ਖ਼ੁਦ ਨੂੰ ਜਮਹੂਰੀਅਤ ਦਾ ਆਲਮੀ ਅਲੰਬਰਦਾਰ ਹੋਣ ਦਾ ਦਾਅਵਾ ਕਰਨ ਵਾਲੇ ਅਮਰੀਕਾ ਦਾ ਨਵ-ਸਾਮਰਾਜੀ ਚਿਹਰਾ ਬੇਨਕਾਬ ਹੋ ਗਿਆ ਸੀ। ਕਮਾਂਡੋ ਕਾਰਵਾਈ ਨੂੰ ਵਾਜਿਬ ਠਹਿਰਾਉਣ ਲਈ ਟਰੰਪ ਨੇ ਇਹ ਬਿਰਤਾਂਤ ਸਿਰਜਣ ਦੀ ਕੋਸ਼ਿਸ਼ ਕੀਤੀ ਕਿ ਮਾਦੁਰੋ ਗ਼ੈਰ-ਕਾਨੂੰਨੀ ਪਰਵਾਸ ਅਤੇ ਨਸ਼ਿਆਂ ਦੀ ਤਸਕਰੀ ਦਾ ਦੋਸ਼ੀ ਹੈ।

ਖ਼ੂਬਸੂਰਤ ਪਹਾੜਾਂ ਨਾਲ ਘਿਰੀ ਲਾਤੀਨੀ ਅਮਰੀਕਾ ਦੇ ਦੇਸ਼ ਵੈਨੇਜ਼ੁਏਲਾ ਦੀ ਰਾਜਧਾਨੀ, ਕਰਾਕਸ ਨੂੰ ‘ਸਦੀਵੀ ਬਸੰਤ-ਬਹਾਰ’ ਦੀ ਵਾਦੀ ਕਿਹਾ ਜਾਂਦਾ ਹੈ। ਇਸ ਦੇ ਨਾਲ ਲੱਗਦਾ ਨੌਂ ਦੇਸ਼ਾਂ ਵਿਚ ਫੈਲਿਆ ਐਮਾਜ਼ੋਨ ਜੰਗਲ ਅਤੇ ਥੋੜ੍ਹੀ ਦੂਰ ਕੈਰੇਬੀਅਨ ਸਾਗਰ ਦਾ ਤਟ, ਕਰਾਕਸ ਨੂੰ ਦਿਲ-ਟੁੰਬਵਾਂ ਖੇਤਰ ਬਣਾ ਦਿੰਦਾ ਹੈ।
ਤਿੰਨ ਜਨਵਰੀ, 2026 ਦੀ ਅੱਧੀ ਰਾਤ ਨੂੰ ਚੜ੍ਹੇ ਨਵੇਂ ਚੰਨ ਨੇ ਵੈਨੇਜ਼ੁਏਲਾ ਹੀ ਨਹੀਂ, ਸਗੋਂ ਸਮੁੱਚੇ ਵਿਸ਼ਵ ਨੂੰ ਹੈਰਾਨ-ਪਰੇਸ਼ਾਨ ਕਰ ਦਿੱਤਾ ਸੀ। ਕਰਾਕਸ ਸਥਿਤ ਆਪਣੇ ਆਲੀਸ਼ਾਨ ਰੈਣ-ਬਸੇਰੇ ਵਿਚ ਵੈਨੇਜ਼ੁਏਲਾ ਦੇ ਸਦਰ ਨਿਕੋਲਸ ਮਾਦੁਰੋ ਆਪਣੀ ਪਤਨੀ ਨਾਲ ਘੂਕ ਸੁੱਤੇ ਪਏ ਸਨ ਜਦੋਂ ਅਮਰੀਕਾ ਦੇ ਕਮਾਂਡੋ ਅੰਬਰੋਂ ਆਫ਼ਤ ਬਣ ਕੇ ਉਨ੍ਹਾਂ ’ਤੇ ਝਪਟੇ ਸਨ। ਵੈਨੇਜ਼ੁਏਲਾ ਵਾਸੀ ਅਜੇ ਉੱਠੇ ਵੀ ਨਹੀਂ ਸਨ ਕਿ ਹੱਥਕੜੀਆਂ ਨਾਲ ਜਕੜਿਆ ਮਾਦੁਰੋ ਜੋੜਾ ਨਿਊਯਾਰਕ ਪੁੱਜ ਚੁੱਕਾ ਸੀ। ਅਮਰੀਕਾ ਦੇ ਮੁੱਖਧਾਰਾ ਮੀਡੀਆ ਰਾਹੀਂ ਦੁਨੀਆ ਨੇ ਮਾਦੁਰੋ ਨੂੰ ਹੱਥਕੜੀਆਂ ਵਿਚ ਦੇਖਿਆ ਤਾਂ ਇਸ ਨੂੰ ਨਵੇਂ ਸਾਲ ਦੀ ਸਭ ਤੋਂ ਵੱਡੀ ਖ਼ਬਰ ਮੰਨ ਕੇ ਵਿਸ਼ਵ-ਪੱਧਰੀ ਚਰਚਾ ਸ਼ੁਰੂ ਹੋ ਗਈ।
ਖ਼ੁਦ ਨੂੰ ਜਮਹੂਰੀਅਤ ਦਾ ਆਲਮੀ ਅਲੰਬਰਦਾਰ ਹੋਣ ਦਾ ਦਾਅਵਾ ਕਰਨ ਵਾਲੇ ਅਮਰੀਕਾ ਦਾ ਨਵ-ਸਾਮਰਾਜੀ ਚਿਹਰਾ ਬੇਨਕਾਬ ਹੋ ਗਿਆ ਸੀ। ਕਮਾਂਡੋ ਕਾਰਵਾਈ ਨੂੰ ਵਾਜਿਬ ਠਹਿਰਾਉਣ ਲਈ ਟਰੰਪ ਨੇ ਇਹ ਬਿਰਤਾਂਤ ਸਿਰਜਣ ਦੀ ਕੋਸ਼ਿਸ਼ ਕੀਤੀ ਕਿ ਮਾਦੁਰੋ ਗ਼ੈਰ-ਕਾਨੂੰਨੀ ਪਰਵਾਸ ਅਤੇ ਨਸ਼ਿਆਂ ਦੀ ਤਸਕਰੀ ਦਾ ਦੋਸ਼ੀ ਹੈ। ਦੂਜੀ ਵਿਸ਼ਵ ਜੰਗ ਤੋਂ ਬਾਅਦ ਵੀਅਤਨਾਮ, ਇਰਾਕ, ਈਰਾਨ ਤੇ ਅਫ਼ਗਾਨਿਸਤਾਨ ਆਦਿ ਦੇਸ਼ਾਂ ਨਾਲ ਸਿੱਧੇ/ਅਸਿੱਧੇ ਭਿੜਨ ਵਾਲਾ ਅਮਰੀਕਾ ਮਨੁੱਖੀ ਅਧਿਕਾਰਾਂ ਦਾ ਘਾਣ ਕਰਨ ਵਾਲਾ ਸਭ ਤੋਂ ਵੱਧ ਬਦਨਾਮ ਦੇਸ਼ ਬਣ ਚੁੱਕਾ ਹੈ। ਐਪਸਟੀਨ ਫਾਈਲਾਂ ਵਿਚ ਹੋਏ ਖੁਲਾਸੇ ਤੋਂ ਬਾਅਦ ਬਦਨਾਮ ਹੋਏ ਰਾਸ਼ਟਰਪਤੀ ਡੋਨਾਲਡ ਟਰੰਪ ਪੂਰੇ ਵਿਸ਼ਵ ਨੂੰ ਟਿੱਚ ਕਰ ਕੇ ਜਾਣਦੇ ਹਨ।
