅੰਡਰਵੀਅਰ ਚੋਰੀ ਹੋ ਗਿਆ ਹੈ।
ਉਸ ਨੂੰ ਇਸ ਸ਼ਬਦ ਦੀ ਕੋਈ ਸਮਝ ਨਹੀਂ ਆਈ ਤਾਂ ਡਾਕਟਰ ਸਾਹਿਬ ਨੇ ਦੱਸਿਆ ਕਿ ਉਨ੍ਹਾਂ ਦਾ ਕਛਹਿਰਾ ਚੋਰੀ ਹੋ ਗਿਆ ਹੈ। ਸ਼ੀਸ਼ਪਾਲ ਨੇ ਇਹ ਗੱਲ ਸੁਣ ਕੇ ਨੀਵੀਂ ਪਾ ਲਈ ਅਤੇ ਆਪਣੀ ਬੋਲੀ ਵਿਚ ਕਹਿਣ ਲੱਗਿਆ ‘ਇਆ ਤੋ ਡਾਕਟਰ ਸਾਬ੍ਹ ਬਹੁਤ ਮਾੜੀ ਬਾਤ ਹੋਈ। ਕੰਜਰ ਕੈ ਨੇਂ ਗਾਮ ਨੂੰ ਲਾਜ ਲਬਾਦੀ।
ਮੈਂ ਈਬ ਏ ਜਾਊਂ। ਰੇੜ੍ਹੂਏ ਮੈਂ ਬੁਲਾ ਕੇ ਆਊਂ।’ ਉਸ ਵੇਲੇ ਤਾਂ ਉਹ ਸਾਡੇ ਸਾਰਿਆਂ ਦੇ ਕਹਿਣ ’ਤੇ ਰੁਕ ਗਿਆ। ਦੂਜੇ ਦਿਨ ਸ਼ਹਿਰੋਂ ਡਾਕਟਰ ਮੋਹਨ ਸਿੰਘ ਨੂੰ ਗੁਆਚਾ ਲੀੜਾ ਲਿਆ ਕੇ ਦਿੱਤਾ ਪਰ ਪਿੰਡ ਨੂੰ ਲਾਜ ਨਹੀਂ ਲੱਗਣ ਦਿੱਤੀ। ਉਸ ਸਮੇਂ ਇਸ ਤਰ੍ਹਾਂ ਦੇ ਭਲੇਮਾਣਸ ਲੋਕ ਕਾਫ਼ੀ ਹੁੰਦੇ ਸਨ।
-ਡਾ. ਬਿਹਾਰੀ ਮੰਡੇਰ
-ਮੋਬਾਈਲ : 98144-65017