ਘਟਨਾ ਤੋਂ ਬਾਅਦ ਇਹ ਸਾਹਮਣੇ ਆਇਆ ਕਿ ਇਸ ਨਾਈਟ ਕਲੱਬ ਦੇ ਨਿਰਮਾਣ ਤੋਂ ਲੈ ਕੇ ਸੰਚਾਲਨ ਦੇ ਤੌਰ-ਤਰੀਕਿਆਂ ਤੱਕ ਹਰ ਪੱਧਰ ’ਤੇ ਨਿਯਮਾਂ ਦੀ ਉਲੰਘਣਾ ਕੀਤੀ ਗਈ। ਇਸ ਦਾ ਮਤਲਬ ਹੈ ਕਿ ਕੋਈ ਇਹ ਦੇਖਣ ਵਾਲਾ ਨਹੀਂ ਸੀ ਕਿ ਨਿਯਮਾਂ ਦੇ ਖ਼ਿਲਾਫ਼ ਕੋਈ ਕੰਮ ਨਾ ਹੋਵੇ।

ਇਹ ਤਸੱਲੀਬਖ਼ਸ਼ ਹੈ ਕਿ ਭਿਆਨਕ ਅੱਗ ਦੀ ਲਪੇਟ ’ਚ ਆਏ ਗੋਆ ਦੇ ਇਕ ਨਾਈਟ ਕਲੱਬ ਦੇ ਸੰਚਾਲਕਾਂ ’ਚ ਸ਼ਾਮਿਲ ਲੂਥਰਾ ਭਰਾਵਾਂ ਨੂੰ ਥਾਈਲੈਂਡ ਤੋਂ ਦੇਸ਼ ਲਿਆਂਦਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਇਸ ਕਲੱਬ ਦੇ ਸਹਿ ਸੰਚਾਲਕ ਅਜੇ ਗੁਪਤਾ ਸਮੇਤ ਕੁਝ ਹੋਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਹੁਣ ਇਸ ਦੇ ਆਸਾਰ ਹਨ ਕਿ ਨਿਯਮਾਂ ਦੇ ਉਲਟ ਨਾਈਟ ਕਲੱਬ ਬਣਾਉਣ ਤੇ ਉਸ ਨੂੰ ਸੰਚਾਲਿਤ ਕਰਨ ਵਾਲੇ ਇਨ੍ਹਾਂ ਲੋਕਾਂ ਨੂੰ ਸਖ਼ਤ ਸਜ਼ਾ ਦਾ ਹਿੱਸੇਦਾਰ ਬਣਾਇਆ ਜਾਵੇਗਾ।
ਅਜਿਹਾ ਜਦ ਵੀ ਹੋਵੇ, ਇਸ ਨਾਲ ਉਹ 25 ਜ਼ਿੰਦਗੀਆਂ ਵਾਪਸ ਨਹੀਂ ਆ ਸਕਦੀਆਂ,ਜੋ ਨਾਈਟ ਕਲੱਬ ’ਚ ਅੱਗ ਲੱਗਣ ਨਾਲ ਖ਼ਤਮ ਹੋ ਗਈਆਂ। ਇਸ ਘਟਨਾ ਤੋਂ ਬਾਅਦ ਗੋਆ ਸਰਕਾਰ ਵੱਲੋਂ ਸਖ਼ਤੀ ਕੀਤੀ ਜਾ ਰਹੀ ਹੈ, ਪਰ ਸਥਾਨਕ ਪ੍ਰਸ਼ਾਸਨ ਵੱਲੋਂ ਉਨ੍ਹਾਂ ਲੋਕਾਂ ਖ਼ਿਲਾਫ਼ ਕੋਈ ਸਖ਼ਤ ਕਾਰਵਾਈ ਹੁੰਦੀ ਨਹੀਂ ਦਿਖਾਈ ਦੇ ਰਹੀ ਹੈ, ਜਿਨ੍ਹਾਂ ਦੀ ਲਾਪਰਵਾਹੀ ਦੇ ਕਾਰਨ ਨਾਈਟ ਕਲੱਬ ਇਕ ਤਰ੍ਹਾਂ ਨਾਲ ਗ਼ੈਰਕਾਨੂੰਨੀ ਢੰਗ ਨਾਲ ਸੰਚਾਲਿਤ ਹੋ ਰਿਹਾ ਸੀ।