ਉਨ੍ਹਾਂ ਦੀ ਹੈਂਕੜਬਾਜ਼ੀ ਅਤੇ ਤੇਵਰ ਕਈ ਵਾਰ ਗਲੀ-ਮੁਹੱਲੇ ਦੇ ਵਿਗੜੈਲ ਮੁੰਡਿਆਂ ਨੂੰ ਵੀ ਮਾਤ ਪਾਉਂਦੇ ਹਨ। ਦੁਨੀਆ ਭਰ ਵਿਚ ਅਮਰੀਕਾ ਦੇ 800 ਤੋਂ ਵੱਧ ਸੈਨਿਕ ਅੱਡੇ ਹਨ। ਟਰੰਪ, ਡਾਲਰ ਦੀ ਸਰਦਾਰੀ ਨੂੰ ਕਾਇਮ ਕਰਨ ਲਈ ਸੈਨਿਕ ਕਾਰਵਾਈਆਂ ਤੋਂ ਗੁਰੇਜ਼ ਨਹੀਂ ਕਰਦਾ। ਵੈਨੇਜ਼ੁਏਲਾ ਸਣੇ ਲਾਤੀਨੀ ਅਮਰੀਕੀ ਦੇਸ਼ਾਂ ਨੂੰ ਆਜ਼ਾਦੀ ਮਿਲਣ ਤੋਂ ਬਾਅਦ ਵੀ ਉਹ ਉਨ੍ਹਾਂ ਨੂੰ ਅਮਰੀਕਾ ਦੀਆਂ ਬਸਤੀਆਂ ਤੋਂ ਵੱਧ ਨਹੀਂ ਸਮਝਦਾ। ਵੈਨੇਜ਼ੁਏਲਾ ਕੋਲ ਦੁਨੀਆ ਦਾ ਕੱਚੇ ਤੇਲ ਦਾ ਸਭ ਤੋਂ ਵੱਡਾ ਤੇਲ ਭੰਡਾਰ ਹੈ। ਇਸ ਦੇਸ਼ ਵਿਚ ਤੇਲ, ਪਾਣੀ ਤੋਂ ਵੀ ਸਸਤਾ ਹੈ।
ਕਹਿੰਦੇ ਹਨ ਕਿ ਵੈਨੇਜ਼ੁਏਲਾ ਵਿਚ ਅਜਿਹੀਆਂ ਕਈ ਥਾਵਾਂ ਹਨ ਜਿੱਥੇ ਠੁੱਡ ਮਾਰ ਕੇ ਤੇਲ ਕੱਢਿਆ ਜਾ ਸਕਦਾ ਹੈ। ਵਿਡੰਬਣਾ ਇਹ ਹੈ ਕਿ ਤੇਲ ਤੇ ਖਣਿਜਾਂ ਦੇ ਵਿਸ਼ਾਲ ਭੰਡਾਰ ਵੈਨੇਜ਼ੁਏਲਾ ਲਈ ਵਰਦਾਨ ਦੇ ਨਾਲ-ਨਾਲ ਸਰਾਪ ਵੀ ਬਣਦੇ ਆਏ ਹਨ। ਚੀਨ ਅਤੇ ਰੂਸ ਨੇ ਵੈਨੇਜ਼ੁਏਲਾ ਦੇ ਖਣਿਜ ਭੰਡਾਰਾਂ ਨੂੰ ਮੱਦੇਨਜ਼ਰ ਰੱਖਦਿਆਂ ਉੱਥੇ ਖ਼ਰਬਾਂ ਦਾ ਨਿਵੇਸ਼ ਕੀਤਾ ਹੋਇਆ ਹੈ। ਟਰੰਪ ਦੀ ਪਿਆਸ ਇੰਨੀ ਵਧ ਚੁੱਕੀ ਹੈ ਕਿ ਇਸ ਨੂੰ ਅਮਰੀਕਾ ਦੇ ਤੇਲ ਭੰਡਾਰਾਂ ਨਾਲ ਬੁਝਾਇਆ ਨਹੀਂ ਜਾ ਸਕਦਾ। ਅਮਰੀਕਾ ਦੇ ਤੇਲ ਵਪਾਰੀਆਂ ਅਤੇ ਰਿਫਾਇਨਰੀਆਂ ਦੇ ਮਾਲਕਾਂ ਦਾ ਦਬਾਅ ਵੱਖਰਾ ਹੈ।
