ਹੌਲੀ-ਹੌਲੀ ਸਮਾਜ ਜੋ ਦੇਖਦਾ ਹੈ, ਉਸ ਨੂੰ ਮਨਜ਼ੂਰ ਕਰ ਲੈਂਦਾ ਹੈ। ਜ਼ਿਆਦਾਤਰ ਲੋਕ ਤਾਂ ਵੈਸੇ ਵੀ ਪੱਛਮੀ ਸੱਭਿਅਤਾ ਦੇ ਰੰਗ ਵਿਚ ਰੰਗੇ ਹੋਏ ਹਨ। ਸਾਨੂੰ ਸਾਡਾ ਸੱਭਿਆਚਾਰ ਹੀ ਸਭ ਤੋਂ ਪੱਛੜਿਆ ਹੋਇਆ ਲੱਗਦਾ ਹੈ।

ਅੱਜ-ਕੱਲ੍ਹ ਹਰ ਰੋਜ਼ ਅਜਿਹੀਆਂ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ ਕਿ ਕਿਸੇ ਬੱਚੀ ਨਾਲ ਬਲਾਤਕਾਰ ਹੋ ਗਿਆ, ਦਿਨ-ਦਿਹਾੜੇ ਕਤਲ ਹੋ ਗਿਆ, ਨਾਜਾਇਜ਼ ਸਬੰਧਾਂ ਕਾਰਨ ਜੀਵਨ ਸਾਥੀ ਦੀ ਹੱਤਿਆ ਕਰ ਦਿੱਤੀ, ਮਾਤਾ-ਪਿਤਾ ਦਾ ਕਤਲ ਕਰ ਦਿੱਤਾ ਤੇ ਮਾਂ ਵੱਲੋਂ ਆਪਣੇ ਬੱਚੇ ਦਾ ਪ੍ਰੇਮੀ ਨਾਲ ਮਿਲ ਕੇ ਕਤਲ ਕਰ ਦਿੱਤਾ ਗਿਆ। ਇਸ ਵਰਤਾਰੇ ਵਿਚ ਮੀਡੀਆ, ਫਿਲਮਾਂ ਤੇ ਵੈੱਬ ਸੀਰੀਜ਼ ਦਾ ਬਹੁਤ ਵੱਡਾ ਪ੍ਰਭਾਵ ਹੈ।
ਅਸੀਂ ਪਰਦੇ ’ਤੇ ਜੋ ਦੇਖਦੇ ਹਾਂ, ਉਹ ਸਾਨੂੰ ਆਮ ਜ਼ਿੰਦਗੀ ਦਾ ਹਿੱਸਾ ਜਾਪਣ ਲੱਗਦਾ ਹੈ। ਸਾਨੂੰ ਇੰਜ ਮਹਿਸੂਸ ਹੁੰਦਾ ਹੈ ਜਿਵੇਂ ਇਹ ਕੋਈ ਬਹੁਤੀ ਵੱਡੀ ਗੱਲ ਨਹੀਂ। ਇਹ ਚੀਜ਼ਾਂ ਆਮ ਹੀ ਹੁੰਦੀਆਂ ਹਨ। ਵਾਰ-ਵਾਰ ਇਨ੍ਹਾਂ ਚੀਜ਼ਾਂ ਨੂੰ ਵੇਖ ਕੇ ਇਹ ਸਾਨੂੰ ਅਪਰਾਧ ਨਹੀਂ ਲੱਗਦੀਆਂ। ਜਿਸ ਤਰ੍ਹਾਂ ਇਨ੍ਹਾਂ ਅਪਰਾਧਾਂ ਨੂੰ ਪੇਸ਼ ਕੀਤਾ ਜਾਂਦਾ ਹੈ, ਉਸ ਨਾਲ ਸਮਾਜ ਵਿਚ ਇਨ੍ਹਾਂ ਪ੍ਰਤੀ ਖਿੱਚ ਵਧਦੀ ਹੈ। ਨਵੀਂ ਪੀੜ੍ਹੀ ਇਸ ਗੱਲ ਨੂੰ ਨਹੀਂ ਸਮਝਦੀ ਕਿ ਇਹ ਸਹੀ ਹੈ ਜਾਂ ਗ਼ਲਤ ਹੈ ਜਾਂ ਅਨੈਤਿਕ।