ਘਟਨਾ ਤੋਂ ਬਾਅਦ ਇਹ ਸਾਹਮਣੇ ਆਇਆ ਕਿ ਇਸ ਨਾਈਟ ਕਲੱਬ ਦੇ ਨਿਰਮਾਣ ਤੋਂ ਲੈ ਕੇ ਸੰਚਾਲਨ ਦੇ ਤੌਰ-ਤਰੀਕਿਆਂ ਤੱਕ ਹਰ ਪੱਧਰ ’ਤੇ ਨਿਯਮਾਂ ਦੀ ਉਲੰਘਣਾ ਕੀਤੀ ਗਈ। ਇਸ ਦਾ ਮਤਲਬ ਹੈ ਕਿ ਕੋਈ ਇਹ ਦੇਖਣ ਵਾਲਾ ਨਹੀਂ ਸੀ ਕਿ ਨਿਯਮਾਂ ਦੇ ਖ਼ਿਲਾਫ਼ ਕੋਈ ਕੰਮ ਨਾ ਹੋਵੇ। ਇਹ ਪਹਿਲੀ ਵਾਰ ਨਹੀਂ ਜਦ ਨਿਯਮ ਕਾਨੂੰਨਾਂ ਦੀ ਉਲੰਘਣਾ ਕਾਰਨ ਇੰਨੇ ਲੋਕਾਂ ਦੀ ਜਾਨ ਗਈ ਹੋਵੇ ਤੇ ਫਿਰ ਸ਼ਾਸਨ-ਪ੍ਰਸ਼ਾਸਨ ਨੇ ਸਖ਼ਤੀ ਦਿਖਾਉਣੀ ਸ਼ੁਰੂ ਕੀਤੀ ਹੋਵੇ।
ਕਿਉਂਕਿ ਸਦਾ ਹੀ ਅਜਿਹਾ ਹੁੰਦਾ ਹੈ, ਇਸ ਲਈ ਇਸ ਨਤੀਜੇ ’ਤੇ ਪੁੱਜਣ ਤੋਂ ਇਲਾਵਾ ਹੋਰ ਕੋਈ ਉਪਾਅ ਨਹੀਂ ਕਿ ਆਪਣੇ ਦੇਸ਼ ’ਚ ਹਰ ਹਾਦਸੇ ਤੋਂ ਬਾਅਦ ਲਕੀਰ ਕੁੱਟਣ ਦਾ ਕੰਮ ਕੁਝ ਜ਼ਿਆਦਾ ਹੀ ਹੋਣ ਲੱਗਾ ਹੈ। ਇਸ ਦਾ ਮਾੜਾ ਨਤੀਜਾ ਇਹ ਹੈ ਕਿ ਨਿਯਮ ਕਾਨੂੰਨਾਂ ਖ਼ਿਲਾਫ਼ ਨਿਰਮਾਣ ਕਰਵਾਉਣ ਜਾਂ ਕਿਸੇ ਅਦਾਰੇ ਨੂੰ ਸੰਚਾਲਿਤ ਕਰਨ ਵਾਲਿਆਂ ਨੂੰ ਕੋਈ ਸਹੀ ਸੰਦੇਸ਼ ਨਹੀਂ ਦਿੱਤਾ ਜਾ ਰਿਹਾ ਹੈ।