‘ਮੇਕਿੰਗ ਅਮੈਰਿਕਾ ਗ੍ਰੇਟ ਅਗੇਨ’ (ਮਾਗਾ) ਦਾ ਨਾਅਰਾ ਮਾਰਨ ਵਾਲੇ ਟਰੰਪ ਨੂੰ ਇਹ ਕਿਸੇ ਵੀ ਕੀਮਤ ’ਤੇ ਗਵਾਰਾ ਨਹੀਂ ਕਿ ਵਿਸ਼ਵ ਦੀ ਸਭ ਤੋਂ ਵੱਡੀ ਆਰਥਿਕ ਸ਼ਕਤੀ ਬਣਨ ਦੀ ਦੌੜ ਵਿਚ ਸ਼ਾਮਲ ਚੀਨ, ਅਮਰੀਕਾ ਦੇ ਪਿਛਵਾੜੇ ਵਿਚ ਵਧ-ਫੁੱਲ ਰਿਹਾ ਹੋਵੇ। ਰਿਸ਼ਤਿਆਂ ਦੀ ਗੱਲ ਕਰੀਏ ਤਾਂ ਅਮਰੀਕਾ-ਵੈਨੇਜ਼ੁਏਲਾ ਦਰਮਿਆਨ ਪਿਛਲੀ ਇਕ ਚੌਥਾਈ ਸਦੀ ਤੋਂ ਛੱਤੀ ਦਾ ਅੰਕੜਾ ਚੱਲਦਾ ਆ ਰਿਹਾ ਹੈ। ਸੰਨ 1999 ਵਿਚ ਜਦੋਂ ਸਾਬਕਾ ਸੈਨਿਕ ਅਧਿਕਾਰੀ ਹਿਊਗੋ ਸ਼ਾਵੇਜ਼ (Hugo Chavez) ਨੇ ਦੇਸ਼ ਦੀ ਵਾਗਡੋਰ ਸੰਭਾਲੀ ਤਾਂ ਦੋਨਾਂ ਦੇਸ਼ਾਂ ਦੇ ਰਿਸ਼ਤੇ ਤਿੜਕਣੇ ਸ਼ੁਰੂ ਹੋ ਗਏ ਸਨ।
ਸ਼ਾਵੇਜ਼ ਨੇ ‘ਬੋਲੀਵੇਰੀਅਨ ਇਨਕਲਾਬ’ ਜ਼ਰੀਏ ਤੇਲ ਭੰਡਾਰਾਂ ਦੀ ਆਮਦਨ ਹਾਸ਼ੀਅਗਤ ਲੋਕਾਂ ਵਿਚ ਵੰਡਣੀ ਸ਼ੁਰੂ ਕੀਤੀ ਤਾਂ ਅਮਰੀਕਾ ਨੂੰ ਇਹ ਹਜ਼ਮ ਨਾ ਹੋਇਆ। ਉਸ ਵੱਲੋਂ ਤਖ਼ਤਾ ਪਲਟਾਉਣ ਦੀ ਅਸਫਲ ਕੋਸ਼ਿਸ਼ ਵੀ ਕੀਤੀ ਗਈ। ਸੰਨ 2013 ਵਿਚ ਸ਼ਾਵੇਜ਼ ਦੇ ਦੇਹਾਂਤ ਤੋਂ ਬਾਅਦ ਉਸ ਦੇ ਜਾਨਸ਼ੀਨ ਮਾਦੁਰੋ ਨੇ ਰਾਜਸੱਤਾ ਸੰਭਾਲੀ ਤਾਂ ਅਮਰੀਕਾ ਦੇ ਹੁਕਮਰਾਨ ਹੋਰ ਔਖੇ ਹੋ ਗਏ। ਸੰਨ 2024 ਵਿਚ ਮਾਦੁਰੋ ਨੇ ਤੀਜੀ ਵਾਰ ਸੱਤਾ ਸੰਭਾਲੀ ਤਾਂ ਉਸ ਦਾ ਹੰਕਾਰ ਸੱਤਵੇਂ ਅਸਮਾਨ ’ਤੇ ਪੁੱਜ ਚੁੱਕਾ ਸੀ। ਉਸ ਵਿਰੁੱਧ ਸੜਕ ਤੋਂ ਸੰਸਦ ਤੱਕ ਮੁਜ਼ਾਹਰੇ ਹੋ ਰਹੇ ਸਨ।