ਅੱਜ-ਕੱਲ੍ਹ ਕਈ ਸੀਰੀਅਲਾਂ ’ਚ ਨਾਇਕਾ ਦਾ ਕਦੇ ਕਿਸੇ ਨਾਲ ਵਿਆਹ ਹੋ ਜਾਂਦਾ ਹੈ ਤੇ ਕਦੇ ਕਿਸੇ ਹੋਰ ਨਾਲ। ਅਜਿਹੇ ਕੁਝ ਪ੍ਰੋਗਰਾਮਾਂ ਤੋਂ ਬਾਅਦ ਇਹ ਆਮ ਜਿਹੀ ਗੱਲ ਲੱਗਣ ਲੱਗੀ। ਇਹ ਸਭ ਮੀਡੀਆ ਨੇ ਹੀ ਪਰੋਸਿਆ। ਇਹ ਸਭ ਟੈਲੀਵਿਜ਼ਨ ਦੀ ਦੇਣ ਹੈ। ਹੁਣ ਵੈੱਬ ਸੀਰੀਜ਼ ਦਾ ਜ਼ਮਾਨਾ ਹੈ। ਉਸ ’ਤੇ ਕਿਸੇ ਕਿਸਮ ਦਾ ਕੋਈ ਨਿਯੰਤਰਣ ਨਹੀਂ ਹੈ। ਉਹ ਸਾਰੀਆਂ ਹੱਦਾਂ ਪਾਰ ਕਰ ਕੇ ਰਿਸ਼ਤਿਆਂ ਨੂੰ ਤਾਰ-ਤਾਰ ਹੁੰਦਿਆਂ ਦਿਖਾਉਂਦੇ ਹਨ। ਜੁਰਮ ਨੂੰ ਇੰਨੀ ਚਮਕ-ਦਮਕ ਨਾਲ ਦਿਖਾਇਆ ਜਾਂਦਾ ਹੈ ਕਿ ਵਿਅਕਤੀ ਉਸ ਵੱਲ ਖਿੱਚਿਆ ਜਾਂਦਾ ਹੈ। ਜਿਸ ਵੀ ਚੀਜ਼ ਨੂੰ ਵੱਡਾ ਕਰ ਕੇ ਪਰੋਸਿਆ ਜਾਵੇਗਾ,ਉਸ ਵੱਲ ਖਿੱਚ ਕੁਦਰਤੀ ਹੈ।
ਹੌਲੀ-ਹੌਲੀ ਸਮਾਜ ਜੋ ਦੇਖਦਾ ਹੈ, ਉਸ ਨੂੰ ਮਨਜ਼ੂਰ ਕਰ ਲੈਂਦਾ ਹੈ। ਜ਼ਿਆਦਾਤਰ ਲੋਕ ਤਾਂ ਵੈਸੇ ਵੀ ਪੱਛਮੀ ਸੱਭਿਅਤਾ ਦੇ ਰੰਗ ਵਿਚ ਰੰਗੇ ਹੋਏ ਹਨ। ਸਾਨੂੰ ਸਾਡਾ ਸੱਭਿਆਚਾਰ ਹੀ ਸਭ ਤੋਂ ਪੱਛੜਿਆ ਹੋਇਆ ਲੱਗਦਾ ਹੈ। ਇਸ ਲਈ ਜੋ ਵੀ ਸਾਡੇ ਸੱਭਿਆਚਾਰ ਤੋਂ ਹਟ ਕੇ ਵਿਖਾਇਆ ਜਾਂਦਾ ਹੈ, ਉਹ ਸਾਨੂੰ ਆਕਰਸ਼ਿਤ ਕਰਦਾ ਹੈ।