ਕਦੀ ਅਜਿਹਾ ਸੁਨਣ ਨੂੰ ਨਹੀਂ ਮਿਲਦਾ ਕਿ ਗ਼ਲਤ ਤਰੀਕੇ ਨਾਲ ਨਿਰਮਾਣ ਕਰਨ-ਕਰਵਾਉਣ ਵਾਲਿਆਂ ਤੋਂ ਨਿਯਮਾਂ ਦੀ ਪਾਲਣਾ ਯਕੀਨੀ ਕਰਵਾਉਣ ’ਚ ਨਾਕਾਮ ਲੋਕਾਂ ਖ਼ਿਲਾਫ਼ ਕੋਈ ਪੁਖ਼ਤਾ ਕਾਰਵਾਈ ਕੀਤੀ ਗਈ ਹੈ। ਇਹ ਇਕ ਤੱਥ ਹੈ ਕਿ ਗੋਆ ਹੀ ਨਹੀਂ, ਦੇਸ਼ ਭਰ ’ਚ ਨਿਰਮਾਣ ਤੇ ਸੁਰੱਖਿਆ ਸਬੰਧੀ ਨਿਯਮਾਂ ਨੂੰ ਨਜ਼ਰਅੰਦਾਜ਼ ਕੀਤਾ ਜਾਂਦਾ ਹੈ। ਜਨਤਕ ਥਾਵਾਂ ’ਚ ਅੱਗ ਨਾਲ ਬਚਾਅ ਦੇ ਤਰੀਕਿਆਂ ਦੀ ਤਾਂ ਕੁਝ ਵੱਧ ਹੀ ਅਣਦੇਖੀ ਹੁੰਦੀ ਹੈ।
ਇਸੇ ਕਾਰਨ ਰੈਸਟੋਰੈਂਟ, ਹੋਟਲ, ਕਾਰਖਾਨਿਆਂ ਤੋਂ ਲੈ ਕੇ ਹਸਪਤਾਲਾਂ ਤੱਕ ’ਚ ਅੱਗ ਲੱਗਣ ਦੀਆਂ ਘਟਨਾਵਾਂ ਹੁੰਦੀਆਂ ਰਹਿੰਦੀਆਂ ਹਨ। ਆਖ਼ਰ ਅਜਿਹੇ ਨਿਯਮ-ਕਾਨੂੰਨ ਬਣਾਉਣ ਦਾ ਕੀ ਲਾਭ, ਜਿਨ੍ਹਾਂ ’ਤੇ ਅਮਲ ਹੀ ਨਾ ਹੋਵੇ? ਆਪਣੇ ਦੇਸ਼ ’ਚ ਕਹਿਣ ਨੂੰ ਹਰ ਖੇਤਰ ਲਈ ਨਿਯਮ-ਕਾਨੂੰਨ ਹਨ ਤੇ ਉਨ੍ਹਾਂ ਦੀ ਪਾਲਣਾ ਕਰਵਾਉਣ ਵਾਲੇ ਵੀ, ਪਰ ਰਹਿ-ਰਹਿ ਕੇ ਇਹੀ ਦੇਖਣ ਨੂੰ ਮਿਲਦਾ ਹੈ ਕਿ ਉਨ੍ਹਾਂ ’ਤੇ ਸਹੀ ਤਰ੍ਹਾਂ ਅਮਲ ਨਹੀਂ ਹੁੰਦਾ।
ਗੋਆ ਦੀ ਘਟਨਾ ਤੋਂ ਬਾਅਦ ਪਤਾ ਲੱਗ ਰਿਹਾ ਹੈ ਕਿ ਦਿੱਲੀ ਸਮੇਤ ਦੇਸ਼ ਦੇ ਕਈ ਵੱਡੇ ਸ਼ਹਿਰਾਂ ’ਚ ਕਈ ਅਜਿਹੇ ਨਾਈਟ ਕਲੱਬ, ਬਾਰ ਤੇ ਰੈਸਟੋਰੈਂਟ ਹਨ, ਜਿਨ੍ਹਾਂ ’ਚ ਸੁਰੱਖਿਆ ਦੇ ਮੁੱਢਲੇ ਉਪਾਵਾਂ ਦੀ ਥੁੜ੍ਹ ਹੈ। ਇਹ ਸਥਿਤੀ ਔਸਤ ਭਾਰਤੀਆਂ ਦੇ ਗ਼ੈਰ-ਜ਼ਿੰਮੇਵਾਰੀ ਵਾਲੇ ਵਤੀਰੇ ਨੂੰ ਰੇਖਾਂਕਿਤ ਕਰਨ ਦੇ ਨਾਲ ਹੀ ਦੇਸ਼ ਦੀ ਬਦਨਾਮੀ ਦਾ ਵੀ ਕਾਰਨ ਬਣ ਰਹੀ ਹੈ।