ਵੋਟਾਂ ਵਿਚ ਘਪਲੇਬਾਜ਼ੀ ਦੇ ਵੀ ਗੰਭੀਰ ਦੋਸ਼ ਲੱਗੇ। ਜੈੱਨ-ਜ਼ੀ ਵੱਲੋਂ ਕੀਤੇ ਜਾ ਰਹੇ ਮੁਜ਼ਾਹਰਿਆਂ ਨੇ ਦੁਨੀਆ ਭਰ ਦੇ ਜਮਹੂਰੀਅਤ ਪਸੰਦ ਲੋਕਾਂ ਦਾ ਧਿਆਨ ਖਿੱਚਿਆ। ਸੱਤ ਅਕਤੂਬਰ 1967 ਨੂੰ ਕਰਾਕਸ ਵਿਚ ਜੰਮੀ ਮਾਰੀਆ ਕੋਰੀਨਾ ਮਚਾਡੋ ਇਨ੍ਹਾਂ ਜਲੂਸ-ਜਲਸਿਆਂ ਦੀ ਰੂਹੇ-ਰਵਾਂ ਬਣ ਗਈ ਸੀ। ਮਹਿੰਗਾਈ ਤੇ ਭ੍ਰਿਸ਼ਟਾਚਾਰ ਚਰਮ ਸੀਮਾ ’ਤੇ ਪੁੱਜ ਗਿਆ ਸੀ। ਮਾਦੁਰੋ ਤਾਨਾਸ਼ਾਹ ਬਣ ਗਿਆ। ਅੰਦੋਲਨਕਾਰੀਆਂ ਖ਼ਿਲਾਫ਼ ਚਲਾਏ ਗਏ ਦਮਨ-ਚੱਕਰ ਕਾਰਨ ਮਚਾਡੋ ਨੂੰ ਰੂਪੋਸ਼ ਹੋਣਾ ਪਿਆ। ਜਮਹੂਰੀਅਤ ਨੂੰ ਪਿਆਰ ਕਰਨ ਵਾਲਿਆਂ ਦੀਆਂ ਅੱਖਾਂ ਦਾ ਤਾਰਾ ਬਣੀ ਮਚਾਡੋ ਆਪਣੀ ਹਕੂਮਤ ਦੀਆਂ ਅੱਖਾਂ ਵਿਚ ਰੜਕ ਰਹੀ ਸੀ।
ਉਸ ਖ਼ਿਲਾਫ਼ ਦੇਸ਼-ਧ੍ਰੋਹ ਦੇ ਕਈ ਮੁਕੱਦਮੇ ਦਰਜ ਹੋਏ, ਫਿਰ ਵੀ ਤਿੰਨ ਬੱਚਿਆਂ ਦੀ ਤਲਾਕਸ਼ੁਦਾ ਮਾਂ ਨੇ ਰੂਪੋਸ਼ ਹੋਣ ਦੇ ਬਾਵਜੂਦ ਆਪਣਾ ਸੰਘਰਸ਼ ਜਾਰੀ ਰੱਖਿਆ। ਇਸ ਦੇ ਸਮਾਨਾਂਤਰ ਦੁਨੀਆ ਵਿਚ ਅਮਨ ਬਹਾਲੀ ਦੇ ਦਾਅਵੇ ਕਰਨ ਵਾਲਾ ਟਰੰਪ 2025 ਦਾ ਨੋਬਲ ਸ਼ਾਂਤੀ ਪੁਰਸਕਾਰ ਹਾਸਲ ਕਰਨ ਲਈ ਤਰਲੋਮੱਛੀ ਹੋ ਰਿਹਾ ਸੀ।