ਇਹ ਜੋ ਗੁਨਾਹ, ਅਪਰਾਧ ਹੋ ਰਹੇ ਹਨ, ਇਹ ਸਭ ਮੀਡੀਆ ਦੀ ਦੇਣ ਹਨ। ਇੰਟਰਨੈੱਟ ਦੀ ਆਜ਼ਾਦੀ ਨੇ ਕਿਸ਼ੋਰ ਮੁੰਡੇ-ਕੁੜੀਆਂ ਤੋਂ ਲੈ ਕੇ ਬਜ਼ੁਰਗਾਂ ਤੱਕ, ਸਭ ਨੂੰ ਸਭ ਕੁਝ ਖੁੱਲ੍ਹਾ ਪਰੋਸਿਆ ਹੈ। ਇਹ ਸਾਰੀਆਂ ਚੀਜ਼ਾਂ ਦੇਖ ਕੇ ਮਨੁੱਖੀ ਮਨ ਆਕਰਸ਼ਤ ਹੁੰਦਾ ਹੈ। ਇਹ ਕਾਮੁਕ ਪ੍ਰਵਿਰਤੀਆਂ ਨੂੰ ਵਧਾਉਂਦਾ ਹੈ। ਇਸੇ ਕਾਰਨ ਲੋਕ ਅਪਰਾਧ ਕਰਨ ਤੋਂ ਡਰਦੇ ਨਹੀਂ। ਪਿਛਲੇ ਦਿਨਾਂ ’ਚ ਕਿੰਨੇ ਅਜਿਹੇ ਕੇਸ ਸੁਣੇ ਹਨ ਜਿਨ੍ਹਾਂ ’ਤੇ ਯਕੀਨ ਕਰਨਾ ਔਖਾ ਹੈ। ਇਨ੍ਹਾਂ ਵਿਚ ਨਸ਼ਾ ਵੀ ਇਕ ਮੁੱਖ ਕਾਰਨ ਹੈ। ਪਿਛਲੇ ਦਿਨਾਂ ਵਿਚ ਇਕ ਘਟਨਾ ਸੁਣੀ ਸੀ ਜਿਸ ਵਿਚ ਔਰਤ ਆਪਣੇ ਪਤੀ ਨੂੰ ਮਾਰ ਕੇ ਟੁਕੜੇ-ਟੁਕੜੇ ਕਰ ਕੇ ਟੈਂਕੀ ਵਿਚ ਪਾ ਕੇ ਬੰਦ ਕਰ ਦਿੰਦੀ ਹੈ।
ਇਸ ਵਿਚ ਉਸ ਦਾ ਪ੍ਰੇਮੀ ਉਸ ਦਾ ਸਾਥ ਦਿੰਦਾ ਹੈ। ਕਦੇ ਮਾਂ ਨਾਜਾਇਜ਼ ਸਬੰਧਾਂ ਕਾਰਨ ਆਪਣੇ ਬੱਚੇ ਨੂੰ ਮਾਰ ਦਿੰਦੀ ਹੈ। ਕਿਤੇ ਪਿਤਾ ਆਪਣੀ ਕੁੜੀ ਨਾਲ ਜਬਰ-ਜਨਾਹ ਕਰਦਾ ਹੈ। ਅੱਧਖੜ ਵਿਅਕਤੀ 13 ਸਾਲ ਦੀ ਬੱਚੀ ਜੋ ਉਸ ਦੀ ਧੀ ਦੀ ਸਹੇਲੀ ਸੀ, ਉਸ ਨਾਲ ਜਬਰ-ਜਨਾਹ ਕਰ ਕੇ ਉਸ ਨੂੰ ਮਾਰ ਦਿੰਦਾ ਹੈ।