ਉਹ ਦਾਅਵਾ ਕਰ ਰਿਹਾ ਸੀ ਕਿ ਉਸ ਨੇ ਇਜ਼ਰਾਈਲ-ਹਮਾਸ ਜੰਗ ਦੌਰਾਨ ਬੰਧਕ ਬਣਾਏ ਲੋਕਾਂ ਦੀ ਰਿਹਾਈ ਲਈ ਵਿਚੋਲਗੀ ਕਰ ਕੇ ਉਸ ਪੱਟੀ ਵਿਚ ਅਮਨ ਬਹਾਲ ਕਰਨ ਦਾ ਯਤਨ ਕੀਤਾ। ਇਸ ਤੋਂ ਇਲਾਵਾ ਭਾਰਤ-ਪਾਕਿਸਤਾਨ, ਈਰਾਨ-ਇਜ਼ਰਾਈਲ, ਅਰਮੀਨੀਆ-ਅਜ਼ਰਬੈਜਾਨ, ਰਵਾਂਡਾ-ਕਾਂਗੋ, ਥਾਈਲੈਂਡ-ਕੰਬੋਡੀਆ, ਇਜਿਪਟ-ਇਥੋਪੀਆ ਅਤੇ ਸਰਬੀਆ-ਕੋਸੋਵੋ ਦਰਮਿਆਨ ਜੰਗ ਰੁਕਵਾ ਕੇ ਵਿਸ਼ਵ ਸ਼ਾਂਤੀ ਲਈ ਯਤਨ ਕੀਤੇ। ਕਮਾਲ ਦੀ ਗੱਲ ਇਹ ਹੈ ਕਿ ਪਾਕਿਸਤਾਨ, ਰੂਸ ਅਤੇ ਇਜ਼ਰਾਈਲ ਨੇ ਵੀ ਜਨਤਕ ਤੌਰ ’ਤੇ ਟਰੰਪ ਦੇ ਨਾਂ ਦੀ ਸਿਫ਼ਾਰਸ਼ ਕਰ ਦਿੱਤੀ ਸੀ।
ਪਿਛਲੇ ਸਾਲ 10 ਅਕਤੂਬਰ ਨੂੰ ਜਦੋਂ ਇਹ ਪੁਰਸਕਾਰ ਵੈਨੇਜ਼ੁਏਲਾ ਦੀ ਮਚਾਡੋ ਨੂੰ ਮਿਲਿਆ ਤਾਂ ਟਰੰਪ ਹੱਕਾ-ਬੱਕਾ ਰਹਿ ਗਿਆ ਸੀ। ਇਹ ਗੱਲ ਵੱਖਰੀ ਹੈ ਕਿ ਉਹ ਮਚਾਡੋ ਨੂੰ ਪਹਿਲਾਂ ਸੁਤੰਤਰਤਾ ਸੈਨਾਨੀ ਕਹਿ ਕੇ ਸੰਬੋਧਨ ਕਰਿਆ ਕਰਦਾ ਸੀ। ਵ੍ਹਾਈਟ ਹਾਊਸ ਦੇ ਡਾਇਰੈਕਟਰ ਕਮਿਊਨੀਕੇਸ਼ਨ ਸਟੀਵਨ ਨੇ ਸ਼ਰਮਿੰਦਗੀ ਵਿਚ ਕਿਹਾ ਕਿ ਟਰੰਪ ਪਹਿਲਾਂ ਵਾਂਗ ਹੀ ਵਿਸ਼ਵ ਸ਼ਾਂਤੀ ਦੇ ਦੂਤ ਵਾਂਗ ਕੰਮ ਕਰਦੇ ਰਹਿਣਗੇ। ਉਸ ਨੇ ਦਾਅਵਾ ਕੀਤਾ ਕਿ ਟਰੰਪ ਪਹਾੜ ਨੂੰ ਪਿਛਾਂਹ ਕਰਨ ਦੀ ਸ਼ਕਤੀ ਰੱਖਦੇ ਹਨ ਤੇ ਉਨ੍ਹਾਂ ਦਾ ਸਾਨੀ ਦੁਨੀਆ ਵਿਚ ਕਿਧਰੇ ਦਿਖਾਈ ਨਹੀਂ ਦਿੰਦਾ।