ਇਹ ਸਾਰੇ ਕੰਮ ਮਾਨਸਿਕ ਤੌਰ ’ਤੇ ਬਿਮਾਰ ਲੋਕਾਂ ਦੇ ਹਨ। ਇਸ ਮਾਨਸਿਕ ਬਿਮਾਰੀ ਦਾ ਮੁੱਢ ਸੋਸ਼ਲ ਮੀਡੀਆ ਤੇ ਮੀਡੀਆ ’ਤੇ ਮਿਲੀ ਖੁੱਲ੍ਹ ਤੋਂ ਹੀ ਬੱਝਦਾ ਹੈ। ਜਿੰਨਾ ਅਸੀਂ ਪਰਿਵਾਰ ਵਿਚ ਇਕ-ਦੂਜੇ ਤੋਂ ਦੂਰ ਹੋ ਰਹੇ ਹਾਂ, ਓਨਾ ਹੀ ਸੋਸ਼ਲ ਮੀਡੀਆ ਦੇ ਨੇੜੇ ਹੁੰਦੇ ਜਾ ਰਹੇ ਹਾਂ। ਸਾਡੇ ਕੋਲ ਇਕ-ਦੂਜੇ ਦੀ ਗੱਲ ਸੁਣਨ ਦਾ ਨਾ ਸਮਾਂ ਹੈ, ਨਾ ਸਹਿਜ। ਜਿਸ ਨੂੰ ਦੇਖੋ ਆਪਣੇ ਮੋਬਾਈਲ ਵਿਚ ਰੁੱਝਿਆ ਹੈ।
ਇਹ ਸਾਡੇ ਸਮਾਜ ਲਈ ਬਹੁਤ ਘਾਤਕ ਹੈ। ਬਹੁਤ ਜ਼ਰੂਰਤ ਹੈ ਕਿ ਅਸੀਂ ਆਪਣੇ ਸਮਾਜਿਕ ਢਾਂਚੇ ਵੱਲ ਧਿਆਨ ਦਈਏ। ਮਾਤਾ-ਪਿਤਾ ਲਈ ਬਹੁਤ ਜ਼ਰੂਰੀ ਹੈ ਕਿ ਆਪਣੇ ਬੱਚਿਆਂ ਨਾਲ ਸਮਾਂ ਬਿਤਾਉਣ। ਉਨ੍ਹਾਂ ਦਾ ਧਿਆਨ ਰੱਖਣ ਤੇ ਉਨ੍ਹਾਂ ਨੂੰ ਇਕ ਅਜਿਹਾ ਮਾਹੌਲ ਦੇਣ ਜਿਸ ਵਿਚ ਉਹ ਸਮਾਜਿਕ ਨਿਯਮਾਂ ਨੂੰ ਸਮਝਣ ਦੀ ਕੋਸ਼ਿਸ਼ ਕਰਨ। ਛੋਟੇ ਪਰਿਵਾਰਾਂ ਵਿਚ ਜਿੱਥੇ ਕੋਈ ਬਜ਼ੁਰਗ ਘਰ ਵਿਚ ਮੌਜੂਦ ਨਹੀਂ, ਉੱਥੇ ਇਕੱਲਾਪਣ ਬੱਚਿਆਂ ਲਈ ਘਾਤਕ ਹੈ। ਸਾਨੂੰ ਦੁਬਾਰਾ ਆਪਣੀਆਂ ਜੜ੍ਹਾਂ ਨਾਲ ਜੁੜਨ ਦੀ ਲੋੜ ਹੈ। ਹਾਲਾਂਕਿ ਅਸੀਂ ਬਹੁਤ ਕੁਝ ਗੁਆ ਚੁੱਕੇ ਹਾਂ ਪਰ ਅਜੇ ਵੀ ਸੰਭਲ ਜਾਈਏ ਤਾਂ ਬਹੁਤ ਕੁਝ ਬਚ ਜਾਵੇਗਾ।
-ਹਰਪ੍ਰੀਤ ਕੌਰ ਸੰਧੂ
-ਮੋਬਾਈਲ : 90410-73310