ਮਚਾਡੋ ਨੂੰ ਇਸ ਦਾ ਅਹਿਸਾਸ ਸੀ ਕਿ ਟਰੰਪ ਦੇ ਦਿਲ ’ਤੇ ਕੀ ਬੀਤ ਰਹੀ ਹੋਵੇਗੀ। ਐਲਾਨ ਤੋਂ ਤੁਰੰਤ ਬਾਅਦ ਉਸ ਨੇ ਪੁਰਸਕਾਰ ਟਰੰਪ ਦੇ ਨਾਂ ਕਰ ਦਿੱਤਾ। ਮਾਦੁਰੋ ਨੂੰ ਚੁੱਕੇ ਜਾਣ ਦੀ ਪ੍ਰਸ਼ੰਸਾ ਕਰਦਿਆਂ ਮਚਾਡੋ ਨੇ ਕਿਹਾ ਕਿ ਉਹ ਨੋਬਲ ਪੁਰਸਕਾਰ ਟਰੰਪ ਨਾਲ ਸਾਂਝਾ ਕਰਨ ਨੂੰ ਤਿਆਰ ਹੈ। ਅਜਿਹਾ ਬਚਕਾਨਾ ਬਿਆਨ ਦੇ ਕੇ ਮਚਾਡੋ ਨੇ ਪੁਰਸਕਾਰ ਦੀ ਅਹਿਮੀਅਤ ਨੂੰ ਘਟਾਉਣ ਦੀ ਕੋਸ਼ਿਸ਼ ਕੀਤੀ ਹੈ। ਅਜਿਹਾ ਐਲਾਨ ਭਾਵੇਂ ਟਰੰਪ ਨੂੰ ਆਪਣੇ ਵੱਲ ਕਰਨ ਲਈ ਕੀਤਾ ਗਿਆ ਹੋਵੇ ਪਰ ਇਹ ਉਸ ਦੇ ਅੱਲ੍ਹੇ ਜ਼ਖ਼ਮਾਂ ਨੂੰ ਖਰੀਂਢਣ ਵਾਂਗ ਹੀ ਸੀ।
ਵੈਨੇਜ਼ੁਏਲਾ ’ਤੇ ਸੈਨਿਕ ਕਾਰਵਾਈ ਕਰ ਕੇ ਟਰੰਪ ਦਾ ਮਖੌਟਾ ਲਹਿ ਗਿਆ ਹੈ। ਇਸੇ ਹੈਂਕੜ ਵਿਚ ਉਸ ਨੇ ਡੈਨਮਾਰਕ ਦੀ ਬਸਤੀ ਗ੍ਰੀਨਲੈਂਡ ਨੂੰ ਖ਼ਰੀਦਣ ਦੀ ਗੱਲ ਕਹਿ ਦਿੱਤੀ ਹੈ। ਟਰੰਪ ਦੇ ਦਾਬੇ ਤੇ ਅਮਰੀਕਾ ਦੇ ਦਬਦਬੇ ਦਾ ਅਸਰ ਦੁਨੀਆ ਦੀ ਸਿਆਸਤ ਨੂੰ ਬਦਲ ਦਿੰਦਾ ਹੈ। ਗ੍ਰੀਨਲੈਂਡ ਨੂੰ ‘ਅੱਧਾ ਆਜ਼ਾਦ’ ਦੇਸ਼ ਕਿਹਾ ਜਾਂਦਾ ਹੈ। ਇਸ ਦੀ ਆਪਣੀ ਸੰਸਦ ਹੈ ਜੋ ਸਥਾਨਕ ਪੱਧਰ ’ਤੇ ਲਏ ਜਾਣ ਵਾਲੇ ਫ਼ੈਸਲੇ ਲੈਣ ਦੇ ਸਮਰੱਥ ਹੈ। ਪ੍ਰੰਤੂ ਵਿਦੇਸ਼ ਨੀਤੀ ਅਤੇ ਡਿਫੈਂਸ ਦੇ ਫ਼ੈਸਲੇ ਡੈਨਮਾਰਕ ਹੀ ਲੈਂਦਾ ਹੈ। ਟਰੰਪ ਦੇ ਬਿਆਨ ਤੋਂ ਬਾਅਦ ਡੈਨਮਾਰਕ ਨੇ ਗ੍ਰੀਨਲੈਂਡ ਨੂੰ ਵੇਚਣ ਤੋਂ ਕੋਰੀ ਨਾਂਹ ਕਰ ਦਿੱਤੀ ਹੈ।
ਕਿਸੇ ਸਮੇਂ ਬ੍ਰਿਟਿਸ਼ ਬਸਤੀ ਰਹੇ ਅਮਰੀਕਾ ਨੇ ਕਈ ਸੂਬਿਆਂ ਨੂੰ ਤਤਕਾਲੀ ਵਿਦੇਸ਼ੀ ਹਕੂਮਤਾਂ ਤੋਂ ਖ਼ਰੀਦ ਕੇ ਦੇਸ਼ ਨੂੰ ਵਿਸ਼ਾਲ ਬਣਾਇਆ ਸੀ। ਲੂਸੀਆਨਾ ਨੂੰ ਅਮਰੀਕਾ ਨੇ ਨੈਪੋਲੀਅਨ ਕੋਲੋਂ ਡੇਢ ਕਰੋੜ ਡਾਲਰ, ਫਲੋਰੀਡਾ ਨੂੰ ਸਪੇਨ ਤੇ ਕੈਲੀਫੋਰਨੀਆ ਨੂੰ ਮੈਕਸੀਕੋ ਕੋਲੋਂ ਖ਼ਰੀਦਿਆ ਸੀ। ਗਲੇਸ਼ੀਅਰ ਪਿਘਲਣ ਨਾਲ ਗ੍ਰੀਨਲੈਂਡ ਦੇ ਦੁਰਲੱਭ ਖ਼ਜ਼ਾਨੇ ਧਰਤੀ ’ਚੋਂ ਨਿਕਲ ਰਹੇ ਹਨ ਜਿਨ੍ਹਾਂ ’ਤੇ ਟਰੰਪ ਦੀ ਅੱਖ ਹੈ।
ਇਸ ਤੋਂ ਪਹਿਲਾਂ ਟਰੰਪ ਨੇ ਕੈਨੇਡਾ ਨੂੰ ਅਮਰੀਕਾ ਦੀ 51ਵੀਂ ਸਟੇਟ ਬਣਨ ਬਾਰੇ ਬਿਆਨ ਦਿੱਤਾ ਸੀ। ਅਜਿਹੀ ਬੇਤੁਕੀ ਬਿਆਨਬਾਜ਼ੀ ਕਰ ਕੇ ਟਰੰਪ ਦੁਨੀਆ ਨੂੰ ਹੈਰਾਨ-ਪਰੇਸ਼ਾਨ ਕਰਦਾ ਆ ਰਿਹਾ ਹੈ। ਮਾਦੁਰੋ ਖ਼ਿਲਾਫ਼ ਸੈਨਿਕ ਕਾਰਵਾਈ ਕਰ ਕੇ ਟਰੰਪ ਨੇ ਵੈਨੇਜ਼ੁਏਲਾ ਦੀ ਅਣਖ ਨੂੰ ਸੱਟ ਮਾਰੀ ਹੈ। ਵੈਨੇਜ਼ੁਏਲਾ ਦੇ ਹਾਕਮ ਇਮਾਨਦਾਰ ਹੁੰਦੇ ਤਾਂ ਇਹ ਦੇਸ਼ ਤੇਲ ਦੇ ਸਭ ਤੋਂ ਵੱਡੇ ਭੰਡਾਰ ਹੋਣ ਕਾਰਨ ਅਰਬ ਦੇਸ਼ਾਂ ਤੋਂ ਵੀ ਕਿਤੇ ਅਮੀਰ ਹੋਣਾ ਸੀ।
ਵਰਿੰਦਰ ਸਿੰਘ ਵਾਲੀਆ
ਸੰਪਾਦਕ